ਲਾਪਤਾ 328 ਸਰੂਪਾਂ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਸਿੱਖ ਜਥੇਬੰਦੀਆਂ ਨੇ ਪੁਲਿਸ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ

ਲਾਪਤਾ 328 ਸਰੂਪਾਂ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਸਿੱਖ ਜਥੇਬੰਦੀਆਂ ਨੇ ਪੁਲਿਸ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ

ਜੇ ਇਨਸਾਫ਼ ਨਾ ਮਿਲਿਆ ਤਾਂ ਚੁੱਪ ਨਹੀਂ ਬੈਠਾਂਗੇ : ਸੁਖਜੀਤ ਸਿੰਘ/ਰਣਜੀਤ ਸਿੰਘ/ਤਰਲੋਚਨ ਸਿੰਘ 

ਅੰਮ੍ਰਿਤਸਰ, 24 ਦਸੰਬਰ ,ਕੰਵਰ ਪ੍ਰਤਾਪ ਸਿੰਘ 
 

ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ, ਸਿੱਖ ਸਦਭਾਵਨਾ ਦਲ ਤੇ ਹੋਰ ਜਥੇਬੰਦੀਆਂ ਦੇ ਆਗੂਆਂ ਵੱਲੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ ਜਿਸ ਵਿੱਚ ਲਾਪਤਾ 328 ਪਾਵਨ ਸਰੂਪਾਂ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਗਈ। ਇਸ ਮੌਕੇ ਸਤਿਕਾਰ ਕਮੇਟੀ ਦੇ ਪ੍ਰਧਾਨ ਭਾਈ ਸੁਖਜੀਤ ਸਿੰਘ ਖੋਸੇ, ਭਾਈ ਤਰਲੋਚਨ ਸਿੰਘ ਸੋਹਲ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਨਿਸ਼ਾਨ ਸਿੰਘ ਸਿਆਲਕਾ ਤੇ ਭਾਈ ਸਰੂਪ ਸਿੰਘ ਭੁੱਚਰ ਨੇ ਸਾਂਝੇ ਤੌਰ ਤੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚੋਂ ਜੋ 328 ਸਰੂਪ ਲਾਪਤਾ ਹੋਏ ਸਨ ਉਹਨਾਂ ਦੋਸ਼ੀਆਂ 'ਤੇ ਪਰਚਾ ਕਰਵਾਉਣ ਲਈ ਸਿੱਖ ਕੌਮ ਨੂੰ ਪੰਜ ਸਾਲ ਸੰਘਰਸ਼ ਕਰਨਾ ਪਿਆ। ਹੁਣ ਜਦੋਂ ਹਾਈਕੋਰਟ ਦੇ ਆਦੇਸ਼ਾਂ ਅਤੇ ਭਾਈ ਬਲਦੇਵ ਸਿੰਘ ਵਡਾਲਾ ਦੇ ਯਤਨਾਂ ਸਦਕਾ ਪਰਚਾ ਦਰਜ ਹੋ ਚੁੱਕਾ ਹੈ ਤਾਂ ਪੁਲਿਸ ਪ੍ਰਸ਼ਾਸਨ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਿਉਂ ਨਹੀਂ ਕਰ ਰਿਹਾ ? ਉਹਨਾਂ ਕਿਹਾ ਕਿ ਸਰਕਾਰ ਸਿਰਫ 'ਗੋਂਗਲੂਆਂ ਤੋਂ ਮਿੱਟੀ ਹੀ ਨਾ ਝਾੜੇ' ਸਗੋਂ ਦੋਸ਼ੀਆਂ ਉੱਤੇ ਕਾਰਵਾਈ ਕਰਕੇ ਸਿੱਖ ਕੌਮ ਨੂੰ ਇਨਸਾਫ ਦਿਵਾਵੇ। ਉਹਨਾਂ ਕਿਹਾ ਕਿ ਨਵੀਂ ਬਣੀ ਸਿੱਟ ਇਸ ਮਾਮਲੇ ਨੂੰ ਲਮਕਾਵੇ ਨਾ, ਕਿਉਂਕਿ ਸਿੱਖ ਕੌਮ ਨੇ ਅੱਗੇ ਹੀ ਬਹੁਤ ਸੰਤਾਪ ਝੱਲਿਆ ਹੈ। ਆਗੂਆਂ ਨੇ ਕਿਹਾ ਕਿ ਜਿਵੇਂ ਬਾਦਲਾਂ ਨੇ ਬਰਗਾੜੀ ਕਾਂਡ ਦੇ ਦੋਸ਼ੀ ਬਚਾਏ ਉਸੇ ਤਰ੍ਹਾਂ ਸ਼੍ਰੋਮਣੀ ਕਮੇਟੀ 328 ਸਰੂਪਾਂ ਦੇ ਦੋਸ਼ੀਆਂ ਨੂੰ ਬਚਾਉਣ ਲਈ ਪੂਰਾ ਜ਼ੋਰ ਲਾ ਰਹੀ ਹੈ। ਸ਼੍ਰੋਮਣੀ ਕਮੇਟੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਭੁੱਲ ਚੁੱਕਾ ਹੈ ਤੇ ਉਹ ਬਾਦਲ ਪਰਿਵਾਰ ਦੀ ਸਿਆਸਤ ਅਧੀਨ ਹੋ ਕੇ ਗਲਤ ਬਿਆਨਬਾਜ਼ੀ ਕਰ ਰਹੀ ਹੈ। ਆਗੂਆਂ ਨੇ ਇਹ ਵੀ ਕਿਹਾ ਕਿ 328 ਪਾਵਨ ਸਰੂਪਾਂ ਦਾ ਇਨਸਾਫ ਮੰਗਦੇ ਪੰਥਕ ਜਥੇਬੰਦੀਆਂ ਦੇ ਆਗੂਆਂ ਤੇ ਸੰਗਤਾਂ ਉੱਤੇ 24 ਅਕਤੂਬਰ 2020 ਸ਼੍ਰੋਮਣੀ ਕਮੇਟੀ ਨੇ ਤਸ਼ੱਦਦ ਕੀਤਾ ਅਤੇ ਉਨ੍ਹਾਂ ਦੇ ਕੇਸਾਂ, ਕਕਾਰਾਂ ਤੇ ਦਸਤਾਰਾਂ ਦੀ ਬੇਅਦਬੀ ਕੀਤੀ ਤੇ ਉਲਟਾ ਜਥੇਬੰਦੀਆਂ ਦੇ ਆਗੂਆਂ ਉੱਤੇ ਪਰਚੇ ਦਰਜ ਕਰਵਾ ਦਿੱਤੇ ਗਏ। 

ਭਾਈ ਸੁਖਜੀਤ ਸਿੰਘ ਖੋਸੇ ਨੇ ਕਿਹਾ ਕਿ ਉਸ ਉੱਤੇ ਤਾਂ 302 ਦੇ ਦੋ ਪਰਚੇ ਦਰਜ ਕੀਤੇ ਹਨ‌। ਉਹਨਾਂ ਸਮੇਤ ਬਾਕੀ ਸਾਰੇ ਸਿੰਘਾਂ ਉੱਤੇ ਕੀਤੇ ਪਰਚੇ ਤੁਰੰਤ ਰੱਦ ਕੀਤੇ ਜਾਣ ਅਤੇ ਸਿੰਘਾਂ-ਸਿੰਘਣੀਆਂ ਦੀ ਮਾਰ ਕੁਟਾਈ ਕਰਨ ਵਾਲੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਥੇਬੰਦੀਆਂ ਦੇ ਆਗੂਆਂ ਨੇ ਇਹ ਵੀ ਕਿਹਾ ਸੰਗਤਾਂ ਨੂੰ ਇਹ ਵੀ ਦੱਸਿਆ ਜਾਵੇ ਕਿ ਪਾਵਨ ਸਰੂਪ ਕੀਹਨੇ, ਕੀਹਨੂੰ ਅਤੇ ਕਿਸ ਦੇ ਕਹਿਣ ਉੱਤੇ ਕਿੱਥੇ ਦਿੱਤੇ, ਹੁਣ ਉਹ ਪਾਵਨ ਸਰੂਪ ਕਿਹੜੇ ਹਲਾਤਾਂ 'ਚ ਹਨ। ਉਹਨਾਂ ਕਿਹਾ ਕਿ 328 ਦੇ ਦੋਸ਼ੀਆਂ ਖ਼ਿਲਾਫ਼ ਅਜੇ ਤੱਕ ਕੋਈ ਠੋਸ ਕਾਰਵਾਈ ਨਹੀ ਹੋਈ। ਇਸ ਗੰਭੀਰ ਮਾਮਲੇ ਵਿੱਚ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸ਼ੁਰੂ ਤੋਂ ਹੀ ਬਹੁਤ ਢਿੱਲ ਵਰਤੀ ਜਾ ਰਹੀ ਹੈ, ਜਿਸ ਕਾਰਨ ਦੋਸ਼ੀ ਖੁੱਲ੍ਹੇ ਘੁੰਮ ਰਹੇ ਹਨ। ਉਹਨਾਂ ਕਿਹਾ ਕਿ ਜੇ ਦੋਸ਼ੀਆਂ ਦੀ ਜਲਦੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਤਾਂ ਉਹ ਬਾਹਰੋਂ ਜਮਾਨਤ ਕਰਵਾ ਕੇ ਕਾਨੂੰਨ ਦੀ ਪਕੜ ਤੋਂ ਬਚ ਨਿਕਲਣਗੇ। ਸਤਿਕਾਰ ਕਮੇਟੀ ਨੇ ਸਪੱਸ਼ਟ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਕਿ ਜੇ ਪੁਲਿਸ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਪ੍ਰਸ਼ਾਸਨਿਕ ਦਫ਼ਤਰਾਂ ਦੇ ਬਾਹਰ ਧਰਨਾ-ਪ੍ਰਦਰਸ਼ਨ ਕੀਤਾ ਜਾਵੇਗਾ। ਇਹ ਮਾਮਲਾ ਸਿੱਧਾ ਧਾਰਮਿਕ ਭਾਵਨਾਵਾਂ ਨਾਲ ਸਬੰਧਤ ਹੈ ਅਤੇ ਇਸ ’ਤੇ ਕੋਈ ਵੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਇਹ ਪੱਤਰ ਕਮਿਸ਼ਨਰ ਦੀ ਗੈਰ ਹਾਜਰੀ ਵਿੱਚ ਡੀਸੀਪੀ ਅਤੇ ਸਿੱਟ ਦੇ ਮੈਂਬਰ ਰਵਿੰਦਰ ਸਿੰਘ ਸੰਧੂ ਨੂੰ ਸੌਂਪਿਆ ਗਿਆ। ਇਸ ਮੌਕੇ ਭਾਈ ਨਿਸ਼ਾਨ ਸਿੰਘ ਸਿਆਲਕਾ, ਭਾਈ ਸਰੂਪ ਸਿੰਘ ਭੁੱਚਰ, ਭਾਈ ਕੁਲਦੀਪ ਸਿੰਘ ਮੋਦੇ, ਧੀਰ ਸਿੰਘ, ਸਰਬਜੀਤ ਸਿੰਘ, ਰਣਜੀਤ ਸਿੰਘ ਗ਼ਦਰਜਾਦਾ, ਅਵਤਾਰ ਸਿੰਘ ਪਿੱਪਲੀ, ਜਸਪਾਲ ਸਿੰਘ ਸੁਲਤਾਨਪੁਰ, ਅਮਰੀਕ ਸਿੰਘ ਮੱਤਾ, ਕਰਮਜੀਤ ਸਿੰਘ ਬੱਚੀਵਿੰਡ, ਜਗਜੀਤ ਸਿੰਘ ਬੱਚੀਵਿੰਡ, ਸਤਨਾਮ ਸਿੰਘ ਸਮਸਾ, ਗੁਰਨਾਮ ਸਿੰਘ ਬੋਝਾ, ਪਾਲ ਸਿੰਘ ਬੋਝਾ, ਭਾਈ ਅਮਨਪ੍ਰੀਤ ਸਿੰਘ ਮਹੱਦੀਪੁਰ, ਭਾਈ ਨਿਸ਼ਾਨ ਸਿੰਘ ਮਹੱਦੀਪੁਰ, ਗਗਨਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਗੁਰਮੀਤ ਸਿੰਘ ਪਹੁਵਿੰਡ, ਹਰਦੇਵ ਸਿੰਘ ਛੇਹਰਟਾ, ਗੁਰਬਖਸ਼ ਸਿੰਘ ਮੁੱਛਲ, ਸਤਵੰਤ ਸਿੰਘ ਵੇਰਕਾ ਆਦਿ ਹਾਜ਼ਰ ਸਨ।

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.