ਕੀ ਸਿੱਖ ਹੁਣ ਆਪਣੇ ਘਰਾਂ ਉੱਤੇ ਖ਼ਾਲਸਾਈ ਨਿਸ਼ਾਨ ਸਾਹਿਬ ਵੀ ਨਹੀਂ ਝੁਲਾਅ ਸਕਦੇ ?

ਕੀ ਸਿੱਖ ਹੁਣ ਆਪਣੇ ਘਰਾਂ ਉੱਤੇ ਖ਼ਾਲਸਾਈ ਨਿਸ਼ਾਨ ਸਾਹਿਬ ਵੀ ਨਹੀਂ ਝੁਲਾਅ ਸਕਦੇ ?

ਹਰਿਆਣਾ 'ਚ ਘਰ ਦੀ ਛੱਤ 'ਤੇ ਨਿਸ਼ਾਨ ਸਾਹਿਬ ਝੁਲਾਉਣਾ ਬਣਿਆ ਜੁਰਮ, ਭਾਈ ਬਗੀਚਾ ਸਿੰਘ ਰੱਤਾਖੇੜਾ ਗ੍ਰਿਫ਼ਤਾਰ ਕੀ ਸਿੱਖ ਹੁਣ ਆਪਣੇ ਘਰਾਂ ਉੱਤੇ ਖ਼ਾਲਸਾਈ ਨਿਸ਼ਾਨ ਸਾਹਿਬ ਵੀ ਨਹੀਂ ਝੁਲਾਅ ਸਕਦੇ ? ਕੀ ਭਾਰਤ ਵਿੱਚ ਇਹ ਵੀ ਜੁਰਮ ਬਣ ਚੁੱਕਾ ਹੈ ?

 ਕੀ ਸਿੱਖਾਂ ਦੇ ਨਿਸ਼ਾਨ ਸਾਹਿਬ ਤੋਂ ਵੀ ਹਿੰਦ ਹਕੂਮਤ ਨੂੰ ਖਤਰਾ ਪੈਦਾ ਹੋ ਗਿਆ ਹੈ ? ਕੀ ਹੁਣ ਖ਼ਾਲਸਾਈ ਝੰਡੇ ਝੁਲਾਉਣ 'ਤੇ ਹੀ ਕੇਸ ਝੱਲਣੇ ਪੈਣਗੇ ? ਇਹ ਸਵਾਲ ਤਾਂ ਪੁੱਛੇ ਜਾ ਰਹੇ ਹਨ ਕਿਉਂਕਿ ਹਰਿਆਣਾ ਪੁਲੀਸ ਨੇ ਇੱਕ ਪੰਥ ਦਰਦੀ ਤੇ ਸੰਘਰਸ਼ੀ ਗੁਰਸਿੱਖ ਭਾਈ ਬਗੀਚਾ ਸਿੰਘ ਰੱਤਾਖੇੜਾ (ਪਿੰਡ ਰੱਤਾਖੇੜਾ, ਸੂਬਾ ਹਰਿਆਣਾ) ਉੱਤੇ ਤਿੰਨ ਸਾਲ ਪਹਿਲਾਂ ਸੰਨ 2022 ਵਿੱਚ ਸਿਰਫ ਇਸ ਕਰਕੇ ਪਰਚਾ ਦਰਜ ਕੀਤਾ ਸੀ ਕਿਉਂਕਿ ਉਸ ਨੇ ਆਪਣੇ ਘਰ ਦੀ ਛੱਤ 'ਤੇ ਖ਼ਾਲਸਾਈ ਝੰਡਾ (ਨਿਸ਼ਾਨ ਸਾਹਿਬ) ਝੁਲਾਇਆ ਸੀ ਅਤੇ ਹੁਣ ਕੱਲ੍ਹ ਸਵੇਰੇ 7 ਵਜੇ ਕੁੱਝ ਪੁਲਸੀਏ ਭਾਈ ਬਗੀਚਾ ਸਿੰਘ ਦੇ ਘਰ ਆਏ, ਉਸ ਨਾਲ ਧੱਕੇਸ਼ਾਹੀ ਅਤੇ ਬਦਤਮੀਜ਼ੀ ਕੀਤੀ ਤੇ ਅਰੈਸਟ ਵਰੰਟ ਵਿਖਾ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਕੋਰਟ ਵਿੱਚ ਪੇਸ਼ ਕੀਤਾ ਗਿਆ। ਇਹ ਕੋਈ ਆਮ ਜਿਹੀ ਗੱਲ ਨਹੀਂ ਹੈ, ਇਸ ਨੂੰ ਹਲਕੇ 'ਚ ਨਹੀਂ ਲੈਣਾ ਚਾਹੀਦਾ, ਇਹ ਭੀੜ ਕੇਵਲ ਇੱਕ ਸਿੱਖ ਉੱਤੇ ਹੀ ਨਹੀਂ ਪਈ, ਸਿਰਫ ਭਾਈ ਬਗੀਚਾ ਸਿੰਘ ਰੱਤਾਖੇੜਾ ਨੂੰ ਡਰਾਉਣ, ਧਮਕਾਉਣ ਜਾਂ ਲਿਫਾਉਣ ਦੀ ਗੱਲ ਨਹੀਂ ਹੈ ਬਲਕਿ ਸਮੁੱਚੀ ਸਿੱਖ ਕੌਮ ਅਤੇ ਖ਼ਾਲਸਾਈ ਨਿਸ਼ਾਨ ਸਾਹਿਬ ਨੂੰ ਵੰਗਾਰ ਹੈ। ਭਾਈ ਬਗੀਚਾ ਸਿੰਘ ਰੱਤਾਖੇੜਾ ਅਨੁਸਾਰ 14 ਅਗਸਤ 2022 ਵਾਲ਼ੇ ਦਿਨ ਉਸ ਨੇ ਆਪਣੇ ਘਰ 'ਤੇ ਕੇਸਰੀ ਅਤੇ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਲਾਇਆ ਸੀ ਜਿਸ ਮਗਰੋਂ ਹਰਿਆਣਾ ਪੁਲੀਸ ਨੇ ਉਸ ਉੱਤੇ ਕੇਸ ਦਰਜ਼ ਕਰ ਦਿੱਤਾ ਸੀ। ਜਿਸ ਤੋਂ ਬਾਅਦ ਕੁਝ ਦਿਨ ਤਾਂ ਪੁਲਿਸ ਉਸ ਨੂੰ ਤੰਗ-ਪ੍ਰੇਸ਼ਾਨ ਕਰਦੀ ਰਹੀ ਪਰ ਬਾਅਦ ਵਿੱਚ ਲੰਬਾ ਸਮਾਂ ਕੋਈ ਗੱਲਬਾਤ ਨਹੀਂ ਹੋਈ, ਨਾ ਹੀ ਕਦੇ ਥਾਣੇ ਬੁਲਾਇਆ ਤੇ ਨਾ ਕੋਈ ਇਨਕੁਆਰੀ ਆਈ, ਸਗੋਂ ਇਸ ਮਾਮਲੇ ਵਿੱਚ ਉਹ ਐਸ.ਐਸ.ਪੀ. ਨੂੰ ਖੁਦ ਦਫ਼ਤਰ ਜਾ ਕੇ ਵੀ ਮਿਲੇ ਸਨ। ਭਾਈ ਬਗੀਚਾ ਸਿੰਘ ਉੱਤੇ ਪਿਆ ਕੇਸ ਰੱਦ ਕਰਨ ਦੀ ਬਜਾਏ ਉਸਨੂੰ ਅਦਾਲਤਾਂ ਵਿੱਚ ਘੜੀਸਣ ਅਤੇ ਜੇਲ੍ਹ ਵਿੱਚ ਤੁੰਨਣ ਦੀ ਕੋਸ਼ਿਸ਼ ਕੀਤੀ ਗਈ।ਭਾਈ ਬਗੀਚਾ ਸਿੰਘ ਰੱਤਾਖੇੜਾ (ਵੜੈਚ) ਨੂੰ ਮੈਂ ਪੁੱਛਿਆ ਕਿ, ਕੀ ਖ਼ਾਲਸਾਈ ਝੰਡਿਆਂ ਉੱਤੇ ਖ਼ਾਲਿਸਤਾਨ ਲਿਖਿਆ ਸੀ ? ਕਹਿੰਦੇ ਨਹੀਂ, ਕੁਝ ਨਹੀਂ ਸੀ ਲਿਖਿਆ। ਹੁਣ ਵਿਚਾਰਨ ਵਾਲ਼ੀ ਗੱਲ ਇਹ ਹੈ ਕਿ ਭਾਵੇਂ ਖ਼ਾਲਿਸਤਾਨ ਲਿਖਿਆ ਵੀ ਹੁੰਦਾ, ਪੁਲੀਸ ਫਿਰ ਵੀ ਪਰਚਾ ਨਹੀਂ ਸੀ ਕਰ ਸਕਦੀ ਕਿਉਂਕਿ ਜਦ ਭਾਰਤੀ ਅਦਾਲਤਾਂ ਖੁਦ ਮੰਨ ਚੁੱਕੀਆਂ ਹਨ ਕੀ ਤੁਸੀਂ ਖ਼ਾਲਿਸਤਾਨ ਲਿਖ ਸਕਦੇ ਹੋ, ਬੋਲ ਸਕਦੇ ਹੋ, ਸ਼ਾਂਤਮਈ ਅਤੇ ਲੋਕਤੰਤਰਿਕ ਤਰੀਕੇ ਨਾਲ਼ ਆਪਣੀ ਗੱਲ ਰੱਖ ਸਕਦੇ ਹੋ, ਵਿਚਾਰਾਂ ਨੂੰ ਪ੍ਰਗਟਾਉਣ ਦੀ ਅਜ਼ਾਦੀ ਹੈ ਲੇਕਿਨ ਹੁਣ ਫਿਰ ਸਰਕਾਰ ਨੂੰ ਖ਼ਾਲਸਾਈ ਨਿਸ਼ਾਨ ਸਾਹਿਬ ਤੋਂ ਏਨੀ ਤਕਲੀਫ਼, ਡਰ ਤੇ ਘਬਰਾਹਟ ਕਿਉਂ ਹੋ ਰਹੀ ਹੈ। ਏਨੀ ਦਹਿਸ਼ਤ ਕਿਉਂ ਪੈਦਾ ਕੀਤੀ ਜਾ ਰਹੀ ਹੈ। ਇਹ ਸੀਨਾਜ਼ੋਰੀ, ਗੁੰਡਾਗਰਦੀ, ਬਦਮਾਸ਼ੀ ਅਤੇ ਤਾਨਾਸ਼ਾਹੀ ਨਹੀਂ ਤਾਂ ਹੋਰ ਕੀ ਹੈ ? ਜੇ ਸਿੱਖ ਚੁੱਪ ਕਰਕੇ ਬੈਠੇ ਰਹੇ ਤਾਂ ਭਵਿੱਖ 'ਚ ਇਹ ਹਿੰਦੁਤਵੀ ਸਰਕਾਰ ਤਾਂ ਗੁਰਦੁਆਰਿਆਂ 'ਚ ਵੀ ਨਿਸ਼ਾਨ ਸਾਹਿਬ ਝੁਲਾਉਣ 'ਤੇ ਪਬੰਦੀ ਲਾਵੇਗੀ, ਸਿੱਖਾਂ ਉੱਤੇ ਦੇਸ਼ ਧ੍ਰੋਹ ਦੇ ਕੇਸ ਪਾਵੇਗੀ। ਸੰਨ 2019 'ਚ ਭਾਰਤੀ ਅਦਾਲਤਾਂ ਨੇ ਸਿੱਖ ਇਤਿਹਾਸ ਦੀਆਂ ਕਿਤਾਬਾਂ ਰੱਖਣ ਕਾਰਨ ਤਿੰਨ ਸਿੱਖ ਨੌਜਵਾਨਾਂ ਭਾਈ ਅਰਵਿੰਦਰ ਸਿੰਘ ਮਿੱਠਾ, ਭਾਈ ਸੁਰਜੀਤ ਸਿੰਘ ਕੈਥਲ ਅਤੇ ਭਾਈ ਰਣਜੀਤ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਸੀ। ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ 'ਚ ਸਾਡੀਆਂ ਦਸਤਾਰਾਂ ਅਤੇ ਕਕਾਰਾਂ ਉੱਤੇ ਪਬੰਦੀ ਲਗਾਉਣ ਦੀਆਂ ਅਕਸਰ ਹੀ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ, ਬੱਚਿਆਂ-ਨੌਜਵਾਨਾਂ ਦੇ ਕੜੇ-ਕਿਰਪਾਨ ਲੁਹਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਗੁਰੂ ਸਾਹਿਬਾਨਾਂ ਦੇ ਇਤਿਹਾਸ ਨੂੰ ਤੋੜ-ਮਰੋੜ ਕੇ ਹਿੰਦੂ ਰੰਗਤ ਦੇ ਕੇ ਪੇਸ਼ ਕੀਤਾ ਜਾਂਦਾ ਹੈ, ਸਾਡੀ ਸਿੱਖ ਕੌਮ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਖ਼ਿਲਾਫ਼ ਟਿੱਪਣੀਆਂ ਕੀਤੀਆਂ ਜਾਂਦੀਆਂ ਹਨ ਜੋ ਸਾਡੀ ਕੌਮ ਲਈ ਅਸਹਿ ਹਨ ਤੇ ਸਿੱਖ ਸਮੇਂ-ਸਮੇਂ 'ਤੇ ਇਹਨਾਂ ਘਟਨਾਵਾਂ, ਵਰਤਾਰਿਆਂ ਤੇ ਰੁਝਾਨਾਂ ਖ਼ਿਲਾਫ਼ ਸੰਘਰਸ਼ ਕਰਦੇ ਰਹਿੰਦੇ ਹਨ। ਬ੍ਰਾਹਮਣਵਾਦੀ/ਹਿੰਦੁਤਵੀ ਸਰਕਾਰ ਭਵਿੱਖ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਕਰਨ, ਗੁਰਬਾਣੀ ਪੜ੍ਹਨ-ਪੜ੍ਹਾਉਣ, ਅੰਮ੍ਰਿਤ ਛਕਣ-ਛਕਾਉਣ ਅਤੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਕਰਨ 'ਤੇ ਵੀ ਪਬੰਦੀ ਲਾ ਸਕਦੀ ਹੈ, ਇਸ ਲਈ ਜਾਗਣ ਦਾ ਵੇਲ਼ਾ ਹੈ। ਕੁਝ ਦਿਨ ਪਹਿਲਾਂ ਈਸਾਈਆਂ ਦੇ ਇੱਕ ਕਾਨਵੈਂਟ ਸਕੂਲ ’ਚ ਸਿੱਖ ਬੱਚੇ ਨੂੰ ਪਟਕਾ ਬੰਨ੍ਹਣ ਤੋਂ ਰੋਕਿਆ ਗਿਆ, ਜਿਸ ਖ਼ਿਲਾਫ਼ ਸਿੱਖਾਂ ਨੇ ਆਵਾਜ਼ ਉਠਾਈ ਤੇ ਪ੍ਰਿੰਸੀਪਲ ਤੋਂ ਮਾਫ਼ੀ ਮੰਗਵਾਈ। ਹਰ ਸਾਲ 14-15 ਅਗਸਤ ਨੂੰ ਆਪਣੇ ਘਰਾਂ, ਦੁਕਾਨਾਂ, ਦਫ਼ਤਰਾਂ 'ਤੇ ਖ਼ਾਲਸਾਈ ਝੰਡਾ ਝੁਲਾਉਣ ਦਾ ਸੱਦਾ ਪੰਥਕ ਜਥੇਬੰਦੀਆਂ ਵੱਲੋਂ ਦਿੱਤਾ ਜਾਂਦਾ ਹੈ ਜਿਸ ਨੂੰ ਖ਼ਾਲਸਾ ਪੰਥ ਅਤੇ ਪੰਜਾਬ ਵਾਸੀ ਸ਼ਾਨਦਾਰ ਤਰੀਕੇ ਨਾਲ਼ ਭਰਵੀਂ ਹਮਾਇਤ ਦਿੰਦੇ ਹਨ ਤੇ ‘ਖ਼ਾਲਸਾ ਬਾਗ਼ੀ ਜਾਂ ਬਾਦਸ਼ਾਹ’ ਵਾਲ਼ੀ ਫਿਤਰਤ ਦਾ ਬਾਖ਼ੂਬੀ ਪ੍ਰਗਟਾਵਾ ਕਰਦੇ ਹਨ ਜਿਸ ਨਾਲ ਸਿੱਖ ਬਾਦਸ਼ਾਹਤ ਦੇ ਡੰਕੇ ਵੱਜਦੇ ਹਨ ਜਿਸ ਕਾਰਨ ਹਿੰਦ ਹਕੂਮਤ ਬੇਚੈਨ ਹੋਈ ਪਈ ਹੈ। ਦਿੱਲੀ ਦਰਬਾਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸਿੱਖ ਕਿਸੇ ਦੀ ਅਧੀਨਗੀ ਨਹੀਂ ਕਬੂਲਦੇ, ਈਨ ਨਹੀਂ ਮੰਨਦੇ, ਅਸੀਂ ਉਹਨਾਂ ਗੁਰੂਆਂ ਦੇ ਵਾਰਸ ਹਾਂ ਜਿਨ੍ਹਾਂ ਨੇ ਨਾ ਜੰਝੂ ਪਾਇਆ ਤੇ ਨਾ ਹੀ ਧੱਕੇ ਨਾਲ਼ ਕਿਸੇ ਦਾ ਲਹਿਣ ਦਿੱਤਾ, ਫਿਰ ਤੁਸੀਂ ਧੱਕੇ ਨਾਲ਼ ਸਾਡੇ ਘਰਾਂ 'ਤੇ ਭਾਰਤੀ ਤਿਰੰਗਾ ਝੰਡਾ ਕਿਵੇਂ ਲਾ ਸਕਦੇ ਹੋ। ਅਣਖ਼ੀ ਸਿੱਖ ਭੁੱਲੇ ਨਹੀਂ ਕੀ ਜਦੋਂ ਭਾਰਤੀ ਸਟੇਟ ਨੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਜੂਨ 1984 'ਚ ਕਹਿਰੀ ਹਮਲਾ ਕੀਤਾ ਸੀ ਤਾਂ ਓਦੋਂ ਫ਼ੌਜ ਦੇ ਟੈਂਕਾਂ-ਤੋਪਾਂ ਉੱਤੇ ਏਹੀ ਤਿਰੰਗਾ ਝੰਡਾ ਝੁੱਲਦਾ ਸੀ, ਇਸ ਦੀ ਛਤਰ-ਛਾਇਆ ਹੇਠ ਨਵੰਬਰ 1984 'ਚ ਸਾਡੀ ਨਸਲਕੁਸ਼ੀ ਹੋਈ, ਝੂਠੇ ਪੁਲੀਸ ਮੁਕਾਬਲੇ ਬਣੇ ਤੇ ਅੱਜ ਵੀ ਧੱਕੇ, ਵਿਤਕਰੇ, ਬੇਇਨਸਾਫ਼ੀਆਂ ਅਤੇ ਜ਼ੁਲਮ ਜਾਰੀ ਹਨ। ਖ਼ਾਲਸਾਈ ਨਿਸ਼ਾਨ ਸਾਹਿਬ ਸਾਡੇ ਗੁਰੂ ਦਾ ਝੰਡਾ (ਨਿਸ਼ਾਨ) ਹੈ, ਜਿਸ ਨੂੰ ਸਿੱਖ ਜਾਨੋਂ ਵੱਧ ਪਿਆਰ ਕਰਦੇ ਹਨ, ਮੱਥੇ ਟੇਕਦੇ ਹਨ, ਇਸ ਦੇ ਸਤਿਕਾਰ ਲਈ ਖ਼ੂਨ ਦੀਆਂ ਨਦੀਆਂ ਵਹਾ ਦਿੰਦੇ ਹਨ। ਭਾਈ ਆਲਮ ਸਿੰਘ ਦਾ ਇਤਿਹਾਸ ਪੜ੍ਹ ਕੇ ਵੇਖ ਲਵੋ ਜਿਸ ਨੇ ਕਿਹਾ ਸੀ ਮੇਰੇ ਹੱਥ-ਪੈਰ ਵੱਢੇ ਜਾਣ ਦੇ ਬਾਵਜੂਦ ਵੀ ਇਹ ਨਿਸ਼ਾਨ ਸਾਹਿਬ ਝੁੱਲਦਾ ਰਹੇਗਾ। ਇਸੇ ਨਿਸ਼ਾਨ ਸਾਹਿਬ ਦੀ ਛਾਂ ਹੇਠ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸਰਹਿੰਦ ਦੀ ਇੱਟ ਨਾਲ਼ ਇੱਟ ਖੜਕਾਈ, ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ, ਸਿੱਖ ਮਿਸਲਾਂ ਦੇ ਸਰਦਾਰਾਂ ਨੇ ਦਿੱਲੀ ਤਖ਼ਤ ਉੱਤੇ ਇਹ ਖ਼ਾਲਸਾਈ ਨਿਸ਼ਾਨ ਸਾਹਿਬ ਗੱਡਿਆ ਸੀ, ਤੇ ਹਿੰਦੂਆਂ ਦੀਆਂ ਬਹੂ-ਬੇਟੀਆਂ ਮੁਗਲਾਂ ਤੋਂ ਬਚਾ ਕੇ ਲਿਆਂਦੀਆਂ ਸਨ। ਸਿੱਖ ਰੈਜ਼ੀਮੈਂਟਾਂ ਅਤੇ ਬਾਰਡਰਾਂ 'ਤੇ ਜਦ ਭਾਰਤੀ ਸਿੱਖ ਫ਼ੌਜੀ ਇਹ ਨਿਸ਼ਾਨ ਸਾਹਿਬ ਝੁਲਾਉਂਦੇ ਹਨ, ਕੀ ਉਹਨਾਂ ਉੱਤੇ ਵੀ ਹੁਣ ਪਰਚੇ ਦਰਜ ਹੋਣਗੇ ? ਜਦ ਭਾਰਤ 'ਚ ਕੁਦਰਤੀ ਆਫ਼ਤਾਂ ਹੜ੍ਹਾਂ-ਭੁਚਾਲਾਂ ਸਮੇਂ ਸਿੱਖ ਤੁਹਾਨੂੰ ਲੰਗਰ ਛਕਾਉਂਦੇ ਹਨ, ਰਾਸ਼ਨ ਪਹੁੰਚਾਉਂਦੇ ਹਨ, ਹਰ ਪ੍ਰਕਾਰ ਦੀ ਮਦਦ ਕਰਦੇ ਹਨ ਓਦੋਂ ਵੀ ਉਹਨਾਂ ਦੇ ਹੱਥਾਂ 'ਚ ਖ਼ਾਲਸਾਈ ਨਿਸ਼ਾਨ ਸਾਹਿਬ ਹੁੰਦੇ ਹਨ, ਅਸੀਂ ਇਥੋਂ ਹੀ ਸਰਬੱਤ ਦੇ ਭਲੇ ਦੀ ਪ੍ਰੇਰਨਾ ਲੈਂਦੇ ਹਾਂ, ਫਿਰ ਓਦੋਂ ਵੀ ਸਾਡੇ ਉੱਤੇ ਦੇਸ਼ ਧ੍ਰੋਹ ਦੇ ਕੇਸ ਪਾ ਦਿਓ ਕਰੋ। ਸਾਡੇ ਗੁਰੂ ਦੇ ਨਿਸ਼ਾਨ ਤਾਂ ਸਦੀਵੀ ਝੁੱਲਦੇ ਰਹਿਣਗੇ, ਇਸ ਨੂੰ ਕੋਈ ਨਹੀਂ ਰੋਕ ਸਕਦਾ। ਚਾਹੇ ਮੁਗਲ ਸ਼ਾਸਕ ਹੋਣ, ਅੰਗਰੇਜ਼ ਹਾਕਮ ਹੋਣ ਜਾਂ ਹਿੰਦ ਹਕੂਮਤ ਹੋਵੇ ਉਹ ਸਮਝ ਲਵੇ ਕਿ ਸਿੱਖਾਂ ਨੂੰ ਦਬਾਇਆ ਜਾਂ ਖ਼ਤਮ ਨਹੀਂ ਕੀਤਾ ਜਾ ਸਕਦਾ। ਭਾਈ ਬਗੀਚਾ ਸਿੰਘ ਰੱਤਾਖੇੜਾ ਉੱਤੇ ਕੇਸ ਪਾ ਕੇ ਤੇ ਉਸਨੂੰ ਗ੍ਰਿਫਤਾਰ ਕਰਕੇ ਸਾਨੂੰ ਇੱਕ ਵਾਰ ਫੇਰ ਗ਼ੁਲਾਮੀ ਅਤੇ ਬੇਗਾਨਗੀ ਦਾ ਅਹਿਸਾਸ ਕਰਵਾਇਆ ਹੈ। ਸਿੱਖਾਂ ਨੇ ਇਸ ਦੇਸ਼ ਦੀ ਅਜ਼ਾਦੀ ਲਈ ਬਹੁਤ ਕੁਰਬਾਨੀਆਂ ਕੀਤੀਆਂ ਹਨ, ਸ਼ਹਾਦਤਾਂ ਦਿੱਤੀਆਂ ਹਨ, ਤਸ਼ੱਦਦ ਝੱਲੇ ਹਨ, ਜੇਲ੍ਹਾਂ ਕੱਟੀਆਂ ਹਨ, ਫਾਂਸੀਆ ਦੇ ਰੱਸੇ ਚੁੰਮੇ ਹਨ ਅਤੇ ਕਾਲ਼ੇ ਪਾਣੀਆਂ ਦੀਆਂ ਸਜ਼ਾਵਾਂ ਭੋਗੀਆਂ ਹਨ ਤੇ ਜੇ ਸਿੱਖਾਂ ਨੇ ਆਪਣੇ ਘਰਾਂ ਉੱਤੇ ਖ਼ਾਲਸਾਈ ਝੰਡੇ ਝੁਲਾਅ ਦਿੱਤੇ ਤਾਂ ਹਕੂਮਤ ਨੂੰ ਕੀ ਲੋਹੜਾ ਆ ਗਿਆ ਹੈ। ਇਹ ਹਿੰਦੁਤਵੀ ਸਰਕਾਰ ਦੀ ਅਕ੍ਰਿਤਘਣਤਾ ਨਹੀਂ ਤਾਂ ਹੋਰ ਕੀ ਹੈ ? ਦਿਓ ਜਵਾਬ ਭਾਰਤੀਓ! 
 

                   ਰਣਜੀਤ ਸਿੰਘ ਦਮਦਮੀ ਟਕਸਾਲ

            (ਪ੍ਰਧਾਨ : ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ) 

                      ਮੋ : 88722-93883.


Author: ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
[email protected]
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.