ਸਿੱਖ ਸੱਭਿਆਚਾਰ 'ਤੇ ਪੰਜਾਬੀ ਸੱਭਿਆਚਾਰ ਦਾ ਹਮਲਾ
- ਧਾਰਮਿਕ/ਰਾਜਨੀਤੀ
- 09 Feb, 2026 06:02 PM (Asia/Kolkata)
ਭਾਰਤ ਸਰਕਾਰ ਅਤੇ ਹੋਰ ਪੰਥ ਦੋਖੀਆਂ ਵੱਲੋਂ ਬੜੀ ਸਾਜ਼ਿਸ਼ ਤਹਿਤ ਸਿੱਖ ਇਤਿਹਾਸ, ਸਿੱਖੀ ਸਿਧਾਂਤ ਅਤੇ ਸਿੱਖ ਸੱਭਿਆਚਾਰ ਨੂੰ ਵਿਗਾੜਿਆ ਜਾ ਰਿਹਾ ਹੈ। ਸਿੱਖ ਸੱਭਿਆਚਾਰ ਉੱਤੇ ਹਿੰਦੂ ਸੱਭਿਆਚਾਰ ਅਤੇ ਅਖੌਤੀ ਪੰਜਾਬੀ ਸੱਭਿਆਚਾਰ ਦੇ ਹਮਲੇ ਹੋ ਰਹੇ ਹਨ। ਇਸ ਸਮੇਂ ਸਾਨੂੰ ਅਖੌਤੀ ਪੰਜਾਬੀ ਸੱਭਿਆਚਾਰ ਅਤੇ ਸਿੱਖ ਸੱਭਿਆਚਾਰ ’ਚ ਫ਼ਰਕ ਸਮਝਣ ਦੀ ਲੋੜ ਹੈ ਤਾਂ ਜੋ ਅਸੀਂ ਦੁਸ਼ਮਣ ਦੇ ਬਿਰਤਾਂਤ ਦਾ ਸ਼ਿਕਾਰ ਨਾ ਹੋਈਏ ਤੇ ਹਮੇਸ਼ਾਂ ਸੁਚੇਤ ਰਹੀਏ। ਚੇਤੇ ਰਹੇ ਕਿ ਸਾਡਾ ਇਤਿਹਾਸ ਅਤੇ ਸੱਭਿਆਚਾਰ ਤਾਂ ਸਰਹੰਦ ਦੀ ਨੀਂਹਾਂ ਅਤੇ ਚਮਕੌਰ ਦੀ ਗੜ੍ਹੀ ਹੈ। ਤੱਤੀਆਂ ਤਵੀਆਂ ’ਤੇ ਇੱਕ ਰਸ ਚੌਂਕੜਾਂ ਮਾਰ ਕੇ ਬਹਿਣਾ, ਸੀਸ ’ਤੇ ਤੱਤਾ ਰੇਤਾ ਪਵਾਉਣਾ, ਦੇਗਾਂ ’ਚ ਉਬਾਲ਼ੇ ਖਾਣੇ, ਬੰਦ-ਬੰਦ ਕਟਵਾਉਣੇ, ਆਰਿਆਂ ਨਾਲ਼ ਚੀਰੇ ਜਾਣਾ, ਪੁੱਠੀਆਂ ਖੱਲਾਂ ਲੁਹਾਉਣੀਆਂ, ਖੋਪਰ ਉਤਰਵਾਉਣੇ, ਧਰਮ ਦੀ ਖ਼ਾਤਰ ਸੀਸ ਤਲ਼ੀ ’ਤੇ ਟਿਕਾਉਣਾ, ਜਬਰ-ਜ਼ੁਲਮ ਵਿਰੁੱਧ ਜੂਝ ਕੇ ਲੜਨਾ-ਮਰਨਾ, ਟੈਂਕਾਂ-ਤੋਪਾਂ ਅੱਗੇ ਛਾਤੀ ਡਾਹੁਣੀ, ਧੀ-ਭੈਣ ਦੀ ਰਾਖੀ ਕਰਨੀ, ਸਰਬ-ਸਾਂਝੀਵਾਲਤਾ ਦਾ ਹੋਕਾ ਦੇਣਾ, ਲੋੜਵੰਦਾਂ ਨੂੰ ਲੰਗਰ ਛਕਾਉਣਾ, ਬਾਣੀ-ਬਾਣਾ, ਗੁਰਦੁਆਰੇ, ਤੀਰ-ਕਮਾਨ, ਘੋੜੇ, ਸ਼ਸਤਰ, ਕਿਰਪਾਨ, ਦਸਤਾਰ, ਕਕਾਰ ਤੇ ਅਰਦਾਸ ’ਚ ਸਰਬੱਤ ਦਾ ਭਲਾ ਮੰਗਣਾ ਏਹੀ ਸਿੱਖੀ ਸਿਧਾਂਤ ਅਤੇ ਸਿੱਖ ਸੱਭਿਆਚਾਰ ਹੈ। ਪਰ ਇਸ ਦੇ ਐਨ ਉਲ਼ਟ ਹੀਰ-ਰਾਂਝਾ, ਸੋਹਣੀ-ਮਹੀਵਾਲ ਤੇ ਮਿਰਜ਼ਾ-ਸਾਹਿਬਾ ਦੇ ਇਸ਼ਕ-ਮੁਸ਼ਕ ਦੀ ਕਹਾਣੀਆਂ, ਗਿੱਧਾ-ਭੰਗੜਾ, ਨਾਚ-ਗਾਣਾ, ਅਫ਼ੀਮ-ਭੁੱਕੀ, ਘਰ ਦੀ ਕੱਢੀ ਸ਼ਰਾਬ, ਲਲਕਾਰੇ ਮਾਰਨੇ, ਗਾਲ੍ਹਾਂ ਕੱਢਣੀਆਂ, ਕਬਰਾਂ 'ਤੇ ਮੇਲੇ ਲਾਉਣੇ, ਵਿਆਹਾਂ 'ਤੇ ਡਾਂਸਰਾਂ ਨਚਾਉਣੀਆਂ ਆਦਿਕ ਇਹ ਅਖੌਤੀ ਪੰਜਾਬੀ ਸੱਭਿਆਚਾਰ ਹੈ। ਹਥਿਆਰਬੰਦ ਸਿੱਖ ਸੰਘਰਸ਼ ’ਚ ਖੜੋਤ ਆਉਣ ਤੋਂ ਬਾਅਦ ਹਿੰਦ ਹਕੂਮਤ ਵੱਲੋਂ ਅਖੌਤੀ ਪੰਜਾਬੀ ਸੱਭਿਆਚਾਰ ਅਤੇ ਹਿੰਦੁਸਤਾਨੀ ਸੱਭਿਆਚਾਰ ਨੂੰ ਸਿੱਖ ਸੱਭਿਆਚਾਰ ਉੱਤੇ ਜ਼ਬਰਦਸਤੀ ਥੋਪਿਆ ਗਿਆ ਤੇ ਸਿੱਖ ਸੱਭਿਆਚਾਰ ਨੂੰ ਖ਼ਤਮ ਕਰਨ ਦੇ ਕੋਝੇ ਯਤਨ ਕੀਤੇ ਗਏ। 15 ਅਗਸਤ 1993 ਨੂੰ ਜ਼ਾਲਮ ਮੁੱਖ ਮੰਤਰੀ ਬਿਅੰਤ ਸਿਹੁੰ ਤੇ ਬੁੱਚੜ ਕੇ.ਪੀ.ਐੱਸ. ਗਿੱਲ ਨੇ ਪੰਜਾਬ ਦੀ ਧਰਤੀ ਤੋਂ ਸਿੱਖ ਜੁਝਾਰੂਆਂ ਨੂੰ ਖ਼ਤਮ ਕਰਨ ਦਾ ਦਾਅਵਾ ਕੀਤਾ ਸੀ ਅਤੇ ਥਾਂ-ਥਾਂ ’ਤੇ (ਅਖੌਤੀ) ਸੱਭਿਆਚਾਰਕ ਮੇਲੇ ਲਗਵਾਉਣੇ ਸ਼ੁਰੂ ਕੀਤੇ ਸਨ। ਇਹਨਾਂ ਮੇਲਿਆਂ ਰਾਹੀਂ ਸਿੱਖ ਕੌਮ ਨੂੰ ਅੱਯਾਸ਼ ਅਤੇ ਨਸ਼ੇੜੀ ਬਣਾਉਣ ਦਾ ਮੁੱਢ ਬੰਨ੍ਹਿਆ ਗਿਆ ਸੀ। ਕੁਲਦੀਪ ਮਾਣਕ, ਗੁਰਦਾਸ ਮਾਨ, ਸਰਦੂਲ ਸਿਕੰਦਰ, ਹੰਸ ਰਾਜ ਹੰਸ ਵਰਗੇ ਨਾਮੀ ਗਾਇਕ ਅਤੇ ਗੁਰਪ੍ਰੀਤ ਘੁੱਗੀ ਵਰਗੇ ਕਮੇਡੀਅਨ ਵੀ ਸਰਕਾਰ ਦੀ ਕਠਪੁਤਲੀ ਬਣੇ ਹੋਏ ਸਨ। ਸਿੱਖ ਸੱਭਿਆਚਾਰ ਅਤੇ ਸਿੱਖਾਂ ’ਚੋਂ ਜੁਝਾਰੂ ਜਜ਼ਬੇ ਨੂੰ ਖ਼ਤਮ ਕਰਨ ਲਈ ਸਰਕਾਰ ਨੇ ਇੱਕ ਨਵਾਂ ਅਖੌਤੀ ਸੱਭਿਆਚਾਰ ਘੜਿਆ, ਜਿਸ ਨੂੰ ਅਸੀਂ ਜਾਣੇ-ਅਨਜਾਣੇ ਵਿੱਚ ਆਪਣਾ ਪੰਜਾਬੀ ਸੱਭਿਆਚਾਰ ਮੰਨੀ ਬੈਠੇ ਹਾਂ ਤੇ ਆਪਣੇ ਧਰਮ ਦੇ ਸਿਧਾਂਤਾਂ ਤੋਂ ਕੋਹਾਂ ਦੂਰ ਹੁੰਦੇ ਜਾ ਰਹੇ ਹਾਂ। ਇਸ ਅਖੌਤੀ ਪੰਜਾਬੀ ਸੱਭਿਆਚਾਰ ਨੇ ਪੰਜਾਬ ਦੀ ਜਵਾਨੀ ਨੂੰ ਪਤਿਤਪੁਣੇ ਅਤੇ ਨਸ਼ਿਆਂ ਦੀ ਭੈੜੀ ਦਲਦਲ ਵੱਲ ਧਕੇਲ ਦਿੱਤਾ, ਤੇ ਜੁਝਾਰੂਆਂ ਦੀ ਕੌਮ ਨਚਾਰਾਂ ਦੀ ਕੌਮ ਬਣ ਕੇ ਰਹਿ ਗਈ, ਰਹਿੰਦੀ-ਖੂੰਹਦੀ ਕਸਰ ਪੰਜਾਬ ਦੇ ਮੌਜੂਦਾ ਗਾਇਕਾਂ ਨੇ ਕੱਢ ਦਿੱਤੀ। ਫੋਕੀ ਹਥਿਆਰਾਂ ਦੀ ਸ਼ੋਹਰਤ, ਬੜਕਾਂ, ਲਲਕਾਰੇ, ਅਸ਼ਲੀਲਤਾ, ਬਾਂਦਰ ਟਪੂਸੀਆਂ, ਕੁੱਕੜ ਦੀ ਕਲਗੀ ਤਰ੍ਹਾਂ ਵਾਲ਼ਾਂ ਦੀ ਕਟਿੰਗ, ਭਰਵੱਟੇ ਮੁਨਾਉਣੇ, ਟੋਪੀਆਂ ਪਾਉਣੀਆਂ, ਗਲਾਂ ’ਚ ਗਾਨੀਆਂ, ਪਾਟੀਆਂ ਜ਼ੀਨਾਂ ਆਦਿ ਨੇ ਨੌਜਵਾਨਾਂ ਦਾ ਬੇੜਾ ਗ਼ਰਕ ਹੀ ਕਰ ਦਿੱਤਾ ਹੈ। ਜਾਗਰੂਕ ਸਿੱਖ ਤਾਂ ਸਮੇਂ-ਸਮੇਂ ’ਤੇ ਇਸ ਘਟੀਆ ਵਰਤਾਰੇ ਦਾ ਵਿਰੋਧ ਕਰਦੇ ਰਹੇ ਪਰ ਹਿੰਦੁਸਤਾਨੀ ਹਾਕਮ ਬਾਜ ਨਾ ਆਏ ਕਿਉਂਕਿ ਸੱਤਾ ਦਾ ਹੰਕਾਰ ਸਿਰ ਚੜ੍ਹ ਕੇ ਬੋਲ ਰਿਹਾ ਹੈ ਤੇ ਸੁਖਬੀਰ ਬਾਦਲ, ਕੈਪਟਨ ਅਮਰਿੰਦਰ ਸਿੰਘ, ਰਾਜਾ ਵੜਿੰਗ, ਰਵਨੀਤ ਬਿੱਟੂ ਤੇ ਭਗਵੰਤ ਮਾਨ ਵਰਗੇ ਬਥੇਰੇ ਉਹਨਾਂ ਦੇ ਚਾਪਲੂਸ ਬਣੇ ਹੋਏ ਹਨ। ਸਾਡੇ ਨਾਇਕ ਅਮਰ ਚਮਕੀਲੇ ਵਰਗੇ ਨਹੀਂ ਹੋਣੇ ਚਾਹੀਦੇ ਜੋ ਗੰਦ ਪਰੋਸਦੇ ਰਹੇ ਤੇ ਅੱਜ ਵੀ ਬਥੇਰੇ ਗਾਇਕ ਅਤੇ ਅਦਾਕਾਰ ਹਕੂਮਤ ਦਾ ਸੰਦ ਬਣ ਕੇ ਸਿੱਖੀ ਦੀਆਂ ਜੜ੍ਹਾਂ ਵੱਢ ਰਹੇ ਹਨ। ਸਾਡੇ ਨਾਇਕ, ਪ੍ਰੇਰਨਾ ਸਰੋਤ ਅਤੇ ਰੋਲ ਮਾਡਲ ਤਾਂ ਚਾਰ ਸਾਹਿਬਜ਼ਾਦੇ, ਪੰਜ ਪਿਆਰੇ, ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਦੀਪ ਸਿੰਘ ਜੀ, ਨਵਾਬ ਕਪੂਰ ਸਿੰਘ, ਜਥੇਦਾਰ ਜੱਸਾ ਸਿੰਘ ਆਹਲੂਵਾਲ਼ੀਆ, ਜਰਨੈਲ ਹਰੀ ਸਿੰਘ ਨਲੂਆ, ਸਰਦਾਰ ਸ਼ਾਮ ਸਿੰਘ ਅਟਾਰੀ, ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਅਤੇ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਵਰਗੇ ਸੂਰਮੇ ਹਨ ਜਿਨ੍ਹਾਂ ਨੇ ਆਪਣਾ ਤਨ-ਮਨ ਸਿੱਖੀ ਲੇਖੇ ਲਾਇਆ ਤੇ ਸੂਰਮਗਤੀ ਕਰਕੇ ਸ਼ਾਨਾਮੱਤਾ ਇਤਿਹਾਸ ਸਿਰਜਿਆ। ਮਿਰਜ਼ੇ ਵਾਲੇ ਜੰਡ ਤੋਂ ਅਸੀਂ ਕੀ ਲੈਣਾ, ਭਾਈ ਲਛਮਣ ਸਿੰਘ ਧਾਰੋਵਾਲੀ ਜਿਸ ਜੰਡ ਹੇਠ ਸ਼ਹੀਦ ਹੋਏ ਸਾਨੂੰ ਤਾਂ ਓਹੀ ਹਮੇਸ਼ਾਂ ਯਾਦ ਰਹਿਣਾ ਚਾਹੀਦਾ ਹੈ। ਸਿੱਖ ਸੱਭਿਆਚਾਰ ਸਾਨੂੰ ਸਿੱਖੀ ਨਾਲ ਜੋੜਦਾ ਹੈ ਤੇ ਪੰਜਾਬੀ ਸੱਭਿਆਚਾਰ ਸਾਨੂੰ ਮਨਮੱਤ ਵੱਲ ਤੋਰਦਾ ਹੈ, ਇਸ ਲਈ ਜਾਗਦੇ ਰਹੋ ਖ਼ਾਲਸਾ ਜੀ।

Leave a Reply