ਗੁਰ ਸਿਧਾਂਤ ਅਨੁਸਾਰ ਸ਼ਸਤਰ ਧਾਰਨ ਕਰਨ ਅਤੇ ਰੱਖਣ ਦੀ ਵਿਰਾਸਤ ਦੇ ਹੁਕਮ ਦੇ ਬਰਖ਼ਿਲਾਫ਼ ਜਾ ਕੇ ਇਸ ਵਿਰਾਸਤ ਨੂੰ ਕਟਹਿਰੇ ਵਿੱਚ ਲੈ ਕੇ ਆਉਣ ਵਾਲਾ ਸਿੱਖ ਐਡਵੋਕੇਟ ਨਵਕਿਰਨ ਸਿੰਘ

ਗੁਰ ਸਿਧਾਂਤ ਅਨੁਸਾਰ ਸ਼ਸਤਰ ਧਾਰਨ ਕਰਨ ਅਤੇ ਰੱਖਣ ਦੀ ਵਿਰਾਸਤ ਦੇ ਹੁਕਮ ਦੇ ਬਰਖ਼ਿਲਾਫ਼ ਜਾ ਕੇ ਇਸ ਵਿਰਾਸਤ ਨੂੰ ਕਟਹਿਰੇ ਵਿੱਚ ਲੈ ਕੇ ਆਉਣ ਵਾਲਾ ਸਿੱਖ ਐਡਵੋਕੇਟ ਨਵਕਿਰਨ ਸਿੰਘ

ਢਾਈ ਸਾਲਾ ਬੱਚੇ ਸ਼ੁਭਦੀਪ ਸਿੰਘ ਸਿੱਧੂ ਦੀ ਸਿੱਧੂ ਮੂਸੇਵਾਲਾ ਦੀ ਨਕਲ ਵਿਰੁੱਧ ਐਡਵੋਕੇਟ ਨਵਕਿਰਨ ਸਿੰਘ ਦੀ ਸ਼ਿਕਾਇਤ!

ਕਿਸੇ ਕੌਮ ਨੂੰ ਖ਼ਤਮ ਕਰਨ ਲਈ ਹਮੇਸ਼ਾ ਉਸ ਦੇ ਲੋਕਾਂ ਦਾ ਕਤਲੇਆਮ ਕਰਨਾ ਹੀ ਜ਼ਰੂਰੀ ਨਹੀਂ ਹੁੰਦਾ ਹੈ। ਕਈ ਬਾਰ ਉਸ ਦੀ ਹੋਂਦ ਦੇ ਮੂਲ ਸਿਧਾਂਤਾਂ ਨੂੰ ਹੀ ਇਸ ਤਰ੍ਹਾਂ ਸ਼ੱਕੀ, ਪੱਛੜੇ ਅਤੇ ਅਪ੍ਰਸੰਗਿਕ ਬਣਾ ਦਿੱਤਾ ਜਾਂਦਾ ਹੈ ਕਿ ਕੌਮ ਦੇ ਆਪਣੇ ਲੋਕ ਆਪਣੀ ਹੀ ਵਿਰਾਸਤ ਨੂੰ ਬੋਝ ਸਮਝਣ ਲੱਗ ਪੈਂਦੇ ਹਨ। ਫਿਰ ਬਾਹਰਲੇ ਹਮਲਾਵਰ ਨੂੰ ਉਸ ਕੌਮ ਦੇ ਸਿਧਾਂਤਾਂ ਨਾਲ ਲੜਨ ਦੀ ਲੋੜ ਨਹੀਂ ਰਹਿੰਦੀ; ਉਸ ਦੇ ਆਪਣੇ ਹੀ ਲੋਕ ਉਸ ਦੇ ਇਤਿਹਾਸ, ਪ੍ਰਤੀਕਾਂ ਅਤੇ ਰਵਾਇਤਾਂ ਵਿਰੁੱਧ ਦਲੀਲਾਂ ਦੇਣ ਲੱਗ ਪੈਂਦੇ ਹਨ। ਇਹ ਸਰੀਰਕ ਗ਼ੁਲਾਮੀ ਨਾਲੋਂ ਵੀ ਵਧੇਰੇ ਖ਼ਤਰਨਾਕ ਵਿਚਾਰਧਾਰਕ ਗ਼ੁਲਾਮੀ ਹੈ ਕਿਉਂਕਿ ਇਸ ਵਿੱਚ ਗ਼ੁਲਾਮ ਨੂੰ ਆਪਣੀਆਂ ਬੇੜੀਆਂ ਹੀ ਗਹਿਣਿਆਂ ਵਾਂਗੂ ਦਿਖਾਈ ਦੇਣ ਲੱਗ ਪੈਂਦੀਆਂ ਹਨ।

ਛੇਵੇਂ ਪਾਤਸ਼ਾਹ ਨੇ ਜਦੋਂ ਅਕਾਲ ਤਖ਼ਤ ਸਾਹਿਬ ਨੂੰ ਸਾਜਿਆ ਅਤੇ ਮੀਰੀ-ਪੀਰੀ ਦੀਆਂ ਕਿਰਪਾਨਾਂ ਧਾਰਨ ਕੀਤੀਆਂ, ਉਸ ਦਿਨ ਤੋਂ ਹੀ ਸ਼ਸਤਰ ਮਹਿਜ਼ ਸਿੱਖ ਦੇ ਸਰੀਰ ਦਾ ਸ਼ਿੰਗਾਰ ਹੀ ਨਹੀਂ ਬਲਕਿ ਉਸ ਦੀ ਚੇਤਨਾ ਦਾ ਸਦੀਵੀ ਹਿੱਸਾ ਬਣ ਗਿਆ। ਇਹ ਕੋਈ ਵਿਖਾਵੇ ਵਾਲਾ ਸ਼ੌਂਕ ਨਹੀਂ ਸੀ ਬਲਕਿ ਇਹ ਉਸ ਹੋਂਦ ਦਾ ਐਲਾਨ ਸੀ ਕਿ ਧਰਮ ਦੀ ਰੱਖਿਆ ਸਿਧਾਂਤ ਨਾਲ ਵੀ ਹੋਵੇਗੀ ਅਤੇ ਸ਼ਸਤਰਾਂ ਨਾਲ ਵੀ।

ਅੱਜ ਉਸੇ ਧਰਤੀ 'ਤੇ ਮੰਦਭਾਵਨਾ 'ਚੋਂ ਇੱਕ ਟਰਮ ਘੜੀ ਹੈ: ਗੰਨ ਕਲਚਰ। ਸ਼ਬਦ ਛੋਟਾ ਹੈ, ਪਰ ਉਸ ਦੇ ਪਿੱਛੇ ਇੱਕ ਪੂਰੀ ਸਿੱਖ ਵਿਰੋਧੀ ਵਿਚਾਰਧਾਰਕ ਸੋਚ ਮਸ਼ਨੀਰੀ ਦਾ ਰੂਪ ਧਾਰੀ ਖੜ੍ਹੀ ਹੈ। ਜਿਸ ਰਵਾਇਤ ਨੂੰ ਗੁਰੂ ਬਖ਼ਸ਼ਿਸ਼ ਅਤੇ ਇਲਾਹੀ ਪ੍ਰਵਾਨਗੀ ਹਾਸਿਲ ਹੈ। ਜਿਸ ਨੂੰ ਪੰਜਾਬ ਦੇ ਘਰਾਂ ਨੇ ਪੀੜ੍ਹੀਆਂ ਤੋਂ ਮਾਣ ਨਾਲ ਨਿਭਾਇਆ ਹੈ, ਉਸੇ ਨੂੰ ਹੁਣ ਅਪਰਾਧਿਕ ਮਾਨਸਿਕਤਾ ਦੇ ਖਾਨੇ ਵਿੱਚ ਧੱਕਿਆ ਜਾ ਰਿਹਾ ਹੈ। ਇਸ ਸ਼ਬਦ-ਜਾਲ ਰਾਹੀਂ ਪੰਜਾਬ ਦੇ ਨੌਜਵਾਨਾਂ ਅਤੇ ਹਰ ਸਿੱਖ ਪਰਿਵਾਰ ਦੇ ਘਰਾਂ ਵਿੱਚ ਸਦੀਆਂ ਤੋਂ ਬਾਸਤਿਕਾਰ ਰੱਖੇ ਜਾਂਦੇ ਸ਼ਸਤਰਾਂ ਨੂੰ ਗ਼ੈਰ-ਕਾਨੂੰਨੀ ਅਤੇ ਅਪਰਾਧਿਕ ਰੰਗਤ ਦੇਣ ਦੇ ਘਿਣਾਉਣੇ ਪ੍ਰੋਜੈਕਟ ਚਲਾਏ ਜਾ ਰਹੇ ਹਨ।

ਆਤਮ ਰੱਖਿਆ ਦਾ ਸੰਕਲਪ, ਜੋ ਹਰ ਸੱਭਿਅਕ ਸਮਾਜ ਦਾ ਮੁੱਢਲਾ ਅਧਿਕਾਰ ਹੈ, ਉਸ ਨੂੰ ਬਦਮਾਸ਼ੀ, ਬਦਤਮੀਜ਼ੀ, ਅਤੇ ਲੁੱਚਪੁਣੇ ਦਾ ਸਮਾਨਾਰਥੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਇਹ ਭਾਸ਼ਾ ਦੀ ਖੇਡ ਦੇ ਜ਼ਰੀਏ ਸਿੱਖ ਚੇਤਨਾ ਉੱਤੇ ਹਮਲਾ ਹੈ। ਜਦੋਂ ਸ਼ਬਦ ਬਦਲ ਜਾਂਦੇ ਹਨ ਤਾਂ ਸੋਚ ਵੀ ਬਦਲ ਜਾਂਦੀ ਹੈ ਅਤੇ ਜਦੋਂ ਸੋਚ ਬਦਲ ਜਾਂਦੀ ਹੈ ਤਾਂ ਕੌਮ ਆਪਣੇ ਹੀ ਵਿਰਸੇ ਤੋਂ ਮੂੰਹ ਮੋੜਨ ਲੱਗ ਪੈਂਦੀ ਹੈ। ਬੇਸ਼ੱਕ ਹਥਿਆਰਾਂ ਦੀ ਅਪਰਾਧਿਕ ਵਰਤੋਂ, ਗੈਂਗਸਟਰਵਾਦ, ਨਿੱਜੀ ਰੰਜ਼ਿਸ਼ਾਂ ਵਿੱਚ ਗੋਲੀਆਂ ਚਲਾਉਣਾ ਅਤੇ ਹਿੰਸਾਤਮਕ ਤੌਰ-ਤਰੀਕਿਆਂ ਦੀ ਬੇਲੋੜੀ ਨੁਮਾਇਸ਼ ਦੀ ਨਿੰਦਾ ਹੋਣੀ ਚਾਹੀਦੀ ਹੈ। ਪਰ ਕੀ ਅਪਰਾਧਿਕ ਹਿੰਸਾ ਅਤੇ ਕਿਸੇ ਕੌਮ ਦੀ ਸਿਧਾਂਤਕ ਅਤੇ ਇਤਿਹਾਸਕ ਸ਼ਸਤਰ-ਪਰੰਪਰਾ ਲਈ ਇੱਕੋ ਮਾਪਦੰਡ ਅਪਣਾਇਆ ਜਾਣਾ ਵਾਜਿਬ ਹੈ? ਕੀ ਗ਼ੈਰ-ਕਾਨੂੰਨੀ ਹਥਿਆਰਾਂ ਅਤੇ ਕਾਨੂੰਨ ਅਨੁਸਾਰ ਸਵੈ-ਰੱਖਿਆ ਲਈ ਸ਼ਸਤਰ ਰੱਖਣ ਵਿਚਲਾ ਫ਼ਰਕ ਮਿਟਾ ਦੇਣਾ ਨਿਆਂ ਦੀ ਸ਼ੇਣੀ ਵਿੱਚ ਆਉਂਦਾ ਹੈ? ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਦੋਂ ਸ਼ਸਤਰਾਂ ਦੀ ਅਪਰਾਧਿਕ ਵਰਤੋਂ ਦੀ ਆਲੋਚਨਾ ਕੀਤੀ ਜਾਂਦੀ ਹੈ ਤਾਂ ਉਸ ਦੇ ਨਾਲ ਹੀ ਸਿੱਧੇ-ਅਸਿੱਧੇ ਢੰਗ ਨਾਲ ਸਿੱਖਾਂ ਦੀ ਸ਼ਸਤਰ-ਪਰੰਪਰਾ ਨੂੰ ਵੀ ਬਦਨਾਮ ਕਰਨ ਦੀ ਲੋੜ ਕਿਉਂ ਮਹਿਸੂਸ ਕੀਤੀ ਜਾਂਦੀ ਹੈ?

ਦੁਨੀਆ ਭਰ ਦੇ ਸੂਝਵਾਨ ਅਤੇ ਪ੍ਰੌੜ੍ਹ ਲੋਕਤੰਤਰ (Mature Democracies) ਆਪਣੇ ਨਾਗਰਿਕਾਂ ਨੂੰ ਆਤਮ-ਰੱਖਿਆ ਲਈ ਸ਼ਸਤਰਬੱਧ ਹੋਣ ਨੂੰ ਮਨੁੱਖੀ ਅਧਿਕਾਰ ਅਤੇ ਆਜ਼ਾਦੀ ਦਾ ਮੁੱਢਲਾ ਥੰਮ੍ਹ ਮੰਨਦੇ ਹਨ। ਜਿੱਥੇ ਵਿਸ਼ਵ ਦੇ ਤਾਕਤਵਰ ਦੇਸ਼ਾਂ ਵਿੱਚ ਨਾਗਰਿਕਾਂ ਦੀ ਸਵੈ-ਸੁਰੱਖਿਆ ਨੂੰ ਸੰਵਿਧਾਨਕ ਗਰੰਟੀ ਪ੍ਰਾਪਤ ਹੈ, ਉੱਥੇ ਗੁਰੂਆਂ ਦੀ ਇਸ ਧਰਤੀ ਦੀ ਸੂਬਾ ਸਰਕਾਰ ਵੱਲੋਂ ਸ਼ਸਤਰਾਂ ਦੀ ਨੁਮਾਇਸ਼ ਜਾਂ ਉਨ੍ਹਾਂ ਨਾਲ ਤਸਵੀਰਾਂ ਖਿਚਵਾਉਣ 'ਤੇ ਪਾਬੰਦੀਆਂ ਲਗਾ ਕੇ ਸਿੱਖਾਂ ਨੂੰ ਉਨ੍ਹਾਂ ਦੇ ਵਿਰਸੇ-ਧਰੋਹਰ ਤੋਂ ਵਾਂਝੇ ਕਰਨ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ। ਭਾਰਤੀ ਸਟੇਟ ਨੇ ਪੰਜਾਬ ਨੂੰ ਆਪਣੀ ਬਸਤੀ ਬਣਾ ਕੇ ਰੱਖਿਆ ਹੋਇਆ ਹੈ, ਜਿਸਦਾ ਮੁੱਖ ਮਕਸਦ ਸਿੱਖ ਧਰਮ ਦੀ ਮੌਲਿਕਤਾ, ਵੱਖਰੀ ਪਛਾਣ ਅਤੇ ਕੌਮੀ ਗੌਰਵ ਨੂੰ ਖ਼ਤਮ ਕਰਕੇ ਆਪਣੇ ਬਿਪਰ-ਸੰਸਕਾਰੀ ਅਤੇ ਫਾਸ਼ੀਵਾਦੀ ਸਾਂਚੇ ਵਿੱਚ ਢਾਲ ਕੇ ਜਜ਼ਬ ਕਰਨਾ ਹੈ। ਜਿਹੜੇ ਲੋਕ ਇਸ ਗ਼ੁਲਾਮੀ ਨੂੰ ਕਬੂਲ ਨਹੀਂ ਕਰਦੇ, ਉਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਤਬਾਹ ਕਰਨ ਦੇ ਨਵੇਂ-ਨਵੇਂ ਮਾਡਲ ਲਾਗੂ ਕੀਤੇ ਜਾ ਰਹੇ ਹਨ। ਅਮਰੀਕਾ ਦਾ ਸੰਵਿਧਾਨ ਇਸ ਅਧਿਕਾਰ ਨੂੰ ਮੌਲਿਕ ਅਧਿਕਾਰਾਂ ਵਿੱਚ ਗਿਣਦਾ ਹੈ। ਉੱਥੇ ਹਥਿਆਰ ਰੱਖਣਾ ਹਿੰਸਾ ਦਾ ਪ੍ਰਚਾਰ ਨਹੀਂ, ਸਟੇਟ ਦੀ ਨਿਰੰਕੁਸ਼ਤਾ ਵਿਰੁੱਧ ਆਖਰੀ ਰੋਕ ਮੰਨਿਆ ਜਾਂਦਾ ਹੈ। ਵੈਸੇ ਸਵੈ-ਰੱਖਿਆ ਦੀ ਗੱਲ ਤਾਂ ਭਾਰਤੀ ਕਾਨੂੰਨ ਵਿੱਚ ਵੀ ਦਰਜ ਹੈ। ਪਰ ਇੱਥੋਂ ਦੀ ਸੂਬਾ ਸਰਕਾਰ ਵੱਲੋਂ ਭਾਰਤੀ ਰਾਜ ਦੀ ਇੱਛਾ ਅਤੇ ਹੁਕਮ ਨੂੰ ਲਾਗੂ ਕਰਦੇ ਹੋਏ ਸ਼ਸਤਰ ਪ੍ਰਦਰਸ਼ਨ ਜਾਂ ਸ਼ਸਤਰ ਨਾਲ ਚਿੱਤਰ ਖਿਚਵਾਉਣ ਉੱਤੇ ਰੋਕ ਲਾ ਕੇ ਅਤੇ ਪਰਚਿਆਂ ਦੀ ਕੁਟਲ ਨੀਤੀ ਨੂੰ ਅਪਣਾਕੇ ਪੰਜਾਬ ਅਤੇ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਹੀ ਕੀਤਾ ਜਾ ਰਿਹਾ ਹੈ।

ਸਿੱਖ ਦਰਸ਼ਨ ਤਾਂ ਇਸ ਸੰਦਰਭ ਵਿੱਚ ਬੜਾ ਸਪੱਸ਼ਟ ਹੈ। ਇਤਿਹਾਸ ਗਵਾਹ ਹੈ ਕਿ ਜਦੋਂ ਜ਼ੁਲਮ ਹੱਦੋਂ ਵੱਧ ਗਿਆ, ਤਾਂ ਕਲਮ ਨੇ ਤਲਵਾਰ ਨੂੰ ਸਾਥੀ ਬਣਾਇਆ।

ਇਤਿਹਾਸ ਵਿੱਚੋਂ ਪਹਿਲੀ ਗਵਾਹੀ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਜ਼ਫ਼ਰਨਾਮੇ ਦੀ ਹੈ, ਜਿੱਥੇ ਦਸਮ ਪਾਤਿਸ਼ਾਹ ਫ਼ਰਮਾਉਂਦੇ ਹਨ:

“ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ॥ ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ ॥”

ਅਰਥਾਤ ਜਦੋਂ ਸਾਰੇ ਉਪਾਅ ਨਿਸਫ਼ਲ ਹੋ ਜਾਣ ਤਾਂ ਹੱਥ ਵਿੱਚ ਤਲਵਾਰ ਚੁੱਕਣੀ ਧਰਮ ਅਨੁਸਾਰ ਤਰਕ ਸੰਗਤ ਹੈ।

ਇਤਿਹਾਸ ਦੀ ਦੂਜੀ ਗਵਾਹੀ ਦਸਮ ਬਾਣੀ ਦੇ ਰਣਤੰਤਰ ਵਿੱਚੋਂ ਮਿਲਦੀ ਹੈ:

“ਜਬ ਆਵ ਕੀ ਅਉਧ ਨਿਦਾਨ ਬਨੈ ਅਤ ਹੀ ਰਨ ਮੈ ਤਬ ਜੂਝ ਮਰੋਂ ॥”

ਅਰਥਾਤ ਜਦੋਂ ਮੌਤ ਸਿਰ ਉੱਤੇ ਆ ਖੜ੍ਹੀ ਹੋਵੇ, ਤਾਂ ਰਣ ਵਿੱਚ ਜੂਝ ਕੇ ਮਰਨਾ ਹੀ ਸਿੱਖ ਦਾ ਕਰਤੱਵ ਹੈ। ਇਹ ਹਿੰਸਾ ਦਾ ਸੱਦਾ ਨਹੀਂ, ਇਹ ਸਵੈ-ਮਾਣ, ਸਵੈ-ਰੱਖਿਆ ਅਤੇ ਕੌਮੀ ਪਛਾਣ ਦੀ ਰਾਖੀ ਦੀ ਆਖਰੀ ਰੇਖਾ ਹੈ।

ਸਿਖ ਸਾਹਿਤ ਵੀ ਇਸੇ ਸੁਰ ਵਿੱਚ ਗੂੰਜਾਂ ਪਾਉਂਦਾ ਹੋਇਆ, ਸਾਨੂੰ ਇਹ ਗਿਆਨ ਦਿੰਦਾ ਹੈ। ਦਸਮ ਗ੍ਰੰਥ ਵਿੱਚ ਦਸਮ ਪਾਤਿਸ਼ਾਹ ਉਚਾਰਦੇ ਹਨ:

“ਖੰਡਾ ਪ੍ਰਿਥਮੈ ਸਾਜ ਕੈ ਜਿਨ ਸਭ ਸੈਸਾਰੁ ਉਪਾਇਆ ॥”

ਖੰਡਾ ਸਿਰਜਣਾ ਤੋਂ ਪਹਿਲਾਂ ਦਾ ਸੱਤ ਹੈ, ਵਿਨਾਸ਼ ਦਾ ਸਾਧਨ ਨਹੀਂ, ਨਿਆਂ ਦਾ ਸਰੋਤ ਹੈ।

“ਖਗ ਖੰਡ ਬਿਹੰਡੰ, ਖਲ ਦਲ ਖੰਡੰ; ਅਤਿ ਰਣ ਮੰਡੰ ਬਰਬੰਡੰ।”

ਸ ਪੰਕਤੀ ਵਿੱਚ ਖੜਗ ਦੀ ਸ਼ਕਤੀ ਨੂੰ ਅਨਿਆਂ ਅਤੇ ਦੁਸ਼ਟਤਾ ਦਾ ਟਾਕਰਾ ਕਰਨ ਦੇ ਪ੍ਰਸੰਗ ਵਿੱਚ ਦਰਸਾਇਆ ਗਿਆ ਹੈ।

ਦੂਜੀ ਗਵਾਹੀ ਗੁਰਬਾਣੀ ਹੈ:

“ਸਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥”

ਸੂਰਮਾ ਉਹ ਨਹੀਂ ਜੋ ਬਿਨ ਕਾਰਨੋਂ ਜਾਂ ਜ਼ਾਲਮਪੁਣੇ ਦੀ ਮਾਨਸਿਕਤਾ ਵਿੱਚੋਂ ਕਿਸੇ ਮਜ਼ਲੂਮ ਉੱਤੇ ਹਮਲਾ ਕਰੇ ਬਲਕਿ ਸੂਰਮਾ ਉਹ ਹੈ ਜੋ ਧਰਮ ਹੇਤ ਅਡੋਲ ਖੜ੍ਹਾ ਰਹੇ। ਸ਼ਸਤਰ ਇੱਥੇ ਬੇਲੋੜੀ ਅਤੇ ਬੇਇਨਸਾਫ਼ੀ ਭਰੀ ਹਮਲਾਵਰਤਾ ਦਾ ਪ੍ਰਤੀਕ ਨਹੀਂ ਹੈ। ਸਗੋਂ ਪੰਥਕ ਯੋਧੇ ਦੀ ਅਡੋਲਤਾ ਅਤੇ ਸੰਘਰਸ਼ ਦੀ ਜਿਊਂਦੀ ਜਾਗਦੀ ਨਿਸ਼ਾਨੀ ਹੈ।

ਹੁਣ ਵਿਸ਼ਵ ਚਿੰਤਨ ਵੱਲ ਝਾਤ ਮਾਰੀਏ। ਥਾਮਸ ਜੈਫਰਸਨ ਨੇ ਕਿਹਾ ਸੀ:

“The strongest reason for the people to retain the right to keep and bear arms is, as a last resort, to protect themselves against tyranny in government.”

ਅਰਥਾਤ ਲੋਕਾਂ ਕੋਲ ਸ਼ਸਤਰ ਰੱਖਣ ਦਾ ਸਭ ਤੋਂ ਪ੍ਰਬਲ ਕਾਰਨ ਸਰਕਾਰੀ ਜ਼ਬਰ ਵਿਰੁੱਧ ਆਖਰੀ ਰੱਖਿਆ ਹੈ।

ਜਾਰਜ ਆਰਵੈਲ ਨੇ ਹੋਰ ਵੀ ਤਿੱਖੇ ਸ਼ਬਦਾਂ ਵਿੱਚ ਲਿਖਿਆ:

“That rifle on the wall of the labourer's cottage or working class flat is the symbol of democracy. It is our job to see that it stays there.”

ਕਾਮੇ ਦੀ ਕੁਟੀਆ ਵਿੱਚ ਕੰਧ ਉੱਤੇ ਟੰਗੀ ਰਾਈਫਲ ਲੋਕਤੰਤਰ ਦਾ ਪ੍ਰਤੀਕ ਹੈ। ਇਸ ਨੂੰ ਉੱਥੇ ਹੀ ਰੱਖਣਾ ਸਾਡਾ ਕਰਤੱਵ ਹੈ। ਇਹ ਦੋਵੇਂ ਕਥਨ ਸਿੱਧ ਕਰਦੇ ਹਨ ਕਿ ਪਰਿਪੱਕ ਲੋਕਤੰਤਰ ਨਾਗਰਿਕ ਨੂੰ ਨਿਹੱਥਾ ਕਰਕੇ ਨਹੀਂ, ਉਸ ਨੂੰ ਸਮਰੱਥ ਬਣਾ ਕੇ ਮਜ਼ਬੂਤ ਹੁੰਦਾ ਹੈ। ਬੇਸ਼ੱਕ ਜਾਰਜ ਆਰਵੈਲ ਰਾਜਨੀਤਕ ਤੌਰ 'ਤੇ ਖੱਬੀ ਪੱਖੀ ਝੁਕਾ ਰੱਖਦਾ ਸੀ। ਪਰ ਉਸ ਦਾ ਇਹ ਹਵਾਲਾ ਹਕੀਕੀ ਜਮਹੂਰੀਅਤ ਦੇ ਇੱਕ ਅਹਿਮ ਪੱਖ ਦੀ ਦੱਸ ਜ਼ਰੂਰ ਪਾ ਜਾਂਦਾ ਹੈ।

ਇਸੇ ਪ੍ਰਸੰਗ ਵਿੱਚ ਰੋਜ਼ਾਨਾ ਸਪੋਕਸਮੈਨ ਅਤੇ ਅਜੀਤ ਅਖ਼ਬਾਰ ਦੀਆਂ ਤਸਵੀਰਾਂ ਵਿੱਚ ਪ੍ਰਕਾਸ਼ਿਤ ਖ਼ਬਰਾਂ ਮਹੱਤਵਪੂਰਨ ਹਨ। ਖ਼ਬਰਾਂ ਅਨੁਸਾਰ ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ ਸੰਸਥਾ Lawyers for Human Rights International ਦੇ ਜਨਰਲ ਸਕੱਤਰ ਐਡਵੋਕੇਟ ਨਵਕਿਰਨ ਸਿੰਘ ਵੱਲੋਂ ਮਾਨਸਾ ਦੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਕੋਲ ਸ਼ਿਕਾਇਤ ਭੇਜੀ ਗਈ ਹੈ। ਇਹ ਸ਼ਿਕਾਇਤ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ, ਲਗਭਗ ਢਾਈ ਸਾਲ ਦੇ ਬੱਚੇ ਸ਼ੁਭਦੀਪ ਸਿੰਘ ਸਿੱਧੂ ਨਾਲ ਸੰਬੰਧਿਤ ਸੀ। ਖ਼ਬਰਾਂ ਮੁਤਾਬਕ, ਟੋਰਾਂਟੋ ਵਿੱਚ ਹੋਏ ਹੋਲੋਗ੍ਰਾਮ ਸ਼ੋਅ ਦੌਰਾਨ ਬੱਚੇ ਵੱਲੋਂ ਆਪਣੇ ਵੱਡੇ ਭਰਾ ਨਾਲ ਜੁੜੇ ਥਾਪੀ ਦੇ ਇਸ਼ਾਰੇ ਅਤੇ ਬੰਦੂਕ ਚਲਾਉਣ ਵਰਗੇ ਹਾਵ-ਭਾਵ ਕਰਨ ਨੂੰ ਲੈ ਕੇ ਇਤਰਾਜ਼ ਉਠਾਇਆ ਗਿਆ। ਸ਼ਿਕਾਇਤ ਵਿੱਚ ਮਾਪਿਆਂ ਦੀ ਕੌਂਸਲਿੰਗ, ਜਾਂਚ ਅਤੇ ਬੱਚੇ ਨੂੰ ਅਜਿਹੇ ਹਾਵ-ਭਾਵ ਕਰਨ ਲਈ ਉਤਸ਼ਾਹਿਤ ਨਾ ਕਰਨ ਵਾਸਤੇ ਦਖ਼ਲ ਦੀ ਮੰਗ ਕੀਤੀ ਗਈ।

ਇੱਥੇ ਸਵਾਲ ਸਿਰਫ਼ ਇਹ ਨਹੀਂ ਕਿ ਇੱਕ ਵਕੀਲ ਨੇ ਸ਼ਿਕਾਇਤ ਕਿਉਂ ਕੀਤੀ ਹੈ? ਸਵਾਲ ਇਹ ਹੈ ਕਿ ਕਿਸੇ ਬੱਚੇ ਦੇ ਇਸ਼ਾਰੇ ਨੂੰ ਕਿਸ ਵਿਚਾਰਧਾਰਕ ਐਨਕ ਰਾਹੀਂ ਦੇਖਿਆ ਜਾ ਰਿਹਾ ਹੈ ਅਤੇ ਉਸ ਦੀ ਵਿਆਖਿਆ ਲਈ ਕਿਹੜੇ ਸਮਾਜਿਕ ਅਤੇ ਰਾਜਨੀਤਕ ਮਾਪਦੰਡ ਵਰਤੇ ਜਾ ਰਹੇ ਹਨ।

ਇਹ ਸ਼ਿਕਾਇਤ ਕਾਨੂੰਨੀ ਦਸਤਾਵੇਜ਼ ਘੱਟ, ਮਾਨਸਿਕ ਗੁਲਾਮੀ ਦਾ ਦਸਤਾਵੇਜ਼ ਵੱਧ ਜਾਪਦੀ ਹੈ। ਢਾਈ ਸਾਲ ਦੇ ਬਾਲ ਦੀ ਕਿਲਕਾਰੀ ਵਿੱਚ ਹਥਿਆਰਾਂ ਦੀ ਗੂੰਜ ਸੁਣਨਾ, ਉਸ ਦੀ ਮਾਸੂਮ ਨਕਲ ਵਿੱਚ ਅਪਰਾਧ ਦਾ ਪਰਛਾਵਾਂ ਦੇਖਣਾ, ਇਹ ਬਾਲ ਸੁਰੱਖਿਆ ਨਹੀਂ, ਸਗੋਂ ਇਹ ਵਿਰਸੇ ਤੋਂ ਭੈਅ ਦੀ ਨਿਸ਼ਾਨੀ ਹੈ। ਜਿਸ ਕੌਮ ਨੇ ਛੋਟੇ ਸਾਹਿਬਜ਼ਾਦਿਆਂ ਦੇ ਸੀਸ ਦੇਖੇ ਹੋਣ, ਉਸ ਕੌਮ ਦਾ ਇੱਕ ਪੜ੍ਹਿਆ ਲਿਖਿਆ ਵਿਅਕਤੀ ਜਦੋਂ ਆਪਣੇ ਹੀ ਭਾਈਚਾਰੇ ਦੇ ਬਾਲ ਵਿਰੁੱਧ ਕਲਮ ਚੁੱਕ ਲਵੇ ਤਾਂ ਇਹ ਵਿਅਕਤੀਗਤ ਭੁੱਲ ਨਹੀਂ ਹੋ ਸਕਦੀ ਹੈ,ਇਹ ਤਾਂ ਵਿਚਾਰਧਾਰਕ ਤਬਦੀਲੀ ਦੀ ਨਿਸ਼ਾਨੀ ਹੈ।

ਇਤਿਹਾਸ ਵਿੱਚ ਇੱਕ ਪ੍ਰਸੰਗ ਆਉਂਦਾ ਹੈ ਕਿ ਇੱਕ ਸਿੱਧ ਜੋਗੀ ਨੇ ਛੇਵੇਂ ਪਾਤਿਸ਼ਾਹ ਦੇ ਰਾਜਸੀ ਠਾਠ ਅਤੇ ਫੌਜੀ ਸਾਜ਼ੋ- ਸਾਮਾਨ ਨੂੰ ਦੇਖ ਕੇ ਸ਼ੰਕਾ ਪ੍ਰਗਟ ਕੀਤੀ ਸੀ ਕਿ ਨਾਨਕ ਦੀ ਗੱਦੀ ਦਾ ਵਾਰਸ ਇਹ ਕਿਹੜੇ ਰਾਹ ਤੁਰ ਪਿਆ ਹੈ। ਉਹ ਅਣਜਾਣ ਸੀ, ਉਸ ਨੂੰ ਮੀਰੀ-ਪੀਰੀ ਦਾ ਭੇਦ ਨਹੀਂ ਸੀ ਪਤਾ। ਪਰ ਅੱਜ ਜਦੋਂ ਇੱਕ ਪੰਥਕ ਅਖਵਾਉਣ ਵਾਲਾ ਵਕੀਲ ਉਸੇ ਸ਼ੰਕਾ ਨੂੰ ਕਾਨੂੰਨੀ ਸ਼ਿਕਾਇਤ ਦਾ ਜਾਮਾ ਪਹਿਨਾ ਦਿੰਦਾ ਹੈ ਤਾਂ ਹੈਰਾਨੀ ਦੁੱਗਣੀ ਹੋ ਜਾਂਦੀ ਹੈ। ਬਾਹਰਲਾ ਸ਼ੰਕਾ ਕਰੇ ਤਾਂ ਅਗਿਆਨਤਾ ਕਹੀ ਜਾ ਸਕਦੀ ਹੈ, ਘਰ ਦਾ ਚਿਰਾਗ ਜਦੋਂ ਘਰ ਨੂੰ ਹੀ ਅੱਗ ਲਾਉਣ ਤੁਰ ਪਵੇ, ਤਾਂ ਉਸ ਨੂੰ ਕੀ ਕਿਹਾ ਜਾਵੇ ?

ਇਹ ਉਹ ਮਾਨਸਿਕਤਾ ਹੈ ਜਿੱਥੇ ਗੁਲਾਮ ਆਪਣੀਆਂ ਜ਼ੰਜੀਰਾਂ ਨੂੰ ਗਹਿਣਾ ਸਮਝਣ ਲੱਗ ਪੈਂਦਾ ਹੈ। ਉਹ ਸਟੇਟ ਦੀ ਨਜ਼ਰ ਵਿੱਚ ਚੰਗਾ ਬਣਨ ਲਈ ਆਪਣੀ ਹੀ ਕੌਮ ਦੀ ਵਿਚਾਰਧਾਰਕ ਜੜ੍ਹ ਉੱਤੇ ਕੁਹਾੜਾ ਚਲਾਉਂਦਾ ਹੈ। ਉਸ ਨੂੰ ਆਪਣੇ ਗੁਰੂ ਦਾ ਹੁਕਮ ਪਿਛਾਂਹ ਖਿੱਚੂ ਜਾਂ ਵੇਲਾ ਵਿਹਾਅ ਚੁੱਕਿਆ ਲੱਗਣ ਲੱਗ ਪੈਂਦਾ ਹੈ ਅਤੇ ਸਟੇਟ ਦਾ ਫ਼ਰਮਾਨ ਪ੍ਰਗਤੀਸ਼ੀਲਤਾ ਦੀ ਸ਼ੇਣੀ ਵਿੱਚ ਆ ਖੜ੍ਹਦਾ ਹੈ। ਉਹ ਭੁੱਲ ਜਾਂਦਾ ਹੈ ਕਿ ਜਿਹੜੀ ਕੌਮ ਖੰਡੇ ਦੀ ਧਾਰ ਵਿੱਚੋਂ ਪ੍ਰਗਟ ਹੋਈ ਹੋਵੇ, ਉਸ ਨੂੰ ਨਿਹੱਥਾ ਕਰਨ ਦਾ ਅਰਥ ਉਸ ਦੀ ਆਤਮਾ ਕੱਢਣ ਦੇ ਬਰਾਬਰ ਹੈ।

ਭਾਰਤੀ ਸਟੇਟ ਦਾ ਪੰਜਾਬ ਪ੍ਰਤੀ ਵਤੀਰਾ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ।ਲੋਕਤੰਤਰ ਜਦੋਂ ਪਰਿਪੱਕ ਹੋਣ ਦੀ ਥਾਂ ਪਿੱਛੇ ਵੱਲ ਤੁਰਨ ਲੱਗੇ ਤਾਂ ਉਹ ਭਿੰਨਤਾ ਨੂੰ ਖ਼ਤਰਾ ਸਮਝਣ ਲੱਗ ਪੈਂਦਾ ਹੈ। ਪੰਜਾਬ ਨੂੰ ਆਪਣੀ ਬਸਤੀ ਵਾਂਗ ਵਰਤਣਾ, ਉਸ ਦੀ ਭਾਸ਼ਾ, ਉਸ ਦੇ ਪਾਣੀ, ਉਸ ਦੀ ਖੇਤੀ ਅਤੇ ਹੁਣ ਉਸ ਦੀ ਸ਼ਸਤਰ ਪਰੰਪਰਾ ਉੱਤੇ ਸੱਟ ਮਾਰਨਾ, ਇਹ ਸਭ ਇੱਕੋ ਲੜੀ ਦੇ ਮਣਕੇ ਹਨ। ਇਸ ਲੜੀ ਵਿੱਚ ਸਭ ਤੋਂ ਖ਼ਤਰਨਾਕ ਮਣਕਾ ਉਹ ਹੈ ਜਦੋਂ ਕੌਮ ਦੇ ਆਪਣੇ ਹੀ ਸੂਝਵਾਨ ਇਸ ਪ੍ਰੋਜੈਕਟ ਦੇ ਭਾਈਵਾਲ ਬਣ ਜਾਂਦੇ ਹਨ। ਉਹ ਮਨੁੱਖੀ ਅਧਿਕਾਰਾਂ ਦੀ ਭਾਸ਼ਾ ਵਿੱਚ ਗੱਲ ਕਰਦੇ ਹਨ, ਪਰ ਉਨ੍ਹਾਂ ਦੀ ਭਾਸ਼ਾ ਦਾ ਵਿਆਕਰਣ ਸਟੇਟ ਨੇ ਲਿਖਿਆ ਹੁੰਦਾ ਹੈ।

ਐਡਵੋਕੇਟ ਨਵਕਿਰਨ ਸਿੰਘ ਦੀ ਇਹ ਕਾਰਵਾਈ ਪੰਥਕ ਦ੍ਰਿਸ਼ਟੀ ਤੋਂ ਨਿੰਦਣਯੋਗ ਹੀ ਨਹੀਂ ਹੈ ਬਲਕਿ ਚੇਤਾਵਨੀ ਭਰਪੂਰ ਵੀ ਹੈ। ਇਹ ਦੱਸਦੀ ਹੈ ਕਿ ਵਿਚਾਰਧਾਰਕ ਗੁਲਾਮੀ ਕਿਵੇਂ ਆਪਣੇ ਹੀ ਬੱਚਿਆਂ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਣ ਲਈ ਮਜਬੂਰ ਕਰ ਦਿੰਦੀ ਹੈ। ਜਿਸ ਉਮਰ ਵਿੱਚ ਬੱਚਾ ਆਪਣੇ ਵੱਡੇ ਭਰਾ ਦੀ ਨਕਲ ਕਰਕੇ ਉਸ ਨਾਲ ਭਾਵਨਾਤਮਕ ਤੌਰ 'ਤੇ ਜੁੜਨ ਦਾ ਯਤਨ ਕਰ ਰਿਹਾ ਹੈ, ਉਸ ਪਲ ਨੂੰ ਅਦਾਲਤੀ ਫ਼ਾਈਲ ਵਿੱਚ ਬਦਲ ਦੇਣ ਦੀ ਕੋਸ਼ਿਸ਼ ਕਰਨਾ ਮਨੁੱਖਤਾ ਦੇ ਨਾਂ ਉੱਤੇ ਵੀ ਸਵਾਲ ਖੜ੍ਹਾ ਕਰਦਾ ਹੈ। ਇਹ ਵਿਸ਼ਵ ਇਤਿਹਾਸ ਦਾ ਸ਼ਾਇਦ ਪਹਿਲਾ ਅਜਿਹਾ ਘਿਣਾਉਣਾ ਅਤੇ ਹਾਸੋਹੀਣਾ ਕੇਸ ਹੋਵੇਗਾ, ਜਿੱਥੇ ਇੱਕ ਪੰਥਕ ਅਖਵਾਉਣ ਵਾਲੇ ਵਕੀਲ ਨੇ ਢਾਈ ਸਾਲ ਦੇ ਬੱਚੇ ਵਿਰੁੱਧ ਬਾਲ ਸੁਰੱਖਿਆ ਕੋਲ ਅਰਜ਼ੀ ਦੇ ਕੇ ਆਪਣੇ ਆਪ ਨੂੰ ਸਟੇਟ ਦਾ ਸਭ ਤੋਂ 'ਸੱਭਿਅਕ ਅਤੇ ਬੀਬਾ ਪੁੱਤ' ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਵੇਂ ਕਿ ਪ੍ਰਾਚੀਨ ਕਹਾਵਤ ਹੈ ਕਿ ਗ਼ੁਲਾਮ ਵਿਅਕਤੀ ਆਪਣੇ ਹੀ ਲੋਕਾਂ ਵਿਰੁੱਧ ਦੁਸ਼ਮਣ ਨਾਲੋਂ ਵੀ ਦਸ ਕਦਮ ਅੱਗੇ ਵਧ ਕੇ ਵਾਰ ਕਰਦਾ ਹੈ, ਬਿਲਕੁਲ ਉਹੀ ਕਿਰਦਾਰ ਅੱਜ ਐਡਵੋਕੇਟ ਨਵਕਿਰਨ ਸਿੰਘ ਨਿਭਾ ਰਹੇ ਹਨ। ਕਿਸੇ ਵੀ ਗ਼ੈਰ-ਸਿੱਖ ਨੇ ਇੰਨੀ ਘਟੀਆ ਜੁਰਅਤ ਨਹੀਂ ਕੀਤੀ, ਜਿੰਨੀ ਇਸ ਪੰਥਕ ਵਕੀਲ ਨੇ ਆਪਣੇ ਕੌਮੀ ਸਿਧਾਂਤ ਨੂੰ ਪਿੱਠ ਦੇ ਕੇ ਇੱਕ ਢਾਈ ਸਾਲ ਦੇ ਬੱਚੇ ਅਤੇ ਉਸ ਦੇ ਮਾਪਿਆਂ ਨੂੰ ਕਾਨੂੰਨੀ ਕਟਹਿਰੇ ਵਿੱਚ ਖਿੱਚਣ ਦੇ ਪੰਥ ਵਿਰੋਧੀ, ਕੁਕਰਮ ਭਰੇ ਯਤਨ ਰਾਹੀਂ ਦਿਖਾਈ ਹੈ।

ਇਸ ਲਈ ਮਸਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਇਸ ਵਰਤਾਰੇ ਨੂੰ ਹਲਕੇ ਵਿੱਚ ਨਾ ਲਿਆ ਜਾਵੇ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਸ ਮਾਮਲੇ ਦਾ ਨੋਟਿਸ ਲੈ ਕੇ ਸੰਬੰਧਿਤ ਵਿਅਕਤੀ ਤੋਂ ਸਪੱਸ਼ਟੀਕਰਨ ਮੰਗਣਾ ਚਾਹੀਦਾ ਹੈ ਕਿ ਗੁਰੂ ਦੀ ਬਖਸ਼ਿਸ਼ ਨੂੰ ਗੰਨ ਕਲਚਰ ਕਹਿ ਕੇ ਕਲੰਕਿਤ ਕਰਨ ਦਾ ਹੌਂਸਲਾ ਕਿੱਥੋਂ ਆਇਆ। ਜਥੇਬੰਦੀਆਂ ਨੂੰ ਵੀ ਆਪਣਾ ਫ਼ਰਜ਼ ਨਿਭਾਉਣਾ ਚਾਹੀਦਾ ਹੈ ਅਤੇ ਅਜਿਹੀ ਸੋਚ ਦਾ ਸਮਾਜਿਕ ਬਾਈਕਾਟ ਹੋਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਕੋਈ ਵੀ ਆਪਣੀ ਕੌਮ ਦੇ ਫੁੱਲ ਵਰਗੇ ਬੱਚਿਆਂ ਨੂੰ ਨਿਸ਼ਾਨਾ ਬਣਾਉਣ ਦਾ ਹੌਂਸਲਾ ਨਾ ਕਰੇ।

ਸਿੱਖੀ ਤਲਵਾਰ ਦੀ ਬੁੱਤ ਵਾਂਗ ਪੂਜਾ ਨਹੀਂ ਕਰਦੀ, ਉਹ ਨਿਆਂ ਦੀ ਹਾਮੀਦਾਰ ਹੈ, ਅਤੇ ਤਲਵਾਰ ਉਸ ਨਿਆਂ ਦੀ ਰਾਖੀ ਦਾ ਸਾਧਨ ਹੈ। ਜਿਸ ਦਿਨ ਇਹ ਸਾਧਨ ਖੋਹ ਲਿਆ ਗਿਆ, ਉਸ ਦਿਨ ਨਿਆਂ ਦੀ ਗੱਲ ਕਰਨ ਵਾਲੀ ਜੀਭ ਵੀ ਗੂੰਗੀ ਹੋ ਜਾਵੇਗੀ। ਇਸ ਲਈ ਸ਼ਸਤਰ ਨੂੰ ਅੰਗ- ਸੰਗ ਰੱਖਣ ਦੀ ਰਵਾਇਤ ਨੂੰ ਬਚਾਉਣਾ ਕੋਈ ਜਜ਼ਬਾਤੀ ਮੁੱਦਾ ਨਹੀਂ, ਇਹ ਹੋਂਦ ਦਾ ਸਵਾਲ ਹੈ। ਗੰਨ ਕਲਚਰ ਵਰਗੀਆਂ ਸਟੇਟ ਦੁਆਰਾ ਘੜੀਆਂ ਗਈਆਂ ਟਰਮਾਂ ਨਾਲ ਸਾਡੀ ਵਿਰਾਸਤ ਨੂੰ ਮਾਪਣ ਵਾਲਿਆਂ ਨੂੰ ਸਮਝਣਾ ਪਵੇਗਾ ਕਿ ਅਸੀਂ ਹਿੰਸਾ ਦੇ ਪੁਜਾਰੀ ਨਹੀਂ, ਅਸੀਂ ਆਪਣੇ ਕੌਮੀ ਹੱਕ ਦੀ ਰੱਖਿਆ ਦੇ ਵਾਰਸ ਹਾਂ ਅਤੇ ਵਾਰਸ ਆਪਣੀ ਵਿਰਾਸਤ ਤੋਂ ਸ਼ਰਮਸਾਰ ਨਹੀਂ ਹੁੰਦੇ ਬਲਕਿ ਉਸ ਉੱਤੇ ਤਾਉਮਰ ਮਾਣ ਕਰਦੇ ਹਨ।

ਪੰਜਾਬ ਨੂੰ ਅਜਿਹੀ ਚੇਤਨਾ ਦੀ ਲੋੜ ਹੈ ਜੋ ਅਪਰਾਧ ਦਾ ਵਿਰੋਧ ਕਰੇ, ਬੱਚਿਆਂ ਦੀ ਸੁਰੱਖਿਆ ਨੂੰ ਮਹੱਤਵ ਦੇਵੇ, ਕਾਨੂੰਨ ਦੀ ਪਾਲਣਾ ਕਰੇ ਅਤੇ ਨਾਲ ਹੀ ਆਪਣੀ ਸਿਧਾਂਤਕ ਅਤੇ ਇਤਿਹਾਸਕ ਪਛਾਣ ਨੂੰ ਕਿਸੇ ਬਾਹਰੀ ਬਿਰਤਾਂਤ ਦੀ ਭੇਟ ਨਾ ਚੜ੍ਹਨ ਦੇਵੇ ਕਿਉਂਕਿ ਜਦੋਂ ਕੌਮ ਆਪਣੀ ਵਿਰਾਸਤ ਦੀ ਵਿਆਖਿਆ ਕਰਨ ਦਾ ਅਧਿਕਾਰ ਵੀ ਗੁਆ ਬੈਠਦੀ ਹੈ, ਤਾਂ ਉਸ ਦੀ ਗ਼ੁਲਾਮੀ ਸਿਰਫ਼ ਰਾਜਨੀਤਿਕ ਨਹੀਂ ਰਹਿੰਦੀ ਹੈ ਬਲਕਿ ਉਹ ਉਸ ਦੀ ਸੋਚ, ਸਵੈਮਾਣ ਅਤੇ ਭਵਿੱਖ ਤੱਕ ਪਹੁੰਚ ਜਾਂਦੀ ਹੈ।

ਹਰਜਿੰਦਰ ਸਿੰਘ ਜਿੰਦਾ 
(ਆਵਾਜ਼ ਏ ਕੌਮ)

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.