ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਨੂੰ ਯਾਦ ਕਰਦਿਆਂ...
- ਗੁਰਬਾਣੀ-ਇਤਿਹਾਸ
- 15 Jun, 2026 08:10 AM (Asia/Kolkata)
ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਨੂੰ ਯਾਦ ਕਰਦਿਆਂ…
ਅਮਰ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਸਿੱਖੀ ਅਤੇ ਸੰਘਰਸ਼ ਨੂੰ ਪ੍ਰਣਾਇਆ ਹੋਇਆ ਸੂਰਬੀਰ ਯੋਧਾ ਸੀ ਜਿਸ ਦੀ ਸੋਚ ਅਤੇ ਸਰਗਰਮੀਆਂ ਤੋਂ ਭਾਰਤ ਸਰਕਾਰ ਨੂੰ ਅਥਾਹ ਤਕਲੀਫ਼ ਸੀ। ਭਾਈ ਖੰਡਾ ਦੇ ਪਿਤਾ ਜੀ ਭਾਈ ਕੁਲਵੰਤ ਸਿੰਘ ਖੁਖਰਾਣਾ ਨੇ ਵੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ ਵਿੱਚ ਸ਼ਹਾਦਤ ਦਾ ਜਾਮ ਪੀਤਾ ਸੀ। ਭਾਈ ਖੰਡੇ ਨੇ ਛੋਟੀ ਉਮਰ ਵਿੱਚ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਜਰਨੈਲ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ ਦੀ ਗੋਦ ਦਾ ਨਿੱਘ ਮਾਣਿਆ ਸੀ।
ਚੜ੍ਹਦੀ ਜਵਾਨੀ ਵਿੱਚ ਭਾਈ ਖੰਡਾ ਪੰਜਾਬ ਤੋਂ ਇੰਗਲੈਂਡ ਚਲਾ ਗਿਆ ਤੇ ਪ੍ਰੋਫ਼ੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫ਼ਾਂਸੀ ਦੇ ਵਿਰੋਧ ਮਾਮਲੇ ਵਿੱਚ ਸੰਨ 2014 ਵਿੱਚ ਪੂਰਾ ਚਰਚਾ ਵਿੱਚ ਆਇਆ ਸੀ। ਮੇਰੇ ਜਿਹੇ ਅਨੇਕਾਂ ਪੰਥਕ ਸਫ਼ਾਂ ਵਿੱਚ ਸਰਗਰਮ ਨੌਜਵਾਨਾਂ ਨਾਲ ਉਸ ਦਾ ਤਾਲਮੇਲ ਸੀ। ਭਾਈ ਖੰਡੇ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਿੱਚ ਵੀ ਸੇਵਾਵਾਂ ਨਿਭਾਈਆਂ, ਸਰਦਾਰ ਸਿਮਰਨਜੀਤ ਸਿੰਘ ਮਾਨ, ਭਾਈ ਗਜਿੰਦਰ ਸਿੰਘ ਹਾਈਜੈਕਰ ਅਤੇ ਖ਼ਾਲਸਾ ਏਡ ਦੇ ਭਾਈ ਰਵੀ ਸਿੰਘ ਨਾਲ਼ ਭਾਈ ਖੰਡੇ ਦਾ ਕਾਫ਼ੀ ਪਿਆਰ ਸੀ। ਭਾਈ ਖੰਡਾ ਇੱਕ ਅਜਿਹੀ ਚੁੰਬਕੀ ਸ਼ਖਸੀਅਤ ਸਨ ਜੋ ਗਾਇਕਾਂ, ਅਦਾਕਾਰਾਂ ਅਤੇ ਹੋਰ ਨਾਮਵਰ ਲੋਕਾਂ ਤੋਂ ਵੀ ਸਿੱਖ ਸੰਘਰਸ਼ ਦੀ ਗੱਲ ਕਰਵਾਉਣ ਵਿੱਚ ਵਿਸ਼ੇਸ਼ ਮੁਹਾਰਤ ਰੱਖਦੇ ਸਨ। ਭਾਈ ਸੰਦੀਪ ਸਿੰਘ ਦੀਪ ਸਿੱਧੂ, ਬੱਬੂ ਮਾਨ, ਹਰਭਜਨ ਮਾਨ, ਗਿੱਪੀ ਗਰੇਵਾਲ ਅਤੇ ਹੋਰਾਂ ਨਾਲ ਵੀ ਉਸਦਾ ਸਨੇਹ ਸੀ। ਭਾਈ ਖੰਡੇ ਦੇ ਬੋਲਾਂ ਤੋਂ ਸਿੱਖ ਨੌਜਵਾਨੀ ਕਾਫ਼ੀ ਪ੍ਰਭਾਵਿਤ ਹੁੰਦੀ ਸੀ।
ਇੰਗਲੈਂਡ ਵਿੱਚ ਭਾਈ ਖੰਡੇ ਨੂੰ ਇੱਕ ਵੱਡੇ ਖ਼ਾਲਿਸਤਾਨੀ ਚਿਹਰੇ ਵਜੋਂ ਜਾਣਿਆ ਜਾਂਦਾ ਸੀ। ਪੰਜਾਬ ਅਤੇ ਭਾਰਤ ਵਿੱਚ ਸਿੱਖਾਂ ਉੱਤੇ ਜਦੋਂ ਵੀ ਕੋਈ ਜ਼ੁਲਮ ਹੁੰਦਾ ਸੀ ਤਾਂ ਭਾਈ ਖੰਡਾ ਭਰਪੂਰ ਮਿਹਨਤ ਕਰਕੇ ਇੰਗਲੈਂਡ ਤੋਂ ਹੀ ਇੱਕ ਮਜਬੂਤ ਲਹਿਰ ਖੜ੍ਹੀ ਕਰ ਦਿੰਦਾ ਸੀ। ਉਹ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਬਚਨਾਂ ਅਤੇ ਸੰਘਰਸ਼ ਦਾ ਪਹਿਰੇਦਾਰ ਸੀ, ਉਸ ਦਾ ਨਿਸ਼ਾਨਾ ਖ਼ਾਲਿਸਤਾਨ ਦੀ ਪ੍ਰਾਪਤੀ ਸੀ ਜਿਸ ਦੇ ਲਈ ਉਹ ਹਮੇਸ਼ਾਂ ਯਤਨਸ਼ੀਲ ਰਹਿੰਦਾ ਸੀ। ਭਾਰਤੀ ਏਜੰਸੀਆਂ ਦੀਆਂ ਅੱਖਾਂ ਵਿੱਚ ਭਾਈ ਖੰਡਾ ਹਮੇਸ਼ਾਂ ਰੜਕਦਾ ਰਹਿੰਦਾ ਸੀ। ਉਸਨੂੰ ਡੁਲਾਉਣ, ਥਿੜਕਾਉਣ ਤੇ ਝੁਕਾਉਣ ਦੇ ਕਈ ਯਤਨ ਹੋਏ ਪਰ ਉਹ ਆਪਣੀ ਮੰਜ਼ਿਲ ਵੱਲ ਵੱਧਦਾ ਹੀ ਜਾਂਦਾ ਸੀ। ਉਹ ਸ਼ਹੀਦਾਂ ਨਾਲ ਬਹੁਤ ਪਿਆਰ ਕਰਦਾ ਸੀ ਤੇ ਸ਼ਹੀਦਾਂ ਦੀਆਂ ਜੀਵਨੀਆਂ ਲਿਖਣ ਲਈ ਦਾਸ ਨੂੰ ਵੀ ਹਮੇਸ਼ਾਂ ਉਤਸ਼ਾਹਿਤ ਕਰਦਾ ਹੁੰਦਾ ਸੀ। ਉਸ ਨੇ ਅਨੇਕਾਂ ਸ਼ਹੀਦ ਪਰਿਵਾਰਾਂ ਦੀ ਮਦਦ ਵੀ ਕੀਤੀ ਤੇ ਕਰਵਾਈ।
ਜਦੋਂ ਦਿੱਲੀ ਕਿਸਾਨ ਮੋਰਚੇ ਵਿੱਚ ਭਾਈ ਜੁਗਰਾਜ ਸਿੰਘ ਨੇ 26 ਜਨਵਰੀ 2021 ਨੂੰ ਲਾਲ ਕਿਲ੍ਹੇ ਉੱਤੇ ਖ਼ਾਲਸਈ ਨਿਸ਼ਾਨ ਸਾਹਿਬ ਝੁਲਾਇਆ ਤਾਂ ਭਾਰਤੀ ਮੀਡੀਆ, ਅਖੌਤੀ ਕਿਸਾਨ ਆਗੂਆਂ ਤੇ ਕਾਮਰੇਡਾਂ ਨੇ ਦੀਪ ਸਿੱਧੂ ਖ਼ਿਲਾਫ਼ ਬਹੁਤ ਕੂੜ ਪ੍ਰਚਾਰ ਕੀਤਾ ਜਿਸ ਨੂੰ ਠੱਲ੍ਹਣ ਵਾਸਤੇ ਭਾਈ ਅਵਤਾਰ ਸਿੰਘ ਖੰਡਾ ਨੇ ਬਹੁਤ ਵਧੀਆ ਰੋਲ ਨਿਭਾਇਆ ਅਤੇ ਸਿੱਖ ਬਿਰਤਾਂਤ ਸਿਰਜ ਕੇ ਭਾਰਤੀ ਹਕੂਮਤ ਅਤੇ ਪੰਥ ਦੋਖੀਆਂ ਨਾਲ਼ ਡਟਵੀਂ ਟੱਕਰ ਲਈ ਤੇ ਦੀਪ ਸਿੱਧੂ ਦੇ ਹੱਕ ਵਿੱਚ ਲਹਿਰ ਖੜ੍ਹੀ ਕਰ ਦਿੱਤੀ ਸੀ। ਭਾਈ ਖੰਡਾ ਸੋਸ਼ਲ ਮੀਡੀਆ ਉਤੇ ਬਹੁਤ ਸਰਗਰਮ ਰਹਿੰਦਾ ਸੀ ਤੇ ਪੰਥਕ ਸੋਚ ਵਾਲੇ ਅਨੇਕਾਂ ਸਿੱਖ ਨੌਜਵਾਨ ਉਸਦੇ ਸੰਪਰਕ ਵਿੱਚ ਸਨ। ਪੰਜਾਬ ਅਤੇ ਵਿਦੇਸ਼ਾਂ ਦੀਆਂ ਜਥੇਬੰਦੀਆਂ ਤੇ ਸੰਗਤਾਂ ਵਿੱਚ ਭਾਈ ਖੰਡੇ ਦਾ ਬੜਾ ਸਤਿਕਾਰ ਸੀ। ਉਹ ਆਪਣੀਆਂ ਤਕਰੀਰਾਂ ਰਾਹੀਂ ਖ਼ਾਲਿਸਤਾਨ ਦੇ ਸੰਘਰਸ਼ ਦੀ ਧੜੱਲੇ ਨਾਲ ਜ਼ਿੰਮੇਵਾਰੀ ਨਿਭਾਉਂਦਾ ਸੀ ਤੇ ਵਿਰੋਧੀਆਂ ਦੀ ਹਰ ਗੱਲ ਦਾ ਜਵਾਬ ਤੱਥ ਭਰਪੂਰ ਦਲੀਲ ਨਾਲ ਦਿੰਦਾ ਸੀ।
ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਤੋਂ ਬਾਅਦ ਸਿੱਖ ਕੌਮ ਨੇ ਦਸ ਸਾਲ ਖ਼ਾਲਿਸਤਾਨ ਦਾ ਸੰਘਰਸ਼ ਹਥਿਆਰਬੰਦ ਹੋ ਕੇ ਲੜਿਆ ਤੇ ਉਸ ਤੋਂ ਬਾਅਦ ਇਹ ਸੰਘਰਸ਼ ਰਾਜਨੀਤਿਕ, ਕੂਟਨੀਤਿਕ, ਜਮਹੂਰੀਅਤ ਢੰਗ ਨਾਲ ਲਗਾਤਾਰ ਜਾਰੀ ਸੀ ਜਿਸ ਨੂੰ ਦਬਾਉਣ ਲਈ ਭਾਰਤ ਸਰਕਾਰ ਨੇ ਅਨੇਕਾਂ ਯਤਨ ਕੀਤੇ ਪਰ ਹਮੇਸ਼ਾਂ ਅਸਫ਼ਲ ਰਹੀ। ਵਿਦੇਸ਼ਾਂ ਵਿੱਚ ਖ਼ਾਲਿਸਤਾਨ ਦੀ ਲਹਿਰ ਪੂਰੇ ਸਿਖਰਾਂ ਉੱਤੇ ਸੀ ਜਿਸ ਨੂੰ ਖ਼ਤਮ ਕਰਨ ਲਈ ਭਾਰਤ ਸਰਕਾਰ ਨੇ ਖ਼ਾਲਿਸਤਾਨੀ ਆਗੂਆਂ ਦੇ ਕਤਲ ਕਰਨੇ ਸ਼ੁਰੂ ਕਰ ਦਿੱਤੇ। ਭਾਰਤੀ ਹਕੂਮਤ ਨੇ 6 ਮਈ 2023 ਨੂੰ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਪਾਕਿਸਤਾਨ ਵਿੱਚ ਸ਼ਹੀਦ ਕਰਨ ਤੋਂ ਬਾਅਦ 15 ਜੂਨ 2023 ਨੂੰ ਇੰਗਲੈਂਡ ਵਿੱਚ ਭਾਈ ਅਵਤਾਰ ਸਿੰਘ ਖੰਡਾ ਨੂੰ ਸਾਜ਼ਿਸ਼ ਤਹਿਤ ਸ਼ਹੀਦ ਕਰਵਾ ਦਿੱਤਾ ਤੇ ਤੀਜੇ ਦਿਨ 18 ਜੂਨ 2023 ਨੂੰ ਕੈਨੇਡਾ ਵਿੱਚ ਭਾਈ ਹਰਦੀਪ ਸਿੰਘ ਨਿੱਝਰ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਤੇ ਇਸ ਤੋਂ ਬਾਅਦ ਅਮਰੀਕਾ ਵਿੱਚ ਗੁਰਪਤਵੰਤ ਸਿੰਘ ਪੰਨੂ ਨੂੰ ਵੀ ਮਾਰਨ ਦੀਆਂ ਕੋਸ਼ਿਸ਼ਾਂ ਹੋਈਆਂ। ਪਰ ਇਹਨਾਂ ਸ਼ਹੀਦੀਆਂ ਨਾਲ ਖ਼ਾਲਿਸਤਾਨ ਦੀ ਲਹਿਰ ਥੰਮ੍ਹੀਂ ਨਹੀਂ ਬਲਕਿ ਦੁਨੀਆਂ ਭਰ ਵਿੱਚ ਬੁਲੰਦ ਹੋ ਗਈ, ਸੰਸਾਰ ਭਰ ਦੇ ਦੇਸ਼ਾਂ ਵਿੱਚ ਖ਼ਾਲਿਸਤਾਨ ਦੀ ਚਰਚਾ ਹੋਈ ਤੇ ਭਾਰਤ ਦਾ ਕਾਤਲ ਚਿਹਰਾ ਇੱਕ ਵਾਰ ਫਿਰ ਨੰਗਾ ਹੋ ਗਿਆ।
ਭਾਈ ਅਵਤਾਰ ਸਿੰਘ ਖੰਡਾ ਆਪਣੇ ਮਾਤਾ ਜੀ ਬੀਬੀ ਚਰਨਜੀਤ ਕੌਰ ਖੁਖਰਾਣਾ ਦਾ ਇਕਲੌਤਾ ਪੁੱਤ ਸੀ ਜੋ ਖ਼ਾਲਿਸਤਾਨ ਦੇ ਲੇਖੇ ਲੱਗ ਗਿਆ। ਭਾਈ ਸਾਹਿਬ ਦੀ ਸ਼ਹਾਦਤ ਨੂੰ ਅਸੀਂ ਸਮੁੱਚੇ ਖ਼ਾਲਸਾ ਪੰਥ ਵੱਲੋਂ ਸਿਰ ਝੁਕਾ ਕੇ ਪ੍ਰਣਾਮ ਕਰਦੇ ਹਾਂ। ਭਾਈ ਅਵਤਾਰ ਸਿੰਘ ਖੰਡਾ ਦੇ ਆਖ਼ਰੀ ਬੋਲ ਅੱਜ ਵੀ ਕੰਨਾਂ ਵਿੱਚ ਗੂੰਜਦੇ ਹਨ ਕਿ "ਸੰਸਾਰ ਉੱਤੇ ਬੰਦੇ ਆਉਂਦੇ ਜਾਂਦੇ ਰਹਿੰਦੇ ਹਨ ਪਰ ਸ਼ਹੀਦਾਂ ਦਾ ਸੁਪਨਾ ਸਾਕਾਰ ਕਰਨ ਲਈ ਖ਼ਾਲਿਸਤਾਨ ਦਾ ਸੰਘਰਸ਼ ਜਾਰੀ ਰਹਿਣਾ ਚਾਹੀਦਾ ਹੈ।

ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: +918872293883.
Leave a Reply