ਖਾਲੜਾ ਮਿਸ਼ਨ ਦੀ ਹਾਈਕੋਰਟ ਦੇ ਮੁੱਖ ਜੱਜ ਨੂੰ ਅਪੀਲ- ਗੁਰਦਾਸਪੁਰ ਝੂਠੇ ਮੁਕਾਬਲੇ ਸਬੰਧੀ ਖੁਦ ਦੀ ਪਹਿਲ 'ਤੇ (ਸਿਓ ਮੋਟੋ) ਲਓ ਨੋਟਿਸ

ਖਾਲੜਾ ਮਿਸ਼ਨ ਦੀ ਹਾਈਕੋਰਟ ਦੇ ਮੁੱਖ ਜੱਜ ਨੂੰ ਅਪੀਲ- ਗੁਰਦਾਸਪੁਰ ਝੂਠੇ ਮੁਕਾਬਲੇ ਸਬੰਧੀ ਖੁਦ ਦੀ ਪਹਿਲ 'ਤੇ (ਸਿਓ ਮੋਟੋ) ਲਓ ਨੋਟਿਸ

ਸੰਵਿਧਾਨ ਕਾਨੂੰਨ ਦੀਆਂ ਧੱਜੀਆਂ ਉਡਾਕੇ ਹੋ ਰਹੇ ਝੂਠੇ ਮੁਕਾਬਲਿਆਂ ਦੀ ਨਿਰਪੱਖ ਪੜ੍ਹਤਾਲ ਕਰਾਓ- ਝੂਠੇ


ਮੁਕਾਬਲਿਆਂ ਦੇ ਹਾਮੀਆਂ ਤੋਂ ਪੰਜਾਬ ਬਚਾਓ।


ਟਾਂਗਰਾ, ਸੁਰਜੀਤ ਸਿੰਘ ਖ਼ਾਲਸਾ 

ਅੱਜ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇੰਨਸਾਫ ਸੰਘਰਸ਼ ਕਮੇਟੀ ਨੇ ਮੁੱਖ ਜੱਜ, ਪੰਜਾਬ ਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਨੂੰ ਖੁਦ ਦੀ ਪਹਿਲ 'ਤੇ (ਸਿਓ ਮੋਟੋ) ਨੋਟਿਸ ਲੈਣ ਲਈ ਬੇਨਤੀ ਕੀਤੀ ਹੈ । 
ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਬਾਬਾ ਦਰਸ਼ਨ ਸਿੰਘ ,ਸਤਵਿੰਦਰ ਸਿੰਘ ਪਲਾਸੌਰ , ਵਿਰਸਾ ਸਿੰਘ ਬਹਿਲਾ ,
ਬੌਬੀ ਕੁਮਾਰ , ਦਲਬੀਰ ਸਿੰਘ ਭੀਲੋਵਾਲ ਵੱਲੋਂ ਮੁੱਖ ਜੱਜ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ  ਜੱਜ ਸਾਹਿਬ, ਪੰਜਾਬ ਅੰਦਰ ਸੰਵਿਧਾਨ ਕਾਨੂੰਨ ਦੀਆਂ ਧੱਜੀਆਂ ਉਡਾਕੇ ਝੂਠੇ ਮੁਕਾਬਲਿਆਂ ਦਾ ਸਿਲਸਿਲਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ
ਅਤੇ ਦੁੱਖ ਦੀ ਗੱਲ ਹੈ ਕਿ ਰਾਜ ਭਾਗ 'ਤੇ ਕਾਬਜ਼ ਹੋਣ ਵਾਲੀਆਂ ਸਾਰੀਆਂ ਧਿਰਾਂ ਝੂਠੇ ਮੁਕਾਬਲਿਆਂ ਨੂੰ ਜਾਇਜ਼ ਠਹਿਰਾ ਰਹੀਆਂ ਹਨ। ਸਿੱਖ ਪੰਥ ਤਾਂ ਸ਼੍ਰੀ ਦਰਬਾਰ ਸਾਹਿਬ 'ਤੇ ਹੋਏ ਫੌਜੀ ਹਮਲੇ ਸਮੇਂ ਕੀਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਤਲੇਆਮ ਦੀ ਪੜ੍ਹਤਾਲ ਮੰਗ ਕਰ ਰਿਹਾ ਹੈ। ਪੰਜਾਬ ਦੇ ਚੱਪੇ-ਚੱਪੇ ਤੇ ਹੋਏ 25 ਹਜ਼ਾਰ ਨਿਰਦੋਸ਼ ਸਿੱਖਾਂ ਨੂੰ ਝੂਠੇ ਮੁਕਾਬਲਿਆਂ ਵਿੱਖ ਖਤਮ ਕਰਕੇ ਉਨ੍ਹਾਂ ਦੀਆਂ ਮਿਰਤਕ ਦੇਹਾਂ ਨੂੰ ਲਾਵਾਰਸ ਤੇ ਅਣਪਛਾਤਿਆਂ ਕਰਾਰ ਦੇ ਕੇ ਕੀਤੇ ਸਸਕਾਰਾਂ ਦੀ ਪੜ੍ਹਤਾਲ ਮੰਗ ਰਿਹਾ ਹੈ। ਪਰ ਅਫਸੋਸ ਕਿ ਸਰਕਾਰਾਂ ਬਦਲੀਆਂ, ਪਰ ਝੂਠੇ ਮੁਕਾਬਲਿਆਂ ਦਾ ਸਿਲਸਿਲਾ ਨਹੀਂ ਬਦਲਿਆ ਅਤੇ ਨਾ ਹੀ ਝੂਠੇ ਮੁਕਾਬਲਿਆਂ ਦੀਆਂ ਝੂਠੀਆਂ ਕਹਾਣੀਆਂ ਬਦਲੀਆਂ ਹਨ । ਝੂਠੇ ਵਿਕਾਸ ਤੇ ਝੂਠੇ ਇੰਨਸਾਫ ਦੀਆਂ ਹਾਮੀ ਇਹ ਰਾਜਨੀਤਿਕ ਧਿਰਾਂ ਸਿੱਖੀ ਨਾਲ ਦੁਸ਼ਮਣੀ ਨਹੀਂ ਛੱਡ ਰਹੀਆਂ। ਸਿੱਖੀ ਦੀ ਸਰਬੱਤ ਦੇ ਭਲੇ ਦੀ, ਮਨੁੱਖੀ ਬਰਾਬਰਤਾ, ਜ਼ੁਲਮ ਦੀ ਵਿਰੋਧਤਾ ਦੀ ਸੇਧ ਇੰਨ੍ਹਾਂ ਕੋਲੋਂ ਬਰਦਾਸ਼ਤ ਨਹੀਂ ਹੋ ਰਹੀ। ਪੰਜਾਬ ਦੇ ਲੋਕਾਂ ਨੂੰ ਤੇ ਦੇਸ਼ ਦੇ ਲੋਕਾਂ ਨੂੰ ਵੰਨ-ਸੁਵੰਨੇ ਨਾਅਰਿਆਂ ਜਿਵੇਂ- ਸਭਕਾ ਸਾਥ- ਸਭ ਕਾ ਵਿਕਾਸ, ਗਰੀਬ ਹਟਾਓ, ਰਾਜ ਨਹੀਂ ਸੇਵਾ, ਪੰਜਾਬ ਬਚਾਓ, ਨਵਾਂ ਪੰਜਾਬ, ਰੰਗਲਾ ਪੰਜਾਬ, ਯੁੱਧ ਨਸ਼ਿਆਂ ਵਿਰੁੱਧ, ਰਾਂਹੀ ਰਾਜਨੀਤਿਕ ਰੂਪ ਵਿੱਚ ਠੱਗਿਆ ਜਾਂਦਾ ਹੈ। ਗੁਰਦਾਸਪੁਰ ਜ਼ਿਲ੍ਹੇ ਅੰਦਰ ਆਈਆਂ ਖਬਰਾਂ ਮੁਤਾਬਕ ਏ.ਐਸ.ਆਈ. ਗੁਰਨਾਮ ਸਿੰਘ ਤੇ ਹੋਮਗਾਰਡ ਦੇ ਜਵਾਨ ਅਸ਼ੋਕ ਕੁਮਾਰ ਮਿਰਤਕ ਪਾਏ ਗਏ ਸਨ। ਸੂਬੇ ਦੇ ਮੁੱਖ ਮੰਤਰੀ ਨੇ ਪਹਿਲਾਂ ਕਿਹਾ ਕਿ ਇਹ ਘਟਨਾ ਆਪਸੀ ਤਕਰਾਰ ਦਾ ਸਿੱਟਾ ਲੱਗਦੀ ਹੈ।

 ਬਾਅਦ ਵਿੱਚ ਫਿਰ ਸੂਬੇ ਦੇ ਮੁੱਖ ਮੰਤਰੀ ਨੇ ਬਿਆਨ ਦੇ ਦਿੱਤਾ ਕਿ ਪਾਕਿਸਤਾਨ ਦੀ ਆਈ.ਐਸ.ਆਈ. ਨੇ ਇਹ ਕਾਰਾ ਨੌਜਵਾਨਾਂ ਕੋਲੋਂ ਕਰਵਾਇਆ ਹੈ। ਪੰਜਾਬ ਦੀ ਪੁਲੀਸ ਵੱਲੋਂ ਡੀ.ਆਈ.ਜੀ. ਸੰਦੀਪ ਗੋਇਲ ਨੇ ਦੱਸਿਆ ਹੈ ਕਿ ਪੰਜਾਬ ਪੁਲੀਸ ਨੇ ਕੇਸ ਹੱਲ ਕਰ ਲਿਆ ਹੈ। ਕੁਝ ਘੰਟਿਆਂ ਵਿੱਚ ਹੀ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਆਈ.ਐਸ.ਆਈ. ਨੇ ਤਿੰਨ ਨੌਜਵਾਨਾਂ ਨੂੰ 4 ਲੱਖ ਰੁਪਏ ਦੇਣੇ ਸਨ। ਪੁਲੀਸ ਨੇ ਰਣਜੀਤ ਸਿੰਘ, ਦਿਲਾਵਰ ਸਿੰਘ ਉਮਰ 19 ਕੁ ਸਾਲ ਨੂੰ ਗ੍ਰਿਫਤਾਰ ਕਰਕੇ ਥਾਣੇ ਖੜਿਆ। ਪਹਿਲਾਂ ਵਾਂਗ ਹੀ ਘੜੀ ਗਈ ਕਹਾਣੀ
ਮੁਤਾਬਿਕ ਰਣਜੀਤ ਸਿੰਘ ਨੂੰ ਜਦੋਂ ਹਥਿਆਰਾਂ ਦੀ ਬਰਾਮਦਗੀ ਲਈ ਲਿਜਾਇਆ ਜਾ ਰਿਹਾ ਸੀ ਤਾਂ ਪੁਲੀਸ ਦੀ ਗੱਡੀ ਉਲਟ ਗਈ। ਰਣਜੀਤ ਸਿੰਘ ਫਰਾਰ ਹੋ ਗਿਆ । ਬਾਅਦ ਵਿੱਚ ਰਣਜੀਤ ਸਿੰਘ ਨੂੰ ਮੋਟਰ ਸਾਈਕਲ ਤੇ ਆਉਂਦਿਆਂ ਵੇਖਿਆ। ਗੋਲੀਆਂ ਚੱਲੀਆਂ ਰਣਜੀਤ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਹ ਮਰ ਗਿਆ । ਬਾਅਦ ਵਿੱਚ ਸੰਦੀਪ ਗੋਇਲ ਡੀ.ਆਈ.ਜੀ. ਪੰਜਾਬ ਪੁਲਿਸ ਨੇ ਕਿਹਾ ਕਿ ਸਾਡੀ ਪੁਲੀਸ ਵਾਲੇ ਦੇ ਵੀ ਗੋਲੀ ਲੱਗ ਗਈ ਹੈ। ਪਰਿਵਾਰ ਇਸ ਮੁਕਾਬਲੇ ਨੂੰ ਝੂਠਾ ਦੱਸ ਰਿਹਾ ਹੈ। ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀ ਦਖਲ ਅੰਦਾਜ਼ੀ ਕਰੋ ਅਤੇ ਖੁਦ ਦੀ ਪਹਿਲ 'ਤੇ (ਸਿਓ ਮੋਟੋ) ਨੋਟਿਸ ਲਓ ਗੁਰਦਾਸਪੁਰ ਅੰਦਰ ਹੋਏ ਝੂਠੇ ਮੁਕਾਬਲੇ ਦੀ ਹੀ ਨਹੀਂ ਸਗੋਂ ਭਗਵੰਤ ਮਾਨ ਸਰਕਾਰ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਹੋਏ ਝੂਠੇ ਮੁਕਾਬਲਿਆਂ ਦੀ ਨਿਰਪੱਖ ਪੜ੍ਹਤਾਲ ਹੋਵੇ। 25 ਹਜ਼ਾਰ ਸਿੱਖ ਨੌਜਵਾਨਾਂ ਦੇ ਪਿਛਲੇ ਸਾਲਾਂ ਵਿੱਚ ਹੋਏ ਝੂਠੇ ਮੁਕਾਬਲਿਆਂ ਦੀ ਪੜ੍ਹਤਾਲ ਲਈ ਵੱਖਰਾ ਪੜ੍ਹਤਾਲੀਆਂ ਕਮਿਸ਼ਨ ਬਣਾਇਆ ਜਾਵੇ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.