ਬੀੜ ਬੰਸੀਆਂ ’ਚ ਗੁਰਬਾਣੀ ਕੰਠ ਮੁਕਾਬਲਾ, 25 ਦੇ ਕਰੀਬ ਬੱਚਿਆਂ ਨੇ ਲਿਆ ਹਿੱਸਾ

ਬੀੜ ਬੰਸੀਆਂ ’ਚ ਗੁਰਬਾਣੀ ਕੰਠ ਮੁਕਾਬਲਾ, 25 ਦੇ ਕਰੀਬ ਬੱਚਿਆਂ ਨੇ ਲਿਆ ਹਿੱਸਾ

ਜਲੰਧਰ, 24 ਨਵੰਬਰ , ਰਣਜੀਤ ਸਿੰਘ ਖਾਲਸਾ 

ਸਿੱਖੀ ਦੇ ਪ੍ਰਚਾਰ-ਪ੍ਰਸਾਰ ਅਤੇ ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਲਈ ਪਿੰਡ ਬੀੜ ਬੰਸੀਆਂ ਦੇ ਗੁਰਦੁਆਰਾ ਬਾਬਾ ਕਲਿਆਣਾ ਜੀ ਵਿਖੇ ਗੁਰਬਾਣੀ ਕੰਠ ਮੁਕਾਬਲਾ ਕਰਵਾਇਆ ਗਿਆ। ਸਮਾਗਮ ਦਾ ਪ੍ਰਬੰਧ ਗੁਰਦੁਆਰਾ ਬਾਬਾ ਕਲਿਆਣਾ ਜੀ ਦੀ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਅਤੇ ਐੱਨਆਰਆਈ ਪਰਿਵਾਰ ਦੇ ਸਹਿਯੋਗ ਨਾਲ ਕੀਤਾ ਗਿਆ। ਸਵਰਗੀ ਸਰਦਾਰ ਪਾਲ ਸਿੰਘ ਦੇ ਪਰਿਵਾਰ ਵੱਲੋਂ ਸਰਦਾਰ ਪਰਵਿੰਦਰ ਸਿੰਘ ਬਾਸੀ ਅਤੇ ਬੀਬੀ ਸ਼ਰਨਜੀਤ ਕੌਰ ਬਾਸੀ ਨੇ ਬੱਚਿਆਂ ਦੀ ਹੌਸਲਾ-ਅਫ਼ਜ਼ਾਈ ਲਈ ਮਾਇਕ ਸੇਵਾ ਭੇਜੀ।

ਮੁਕਾਬਲੇ ਵਿੱਚ 25 ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ। ਬੱਚਿਆਂ ਨੇ ਨਿਤਨੇਮ ਦੀਆਂ ਬਾਣੀਆਂ ਕੰਠ ਸੁਣਾਈਆਂ। ਉਨ੍ਹਾਂ ਨੇ ਦਸਾਂ ਗੁਰੂ ਸਾਹਿਬਾਨ, ਪੰਜ ਪਿਆਰਿਆਂ, ਚਾਰ ਸਾਹਿਬਜ਼ਾਦਿਆਂ ਅਤੇ ਪੰਜ ਕਕਾਰਾਂ ਦੇ ਨਾਂ ਦੱਸੇ ਤੇ ਸਿੱਖ ਇਤਿਹਾਸ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਗਿਆਨੀ ਸਿਮਰਨਜੀਤ ਸਿੰਘ ਦਮਦਮੀ ਟਕਸਾਲ ਅਤੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਮੁਕਾਬਲੇ ਵਿੱਚ ਜੱਜਮੈਂਟ ਦੀ ਸੇਵਾ ਨਿਭਾਈ। ਇਸ ਮੌਕੇ ਦੋਵਾਂ ਪ੍ਰਚਾਰਕ ਸਿੰਘਾਂ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਬੱਚਿਆਂ ਅਤੇ ਸੰਗਤ ਨੂੰ ਗੁਰਬਾਣੀ, ਸਿੱਖ ਇਤਿਹਾਸ, ਸਿਧਾਂਤਾਂ ਅਤੇ ਮਰਯਾਦਾ ਨਾਲ ਜੁੜਨ ਲਈ ਪ੍ਰੇਰਿਆ। ਉਨ੍ਹਾਂ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਘਰੋਂ ਹੀ ਬੱਚਿਆਂ ਨੂੰ ਗੁਰਬਾਣੀ ਪੜ੍ਹਨ ਅਤੇ ਆਪਣਾ ਇਤਿਹਾਸ ਜਾਣਨ ਦੀ ਚੇਟਕ ਲਾਉਣ।

ਮੁਕਾਬਲੇ ਦੇ ਨਤੀਜੇ ਵਿੱਚ ਪਹਿਲਾ ਸਥਾਨ ਮਨਸੀਰਤ ਕੌਰ ਅਤੇ ਨਵਪ੍ਰੀਤ ਸਿੰਘ, ਦੂਜਾ ਸਥਾਨ ਅਭੀਜੀਤ ਕੌਰ ਅਤੇ ਈਸ਼ਮੀਤ ਕੁਮਾਰੀ, ਤੀਜਾ ਸਥਾਨ ਦਿਲਾਵਰ ਸਿੰਘ ਅਤੇ ਜਸ਼ਨੀਤ ਕੌਰ ਦਾ ਸੀ। ਚਾਰ ਤੋਂ 11 ਸਾਲ ਅਤੇ 11 ਤੋਂ 17 ਸਾਲ ਦੇ ਦੋ ਉਮਰ ਵਰਗਾਂ ਵਿੱਚ ਕੁੱਲ ਛੇ ਬੱਚਿਆਂ ਨੇ ਸਥਾਨ ਹਾਸਲ ਕੀਤੇ। ਜੇਤੂ ਬੱਚਿਆਂ ਨੂੰ 6,100, 5,100, 4,100, 3,100, 2,100 ਅਤੇ 1,100 ਰੁਪਏ ਦੇ ਨਕਦ ਇਨਾਮ ਅਤੇ ਸ਼ੀਲਡਾਂ ਦਿੱਤੀਆਂ ਗਈਆਂ। ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਬਾਕੀ ਬੱਚਿਆਂ ਨੂੰ ਵੀ 1,000 ਰੁਪਏ ਪ੍ਰਤੀ ਬੱਚਾ ਅਤੇ ਸ਼ੀਲਡ ਦੇ ਕੇ ਸਨਮਾਨਿਤ ਕੀਤਾ ਗਿਆ।

ਸਮਾਗਮ ਦੇ ਪ੍ਰਬੰਧਾਂ ਦੀ ਸੇਵਾ ਭਾਈ ਮਨਜਿੰਦਰ ਸਿੰਘ ਬਾਸੀ, ਭਾਈ ਰੇਸ਼ਮ ਸਿੰਘ ਬਾਸੀ, ਭਾਈ ਬੂਟਾ ਸਿੰਘ ਬਾਸੀ, ਭਾਈ ਮੋਹਨ ਸਿੰਘ ਬਾਸੀ ਅਤੇ ਕਮੇਟੀ ਦੇ ਹੋਰ ਸੇਵਾਦਾਰਾਂ ਨੇ ਨਿਭਾਈ। ਅਖੀਰ ਵਿੱਚ ਪ੍ਰਬੰਧਕ ਕਮੇਟੀ ਦੇ ਆਗੂਆਂ ਨੇ ਸਮੂਹ ਸੰਗਤ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਜੋੜਨ ਲਈ ਅਜਿਹੇ ਉਪਰਾਲੇ ਅੱਗੇ ਵੀ ਜਾਰੀ ਰਹਿਣਗੇ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.