ਪਾਕਿਸਤਾਨ ਨੇ 2026–27 ਲਈ ਈਸੀਓ ਦੀ ਪ੍ਰਧਾਨਗੀ ਸੰਭਾਲੀ, ਇਸਲਾਮਾਬਾਦ ਮੀਟਿੰਗ ’ਚ ਖੇਤਰੀ ਵਪਾਰ ਤੇ ਸੰਪਰਕ ਦਾ ਖਾਕਾ ਪੇਸ਼

ਪਾਕਿਸਤਾਨ ਨੇ 2026–27 ਲਈ ਈਸੀਓ ਦੀ ਪ੍ਰਧਾਨਗੀ ਸੰਭਾਲੀ, ਇਸਲਾਮਾਬਾਦ ਮੀਟਿੰਗ ’ਚ ਖੇਤਰੀ ਵਪਾਰ ਤੇ ਸੰਪਰਕ ਦਾ ਖਾਕਾ ਪੇਸ਼

ਇਸਲਾਮਾਬਾਦ (ਨਜ਼ਰਾਨਾ ਟਾਈਮਜ਼): ਪਾਕਿਸਤਾਨ ਨੇ 10 ਮੈਂਬਰੀ ਆਰਥਿਕ ਸਹਿਯੋਗ ਸੰਗਠਨ (ਈਸੀਓ) ਦੀ ਸਾਲ 2026–27 ਲਈ ਵਾਰੀ ਅਨੁਸਾਰ ਪ੍ਰਧਾਨਗੀ ਸੰਭਾਲ ਲਈ ਹੈ। ਇਹ ਜ਼ਿੰਮੇਵਾਰੀ ਪਾਕਿਸਤਾਨ ਨੂੰ ਮੱਧ ਏਸ਼ੀਆ, ਦੱਖਣੀ ਏਸ਼ੀਆ ਅਤੇ ਮੱਧ ਪੂਰਬ ਨੂੰ ਜੋੜਨ ਵਾਲੇ ਖੇਤਰੀ ਵਪਾਰ ਤੇ ਆਵਾਜਾਈ ਕੇਂਦਰ ਵਜੋਂ ਆਪਣੀ ਭੂਮਿਕਾ ਮਜ਼ਬੂਤ ਕਰਨ ਦਾ ਮੌਕਾ ਦਿੰਦੀ ਹੈ।

ਪ੍ਰਧਾਨਗੀ ਦੀ ਤਬਦੀਲੀ ਇਸਲਾਮਾਬਾਦ ਵਿੱਚ ਹੋਈ ਈਸੀਓ ਮੰਤਰੀ ਪ੍ਰੀਸ਼ਦ ਦੀ 30ਵੀਂ ਮੀਟਿੰਗ ਦੌਰਾਨ ਹੋਈ। ਮੀਟਿੰਗ ਦੀ ਪ੍ਰਧਾਨਗੀ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਸੈਨੇਟਰ ਮੁਹੰਮਦ ਇਸਹਾਕ ਡਾਰ ਨੇ ਕੀਤੀ। ਕਜ਼ਾਖਸਤਾਨ ਨੇ ਸੰਗਠਨ ਦੀ ਪ੍ਰਧਾਨਗੀ ਪਾਕਿਸਤਾਨ ਨੂੰ ਸੌਂਪੀ।

ਮੀਟਿੰਗ ਵਿੱਚ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਅਤੇ ਵਫ਼ਦ ਮੁਖੀਆਂ ਤੋਂ ਇਲਾਵਾ ਈਸੀਓ ਦੇ ਸਕੱਤਰ ਜਨਰਲ ਡਾ. ਅਸਦ ਮਜੀਦ ਖ਼ਾਨ ਅਤੇ ਸੰਗਠਨ ਦੀਆਂ ਵਿਸ਼ੇਸ਼ ਏਜੰਸੀਆਂ ਤੇ ਖੇਤਰੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।

ਮੰਤਰੀ ਪੱਧਰੀ ਸੈਸ਼ਨ ਤੋਂ ਪਹਿਲਾਂ 15 ਨਵੰਬਰ ਨੂੰ ਵਿਦੇਸ਼ ਸਕੱਤਰ ਰਾਜਦੂਤ ਆਸਿਮ ਇਫ਼ਤਿਖਾਰ ਅਹਿਮਦ ਦੀ ਪ੍ਰਧਾਨਗੀ ਹੇਠ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਹੋਈ। ਇਸ ਵਿੱਚ ਸੰਗਠਨ ਦੀਆਂ ਸਾਲਾਨਾ ਸਰਗਰਮੀਆਂ, ਚੱਲ ਰਹੇ ਪ੍ਰੋਗਰਾਮਾਂ, ਸੰਸਥਾਗਤ ਕਾਰਗੁਜ਼ਾਰੀ ਅਤੇ ਪ੍ਰਸ਼ਾਸਕੀ ਤੇ ਵਿੱਤੀ ਮਾਮਲਿਆਂ ਦੀ ਸਮੀਖਿਆ ਕੀਤੀ ਗਈ। ਮੰਤਰੀਆਂ ਦੇ ਵਿਚਾਰ ਲਈ ਇਸਲਾਮਾਬਾਦ ਸਾਂਝੇ ਬਿਆਨ ਦੇ ਖਰੜੇ ਨੂੰ ਵੀ ਅੰਤਿਮ ਰੂਪ ਦਿੱਤਾ ਗਿਆ।

ਪਾਕਿਸਤਾਨ ਦੀਆਂ ਪੰਜ ਰਣਨੀਤਕ ਤਰਜੀਹਾਂ

‘Reviving Regionalism for a Resilient ECO’ ਵਿਸ਼ੇ ਹੇਠ ਪਾਕਿਸਤਾਨ ਨੇ ਆਪਣੀ ਪ੍ਰਧਾਨਗੀ ਲਈ ਪੰਜ ਮੁੱਖ ਤਰਜੀਹਾਂ ਪੇਸ਼ ਕੀਤੀਆਂ। ਇਸ ਵਿਸ਼ੇ ਦਾ ਕੇਂਦਰ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਈਸੀਓ ਲਈ ਖੇਤਰੀ ਸਹਿਯੋਗ ਨੂੰ ਮੁੜ ਸਰਗਰਮ ਕਰਨਾ ਹੈ।

1. ਵਪਾਰ ਅਤੇ ਨਿਵੇਸ਼: ਬਾਜ਼ਾਰਾਂ ਤੱਕ ਪਹੁੰਚ ਵਧਾਉਣਾ, ਖੇਤਰੀ ਉਤਪਾਦਨ ਅਤੇ ਸਪਲਾਈ ਲੜੀਆਂ ਮਜ਼ਬੂਤ ਕਰਨਾ ਅਤੇ ਨਿੱਜੀ ਖੇਤਰ ਦੇ ਨਿਵੇਸ਼ ਨੂੰ ਉਤਸ਼ਾਹਿਤ ਕਰਨਾ। ਇਸ ਵਿੱਚ ਖ਼ਾਸ ਤੌਰ ’ਤੇ ਛੋਟੇ ਅਤੇ ਦਰਮਿਆਨੇ ਉਦਯੋਗਾਂ ਦੀ ਭਾਗੀਦਾਰੀ ’ਤੇ ਧਿਆਨ ਦਿੱਤਾ ਜਾਵੇਗਾ।

2. ਖੇਤਰੀ ਸੰਪਰਕ: ਮੱਧ ਏਸ਼ੀਆਈ ਦੇਸ਼ਾਂ ਨੂੰ ਦੱਖਣੀ ਏਸ਼ੀਆ ਅਤੇ ਅਰਬ ਸਾਗਰ ’ਤੇ ਸਥਿਤ ਪਾਕਿਸਤਾਨ ਦੀਆਂ ਕਰਾਚੀ, ਪੋਰਟ ਕਾਸਿਮ ਅਤੇ ਗਵਾਦਰ ਬੰਦਰਗਾਹਾਂ ਨਾਲ ਜੋੜਨ ਵਾਲੇ ਆਵਾਜਾਈ ਤੇ ਮਾਲ ਦੀ ਆਰ-ਪਾਰ ਢੋਆ-ਢੁਆਈ ਦੇ ਲਾਂਘਿਆਂ ਵਿੱਚ ਸੁਧਾਰ ਕਰਨਾ।

3. ਵਪਾਰ ਸੁਖਾਲਾ ਬਣਾਉਣਾ: ਆਧੁਨਿਕ, ਸਾਰਿਆਂ ਦੀ ਭਾਗੀਦਾਰੀ ਵਾਲਾ ਅਤੇ ਡਿਜੀਟਲ ਸਹੂਲਤਾਂ ਨਾਲ ਲੈਸ ਖੇਤਰੀ ਵਪਾਰਕ ਢਾਂਚਾ ਵਿਕਸਿਤ ਕਰਨਾ, ਕਸਟਮ ਪ੍ਰਕਿਰਿਆਵਾਂ ਵਿੱਚ ਇਕਸਾਰਤਾ ਲਿਆਉਣਾ ਅਤੇ ਸਰਹੱਦਾਂ ਪਾਰ ਮਾਲ ਦੀ ਆਵਾਜਾਈ ਸੁਧਾਰਨਾ।

4. ਜਲਵਾਯੂ ਚੁਣੌਤੀਆਂ ਨਾਲ ਨਜਿੱਠਣ ਦੀ ਸਮਰੱਥਾ: ਆਫ਼ਤਾਂ ਦੀ ਤਿਆਰੀ, ਅਗਾਊਂ ਚਿਤਾਵਨੀ ਪ੍ਰਣਾਲੀਆਂ, ਪਾਣੀ ਦੇ ਟਿਕਾਊ ਪ੍ਰਬੰਧ ਅਤੇ ਜਲਵਾਯੂ ਦੇ ਅਸਰਾਂ ਨੂੰ ਸਹਿਣ ਦੇ ਸਮਰੱਥ ਬੁਨਿਆਦੀ ਢਾਂਚੇ ਲਈ ਸਹਿਯੋਗ ਮਜ਼ਬੂਤ ਕਰਨਾ।

5. ਮਨੁੱਖੀ ਸਰੋਤਾਂ ਦਾ ਵਿਕਾਸ: ਖੇਤਰ ਦੀ ਨੌਜਵਾਨ ਆਬਾਦੀ ਨੂੰ ਉੱਭਰ ਰਹੇ ਆਰਥਿਕ ਮੌਕਿਆਂ ਲਈ ਤਿਆਰ ਕਰਨ ਵਾਸਤੇ ਸਿੱਖਿਆ, ਕਿੱਤਾਮੁਖੀ ਸਿਖਲਾਈ, ਖੋਜ, ਨਵੀਆਂ ਕਾਢਾਂ ਅਤੇ ਹੁਨਰ ਵਿਕਾਸ ਵਿੱਚ ਨਿਵੇਸ਼ ਕਰਨਾ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਇਸਹਾਕ ਡਾਰ ਨੇ ਕਿਹਾ ਕਿ ਭੂਗੋਲਿਕ ਨੇੜਤਾ ਨੂੰ ਅਮਲੀ ਸੰਪਰਕ ਅਤੇ ਆਰਥਿਕ ਸਹਿਯੋਗ ਵਿੱਚ ਬਦਲਣਾ ਜ਼ਰੂਰੀ ਹੈ। ਉਨ੍ਹਾਂ ਕਾਰੋਬਾਰਾਂ ਨੂੰ ਸਹੂਲਤ ਦੇਣ ਅਤੇ ਖੇਤਰ ਦੀ ਆਰਥਿਕ ਸਮਰੱਥਾ ਦਾ ਲਾਭ ਲੈਣ ਲਈ ਕਾਰਗਰ ਆਵਾਜਾਈ ਲਾਂਘਿਆਂ, ਸਰਹੱਦੀ ਪ੍ਰਕਿਰਿਆਵਾਂ ਨੂੰ ਸੁਖਾਲਾ ਬਣਾਉਣ ਅਤੇ ਸਪੱਸ਼ਟ ਤੇ ਭਰੋਸੇਯੋਗ ਟਰਾਂਜ਼ਿਟ ਪ੍ਰਬੰਧਾਂ ਦੀ ਲੋੜ ’ਤੇ ਜ਼ੋਰ ਦਿੱਤਾ।

ਡਾਰ ਨੇ ਕਿਹਾ ਕਿ ਭੂ-ਸਿਆਸੀ ਅਨਿਸ਼ਚਿਤਤਾ, ਆਰਥਿਕ ਦਬਾਅ ਅਤੇ ਤੇਜ਼ ਤਕਨੀਕੀ ਤਬਦੀਲੀਆਂ ਦੇ ਦੌਰ ਵਿੱਚ ਮਜ਼ਬੂਤ ਖੇਤਰੀ ਸਹਿਯੋਗ ਹੋਰ ਵੀ ਜ਼ਰੂਰੀ ਹੈ। ਉਨ੍ਹਾਂ ਗੱਲਬਾਤ, ਕੂਟਨੀਤੀ ਅਤੇ ਖੇਤਰੀ ਸਥਿਰਤਾ ਪ੍ਰਤੀ ਪਾਕਿਸਤਾਨ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਅਮਨ ਅਤੇ ਆਰਥਿਕ ਵਿਕਾਸ ਦਾ ਆਪਸ ਵਿੱਚ ਗੂੜ੍ਹਾ ਸਬੰਧ ਹੈ।

ਈਸੀਓ ਵਿਜ਼ਨ 2035 ਅਤੇ ਖੇਤਰ ਦੀ ਆਰਥਿਕ ਸਮਰੱਥਾ

ਮੰਤਰੀ ਪੱਧਰੀ ਚਰਚਾ ਦਾ ਇੱਕ ਮੁੱਖ ਵਿਸ਼ਾ ਪ੍ਰਸਤਾਵਿਤ ‘ਆਰਥਿਕ ਸਹਿਯੋਗ ਦੇ ਰਣਨੀਤਕ ਟੀਚੇ–2035’ ਰਿਹਾ। ਇਹ ਲੰਬੇ ਸਮੇਂ ਦਾ ਢਾਂਚਾ ਆਉਣ ਵਾਲੇ ਦਹਾਕੇ ਦੌਰਾਨ ਖੇਤਰੀ ਏਕੀਕਰਨ, ਟਿਕਾਊ ਵਿਕਾਸ, ਵਪਾਰ ਅਤੇ ਸੰਸਥਾਗਤ ਸਹਿਯੋਗ ਮਜ਼ਬੂਤ ਕਰਨ ਲਈ ਤਿਆਰ ਕੀਤਾ ਗਿਆ ਹੈ।

ਇਸਲਾਮਾਬਾਦ ਸਾਂਝਾ ਬਿਆਨ ਅਤੇ ਸੰਗਠਨ ਦਾ ਲੰਬੇ ਸਮੇਂ ਦਾ ਰਣਨੀਤਕ ਢਾਂਚਾ ਮੰਤਰੀਆਂ ਅੱਗੇ ਰੱਖੇ ਗਏ ਮੁੱਖ ਦਸਤਾਵੇਜ਼ਾਂ ਵਿੱਚ ਸ਼ਾਮਲ ਸਨ।

ਈਸੀਓ ਖੇਤਰ ਲਗਭਗ 80 ਲੱਖ ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ ਅਤੇ ਇੱਥੇ ਕਰੀਬ 50 ਕਰੋੜ ਲੋਕ ਰਹਿੰਦੇ ਹਨ। ਕੁਦਰਤੀ ਸਰੋਤਾਂ, ਊਰਜਾ ਭੰਡਾਰਾਂ, ਖੇਤੀਬਾੜੀ ਦੀ ਸਮਰੱਥਾ ਅਤੇ ਰਣਨੀਤਕ ਭੂਗੋਲਿਕ ਸਥਿਤੀ ਦੇ ਬਾਵਜੂਦ ਖੇਤਰੀ ਵਪਾਰ ਆਪਣੀ ਸਮਰੱਥਾ ਤੋਂ ਕਾਫ਼ੀ ਹੇਠਾਂ ਹੈ।

ਵਿਸ਼ਵ ਵਪਾਰ ਵਿੱਚ ਇਸ ਖੇਤਰ ਦਾ ਹਿੱਸਾ ਲਗਭਗ 2.2 ਫ਼ੀਸਦੀ ਹੈ, ਜਦਕਿ ਮੈਂਬਰ ਦੇਸ਼ਾਂ ਵਿਚਾਲੇ ਆਪਸੀ ਵਪਾਰ ਉਨ੍ਹਾਂ ਦੇ ਕੁੱਲ ਵਪਾਰ ਦਾ ਸਿਰਫ਼ ਕਰੀਬ ਅੱਠ ਫ਼ੀਸਦੀ ਹੈ।

ਸਾਲ 2025 ਵਿੱਚ ਈਸੀਓ ਮੈਂਬਰ ਦੇਸ਼ਾਂ ਨਾਲ ਪਾਕਿਸਤਾਨ ਦਾ ਵਪਾਰ ਅੰਦਾਜ਼ਨ 3.8 ਅਰਬ ਅਮਰੀਕੀ ਡਾਲਰ ਰਿਹਾ, ਜੋ ਉਸ ਦੇ ਸਮੁੱਚੇ ਵਪਾਰ ਦਾ ਕਰੀਬ ਚਾਰ ਫ਼ੀਸਦੀ ਬਣਦਾ ਹੈ। ਇਹ ਅੰਕੜੇ ਵਪਾਰਕ ਸਬੰਧਾਂ, ਨਿਵੇਸ਼ ਅਤੇ ਉਦਯੋਗਿਕ ਸਹਿਯੋਗ ਦੇ ਵਿਸਥਾਰ ਲਈ ਮੌਕਿਆਂ ਵੱਲ ਇਸ਼ਾਰਾ ਕਰਦੇ ਹਨ।

ਅਰਬ ਸਾਗਰ ਤੱਕ ਪਾਕਿਸਤਾਨ ਦੀ ਪਹੁੰਚ ਮੱਧ ਏਸ਼ੀਆ ਦੇ ਸਮੁੰਦਰੀ ਤੱਟ ਤੋਂ ਵਾਂਝੇ ਦੇਸ਼ਾਂ ਨੂੰ ਕੌਮਾਂਤਰੀ ਬਾਜ਼ਾਰਾਂ ਲਈ ਬਦਲਵੇਂ ਰਸਤੇ ਮੁਹੱਈਆ ਕਰਵਾ ਸਕਦੀ ਹੈ। ਖੇਤਰੀ ਸਹਿਯੋਗ ਰਾਹੀਂ ਖੇਤੀ ਉਤਪਾਦਾਂ, ਖਣਿਜਾਂ, ਊਰਜਾ ਸਰੋਤਾਂ ਅਤੇ ਤਿਆਰ ਮਾਲ ਦੀ ਆਵਾਜਾਈ ਵੀ ਵਧਾਈ ਜਾ ਸਕਦੀ ਹੈ।

ਈਰਾਨ ਵੱਲੋਂ ਵਪਾਰ, ਆਵਾਜਾਈ ਅਤੇ ਊਰਜਾ ਸਹਿਯੋਗ ਵਧਾਉਣ ਦੀ ਅਪੀਲ

ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਈਸੀਓ ਮੈਂਬਰਾਂ ਵਿਚਾਲੇ ਅਮਲੀ ਸਹਿਯੋਗ ਦੀ ਅਪੀਲ ਕਰਦਿਆਂ ਵਪਾਰ, ਆਵਾਜਾਈ ਅਤੇ ਊਰਜਾ ਨੂੰ ਖੇਤਰੀ ਏਕੀਕਰਨ ਦੇ ਤਿੰਨ ਰਣਨੀਤਕ ਥੰਮ੍ਹ ਦੱਸਿਆ।

ਉਨ੍ਹਾਂ ਆਧੁਨਿਕ ਅਤੇ ਵਧੇਰੇ ਪ੍ਰਭਾਵਸ਼ਾਲੀ ਖੇਤਰੀ ਵਪਾਰ ਸਮਝੌਤੇ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਈਸੀਓ ਵਪਾਰ ਸਮਝੌਤੇ ਵਿੱਚ ਸੁਧਾਰ ਦੀ ਪ੍ਰਕਿਰਿਆ ਦਾ ਸਵਾਗਤ ਕੀਤਾ।

ਅਰਾਘਚੀ ਨੇ ਊਰਜਾ ਸਪਲਾਈ ਦੀ ਸੁਰੱਖਿਆ, ਖੇਤਰ ਦੀ ਸੰਕਟਾਂ ਨਾਲ ਨਜਿੱਠਣ ਦੀ ਸਮਰੱਥਾ ਮਜ਼ਬੂਤ ਕਰਨ ਅਤੇ ਭੂ-ਸਿਆਸੀ ਰੁਕਾਵਟਾਂ ਦੇ ਅਸਰ ਘਟਾਉਣ ਲਈ ਭਰੋਸੇਯੋਗ ਤੇ ਟਿਕਾਊ ਖੇਤਰੀ ਊਰਜਾ ਪ੍ਰਬੰਧ ਦੀ ਵੀ ਵਕਾਲਤ ਕੀਤੀ।

ਉਨ੍ਹਾਂ ਦੀਆਂ ਟਿੱਪਣੀਆਂ ਅਜਿਹੇ ਸਮੇਂ ਊਰਜਾ ਸੰਪਰਕ ਅਤੇ ਤਾਲਮੇਲ ਵਾਲੇ ਖੇਤਰੀ ਪ੍ਰਬੰਧਾਂ ਦੀ ਮਹੱਤਤਾ ਦਰਸਾਉਂਦੀਆਂ ਹਨ, ਜਦੋਂ ਕੌਮਾਂਤਰੀ ਵਪਾਰ ਅਤੇ ਅਹਿਮ ਊਰਜਾ ਸਪਲਾਈ ਰਸਤਿਆਂ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ।

ਅਫ਼ਗਾਨਿਸਤਾਨ ਅਤੇ ਖੇਤਰੀ ਸੁਰੱਖਿਆ

ਖੇਤਰੀ ਸਥਿਰਤਾ ਬਾਰੇ ਇਸਹਾਕ ਡਾਰ ਨੇ ਕਿਹਾ ਕਿ ਪਾਕਿਸਤਾਨ ਸ਼ਾਂਤਮਈ, ਖ਼ੁਸ਼ਹਾਲ ਅਤੇ ਸਥਿਰ ਅਫ਼ਗਾਨਿਸਤਾਨ ਚਾਹੁੰਦਾ ਹੈ। ਹਾਲਾਂਕਿ ਉਨ੍ਹਾਂ ਜ਼ੋਰ ਦਿੱਤਾ ਕਿ ਅਰਥਪੂਰਨ ਖੇਤਰੀ ਸਹਿਯੋਗ ਲਈ ਅਫ਼ਗਾਨ ਅਧਿਕਾਰੀਆਂ ਨੂੰ ਗੁਆਂਢੀ ਦੇਸ਼ਾਂ ਦੀਆਂ ਜਾਇਜ਼ ਸੁਰੱਖਿਆ ਚਿੰਤਾਵਾਂ, ਖ਼ਾਸ ਕਰਕੇ ਅੱਤਵਾਦ ਦੇ ਖ਼ਤਰੇ, ਦਾ ਹੱਲ ਕਰਨਾ ਪਵੇਗਾ।

ਉਨ੍ਹਾਂ ਕਿਹਾ ਕਿ ਅੰਦਰੂਨੀ ਤੌਰ ’ਤੇ ਅਤੇ ਗੁਆਂਢੀਆਂ ਨਾਲ ਅਮਨ ਨਾਲ ਰਹਿਣ ਵਾਲਾ ਅਫ਼ਗਾਨਿਸਤਾਨ, ਜੇ ਈਸੀਓ ਢਾਂਚੇ ਨਾਲ ਪੂਰੀ ਤਰ੍ਹਾਂ ਜੁੜੇ, ਤਾਂ ਖੇਤਰੀ ਵਪਾਰ, ਟਰਾਂਜ਼ਿਟ ਅਤੇ ਆਰਥਿਕ ਸਹਿਯੋਗ ਲਈ ਵੱਡੇ ਮੌਕੇ ਪੈਦਾ ਹੋ ਸਕਦੇ ਹਨ।

ਸੁਰੱਖਿਆ ਦੀ ਸਥਿਤੀ ਖੇਤਰੀ ਸੰਪਰਕ ਲਈ ਵੱਡੀ ਚੁਣੌਤੀ ਬਣੀ ਹੋਈ ਹੈ, ਕਿਉਂਕਿ ਸਿਆਸੀ ਤਣਾਅ ਅਤੇ ਅਸਥਿਰਤਾ ਆਵਾਜਾਈ ਲਾਂਘਿਆਂ, ਨਿਵੇਸ਼ ਅਤੇ ਸਰਹੱਦ ਪਾਰ ਵਪਾਰ ਵਿੱਚ ਰੁਕਾਵਟ ਪਾ ਸਕਦੇ ਹਨ।

ਪਾਕਿਸਤਾਨ 2027 ਵਿੱਚ ਕਰੇਗਾ ਈਸੀਓ ਸਿਖਰ ਸੰਮੇਲਨ ਦੀ ਮੇਜ਼ਬਾਨੀ

ਇਸਹਾਕ ਡਾਰ ਨੇ ਸਾਲ 2027 ਵਿੱਚ ਈਸੀਓ ਸਿਖਰ ਸੰਮੇਲਨ ਦੀ ਮੇਜ਼ਬਾਨੀ ਲਈ ਪਾਕਿਸਤਾਨ ਦੀ ਵਚਨਬੱਧਤਾ ਦੁਹਰਾਈ। ਇਹ ਸੰਮੇਲਨ ਖੇਤਰੀ ਆਗੂਆਂ ਨੂੰ ਆਰਥਿਕ ਸਹਿਯੋਗ ਅੱਗੇ ਵਧਾਉਣ ਅਤੇ ਸਿਆਸੀ ਤੇ ਸੰਸਥਾਗਤ ਰਾਬਤਾ ਮਜ਼ਬੂਤ ਕਰਨ ਦਾ ਇੱਕ ਹੋਰ ਮੌਕਾ ਦੇਵੇਗਾ।

ਈਸੀਓ ਦੇ ਸਕੱਤਰ ਜਨਰਲ ਡਾ. ਅਸਦ ਮਜੀਦ ਖ਼ਾਨ ਨੇ ਸੰਗਠਨ ਦੇ ਲੰਬੇ ਸਮੇਂ ਦੇ ਰਣਨੀਤਕ ਉਦੇਸ਼ਾਂ ਨੂੰ ਅਜਿਹੇ ਅਮਲੀ ਪ੍ਰੋਗਰਾਮਾਂ ਵਿੱਚ ਬਦਲਣ ’ਤੇ ਜ਼ੋਰ ਦਿੱਤਾ, ਜਿਨ੍ਹਾਂ ਦੇ ਨਤੀਜੇ ਮਾਪੇ ਜਾ ਸਕਣ।

ਮੀਟਿੰਗ ਨੇ ਹਿੱਸਾ ਲੈਣ ਵਾਲੇ ਵਫ਼ਦਾਂ ਨੂੰ ਦੁਵੱਲੇ ਕੂਟਨੀਤਕ ਸੰਪਰਕ ਦਾ ਮੌਕਾ ਵੀ ਦਿੱਤਾ। ਮੰਤਰੀ ਪੱਧਰੀ ਸੈਸ਼ਨ ਤੋਂ ਪਹਿਲੀ ਸ਼ਾਮ ਵਿਦੇਸ਼ ਮੰਤਰੀਆਂ ਅਤੇ ਵਫ਼ਦ ਮੁਖੀਆਂ ਦੇ ਸਨਮਾਨ ਵਿੱਚ ਸਵਾਗਤੀ ਰਾਤ ਦੇ ਭੋਜਨ ਦਾ ਪ੍ਰਬੰਧ ਕੀਤਾ ਗਿਆ।

ਈਸੀਓ ਬਾਰੇ

ਪਾਕਿਸਤਾਨ, ਈਰਾਨ ਅਤੇ ਤੁਰਕੀਏ ਨੇ 1985 ਵਿੱਚ ਆਰਥਿਕ ਸਹਿਯੋਗ ਸੰਗਠਨ ਦੀ ਸਥਾਪਨਾ ਕੀਤੀ ਸੀ। ਇਹ ਸੰਗਠਨ 1964 ਵਿੱਚ ਬਣੇ ਖੇਤਰੀ ਵਿਕਾਸ ਸਹਿਯੋਗ (ਆਰਸੀਡੀ) ਦੇ ਪਹਿਲੇ ਢਾਂਚੇ ਤੋਂ ਵਿਕਸਿਤ ਹੋਇਆ।

ਇਸ ਦੇ 10 ਮੈਂਬਰ ਦੇਸ਼ ਪਾਕਿਸਤਾਨ, ਤੁਰਕੀਏ, ਈਰਾਨ, ਅਫ਼ਗਾਨਿਸਤਾਨ, ਅਜ਼ਰਬਾਈਜਾਨ, ਕਜ਼ਾਖਸਤਾਨ, ਕਿਰਗਿਜ਼ਸਤਾਨ, ਤਾਜਿਕਿਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਹਨ।

ਸੰਗਠਨ ਦਾ ਉਦੇਸ਼ ਖੇਤਰੀ ਵਪਾਰ, ਆਵਾਜਾਈ ਸੰਪਰਕ, ਊਰਜਾ ਸਹਿਯੋਗ, ਨਿਵੇਸ਼, ਖੇਤੀਬਾੜੀ ਅਤੇ ਉਦਯੋਗਿਕ ਭਾਈਵਾਲੀ ਰਾਹੀਂ ਟਿਕਾਊ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ।

ਸਾਲ 2026–27 ਦੀ ਪ੍ਰਧਾਨਗੀ ਪਾਕਿਸਤਾਨ ਨੂੰ ਖੇਤਰ ਦੇ ਭੂਗੋਲਿਕ ਫ਼ਾਇਦਿਆਂ ਨੂੰ ਮਜ਼ਬੂਤ ਆਰਥਿਕ ਭਾਈਵਾਲੀਆਂ, ਵਧੇਰੇ ਕਾਰਗਰ ਵਪਾਰਕ ਲਾਂਘਿਆਂ ਅਤੇ ਸਾਂਝੀ ਖ਼ੁਸ਼ਹਾਲੀ ਵਿੱਚ ਬਦਲਣ ਲਈ ਕੰਮ ਕਰਨ ਦਾ ਮੌਕਾ ਦਿੰਦੀ ਹੈ।

ਰਿਪੋਰਟ: ਅਲੀ ਇਮਰਾਨ ਚੱਠਾ

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.