ਕਾਲ਼ੇ ਬੈਗਾਂ ‘ਤੇ ਮੁੱਖ ਮੰਤਰੀ ਦੀ ਚੁੱਪ ਧਾਰਮਿਕਤਾ ਤੇ ਕਾਨੂੰਨ ਨਾਲ ਧੋਖਾ — ਸਿੱਖ ਜਥੇਬੰਦੀਆਂ
- ਧਾਰਮਿਕ/ਰਾਜਨੀਤੀ
- 15 Mar, 2026 04:21 AM (Asia/Kolkata)
ਪੰਜਾਬ ਸਰਕਾਰ ਨੇ ਚੰਡੀਗੜ੍ਹ ਜਾਣ ਦੇ ਰਾਹ ਬੰਦ ਕਰਕੇ ਵਿਖਾਈ ਬਦਮਾਸ਼ੀ, ਮੁੱਖ ਮੰਤਰੀ ਨੂੰ ਭਗੌੜਾ ਕਰਾਰ
ਮੋਹਾਲੀ/ਚੰਡੀਗੜ੍ਹ , ਨਜ਼ਰਾਨਾ ਟਾਈਮਜ ਬਿਊਰੋ
ਸਿੱਖ ਧਾਰਮਿਕ ਜਥੇਬੰਦੀਆਂ ਅਤੇ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਕਾਲ਼ੇ ਬੈਗਾਂ ਦੇ ਮਾਮਲੇ ‘ਤੇ ਮੁੱਖ ਮੰਤਰੀ ਪੰਜਾਬ ਦੀ ਚੁੱਪੀ ਨੂੰ ਧਾਰਮਿਕਤਾ ਅਤੇ ਕਾਨੂੰਨ ਨਾਲ ਧੋਖਾ ਸਮਝਿਆ ਜਾਵੇਗਾ। ਆਗੂਆਂ ਨੇ ਕਿਹਾ ਕਿ ਜੇਕਰ ਕਾਲ਼ੇ ਬੈਗਾਂ ਵਿੱਚ ਕੁਝ ਵੀ ਨਹੀਂ ਸੀ ਤਾਂ ਫਿਰ ਮੁੱਖ ਮੰਤਰੀ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ।
ਭਾਈ ਬਲਦੇਵ ਸਿੰਘ ਵਡਾਲਾ, ਭਾਈ ਸੁਖਜੀਤ ਸਿੰਘ ਖੋਸੇ, ਭਾਈ ਬਲਦੇਵ ਸਿੰਘ ਸਿਰਸਾ, ਡਾ. ਪਰਮਜੀਤ ਸਿੰਘ ਐਡਵੋਕੇਟ, ਭਾਈ ਗੁਰਵਤਨ ਸਿੰਘ ਮੁਕੇਰੀਆਂ, ਭਾਈ ਗੁਰਮੀਤ ਸਿੰਘ ਥੂਹੀ, ਭਾਈ ਤਰਲੋਚਨ ਸਿੰਘ ਸੋਹਲ ਅਤੇ ਭਾਈ ਲਖਬੀਰ ਸਿੰਘ ਮਹਾਲਮ ਨੇ ਕਿਹਾ ਕਿ ਗਿ. ਕੁਲਦੀਪ ਸਿੰਘ ਗੜਗੱਜ ਵੱਲੋਂ 15 ਜਨਵਰੀ 2026 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਕੱਤਰੇਤ ਵਿਖੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਨੂੰ ਤਲਬ ਕੀਤਾ ਗਿਆ ਸੀ। ਇਸ ਦੌਰਾਨ ਮੁੱਖ ਮੰਤਰੀ ਨਿਮਾਣੇ ਸਿੱਖ ਵਜੋਂ ਪੇਸ਼ ਹੋਏ ਅਤੇ ਆਪਣਾ ਸਪਸ਼ਟੀਕਰਨ ਦਿੱਤਾ। ਇਸ ਮੌਕੇ ਉਨ੍ਹਾਂ ਵੱਲੋਂ ਗੜਗੱਜ ਸਾਹਿਬ ਨੂੰ ਕਾਲ਼ੇ ਬੈਗ ਵੀ ਪੇਸ਼ ਕੀਤੇ ਗਏ, ਜਿਨ੍ਹਾਂ ਬਾਰੇ ਦੱਸਿਆ ਗਿਆ ਕਿ ਉਨ੍ਹਾਂ ਵਿੱਚ ਸ੍ਰੋਮਣੀ ਕਮੇਟੀ ‘ਤੇ ਕਾਬਜ਼ ਧਿਰ ਦੇ ਕਥਿਤ ਘਪਲਿਆਂ ਅਤੇ ਕਾਲੇ ਕਾਰਨਾਮਿਆਂ ਦਾ ਵੇਰਵਾ ਮੌਜੂਦ ਹੈ।

ਆਗੂਆਂ ਦਾ ਕਹਿਣਾ ਹੈ ਕਿ ਇੱਕ ਪਾਸੇ ਗੜਗੱਜ ਸਾਹਿਬ ਕਹਿੰਦੇ ਹਨ ਕਿ ਕਾਲ਼ੇ ਬੈਗਾਂ ਵਿੱਚ ਕੁਝ ਵੀ ਨਹੀਂ ਸੀ, ਜਦਕਿ ਦੂਜੇ ਪਾਸੇ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਹੋਈ ਅਤੇ ਮੁੱਖ ਮੰਤਰੀ ਵੀ ਚੁੱਪ ਹਨ। ਇਸ ਕਰਕੇ ਸੰਗਤਾਂ ਵਿੱਚ ਇਹ ਸਵਾਲ ਉੱਠ ਰਹੇ ਹਨ ਕਿ ਆਖਿਰ ਇਹ ਮਾਮਲਾ ਕੀ ਸੀ—ਡਰਾਮਾ ਜਾਂ ਹਕੀਕਤ।
ਉਨ੍ਹਾਂ ਕਿਹਾ ਕਿ 72 ਘੰਟਿਆਂ ਦਾ ਸਮਾਂ ਦੇਣ ਦੇ ਬਾਵਜੂਦ ਵੀ ਜਦੋਂ ਕੋਈ ਸਪਸ਼ਟੀਕਰਨ ਸਾਹਮਣੇ ਨਹੀਂ ਆਇਆ ਤਾਂ ਸਿੱਖ ਸੰਗਤਾਂ, ਧਾਰਮਿਕ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਨੇ ਮਜਬੂਰਨ ਮੁੱਖ ਮੰਤਰੀ ਦੇ ਘਰ ਜਾਣ ਦਾ ਪ੍ਰੋਗਰਾਮ ਬਣਾਇਆ। ਆਗੂਆਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਨੇ ਚੰਡੀਗੜ੍ਹ ਜਾਣ ਦੇ ਰਾਹ ਬੰਦ ਕਰਕੇ ਆਪਣੀ ਬਦਮਾਸ਼ੀ ਵਿਖਾਈ ਅਤੇ ਪ੍ਰਸ਼ਾਸਨ ਵੱਲੋਂ ਵੱਡੇ ਬੈਰੀਕੇਡ ਲਗਾ ਕੇ ਸੰਗਤਾਂ ਨੂੰ ਅੱਗੇ ਵਧਣ ਤੋਂ ਰੋਕਿਆ ਗਿਆ।

ਆਗੂਆਂ ਨੇ ਇਹ ਵੀ ਸਵਾਲ ਉਠਾਇਆ ਕਿ ਕੀ ਮੁੱਖ ਮੰਤਰੀ ਨੇ ਗੜਗੱਜ ਸਾਹਿਬ ਅੱਗੇ ਸੰਵਿਧਾਨ, ਕਾਨੂੰਨ ਅਤੇ ਜਮਹੂਰੀਅਤ ਵੇਚ ਦਿੱਤੀ ਹੈ? ਉਨ੍ਹਾਂ ਕਿਹਾ ਕਿ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਵਿੱਚ ਸੋਧ ਕਰਕੇ ਸਖ਼ਤ ਕਾਨੂੰਨ ਬਣਾਉਣ ਵਿੱਚ ਵੀ ਪੰਜਾਬ ਸਰਕਾਰ ਦੇਰੀ ਕਰ ਰਹੀ ਹੈ। ਇਸ ਦੇ ਨਾਲ ਹੀ 328 ਪਾਵਨ ਸਰੂਪਾਂ ਦੇ ਸੰਵੇਦਨਸ਼ੀਲ ਮਸਲੇ, ਸਿੱਖ ਇਤਿਹਾਸ ਦੀ ਹਿੰਦੀ ਕਿਤਾਬ ‘ਤੇ ਦਰਜ ਐਫ.ਆਈ.ਆਰ. ਅਤੇ ਬਹਿਬਲ ਕਲਾਂ ਗੋਲੀਕਾਂਡ ਤੇ ਬਰਗਾੜੀ ਬੇਅਦਬੀ ਕਾਂਡ ਦੇ ਇਨਸਾਫ ਵਿੱਚ ਹੋ ਰਹੀ ਦੇਰੀ ‘ਤੇ ਵੀ ਉਨ੍ਹਾਂ ਨੇ ਗੰਭੀਰ ਸਵਾਲ ਖੜੇ ਕੀਤੇ।
ਉਨ੍ਹਾਂ ਕਿਹਾ ਕਿ ਸੰਗਤ ਜਾਣਨਾ ਚਾਹੁੰਦੀ ਹੈ ਕਿ ਕੀ ਸ੍ਰੋਮਣੀ ਕਮੇਟੀ ਚੋਣਾਂ, ਗੁਰਦੁਆਰਾ ਜੁਡੀਸ਼ਲ ਕਮਿਸ਼ਨ, ਗੁਰਦੁਆਰਾ ਚੋਣ ਕਮਿਸ਼ਨ, ਗੁਰੂ ਕੀਆਂ ਜ਼ਮੀਨਾਂ, ਜਾਇਦਾਦਾਂ ਅਤੇ ਵਿਰਾਸਤਾਂ ਬਾਰੇ ਕੋਈ ਸਮਝੌਤਾ ਕੀਤਾ ਗਿਆ ਸੀ। ਇਸੇ ਤਰ੍ਹਾਂ ਨਕੋਦਰ ਗੋਲੀਕਾਂਡ, ਭਾਈ ਜਸਵੰਤ ਸਿੰਘ ਖਾਲੜਾ, ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ, ਬੰਦੀ ਸਿੰਘਾਂ ਦੀ ਰਿਹਾਈ, ਨਸ਼ਾ, ਕਰਜ਼ਾ ਮੁਕਤੀ ਅਤੇ ਨਕਲੀ ਮੁਕਾਬਲਿਆਂ ਵਰਗੇ ਮਸਲਿਆਂ ‘ਤੇ ਵੀ ਲੋਕਾਂ ਦੇ ਮਨ ਵਿੱਚ ਚਿੰਤਾ ਵਧ ਰਹੀ ਹੈ।

ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਦੀ ਚੁੱਪ ਨੂੰ ਜਿੱਥੇ ਧੋਖਾ ਸਮਝਿਆ ਜਾਵੇਗਾ ਉੱਥੇ ਇਸ ਦੇ ਖਿਲਾਫ ਮੁਹਿੰਮ ਵੀ ਚਲਾਈ ਜਾਵੇਗੀ ਅਤੇ ਇਨਸਾਫ ਮਿਲਣ ਤੱਕ ਇਹ ਸੰਘਰਸ਼ ਜਾਰੀ ਰਹੇਗਾ।
ਇਸ ਮੌਕੇ ਗੁਰਦੁਆਰਾ ਅੰਬ ਸਾਹਿਬ ਤੋਂ ਅਰਦਾਸ ਕਰਕੇ ਪੈਦਲ ਮਾਰਚ ਸ਼ੁਰੂ ਕੀਤਾ ਗਿਆ, ਪਰ ਪ੍ਰਸ਼ਾਸਨ ਨੇ ਕੌਮੀ ਇਨਸਾਫ ਮੋਰਚੇ ਕੋਲ ਵੱਡੇ ਬੈਰੀਕੇਡ ਲਗਾ ਕੇ ਸੰਗਤਾਂ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ। ਉੱਥੇ ਹੋਈ ਸਭਾ ਦੌਰਾਨ ਵੱਖ-ਵੱਖ ਆਗੂਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਮੁੱਖ ਮੰਤਰੀ ਪੰਜਾਬ ਨੂੰ ਭਗੌੜਾ ਕਰਾਰ ਦਿੰਦਿਆਂ ਐਲਾਨ ਕੀਤਾ ਕਿ ਅਗਲਾ ਪ੍ਰੋਗਰਾਮ ਗਿ. ਕੁਲਦੀਪ ਸਿੰਘ ਗੜਗੱਜ ਕੋਲ ਜਾ ਕੇ ਸਪਸ਼ਟੀਕਰਨ ਮੰਗਣ ਦਾ ਹੋਵੇਗਾ, ਜਿਸ ਦੀ ਤਰੀਖ਼ ਅਗਲੇ ਦਿਨਾਂ ਵਿੱਚ ਐਲਾਨੀ ਜਾਵੇਗੀ।
ਇਸ ਮੌਕੇ ਭਾਈ ਅਵਤਾਰ ਸਿੰਘ ਖਾਲਸਾ, ਭਾਈ ਨਿਰਮਲ ਸਿੰਘ, ਭਾਈ ਕੁਲਦੀਪ ਸਿੰਘ ਚੰਡੀਗੜ੍ਹ, ਭਾਈ ਗੁਰਬਖਸ਼ ਸਿੰਘ, ਭਾਈ ਬਲਰਾਜ ਸਿੰਘ ਫਰੀਦਕੋਟ, ਭਾਈ ਸਰਬਜੀਤ ਸਿੰਘ ਪਟਿਆਲਾ, ਭਾਈ ਗੁਰਜੀਤ ਸਿੰਘ

ਬਰਨਾਲਾ, ਭਾਈ ਸਿਮਰਨ ਸਿੰਘ ਸਕੱਤਰ, ਭਾਈ ਹਰਪ੍ਰੀਤ ਸਿੰਘ ਮੱਖੂ, ਭਾਈ ਹਰਪਾਲ ਸਿੰਘ ਮੱਖੂ, ਭਾਈ ਹਰਮਨਜੀਤ ਸਿੰਘ ਬਾਜਵਾ, ਭਾਈ ਕੁਲਵੰਤ ਸਿੰਘ ਖੱਟੜਾ, ਭਾਈ ਅਮਨਪ੍ਰੀਤ ਸਿੰਘ ਮਹੱਦੀਪੁਰ, ਭਾਈ ਸਤਵੰਤ ਸਿੰਘ ਵੇਰਕਾ, ਭਾਈ ਬਲਵਿੰਦਰ ਸਿੰਘ ਮਕਬੂਲਪੁਰਾ, ਭਾਈ ਹਰਦੇਵ ਸਿੰਘ ਛਹੇਰਾਟਾ, ਭਾਈ ਜਸਵੰਤ ਸਿੰਘ ਮਰਗਿੰਦਪੁਰਾ, ਬੀਬੀ ਗੁਰਦੇਵ ਕੌਰ, ਭਾਈ ਪਰਮਜੀਤ ਸਿੰਘ ਚੰਡੀਗੜ੍ਹ, ਰਾਮ ਸਿੰਘ ਬੀ.ਕੇ.ਯੂ., ਅਵਤਾਰ ਸਿੰਘ ਬੀ.ਕੇ.ਯੂ., ਭਾਈ ਪ੍ਰਮਬੀਰ ਸਿੰਘ ਬੀ.ਕੇ.ਯੂ., ਲਵਪ੍ਰੀਤ ਸਿੰਘ ਬੀ.ਕੇ.ਯੂ., ਬਾਬਾ ਮੋਹਨ ਸਿੰਘ, ਬਾਬਾ ਦਿਲਬਾਗ ਸਿੰਘ, ਭਾਈ ਬਿੰਦਰ ਸਿੰਘ ਕੰਗ, ਭਾਈ ਸਾਹਿਬ ਸਿੰਘ, ਭਾਈ ਅਮਰੀਕ ਸਿੰਘ ਸੁਲਤਾਨਪੁਰ, ਭਾਈ ਕਰਮਜੀਤ ਸਿੰਘ ਸਵਾਲ, ਪਰਮਜੀਤ ਸਿੰਘ ਖਹਿਰਾ, ਗੁਰਦੀਪ ਸਿੰਘ ਕਰਾ, ਬੀਬੀ ਗੁਰਜਿੰਦਰ ਕੌਰ ਮੁੰਡੀ, ਭਾਈ ਨਵਦੀਪ ਸਿੰਘ ਰਾਮਪੁਰਾ, ਭਾਈ ਮਨਜੀਤ ਸਿੰਘ, ਹੈਪੀ ਸਿੰਘ, ਸੈਨੀ ਚੰਡੀਗੜ੍ਹ, ਪਵਨ ਕੁਮਾਰ, ਬਲਰਾਜ ਸਿੰਘ, ਅਮਰੀਕ ਸਿੰਘ ਖੋਸੇ, ਦਿਲਜੀਤ ਸਿੰਘ ਖੋਸੇ, ਗੁਰਵਿੰਦਰ ਸਿੰਘ ਖੋਸੇ, ਇੱਕ ਨੂਰ ਸਿੰਘ ਤਲਵੰਡੀ, ਜਸਵਿੰਦਰ ਸਿੰਘ ਤਲਵੰਡੀ, ਜਗਰੂਪ ਸਿੰਘ ਖੋਸਾ, ਲਵਪ੍ਰੀਤ ਸਿੰਘ ਖੋਸਾ ਸਮੇਤ ਵੱਖ-ਵੱਖ ਸਿੱਖ, ਕਿਸਾਨ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ।
Leave a Reply