ਬਲੰਦ ਇਰਾਦਿਆਂ ਦੀ ਮਾਲਕ ਬਲਜਿੰਦਰ ਕੌਰ

ਬਲੰਦ ਇਰਾਦਿਆਂ ਦੀ ਮਾਲਕ ਬਲਜਿੰਦਰ ਕੌਰ

ਵਿਦਾਇਗੀ ਸਮਾਰੋਹ, ਤੇ ਵਿਸ਼ੇਸ਼

ਸਿਦਕ,ਸਲੀਕਾ,ਸਹੱਪਣ ਅਤੇ ਸੂਝ ਨੂੰ ਪ੍ਰੀਭਾਸ਼ਤ ਕਰਦਿਆਂ ਉਸ ਦੇ ਬਣਦੇ ਸੰਖੇਪ ਅਰਥਾਂ ਦਾ ਨਾਂ ਹੈ, ਬਲਜਿੰਦਰ ਕੌਰ। ਬਲਜਿੰਦਰ ਨੂੰ ਬਲੰਦ ਇਰਾਦੀਆ ਵਾਲੀ ਔਰਤ ਦੇ ਸੰਗਿਆ ਦੇਣ ਵਾਲੇ ਉਸ ਦੀ ਨਿਮਰਤਾ ਦੇ ਵੀ ਕਾਇਲ ਹਨ।

ਬਲਜਿੰਦਰ ਕੌਰ ਲੰਘੀ 30 ਅਪ੍ਰੈਲ ਨੂੰ ਪਾਵਰਕਾਮ ਵਿੱਚ 24 ਸਾਲ ਦੀ ਸੇਵਾ ਕਰਨ ਉਪਰੰਤ ਸੇਵਾ ਮੁਕਤ ਹੋਏ ਹਨ। ਆਮ ਤੌਰ, ਤੇ ਨੋਕਰੀ ਮਿਲਣ ਦਾ ਸਬੱਬ ਖੁਸ਼ੀ ਦਾ ਕਾਰਨ ਵੀ ਬਣਦਾ ਹੈ ਪਰ ਬਲਜਿੰਦਰ ਕੌਰ ਨੂੰ ਨੋਕਰੀ ਦੇ ਨਾਲ ਨਾਲ ਦਰਦ ਦੀ ਇੱਕ ਲੰਬੀ ਲਕੀਰ ਵੀ ਮਿਲਦੀ ਹੈ। ਉਨ੍ਹਾਂ ਦੇ ਹਮਸਫਰ ਹਰਵਿੰਦਰ ਸਿੰਘ ਇੱਕ ਹਾਦਸੇ ਦਾ ਸ਼ਿਕਾਰ ਹੋ ਕੇ ਸਦੀਵੀਂ ਵਿਛੋੜਾ ਦੇ ਗਏ ਸਨ। ਇਹ ਸੰਨ 2001 ਦੀ ਗੱਲ ਹੈ। ਹਰਵਿੰਦਰ ਸਿੰਘ ਦੀ ਥਾਂ ਬਲਜਿੰਦਰ ਕੌਰ ਨੂੰ ਨੋਕਰੀ ਮਿਲ ਗਈ ਸੀ। ਰੁਜ਼ਗਾਰ ਦੇ ਨਾਲ ਸਮੇਂ ਦੀਆਂ ਦਿੱਤੀਆਂ ਦੁਸ਼ਵਾਰੀਆਂ ਦੇ ਰੂ-ਬ-ਰੂ ਵੀ ਹੋਣਾ ਪਿਆ ਬਲਜਿੰਦਰ ਕੌਰ ਨੂੰ। ਇਸ ਦੁਨੀਆਂ ਦਾ ਇਹ ਵੀ ਇੱਕ ਦਸਤੂਰ ਹੈ ਕਿ ਮਸੀਬਤਾਂ ਦੇ ਨਾਲ ਨਾਲ ਚੰਗਾ ਵੀ ਵਾਪਰਦਾ ਰਹਿਦਾ ਹੈ।ਇਸ ਚੰਗੇ ਨੂੰ ਹੋਰ ਚੰਗੇਰਾ ਕਰਨ ਵਾਲਿਆਂ ਵਿੱਚ ਵੀ ਸ਼ੁਮਾਰ ਹੈ, ਬੁਲੰਦ ਹੌਸਲੇ ਵਾਲੀ ਬਲਜਿੰਦਰ ਕੌਰ। ਇਸ ਬੁਲੰਦੀ ਦੀ ਪ੍ਰੇਰਨਾ ਦੇ ਕੇ ਗਏ ਸਨ ਹਰਵਿੰਦਰ ਸਿੰਘ। ਹਰਵਿੰਦਰ ਹੁਰੀਂ ਲਾਲ ਝੰਡਾ ਅੱਗੇ ਲੈ ਕੇ ਜਾਣ ਵਾਲਿਆਂ ਦੇ ਪਾਂਧੀ ਸਨ। ਬਲਜਿੰਦਰ ਕੌਰ ਵੀ ਉਨ੍ਹਾਂ ਰਾਹਾਂ ਦੀ ਪਾਂਧੀ ਬਣ ਗਈ। ਇਹ ਰਾਹ ਲੋਕਾਈ ਦੇ ਦਰਦ ਵੰਡਾਉਣ ਵਾਲਾ ਵੀ ਹੁੰਦਾ ਹੈ,ਸੋ ਸਮੇਂ ਦੇ ਨਾਲ ਨਾਲ ਹੋਰਨਾਂ ਲਈ ਕੁੱਝ ਚੰਗਾ ਕਰਨ ਦੇ ਜਜ਼ਬੇ ਅਧੀਨ ਬਲਜਿੰਦਰ ਕੌਰ ਦੇ ਨਿੱਜੀ ਦਰਦ ਦੀ ਲਕੀਰ ਛੋਟੀ ਹੁੰਦੀ ਗਈ। ਹਾਂ ਇਹ ਗੱਲ ਆਪਣੇ ਥਾਂ ਕਾਇਮ ਸੀ ਕਿ ਬੇਟੀ ਮਨਬੀਰ ਕੌਰ, ਤੇ ਬੇਟਾ ਸਾਜਨਬੀਰ ਉਦੋਂ ਬਾਲ ਵਰੇਸ ਵਿੱਚ ਹੋਣ ਕਰਕੇ ਉਹਨਾਂ ਵੱਲ ਵੀ ਵੱਧ ਧਿਆਨ ਦੇਣਾ ਪੈਂਦਾ ਸੀ ਤੇ ਨੋਕਰੀ ਵੀ ਨਵੀਂ ਨਵੀਂ ਕਾਰਨ ਜ਼ਿੰਮੇਵਾਰੀ ਦੀ ਪੰਡ ਵੀ ਭਾਰੀ ਸੀ। ਖੈਰ ਬਲਜਿੰਦਰ ਕੌਰ ਨੇ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਆਪਣੇ ਸਵੈਮਾਣ ਨੂੰ ਵੀ ਕਾਇਮ ਰੱਖਿਆ ਤੇ ਸੰਘਰਸ਼ ਦਾ ਮੈਦਾਨ ਵੀ ਕਦੇ ਨਾ ਛੱਡਿਆ। ਉਨ੍ਹਾਂ ਵਿੱਚ ਲੀਡਰਸ਼ਿਪ ਦੇ ਗੁਣ ਤਾਂ ਵਿਦਿਆਰਥੀ ਜੀਵਨ ਵਿੱਚ ਹੀ ਬਥੇਰੇ ਸਨ। ਉਨ੍ਹਾਂ ਨੇ ਬੀ ਏ ਕੰਨਿਆਂ ਮਾਂਹਵਿਦਿਆਲਾ ਜਲੰਧਰ ਤੋਂ ਕੀਤੀ ਸੀ, ਤੇ ਆਪਣੇ ਹੋਸਟਲ ਦੀਆਂ ਕੁੜੀਆਂ ਦੀ ਉਹ ਪ੍ਰਧਾਨ ਸੀ। ਅੱਗੇ ਚੱਲ ਕੇ ਇਹ ਗੁਣ ਹੋਰ ਵੀ ਪ੍ਰਪੱਕ ਹੁੰਦੇ ਗਏ। ਨੋਕਰੀ ਦੋਰਾਨ ਜੇਕਰ ਕਿਸੇ ਔਰਤ ਮੁਲਾਜ਼ਮ ਨਾਲ ਵਧੀਕੀ ਹੁੰਦੀ ਤਾਂ ਬਲਜਿੰਦਰ ਕੌਰ ਉਸ ਪੀੜਤਾ ਦੀ ਬਾਂਹ ਫੜਨ ਲਈ ਡੱਟ ਕੇ ਅੱਗੇ ਆ ਜਾਂਦੀ। ਉਹ ਬਿਜਲੀ ਮੁਲਾਜ਼ਮਾਂ ਦੀ ਜਥੇਬੰਦੀ ਪੀ ਐਸ ਈ ਬੀ ਇੰਪਲਾਇਜ਼ ਫੈਡਰੇਸ਼ਨ ਏਟਕ ਦੀ ਸਕੱਤਰ ਹੈ ਤੇ ਸਰਕਲ ਤਰਨ ਤਾਰਨ ਦੀ ਪ੍ਰਧਾਨ।

ਮੇਰੇ ਨਾਲ ਬਲਜਿੰਦਰ ਕੌਰ ਹੁਰਾਂ ਦਾ ਮੋਹ ਦਾ ਨਾਤਾ ਹੈ। ਮੈਂ ਆਪਣੇ ਅਨੁਭਵ ਤੋਂ ਕਹਿ ਸਕਦੀ ਹਾਂ ਕਿ ਜਿੱਥੇ ਉਹ ਮਹੱਬਤ ਦਾ ਮੁਜੱਸਮਾ ਹੈ, ਉਥੇ ਖਾੜਕੂਪੁਣਾ ਵੀ ਉਨ੍ਹਾਂ ਦੇ ਸੁਭਾਅ ਦਾ ਹਿੱਸਾ ਹੈ। ਮੇਰੀ ਮਾਣਮੱਤੀ ਸਹੇਲੀ ਬਲਜਿੰਦਰ ਕੌਰ ਸੀਤ ਰੂਹਾਂ ਨੂੰ ਸੇਕ ਦੇਣ ਦੇ ਵੀ ਸਮਰੱਥ ਹੈ।

ਅੱਜ 10 ਮਈ ਨੂੰ ਉਨ੍ਹਾਂ ਦੇ ਵਿੱਚ ਪਾਰਟੀ ਹੋ ਰਹੀ ਹੈ। ਉਹ ਹਮੇਸ਼ਾ ਵਾਂਗ ਸਿਦਕ ਦਿਲੀ ਨਾਲ ਅੱਗੇ ਵਧੇ ਅਤੇ ਸਮਾਜ ਨੂੰ ਚੰਗੇਰਾ ਬਣਾਉਣ ਆਪਣੇ ਅਕੀਦਿਆਂ ਨੂੰ ਹੋਰ ਪਕੇਰਾ ਕਰੇ,ਮੇਰੀ ਇਹੋ ਕਾਮਨਾ ਹੈ।

ਲੇਖਕ-ਦੇਵੀ ਕੁਮਾਰੀ ਸਰਹਾਲੀ ਕਲਾਂ।