ਸਰਕਾਰੀ ਸਕੀਮਾਂ ਗ਼ਰੀਬਾਂ ਦੀ ਤਰੱਕੀ ਦੀ ਥਾਂ ਸਿਰਫ਼ ਲੋਕਾਂ ਨੂੰ ਜਿਉਂਦੇ ਰੱਖਣ ਲਈ--: ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ

ਸਰਕਾਰੀ ਸਕੀਮਾਂ ਗ਼ਰੀਬਾਂ ਦੀ ਤਰੱਕੀ ਦੀ ਥਾਂ ਸਿਰਫ਼ ਲੋਕਾਂ ਨੂੰ ਜਿਉਂਦੇ ਰੱਖਣ ਲਈ--: ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ

ਟਾਂਗਰਾ - ਸੁਰਜੀਤ ਸਿੰਘ ਖਾਲਸਾ
 

ਅਧਿਕਾਰ ਸੰਘਰਸ਼ ਪਾਰਟੀ ਦੇ ਕੇਂਦਰੀ ਦਫ਼ਤਰ ਤੋਂ ਪ੍ਰੈਸ ਨੋਟ ਜਾਰੀ ਕਰਦਿਆਂ ਪਾਰਟੀ ਪ੍ਰਧਾਨ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਸਰਕਾਰ ਪੰਜਾਬ ਵਾਸੀਆਂ ਨੂੰ ਲਫਾਫਿਆਂ ਵਿੱਚ ਰਾਸ਼ਨ ਦੇਣ ਦੀ ਬਜਾਏ ਲੋਕਾਂ ਨੂੰ ਨੌਕਰੀਆਂ ਦੇਵੇ। ਉਹਨਾਂ ਲਈ ਰੋਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ। ਇੰਜ ਸ਼ੇਰਗਿੱਲ ਨੇ ਕਿਹਾ ਕਿ ਇਕ ਸੋਚੀ ਸਮਝੀ ਸਾਜ਼ਿਸ਼ ਤਹਿਤ ਗਰੀਬ ਵਰਗਾਂ ਦੀ ਤਰੱਕੀ ਦੇ ਵਸੀਲੇ ਪੈਦਾ ਕਰਨ ਦੀ ਥਾਂ ਉਨ੍ਹਾਂ ਨੂੰ ਸਿਰਫ ਜਿਉਂਣ ਲਈ ਹਰ ਤਿੰਨ ਮਹੀਨਿਆਂ ਬਾਅਦ ਰਾਸ਼ਨ ਦੇਣ ਦੀ ਸਕੀਮ ਕੱਢ ਰਹੀ ਹੈ ਇਹ ਸਾਰਾ ਕੁਝ 2027 ਦੀਆਂ ਵੋਟਾਂ ਨਾਲ ਜੋੜ ਕੇ ਗਰੀਬਾਂ ਨੂੰ ਉਲਝਾਇਆ ਜਾ ਰਿਹਾ। ਪੰਜਾਬ ਸਰਕਾਰ ਵੱਲੋਂ ਇਕ ਹੋਰ ਧੋਖਾ, ਮਹਿਲਾਵਾਂ ਦੇ ਖਾਤੇ ਵਿੱਚ ਕੁਝ ਰਕਮ ਪਾਕੇ ਵੋਟ ਬੈਂਕ ਦੀ ਰਾਜਨੀਤੀ ਕੀਤੀ ਜਾਵੇਗੀ। ਇੰਜ ਸ਼ੇਰਗਿੱਲ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਸਾਰੀਆਂ ਸਕੀਮਾਂ ਅਮੀਰਾਂ ਦੀ ਤਰੱਕੀ ਲਈ ਅਤੇ ਗਰੀਬਾਂ ਨੂੰ ਸਿਰਫ ਜਿਉਂਦੇ ਰੱਖਣ ਲਈ ਬਣਾਈਆ ਜਾ ਰਹੀਆਂ। ਸਰਕਾਰਾਂ ਤੇ ਅੱਜ ਧਨਾਢ ਲੋਕਾਂ ਦਾ ਕਬਜ਼ਾ ਹੈ ਅਤੇ ਉਹ ਆਪਣੇ ਹਿੱਤ ਵਿੱਚ ਕਨੂੰਨ ਬਣਾਉਦੇ ਅਤੇ ਲਾਗੂ ਕਰਦੇ ਹਨ।
ਉਨ੍ਹਾਂ ਅਗੇ ਕਿਹਾ ਕਿ ਕੁਝ ਮਹਿਕਮੇ ਰਾਜਨੀਤੀ ਦਾ ਹੱਥ ਠੋਕਾ ਬਣਕੇ ਇਨ੍ਹਾਂ ਗਰੀਬ ਵਰਗਾਂ ਦੇ ਆਗੂ ਇਕੱਠੇ ਕਰਕੇ ਵਾਹ ਵਾਹ ਖੱਟਣ ਦੀ ਕੋਸ਼ਿਸ਼ ਕਰ ਰਹੇ ਹਨ। ਇੰਜ ਸ਼ੇਰਗਿੱਲ ਨੇ ਸਵਾਲ ਕੀਤਾ ਕਿ ਕੀ ਉਹ 85ਵੀਂ ਸੋਧ ਲਾਗੂ ਕਰਵਾ ਸਕਣਗੇ ? ਉਨ੍ਹਾਂ ਕਿਹਾ ਕਿ ਉੱਚੀ ਬੋਲਕੇ ਮਸਲੇ ਹੱਲ ਨਹੀਂ ਹੁੰਦੇ, ਮਸਲੇ ਕਨੂੰਨ ਲਾਗੂ ਕਰਕੇ ਹੁੰਦੇ ਹਨ।
ਲੋਕ ਹੁਣ ਦਮਗਜੇ ਮਾਰਨ ਵਾਲਿਆਂ ਨੂੰ ਸਮਝਣ ਲੱਗ ਪਏ ਹਨ, ਧੋਖਾਧੜੀ ਅਤੇ ਜੁਮਲੇਬਾਜੀ ਨਹੀਂ ਚੱਲਣੀ। ਅਸੀਂ ਗਰੀਬੀ ਹੰਡਾ ਰਹੇ ਲੋਕਾਂ ਨੂੰ ਅਪੀਲ ਕਰਾਂਗੇ ਕਿ ਉਹ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੁਆਰਾ ਦਿਤੇ ਅਧਿਕਾਰ ' ਵੋਟ ' ਦੀ ਕੀਮਤ ਨੂੰ ਚੰਦ ਕੁ ਪੈਸਿਆਂ ਖਾਤਰ ਜਾਂ ਲਫਾਫੇ ਵਿੱਚ ਦਿਤੇ ਰਾਸ਼ਨ ਖਾਤਰ ਗਿਰਵੀ ਨਾ ਰੱਖਣ। ਅਧਿਕਾਰ ਸੰਘਰਸ਼ ਪਾਰਟੀ ਸਮਝਦੀ ਹੈ ਕਿ ਅਸਲ ਮੁੱਦਾ ਲੋਕਾਂ ਨੂੰ ਪੈਰਾਂ ਸਿਰ ਕਰਨ ਲਈ ਰੋਜ਼ਗਾਰ ਦਾ ਹੈ। ਜਦੋਂ ਕਿ ਸਰਕਾਰਾਂ ਇਸ ਤੋਂ ਭੱਜ ਰਹੀਆਂ ਹਨ। ਸਾਡੀ ਪਾਰਟੀ ਪੀਲਾ ਪੰਜਾ ਚਲਾਉਣ ਵਾਲ਼ੀ ਨੀਤੀ ਦਾ ਵਿਰੋਧ ਕਰਦੀ ਹੈ। ਘਰ ਢਾਅਕੇ ਪਰਿਵਾਰ ਦੇ ਇੱਕ ਮੈਂਬਰ ਦੀ ਗਲਤੀ ਕਾਰਨ ਸਾਰੇ ਪਰਿਵਾਰ ਦੀ ਜ਼ਿੰਦਗੀ ਬਰਬਾਦ ਕਰਨਾ ਬਹੁਤ ਗਲਤ ਹੈ, ਆਉਣ ਵਾਲੇ ਸਮੇਂ ਵਿੱਚ ਇਸ ਦੇ ਨਤੀਜੇ ਬਹੁਤ ਮਾੜੇ ਹੋ ਸਕਦੇ, ਮੌਜੂਦਾ ਰਾਜਨੀਤਿਕ ਲੋਕਾਂ ਦੀਆਂ ਗਲਤੀਆਂ ਦੇ ਨਤੀਜੇ ਆਉਣ ਵਾਲੀਆਂ ਪੀੜ੍ਹੀਆਂ ਭੁਗਤਣਗੀਆਂ। ਅਧਿਕਾਰ ਸੰਘਰਸ਼ ਪਾਰਟੀ ਮੌਜੂਦਾ ਹਾਲਾਤ ਤੋਂ ਗਰੀਬ ਵਰਗਾਂ ਨੂੰ ਜਾਗਰੂਕ ਕਰ ਰਹੀ ਹੈ। 
ਅੰਤ ਵਿੱਚ ਇੰਜ ਸ਼ੇਰਗਿੱਲ ਨੇ 8 ਮਾਰਚ ਐਤਵਾਰ ਨੂੰ ਬਠਿੰਡਾ ਵਿੱਚ ਪਾਰਟੀ ਦੇ ਪਹਿਲੇ ਸਥਾਪਨਾ ਦਿਵਸ ਅਤੇ ਇੰਟਰਨੈਸ਼ਨਲ ਵੈਮੈਨ ਡੇ ਤੇ ਸਾਰੀਆਂ ਭਰਾਤਰੀ ਜਥੇਬੰਦੀਆਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਨਸ਼ਿਆਂ ਵਿਰੁੱਧ ਸੰਘਰਸ਼ ਲਈ ਇਕਠੇ ਹੋ ਕੇ 2027 ਦੇ ਪ੍ਰੋਗਰਾਮ ਨੂੰ ਕਾਮਯਾਬ ਕਰਦਿਆਂ ਰਵਾਇਤੀ ਪਾਰਟੀਆਂ ਦੇ ਧੋਖਾਧੜੀ ਦੀਆਂ ਚਾਲਾਂ ਤੋਂ ਬਚਾਉਣ ਲਈ ਕੰਮ ਕਰੀਏ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.