"ਓ ਬੱਲੇ ਬਾਈ, ਕਿਆ ਬਾਤ ਐ, ਧੰਨਵਾਦ ਤੁਹਾਡਾ" : ਦੀਪ ਸਿੱਧੂ

"ਓ ਬੱਲੇ ਬਾਈ, ਕਿਆ ਬਾਤ ਐ, ਧੰਨਵਾਦ ਤੁਹਾਡਾ" : ਦੀਪ ਸਿੱਧੂ

ਕੌਮੀ ਯੋਧੇ ਭਾਈ ਸੰਦੀਪ ਸਿੰਘ ਦੀਪ ਸਿੱਧੂ ਨਾਲ਼ ਮੇਰੀ ਚੌਥੀ ਮੁਲਾਕਾਤ ਲਾਲ ਕਿਲ੍ਹੇ 'ਤੇ ਖ਼ਾਲਸਾਈ ਨਿਸ਼ਾਨ ਸਾਹਿਬ ਝੁਲਾਉਣ ਵਾਲ਼ੇ ਭਾਈ ਜੁਗਰਾਜ ਸਿੰਘ ਖ਼ਾਲਸਾ ਦੇ ਇਤਿਹਾਸਕ ਪਿੰਡ 'ਸ਼ਹੀਦ ਭਾਈ ਤਾਰਾ ਸਿੰਘ ਵਾਂ' ਵਿਖੇ 29 ਅਗਸਤ 2021 ਨੂੰ ਹੋਈ। ਓਦੋਂ ਜੁਗਰਾਜ ਸਿੰਘ ਖੰਡੇ-ਬਾਟੇ ਦਾ ਅੰਮ੍ਰਿਤ ਛਕ ਕੇ ਭਾਈ ਜੁਗਰਾਜ ਸਿੰਘ ਖ਼ਾਲਸਾ ਬਣ ਚੁੱਕਾ ਸੀ ਤੇ ਉਸ ਨੂੰ ਬਾਹਰੋਂ-ਬਾਹਰ ਪੱਕੀ ਜ਼ਮਾਨਤ ਮਿਲ ਚੁੱਕੀ ਸੀ ਜਿਸ ਲਈ ਉਸ ਨੇ 'ਸ਼ੁਕਰਾਨਾ ਸਮਾਗਮ' ਰੱਖਿਆ ਸੀ। ਉਸ ਤੋਂ ਕੁਝ ਸਮਾਂ ਪਹਿਲਾਂ 'ਦੀਪ ਸਿੱਧੂ' ਜੇਲ੍ਹ 'ਚੋਂ ਰਿਹਾਅ ਹੋ ਕੇ ਆਇਆ ਸੀ ਤੇ ਹੁਣ ਉਹ ਪੰਜਾਬ ਦੀ ਨੌਜਵਾਨੀ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਤੇ ਸੰਘਰਸ਼ਸ਼ੀਲ ਕਰਨ ਲਈ ਪਿੰਡਾਂ ਦੀਆਂ ਸੱਥਾਂ 'ਚ ਵਿਚਰਦਾ ਸੀ।
'ਦੀਪ ਸਿੱਧੂ' ਇਸ ਸਮਾਗਮ 'ਚ ਕਾਫ਼ੀ ਲੇਟ ਪਹੁੰਚਿਆ ਓਨੇ ਚਿਰ ਨੂੰ ਅਰਦਾਸ ਹੋ ਚੁੱਕੀ ਸੀ। ਜੁਗਰਾਜ ਸਿੰਘ ਬੜੀ ਬੇ-ਸਬਰੀ ਨਾਲ਼ 'ਦੀਪ ਸਿੱਧੂ' ਦਾ ਇੰਤਜ਼ਾਰ ਕਰ ਰਿਹਾ ਸੀ, ਭਾਵੇਂ ਕਿ ਸਮਾਪਤੀ ਹੋ ਚੁੱਕੀ ਸੀ ਪਰ ਫਿਰ ਵੀ ਉਸ ਨੂੰ ਸਟੇਜ 'ਤੇ ਬੋਲਣ ਦਾ ਸਮਾਂ ਦਿੱਤਾ ਗਿਆ। ਓਦੋਂ ਕਾਫ਼ੀ ਹਨੇਰੀ ਝੁੱਲ ਰਹੀ ਸੀ, ਮੀਂਹ ਆਉਣ ਦਾ ਮਹੌਲ ਸੀ ਤੇ ਨੌਜਵਾਨ ਬੜੇ ਚਾਵਾਂ ਨਾਲ਼ ਉਸ ਨੂੰ ਸੁਣ ਰਹੇ ਸੀ। 'ਦੀਪ ਸਿੱਧੂ' ਨੂੰ ਜੁਗਰਾਜ ਸਿੰਘ 'ਤੇ ਬੜਾ ਫ਼ਖ਼ਰ ਸੀ ਤੇ ਉਹ ਉਸ ਨੂੰ ਲਾਲ ਕਿਲ੍ਹੇ ਦੇ ਵਰਤਾਰੇ ਦਾ 'ਅਸਲ ਹੀਰੋ' ਮੰਨਦਾ ਸੀ। ਦੀਪ ਨੇ ਜੁਗਰਾਜ ਸਿੰਘ ਨੂੰ ਸਨਮਾਨਿਤ ਵੀ ਕੀਤਾ ਤੇ ਉਸ ਨੂੰ ਅੰਮ੍ਰਿਤ ਛਕਣ ਦੀਆਂ ਮੁਬਾਰਕਾਂ ਵੀ ਦਿੱਤੀਆਂ।
ਉਸ ਦਿਨ ਸਾਡੀ ਜਥੇਬੰਦੀ ਦੇ ਆਗੂ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ ਨੇ 'ਦੀਪ ਸਿੱਧੂ' ਨੂੰ ਅਪ੍ਰੈਲ 2021 ਦਾ 'ਖ਼ਾਲਸਾ ਫ਼ਤਹਿਨਾਮਾ' ਵੀ ਭੇਂਟ ਕੀਤਾ ਜਿਸ ਦੇ ਟਾਈਟਲ 'ਤੇ ਅਸੀਂ 'ਦੀਪ ਸਿੱਧੂ' ਦੀ ਫੋਟੋ ਛਾਪੀ ਸੀ ਓਦੋਂ ਉਹ ਜੇਲ੍ਹ ਵਿੱਚ ਸੀ, ਮੈਂ ਅਤੇ ਮੇਰੇ ਵੱਡੇ ਵੀਰ ਭਾਈ ਸਰਬਜੀਤ ਸਿੰਘ ਘੁਮਾਣ ਨੇ ਇਸ ਰਸਾਲੇ ਵਿੱਚ ਦੀਪ ਦੇ ਬਾਰੇ ਕਾਫ਼ੀ ਲਿਖਤਾਂ ਲਿਖੀਆਂ ਸਨ ਜਿਸ ਨੂੰ ਵੇਖ ਕੇ ਦੀਪ ਬਹੁਤ ਖੁਸ਼ ਹੋਇਆ ਤੇ ਕਹਿੰਦਾ “ਓ ਬੱਲੇ ਬਾਈ, ਕਿਆ ਬਾਤ ਐ, ਧੰਨਵਾਦ ਤੁਹਾਡਾ। ਫਿਰ ਦੀਪ ਨਾਲ਼ ਸੰਘਰਸ਼ ਬਾਬਤ ਕਾਫ਼ੀ ਵਿਚਾਰਾਂ ਹੋਈਆਂ। ਮੈਂ ਦੀਪ ਨੂੰ ਬੇਨਤੀ ਕੀਤੀ ਕਿ "ਤੁਸੀਂ ਹੁਣ ਕਿਸਾਨੀ ਮੋਰਚੇ 'ਚ ਸਿੰਘੂ ਬਾਰਡਰ 'ਤੇ ਨਾ ਜਾਇਓ, ਬਹਤ ਲੋਕ ਤੁਹਾਡੇ ਨਾਲ ਦੁਸ਼ਮਣੀਆਂ ਪਾਲੀ ਬੈਠੇ ਨੇ, ਤੁਹਾਡਾ ਜਾਨੀ ਨੁਕਸਾਨ ਕਰਨਗੇ। ਤੁਸੀਂ ਇੱਥੇ ਹੀ ਪਿੰਡਾਂ-ਸ਼ਹਿਰਾਂ 'ਚ ਵਿਚਰ ਕੇ ਹੀ ਨੌਜਵਾਨਾਂ ਦੀ ਲਾਮਬੰਦੀ ਕਰੋ, ਤੁਸੀਂ ਨੌਜਵਾਨਾਂ ਦੇ ਰੋਲ ਮਾਡਲ ਬਣ ਚੁੱਕੇ ਓ, ਨੌਜਵਾਨਾਂ ਨੂੰ ਤੁਹਾਡੇ ਤੋਂ ਵੱਡੀਆਂ ਆਸਾਂ ਨੇ ਜਿਸ ਦੀ ਪੂਰਤੀ ਕਰਨਾ ਤੁਹਾਡਾ ਫ਼ਰਜ਼ ਐ, ਤੁਹਾਡੇ ਮੋਢਿਆਂ 'ਤੇ ਹੁਣ ਵੱਡੀ ਜ਼ਿੰਮੇਵਾਰੀ ਆ ਪਈ ਏ, ਸੋਚ-ਸਮਝ ਕੇ ਈ ਹਰ ਕਦਮ ਪੁੱਟਿਓ, ਸਰਕਾਰ ਤੁਹਾਡੀ ਦੁਸ਼ਮਣ ਐਂ, ਕਾਮਰੇਡ ਤੁਹਾਡੀ ਕਿਰਦਾਰਕੁਸ਼ੀ ਕਰ ਰਹੇ ਨੇ, ਪਰ ਅਸੀਂ ਸਿੱਖ ਨੌਜਵਾਨ ਹਮੇਸ਼ਾਂ ਤੁਹਾਡੇ ਨਾਲ਼ ਆਂ, ਵਾਅਦਾ ਰਿਹਾ ਕਦੇ ਤੁਹਾਡੀ ਪਿੱਠ ਨਹੀਂ ਲੱਗਣ ਦਿਆਂਗੇ।"
'ਦੀਪ ਸਿੱਧੂ' ਕਹਿੰਦਾ "ਬਾਈ ਗੱਲ ਐਂ ਆਂ ਕਿ ਹੁਣ ਓਥੇ ਦਿੱਲੀ ਮੋਰਚੇ 'ਚ ਜਾਣ ਦਾ ਤਾਂ ਕੋਈ ਫਾਇਦਾ ਨਈਂ, ਕਿਸਾਨ ਲੀਡਰਾਂ ਨੇ ਗੋਦੀ ਮੀਡੀਆ ਮਗਰ ਲੱਗ ਕੇ ਜਿੱਤੀ ਹੋਈ ਬਾਜ਼ੀ ਹਰਾ ਦਿੱਤੀ ਏ, ਤਾਂ ਹੀ ਅੱਜ ਸਰਕਾਰ ਸਾਡੇ ਨਾਲ਼ ਗੱਲਬਾਤ ਕਰਨ ਨੂੰ ਤਿਆਰ ਨਹੀਂ, ਹੁਣ ਮੋਰਚਾ ਲੀਹੋਂ ਲੱਥ ਚੁੱਕੈ, ਇਹਦੀ ਕਾਮਯਬੀ ਲਈ ਹੁਣ ਕੁਝ ਹੋਰ ਕਰਨਾ ਪਊ, ਨਵੇਂ ਪ੍ਰੋਗਰਾਮ, ਨਵੇਂ ਐਕਸ਼ਨ, ਨਵੀਂ ਸਰਗਰਮੀ ਤੇ ਨਵੇਂ ਸਿਰਿਓਂ ਲਾਮਬੰਦੀ ਕਰਨੀ ਪਊ, ਹੁਣ ਆਪਾਂ ਸਾਰੇ ਰਲ਼ ਕੇ ਕਰਾਂਗੇ ਕੁਝ ਨਵਾਂ ਇੱਥੇ ਆਪਾਂ ਇੱਕ ਧਾਰਮਿਕ, ਰਾਜਨੀਤਕ ਤੇ ਸਮਾਜਿਕ ਲਹਿਰ ਖੜ੍ਹੀ ਕਰਾਂਗੇ, ਜੇ ਲੋੜ ਪਈ ਤਾਂ ਆਪਾਂ ਮੋਰਚੇ 'ਚ ਵੀ ਚੱਲਾਂਗੇ, ਸਾਡੇ ਬਜ਼ੁਰਗਾਂ ਉੱਤੇ ਜਿਵੇਂ ਸਰਕਾਰ ਨੇ ਕੱਲ੍ਹ ਜੋ ਤਸ਼ੱਦਦ ਕੀਤਾ ਉਹ ਸਹਿਆ ਨਈਂ ਜਾ ਸਕਦੈ, ਇੱਕ ਵਾਰ ਸਾਨੂੰ ਸਾਡੇ ਕਿਸਾਨ ਆਗੂ, ਸਾਡੇ ਬਜ਼ੁਰਗ ਅਵਾਜ਼ ਤਾਂ ਮਾਰਨ ਫਿਰ ਵੇਖਿਓ ਆਪਾਂ ਸਰਕਾਰ ਨੂੰ ਕਿਵੇਂ ਹੱਥ ਵਿਖਾਉਂਦੇ, ਮੁੜ ਕੇ ਇਹ ਸਾਡੇ ਨਾਲ਼ ਪੰਗਾ ਲੈਣ ਦੀ ਜੁਰਅਤ ਨਹੀਂ ਕਰਨਗੇ। ਭਾਵੇਂ ਕਿ ਬਹੁਤ ਕੁਝ ਝੱਲਿਆ ਪਰ ਮੈਂ ਹਮੇਸ਼ਾਂ ਸੰਘਰਸ਼ ਦੇ ਨਾਲ਼ ਖੜ੍ਹਾ, ਆਪਾਂ ਕਦੇ ਪਿੱਛੇ ਨਹੀਂ ਹੱਟ ਸਕਦੇ ਇਹ ਮੋਰਚਾ ਗੁਰੂ ਸਾਹਿਬ ਦੀ ਅਗਵਾਈ, ਭਰੋਸਾ ਅਤੇ ਅਰਦਾਸ ਦੀ ਸ਼ਕਤੀ ਨਾਲ਼ ਹੀ ਜਿੱਤ ਹੋਣਾ ਏ, ਗੁਰੂ-ਮਹਾਰਾਜ ਈ ਕੋਈ ਕਲਾ ਵਰਤਾਉਣਗੇ ਏਸ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ। ਬਾਕੀ ਸਾਨੂੰ ਪੰਜਾਬ ਦੀ ਖੁਦਮੁਖਤਿਆਰੀ ਤੇ ਅਜ਼ਾਦੀ ਲਈ ਸੰਘਰਸ਼ਸ਼ੀਲ ਹੋਣਾ ਪੈਣੈ ਜਿੰਨਾ ਚਿਰ ਤਕ ਸਾਡੇ ਹੱਥ ਰਾਜਸੀ ਪਾਵਰ ਨਈਂ ਆਉਂਦੀ, ਓਨਾ ਚਿਰ ਤਕ ਸਰਕਾਰਾਂ ਐਹੋ ਜਿਹੇ ਕਨੂੰਨ ਘੜਦੀਆਂ ਰਹਿਣਗੀਆਂ ਤੇ ਅਸੀਂ ਧਰਨੇ ਲਾਉਂਦੇ ਰਹਾਂਗੇ ਤੇ ਸਾਡੇ ਛਿੱਤਰ ਵੀ ਪੈਂਦੇ ਰਹਿਣਗੇ।”
ਇਸ ਤਰ੍ਹਾਂ ਵਿਚਾਰਾਂ ਕਰਨ ਤੋਂ ਬਾਅਦ ਅਸੀਂ ਸਾਰੇ ਭਾਈ ਜੁਗਰਾਜ ਸਿੰਘ ਦੇ ਘਰ ਚਲੇ ਗਏ ਤੇ ਇਕੱਠਿਆਂ ਨੇ ਪ੍ਰਸ਼ਾਦਾ-ਪਾਣੀ ਛਕਿਆ। ਜੁਗਰਾਜ ਸਿੰਘ ਅਤੇ 'ਦੀਪ ਸਿੱਧੂ' ਦੋਵਾਂ ਦਾ ਆਪਸ 'ਚ ਬੜਾ ਗੂੜ੍ਹਾ ਪਿਆਰ ਸੀ ਤੇ ਦੋਵੇਂ ਇੱਕ-ਦੂਜੇ ਦਾ ਬੇਹੱਦ ਸਤਿਕਾਰ ਕਰਦੇ ਸਨ। 'ਦੀਪ ਸਿੱਧੂ' ਨੇ ਜੁਗਰਾਜ ਸਿੰਘ ਦੇ ਘਰ ਬੈਠਿਆਂ ਜੁਗਰਾਜ ਸਿੰਘ ਨੂੰ ਕਿਹਾ ਕਿ "ਬਾਈ! ਲਾਲ ਕਿਲ੍ਹੇ 'ਤੇ ਨਿਸ਼ਾਨ ਸਾਹਿਬ ਝੁਲਾਅ ਕੇ ਜੋ ਇਤਿਹਾਸ ਤੂੰ ਰਚ ਦਿੱਤੈ, ਇਹੋ ਜਿਹੇ ਇਤਿਹਾਸ ਸਦੀਆਂ ਬਾਅਦ ਈ ਰਚੇ ਜਾਂਦੇ ਨੇ ਕੌਮ ਇਹਨੂੰ ਯਾਦ ਕਰੂਗੀ ਹਮੇਸ਼ਾਂ, ਤੇ ਮੋਦੀ ਤੇ ਕਾਮਰੇਡਾਂ ਅਤੇ ਭਾਰਤ ਸਰਕਾਰ ਦਾ ਤਾਂ ਹਰ 26 ਜਨਵਰੀ ਨੂੰ ਮਰਨ ਹੋਇਆ ਰਹਿਣਾ ਪਰ ਸਿੰਘਾਂ ਨੇ ਕਰ'ਤਾ ਜੋ ਕਰਨੈ।" ਇਸ ਤਰ੍ਹਾਂ ਖੁੱਲ੍ਹੀਆਂ ਵਿਚਾਰਾਂ ਕਰਦਿਆਂ ਅਸੀਂ ਦੀਪ ਨੂੰ ਦੁਬਾਰਾ ਗਲ਼ੇ ਲਗ ਕੇ ਮਿਲੇ ਤੇ ਫਿਰ ਉਹ ਸਾਨੂੰ ਫ਼ਤਹਿ ਬੁਲਾਅ ਕੇ ਵਾਪਸ ਚਲਾ ਗਿਆ।

ਰਣਜੀਤ ਸਿੰਘ ਦਮਦਮੀ ਟਕਸਾਲ 
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.