ਤੇਜ਼ ਹਨੇਰੀ ਕਾਰਨ ਤੂੜੀ ਵਾਲੇ ਕੋਠੇ ਦਾ ਸ਼ੈਡ ਡਿੱਗਿਆ,ਕਿਸਾਨ ਨੇ ਮੁਆਵਜ਼ੇ ਦੀ ਕੀਤੀ ਮੰਗ
- ਰਾਸ਼ਟਰੀ
- 13 Jun, 2026 05:47 PM (Asia/Kolkata)
ਰਾਕੇਸ਼ ਨਈਅਰ ਚੋਹਲਾ ਸਾਹਿਬ,13 ਜੂਨ
ਬੀਤੇ ਦਿਨ ਇਲਾਕੇ ਵਿੱਚ ਆਈ ਤੇਜ਼ ਹਨੇਰੀ ਅਤੇ ਮੌਸਮ ਦੀ ਖਰਾਬੀ ਕਾਰਨ ਪਿੰਡ ਚੋਹਲਾ ਸਾਹਿਬ ਦੇ ਕਿਸਾਨ ਲੱਖਾ ਸਿੰਘ ਪੁੱਤਰ ਹਰਬੰਸ ਸਿੰਘ ਦਾ ਤੂੜੀ ਵਾਲੇ ਕੋਠੇ ਦਾ ਸ਼ੈਡ ਡਿੱਗ ਗਿਆ,ਜਿਸ ਨਾਲ ਉਸ ਨੂੰ ਕਾਫੀ ਆਰਥਿਕ ਨੁਕਸਾਨ ਝੱਲਣਾ ਪਿਆ।
ਪ੍ਰਾਪਤ ਜਾਣਕਾਰੀ ਅਨੁਸਾਰ,ਡੰਗਰਾਂ ਅਤੇ ਤੂੜੀ ਦੀ ਸੰਭਾਲ ਲਈ ਬਣਾਇਆ ਗਿਆ ਕਰੀਬ 14 ਫੁੱਟ ਉੱਚਾ ਅਤੇ 15 ਫੁੱਟ ਲੰਮਾ ਸ਼ੈਡ ਤੇਜ਼ ਹਵਾਵਾਂ ਦੀ ਲਪੇਟ ਵਿੱਚ ਆ ਕੇ ਢਹਿ ਗਿਆ।ਇਸ ਘਟਨਾ ਕਾਰਨ ਸ਼ੈਡ ਦਾ ਢਾਂਚਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਅੰਦਰ ਪਈ ਤੂੜੀ ਨੂੰ ਵੀ ਨੁਕਸਾਨ ਪਹੁੰਚਣ ਦਾ ਖਦਸ਼ਾ ਹੈ।ਪੀੜਤ ਕਿਸਾਨ ਲੱਖਾ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਅਤੇ ਪਸ਼ੂ ਪਾਲਣ ਰਾਹੀਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ। ਅਚਾਨਕ ਆਈ ਹਨੇਰੀ ਨੇ ਉਸ ਨੂੰ ਵੱਡਾ ਆਰਥਿਕ ਝਟਕਾ ਦਿੱਤਾ ਹੈ। ਉਸ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੌਕੇ ਦਾ ਜਾਇਜ਼ਾ ਲੈ ਕੇ ਹੋਏ ਨੁਕਸਾਨ ਦਾ ਮੁਲਾਂਕਣ ਕੀਤਾ ਜਾਵੇ ਅਤੇ ਯੋਗ ਮੁਆਵਜ਼ਾ ਦਿੱਤਾ ਜਾਵੇ।
ਪਿੰਡ ਵਾਸੀਆਂ ਨੇ ਵੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੁਦਰਤੀ ਆਫ਼ਤਾਂ ਕਾਰਨ ਨੁਕਸਾਨ ਝੱਲਣ ਵਾਲੇ ਕਿਸਾਨਾਂ ਦੀ ਤੁਰੰਤ ਸਹਾਇਤਾ ਕੀਤੀ ਜਾਵੇ ਤਾਂ ਜੋ ਉਹ ਆਪਣੇ ਨੁਕਸਾਨ ਦੀ ਭਰਪਾਈ ਕਰ ਸਕਣ।ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਹੈ ਅਤੇ ਉਹ ਮੌਸਮ ਦੀਆਂ ਅਜਿਹੀਆਂ ਅਣਕਿਆਸੀਆਂ ਮਾਰਾਂ ਤੋਂ ਬਚਾਅ ਲਈ ਪੱਕੇ ਪ੍ਰਬੰਧਾਂ ਦੀ ਲੋੜ ਮਹਿਸੂਸ ਕਰ ਰਹੇ ਹਨ।
Leave a Reply