ਆਪ’ ਦਿੱਲੀ ਤੋਂ ਪੰਜਾਬ ਤੱਕ ਭ੍ਰਿਸ਼ਟਾਚਾਰ 'ਚ ਡੁੱਬੀ,ਹਲਕਾ ਖਡੂਰ ਸਾਹਿਬ 'ਚ ਵੀ ਕਰੋੜਾਂ ਦਾ ਗਬਨ- ਬ੍ਰਹਮਪੁਰਾ

ਆਪ’ ਦਿੱਲੀ ਤੋਂ ਪੰਜਾਬ ਤੱਕ ਭ੍ਰਿਸ਼ਟਾਚਾਰ 'ਚ ਡੁੱਬੀ,ਹਲਕਾ ਖਡੂਰ ਸਾਹਿਬ 'ਚ ਵੀ ਕਰੋੜਾਂ ਦਾ ਗਬਨ- ਬ੍ਰਹਮਪੁਰਾ

ਪਹਿਲਾਂ ਦਿੱਲੀ 'ਚ ਦਲਿਤ ਵਿਦਿਆਰਥੀਆਂ ਦਾ ਹੱਕ ਮਾਰਿਆ,ਹੁਣ ਪੰਜਾਬ ਦੇ ਪਿੰਡਾਂ ਦਾ ਪੈਸਾ ਲੁੱਟਿਆ- ਬ੍ਰਹਮਪੁਰਾ

ਬ੍ਰਹਮਪੁਰਾ ਨੇ 18 ਕਰੋੜ ਦੇ ਗਬਨ 'ਤੇ ਚੁੱਕੇ ਸਵਾਲ,ਪੁੱਛਿਆ - ਪੰਜਾਬ ਦੇ ਲੋਕਾਂ ਦਾ ਪੈਸਾ ਕਿੱਥੇ ਜਾ ਰਿਹੈ

ਰਾਕੇਸ਼ ਨਈਅਰ ਚੋਹਲਾ

ਤਰਨ ਤਾਰਨ,18 ਜੁਲਾਈ

ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ, ਹਲਕਾ ਖਡੂਰ ਸਾਹਿਬ ਦੇ ਇੰਚਾਰਜ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ਆਮ ਆਦਮੀ ਪਾਰਟੀ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ 'ਆਪ’ ਦਾ ਕਥਿਤ ਇਮਾਨਦਾਰੀ ਦਾ ਮਖੌਟਾ ਪੂਰੀ ਤਰ੍ਹਾਂ ਲੱਥ ਚੁੱਕਾ ਹੈ ਅਤੇ ਇਹ ਪਾਰਟੀ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਭ੍ਰਿਸ਼ਟਾਚਾਰ ਦੇ ਡੂੰਘੇ ਦਲਦਲ ਵਿੱਚ ਧਸੀ ਹੋਈ ਹੈ।ਉਨ੍ਹਾਂ ਕਿਹਾ ਕਿ ਜਿੱਥੇ ਦਿੱਲੀ ਵਿੱਚ 'ਆਪ' ਦੇ ਹਜ਼ਾਰਾਂ ਕਰੋੜਾਂ ਦੇ ਘੁਟਾਲੇ ਰੋਜ਼ ਸਾਹਮਣੇ ਆ ਰਹੇ ਹਨ,ਉੱਥੇ ਹੀ ਪੰਜਾਬ ਵਿੱਚ,ਖਾਸ ਕਰਕੇ ਹਲਕਾ ਖਡੂਰ ਸਾਹਿਬ ਵਿੱਚ ਵੀ 'ਆਪ' ਆਗੂਆਂ ਦੀ ਸਰਪ੍ਰਸਤੀ ਹੇਠ ਕਰੋੜਾਂ ਰੁਪਏ ਦਾ ਗਬਨ ਕੀਤਾ ਜਾ ਰਿਹਾ ਹੈ।ਲੋਕ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਤਰਨ ਤਾਰਨ ਦੇ ਬਲਾਕਾਂ ਵਿੱਚ 18 ਕਰੋੜ ਰੁਪਏ ਦੇ ਵਿਕਾਸ ਫੰਡਾਂ ਵਿੱਚ ਹੋਏ ਗਬਨ ਦੇ ਮਾਮਲੇ ਦਾ ਹਵਾਲਾ ਦਿੰਦਿਆਂ ਸ.ਬ੍ਰਹਮਪੁਰਾ ਨੇ ਕਿਹਾ ਕਿ ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਜਿਹੜੇ ਪਿੰਡਾਂ ਦੇ ਵਿਕਾਸ ਲਈ ਪੈਸਾ ਆਇਆ ਸੀ,ਉਸਨੂੰ 'ਆਪ' ਦੇ ਇੱਕ ਆਗੂ ਦੇ ਭਰਾ ਦੀ ਕੰਪਨੀ ਨਾਲ ਮਿਲ ਕੇ ਸ਼ਰੇਆਮ ਲੁੱਟਿਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਪੰਚਾਇਤ ਸਕੱਤਰਾਂ 'ਤੇ ਕਾਰਵਾਈ ਦੀ ਸਿਫ਼ਾਰਸ਼ ਤਾਂ ਹੋ ਰਹੀ ਹੈ,ਪਰ ਅਸਲ ਗੁਨਾਹਗਾਰ ਉਹ ਹੈ,ਜੋ ਸਿਆਸੀ ਸਰਪ੍ਰਸਤੀ ਹੇਠ ਇਹ ਸਭ ਕਰਵਾ ਰਹੇ ਹਨ ਤੇ ਉਹਨਾਂ 'ਤੇ ਪਰਦਾ ਪਾਇਆ ਜਾ ਰਿਹਾ ਹੈ।ਸ.ਬ੍ਰਹਮਪੁਰਾ ਨੇ ਕਿਹਾ ਕਿ ਇਹ ਭ੍ਰਿਸ਼ਟਾਚਾਰ ਸਿਰਫ਼ ਪੰਜਾਬ ਤੱਕ ਹੀ ਸੀਮਤ ਨਹੀਂ ਹੈ,ਸਗੋਂ ਇਹ 'ਆਪ' ਦੇ ਦਿੱਲੀ ਮਾਡਲ ਦਾ ਅਸਲੀ ਚਿਹਰਾ ਹੈ,ਜਿਸਦੀ ਪੋਲ ਹੁਣ ਪੂਰੀ ਤਰ੍ਹਾਂ ਖੁੱਲ੍ਹ ਚੁੱਕੀ ਹੈ।ਦਿੱਲੀ ਵਿੱਚ 'ਆਪ' ਸਰਕਾਰ ਨੇ ਡਾ. ਬੀ.ਆਰ. ਅੰਬੇਡਕਰ ਦੇ ਨਾਂ 'ਤੇ ਬਣੀ 'ਜੈ ਭੀਮ ਮੁੱਖ ਮੰਤਰੀ ਪ੍ਰਤਿਭਾ ਵਿਕਾਸ ਯੋਜਨਾ' ਵਿੱਚ ਕਥਿਤ ਤੌਰ 'ਤੇ 15 ਕਰੋੜ ਦੇ ਬਜਟ ਦੇ ਬਦਲੇ 145 ਕਰੋੜ ਰੁਪਏ ਦੇ ਫਰਜ਼ੀ ਬਿੱਲ ਪਾਸ ਕਰਕੇ ਦਲਿਤ ਵਿਦਿਆਰਥੀਆਂ ਦੇ ਭਵਿੱਖ ਨਾਲ ਧੋਖਾ ਕੀਤਾ।ਇਸੇ ਤਰ੍ਹਾਂ ਦੇਸ਼ ਨੇ ਕਰੋੜਾਂ ਰੁਪਏ ਦਾ ਮਸ਼ਹੂਰ ਸ਼ਰਾਬ ਘੁਟਾਲਾ ਵੀ ਦੇਖਿਆ, ਜਿਸ ਵਿੱਚ 'ਆਪ' ਦੇ ਸਿਖਰਲੇ ਆਗੂ ਸ਼ਾਮਲ ਹਨ।ਇਸ ਤੋਂ ਇਲਾਵਾ,ਹਸਪਤਾਲਾਂ ਦੇ ਨਿਰਮਾਣ ਅਤੇ ਸੀਸੀਟੀਵੀ ਕੈਮਰਿਆਂ ਵਰਗੇ ਪ੍ਰੋਜੈਕਟਾਂ ਵਿੱਚ ਵੀ ਹਜ਼ਾਰਾਂ ਕਰੋੜਾਂ ਦੇ ਘੁਟਾਲਿਆਂ ਦੀ ਜਾਂਚ ਈ.ਡੀ. ਵਰਗੀਆਂ ਏਜੰਸੀਆਂ ਕਰ ਰਹੀਆਂ ਹਨ।ਸ. ਬ੍ਰਹਮਪੁਰਾ ਨੇ ਅਖੀਰ ਵਿੱਚ ਕਿਹਾ ਕਿ ਆਮ ਆਦਮੀ ਦੇ ਨਾਂ 'ਤੇ ਸੱਤਾ ਵਿੱਚ ਆਈ ਇਹ ਪਾਰਟੀ ਅਸਲ ਵਿੱਚ 'ਖਾਸ ਲੁੱਟ' ਕਰਨ ਵਿੱਚ ਮਾਹਿਰ ਹੋ ਗਈ ਹੈ।ਇਹ ਲੋਕਾਂ ਦੇ ਪੈਸੇ ਨੂੰ ਆਪਣੀ ਨਿੱਜੀ ਜਾਇਦਾਦ ਸਮਝ ਕੇ ਲੁੱਟ ਰਹੇ ਹਨ।ਅਸੀਂ ਮੰਗ ਕਰਦੇ ਹਾਂ ਕਿ ਜਿਸ ਤਰ੍ਹਾਂ ਦਿੱਲੀ ਵਿੱਚ ਕੇਂਦਰੀ ਏਜੰਸੀਆਂ 'ਆਪ' ਸਰਕਾਰ ਦੀਆਂ ਕਥਿਤ ਬੇਨਿਯਮੀਆਂ ਅਤੇ ਘੁਟਾਲਿਆਂ ਦੀ ਪਰਤ-ਦਰ-ਪਰਤ ਜਾਂਚ ਕਰ ਰਹੀਆਂ ਹਨ,ਉਸੇ ਤਰ੍ਹਾਂ ਪੰਜਾਬ ਵਿੱਚ ਹੋ ਰਹੇ ਇਨ੍ਹਾਂ ਘੁਟਾਲਿਆਂ,ਖਾਸ ਕਰਕੇ ਖਡੂਰ ਸਾਹਿਬ ਦੇ ਲੋਕ ਸਭਾ ਹਲਕੇ ਦੇ ਇਸ 18 ਕਰੋੜ ਦੇ ਗਬਨ ਦੀ ਵੀ ਉੱਚ-ਪੱਧਰੀ ਨਿਰਪੱਖ ਜਾਂਚ ਹੋਵੇ,ਤਾਂ ਜੋ ਸਿਆਸੀ ਸਰਪ੍ਰਸਤੀ ਦੇਣ ਵਾਲੇ ਵੱਡੇ ਚਿਹਰੇ ਬੇਨਕਾਬ ਹੋ ਸਕਣ।ਸ.ਬ੍ਰਹਮਪੁਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲੋਕਾਂ ਦੇ ਪੈਸੇ ਦੀ ਇਸ ਲੁੱਟ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ਅਤੇ ਇਸਦੇ ਖਿਲਾਫ਼ ਹਰ ਪੱਧਰ 'ਤੇ ਆਵਾਜ਼ ਬੁਲੰਦ ਕਰੇਗਾ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.