ਰਾਹ ਭਾਵੇਂ ਹਜ਼ਾਰ ਹੋਣ ਪਰ ਮੰਜ਼ਿਲ ਇੱਕ ਹੋਵੇ...ਰਣਜੀਤ ਸਿੰਘ ਦਮਦਮੀ ਟਕਸਾਲ (ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਪਿੰਡ ਵਿੱਚ ਜਦੋਂ ਕੋਈ ਸਾਂਝਾ ਕੰਮ ਪੈਂਦਾ ਹੈ ਤਾਂ ਕੋਈ ਆਪਣੇ ਘਰੋਂ ਸੰਦ ਲੈ ਆਉਂਦਾ ਹੈ, ਕੋਈ ਟਰੈਕਟਰ ਲੈ ਆਉਂਦਾ ਹੈ ਤੇ ਕੋਈ ਆ ਕੇ ਹੱਥ ਵਟਾ ਦਿੰਦਾ ਹੈ। ਜੀਹਦੇ ਕੋਲ ਜੋ ਹੁੰਦਾ ਹੈ, ਉਹ ਲੈ ਕੇ ਆ ਜਾਂਦਾ ਹੈ। ਇੰਝ ਸਾਰਿਆਂ ਦੇ ਹੱਥ ਲੱਗਣ ਨਾਲ ਕੰਮ ਸਿਰੇ ਚੜ੍ਹਦਾ ਹੈ। ਪੰਥ ਦੀ ਸੇਵਾ ਦੀ ਗੱਲ ਵੀ ਇਹੋ ਜਿਹੀ ਹੈ। ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਸਾਡੇ ਕੋਲ ਹਜ਼ਾਰਾਂ ਫਰੰਟ ਹੋਣੇ ਚਾਹੀਦੇ ਹਨ। ਜਿੰਨੇ ਵੱਧ ਰਾਹ ਹੋਣਗੇ, ਓਨੇ ਵੱਧ ਸਿੱਖਾਂ ਨੂੰ ਕੌਮ ਦੇ ਕੰਮ ਵਿੱਚ ਆਪਣਾ ਹਿੱਸਾ ਪਾਉਣ ਦਾ ਮੌਕਾ ਮਿਲੇਗਾ।
ਹਰ ਸਿੱਖ ਨੂੰ ਸੇਵਾ ਦਾ ਰਾਹ ਮਿਲੇ। ਜੀਹਨੂੰ ਜਿਹੜਾ ਆਗੂ ਜਚਦਾ ਹੈ, ਉਹ ਉਸ ਨਾਲ ਤੁਰੇ। ਜੀਹਨੂੰ ਕਿਸੇ ਜਥੇਬੰਦੀ ਦਾ ਕੰਮ ਚੰਗਾ ਲੱਗਦਾ ਹੈ, ਉਹ ਉਸ ਨਾਲ ਜੁੜੇ। ਹਰ ਕਿਸੇ ਦਾ ਸੁਭਾਅ ਆਪਣਾ ਹੈ ਤੇ ਹਰ ਕਿਸੇ ਕੋਲ ਆਪਣਾ ਕੋਈ ਹੁਨਰ ਹੈ। ਜਦੋਂ ਬੰਦੇ ਨੂੰ ਉਹ ਕੰਮ ਮਿਲੇ ਜਿਹੜਾ ਉਹਨੂੰ ਆਉਂਦਾ ਵੀ ਹੋਵੇ ਤੇ ਜੀਅ ਨੂੰ ਜਚਦਾ ਵੀ ਹੋਵੇ, ਉਹ ਉਸ ਕੰਮ ਵਿੱਚ ਆਪਣਾ ਪੂਰਾ ਜ਼ੋਰ ਲਾਉਂਦਾ ਹੈ।
ਹੁਣ ਜੇ ਸਾਡੇ ਕੋਲ ਇੱਕੋ ਆਗੂ ਹੋਵੇ, ਇੱਕੋ ਜਥੇਬੰਦੀ ਹੋਵੇ ਤੇ ਕੰਮ ਕਰਨ ਦਾ ਢੰਗ ਵੀ ਇੱਕੋ ਹੋਵੇ, ਤਾਂ ਜੀਹਨੂੰ ਉਹ ਆਗੂ ਅਤੇ ਢੰਗ ਜਚਦਾ ਹੀ ਨਾ ਹੋਵੇ, ਉਹ ਸਿੱਖ ਕਿੱਧਰ ਜਾਊ ? ਹੋ ਸਕਦਾ ਉਹਦੇ ਮਨ ਵਿੱਚ ਵੀ ਕੌਮ ਦੀ ਸੇਵਾ ਦਾ ਓਨਾ ਹੀ ਚਾਅ ਹੋਵੇ। ਹੋ ਸਕਦਾ ਜਿਹੜਾ ਕੰਮ ਸਾਡੇ ਕੋਲੋਂ ਅਜੇ ਤਕ ਨਹੀਂ ਹੋਇਆ, ਉਹ ਉਸ ਨੂੰ ਕਰਨਾ ਆਉਂਦਾ ਹੋਵੇ। ਉਹਦੇ ਅੱਗੇ ਵੀ ਕੋਈ ਰਾਹ ਹੋਣਾ ਚਾਹੀਦਾ ਹੈ। ਜੇ ਉਹਨੂੰ ਕਿਸੇ ਹੋਰ ਜਥੇਬੰਦੀ ਵਿੱਚ ਆਪਣੀ ਥਾਂ ਲੱਭਦੀ ਹੈ ਤਾਂ ਉਹ ਓਥੇ ਜਾ ਕੇ ਕੰਮ ਕਰੇ ਤੇ ਪੰਥ ਓਹਦੀ ਸੇਵਾ ਦੀ ਕਦਰ ਕਰੇ।
ਕੋਈ ਅਕਾਦਮਿਕ ਖੇਤਰ ਵਿੱਚ ਪੜ੍ਹਾਈ ਤੇ ਖੋਜ ਦਾ ਕੰਮ ਕਰੇ, ਕੋਈ ਸਿੱਖੀ ਦਾ ਪ੍ਰਚਾਰ ਕਰੇ ਤੇ ਕੋਈ ਕੌਮੀ ਸੰਘਰਸ਼ ਦੀ ਗੱਲ ਲੋਕਾਂ ਤੱਕ ਲੈ ਕੇ ਜਾਵੇ। ਜੀਹਨੂੰ ਬੋਲਣਾ ਆਉਂਦਾ ਹੈ, ਉਹ ਸੰਗਤਾਂ ਵਿੱਚ ਬੋਲੇ। ਜੀਹਨੂੰ ਲਿਖਣਾ ਆਉਂਦਾ ਹੈ, ਉਹ ਲਿਖ ਕੇ ਆਪਣੀ ਸੇਵਾ ਨਿਭਾਵੇ। ਕੋਈ ਸਿੱਖ ਵਿਰਾਸਤ ਸੰਭਾਲੇ, ਕੋਈ ਬੱਚਿਆਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਪੜ੍ਹਾਵੇ ਤੇ ਕੋਈ ਨੌਜਵਾਨਾਂ ਨੂੰ ਗਤਕੇ ਰਾਹੀਂ ਸ਼ਸਤਰ ਵਿੱਦਿਆ ਨਾਲ ਜੋੜੇ। ਕੋਈ ਪੰਜਾਬੀ ਬੋਲੀ ਦੀ ਸੇਵਾ ਕਰੇ, ਕੋਈ ਨਸ਼ਿਆਂ ਦੀ ਮਾਰ ਝੱਲ ਰਹੇ ਘਰਾਂ ਦੀ ਬਾਂਹ ਫੜੇ। ਕੋਈ ਬੰਦੀ ਸਿੰਘਾਂ ਦੀ ਰਿਹਾਈ ਲਈ ਬੋਲੇ ਤੇ ਕੋਈ ਪੰਜਾਬ ਦੇ ਪਾਣੀਆਂ ਤੇ ਹੋਰ ਹੱਕਾਂ ਲਈ ਆਵਾਜ਼ ਚੁੱਕੇ। ਹੋਰ ਵੀ ਬਥੇਰੇ ਕੰਮ ਪਏ ਨੇ। ਹਰ ਪਿੰਡ-ਸ਼ਹਿਰ ਵਿੱਚ ਵੱਸਦਾ ਸਿੱਖ ਵੀ ਆਪਣਾ ਹਿੱਸਾ ਪਾ ਸਕਦਾ ਹੈ ਤੇ ਪਰਦੇਸ ਵਿੱਚ ਬੈਠਾ ਸਿੱਖ ਵੀ।
ਜਥੇ ਵੱਖਰੇ ਹੋਣ ਦੇ ਬਾਵਜੂਦ ਵੀ ਸਾਂਝ ਪੂਰੀ ਬਣੀ ਰਹੇ। ਅਸੀਂ ਆਪੋ-ਆਪਣੀ ਜਥੇਬੰਦੀ ਵਿੱਚ ਰਹਿ ਕੇ ਵੀ ਪੰਥ ਦੇ ਸਾਂਝੇ ਮਸਲਿਆਂ ਉੱਤੇ ਇਕੱਠੇ ਖੜ੍ਹ ਸਕਦੇ ਹਾਂ। ਕਿਸੇ ਗੱਲ ਉੱਤੇ ਸਾਡੀ ਰਾਇ ਵੱਖਰੀ ਹੋਵੇ ਤਾਂ ਬੈਠ ਕੇ ਇੱਕ-ਦੂਜੇ ਦੀ ਗੱਲ ਸੁਣ ਲਈਏ। ਹੋ ਸਕਦਾ ਜਿਹੜੀ ਗੱਲ ਸਾਡੇ ਧਿਆਨ ਵਿੱਚ ਨਾ ਆਈ ਹੋਵੇ, ਉਹ ਦੂਜੀ ਧਿਰ ਨੇ ਵੇਖੀ ਹੋਵੇ। ਆਪਸ ਵਿੱਚ ਗੱਲਬਾਤ ਰਹੇਗੀ ਤਾਂ ਸਾਂਝੇ ਕੰਮ ਵੇਲੇ ਇਕੱਠੇ ਹੋਣਾ ਵੀ ਸੌਖਾ ਰਹੇਗਾ। ਆਪਣੀ ਜਥੇਬੰਦੀ ਨਾਲ ਜਿੰਨਾ ਪਿਆਰ ਹੈ, ਓਨੀ ਹੀ ਕਦਰ ਦੂਜੀਆਂ ਜਥੇਬੰਦੀਆਂ ਦੀ ਵੀ ਕਰੀਏ।
ਮੰਨ ਲਓ ਕਿਸੇ ਸਾਂਝੇ ਕੌਮੀ ਮਸਲੇ ਉੱਤੇ ਇਕੱਠ ਦਾ ਸੱਦਾ ਕਿਸੇ ਹੋਰ ਜਥੇਬੰਦੀ ਨੇ ਦਿੱਤਾ। ਜੇ ਗੱਲ ਸਾਰੇ ਪੰਥ ਦੀ ਹੈ ਤਾਂ ਸੱਦਾ ਦੇਣ ਵਾਲੇ ਦਾ ਨਾਂ ਵੇਖ ਕੇ ਪਿੱਛੇ ਕਿਉਂ ਹਟੀਏ ? ਅਸੀਂ ਵੀ ਜਾਈਏ, ਆਪਣੀ ਗੱਲ ਰੱਖੀਏ ਤੇ ਜਿੱਥੇ ਸਹਿਮਤੀ ਬਣੇ, ਰਲ ਕੇ ਕੰਮ ਕਰੀਏ। ਕਿਸੇ ਹੋਰ ਧਿਰ ਨੇ ਚੰਗਾ ਕੰਮ ਕੀਤਾ ਹੈ ਤਾਂ ਖੁੱਲ੍ਹੇ ਦਿਲ ਨਾਲ ਓਹਦੀ ਹਮਾਇਤ ਕਰੀਏ। ਪੰਥਕ ਸਾਂਝ ਇੰਝ ਹੀ ਬਣਦੀ ਹੈ।
ਜਿਹੜਾ ਕੰਮ ਇੱਕ ਜਥੇਬੰਦੀ ਆਪਣੇ ਪੱਧਰ ਉੱਤੇ ਕਰ ਸਕਦੀ ਹੈ, ਉਹ ਕਰਦੀ ਰਹੇ। ਜਿੱਥੇ ਸਾਰਿਆਂ ਦੀ ਆਵਾਜ਼ ਦੀ ਲੋੜ ਪਵੇ, ਓਥੇ ਸਾਰੇ ਰਲ ਕੇ ਬੋਲੀਏ। ਆਪਸੀ ਰੌਲੇ ਵਿੱਚ ਕੌਮ ਦਾ ਮਸਲਾ ਪਿੱਛੇ ਪੈ ਗਿਆ ਤਾਂ ਘਾਟਾ ਸਾਰਿਆਂ ਨੂੰ ਪੈਣਾ ਹੈ। ਇਸ ਕਰਕੇ ਜਦੋਂ ਪੰਥ ਤੇ ਪੰਜਾਬ ਦੀ ਸਾਂਝੀ ਗੱਲ ਆਵੇ, ਅਸੀਂ ਆਪਣੀਆਂ ਜਥੇਬੰਦੀਆਂ ਦੀਆਂ ਹੱਦਾਂ ਤੋਂ ਉੱਪਰ ਉੱਠ ਕੇ ਇੱਕ-ਦੂਜੇ ਦੇ ਨਾਲ ਖੜ੍ਹੀਏ।
ਆਪਣਾ ਨਿਸ਼ਾਨਾ ਚੇਤੇ ਰੱਖੀਏ। ਸਾਡਾ ਨਿਸ਼ਾਨਾ ਗੁਰੂ ਸਾਹਿਬਾਨਾਂ ਦੇ ਸਿਧਾਂਤ ਉੱਤੇ ਪਹਿਰਾ ਦੇਣਾ, ਪੰਥ ਤੇ ਪੰਜਾਬ ਦੇ ਹੱਕਾਂ-ਹਿੱਤਾਂ ਅਤੇ ਅਜ਼ਾਦੀ ਲਈ ਜੂਝਣਾ, ਜ਼ੁਲਮ ਦੇ ਖ਼ਿਲਾਫ਼ ਡਟਣਾ ਤੇ ਸਰਬੱਤ ਦਾ ਭਲਾ ਕਰਨਾ ਹੈ। ਜੀਹਦੇ ਨਾਲ ਧੱਕਾ ਹੋਵੇ, ਉਹਦੇ ਹੱਕ ਵਿੱਚ ਬੋਲੀਏ। ਜੀਹਨੂੰ ਮਦਦ ਦੀ ਲੋੜ ਹੋਵੇ, ਉਹਦੀ ਬਾਂਹ ਫੜੀਏ। ਆਪਣੇ ਹੱਕਾਂ ਦੀ ਗੱਲ ਕਰਦਿਆਂ ਦੂਜਿਆਂ ਦੇ ਹੱਕਾਂ ਦੀ ਵੀ ਕਦਰ ਕਰੀਏ। ਸਰਕਾਰਾਂ ਅੱਗੇ ਨਾ ਝੁਕੀਏ, ਨਾ ਵਿਕੀਏ। ਹਮੇਸ਼ਾਂ ਨਿਰਭਉ ਅਤੇ ਨਿਰਵੈਰ ਹੋ ਕੇ ਰਹੀਏ। ਬਾਗ਼ੀ ਜਾਂ ਬਾਦਸ਼ਾਹ ਦਾ ਸਿਧਾਂਤ ਚੇਤੇ ਰੱਖੀਏ।
ਹਰ ਸਿੱਖ ਕੋਲ ਕੌਮ ਦੀ ਸੇਵਾ ਕਰਨ ਦਾ ਰਾਹ ਹੋਵੇ, ਕੋਈ ਵੀ ਸਿੱਖ ਹੱਥ 'ਤੇ ਹੱਥ ਧਰ ਕੇ ਨਾ ਬੈਠੇ। ਹਰ ਸਿੱਖ ਗੁਣੀ, ਗਿਆਨੀ, ਕਾਰਜਸ਼ੀਲ ਅਤੇ ਸੰਘਰਸ਼ਸ਼ੀਲ ਹੋਵੇ। ਜਿਹੜਾ ਜੀਹਦੇ ਨਾਲ ਤੁਰਨਾ ਚਾਹੁੰਦਾ ਹੈ, ਉਹਦੇ ਨਾਲ ਤੁਰੇ ਤੇ ਜਿਹੜਾ ਕੰਮ ਉਹਦੇ ਵੱਸ ਦਾ ਹੈ, ਉਹ ਕਰੇ। ਸਾਂਝੇ ਕੌਮੀ ਮਸਲਿਆਂ ਉੱਤੇ ਅਸੀਂ ਸਾਰੇ ਇਕੱਠੇ ਹੋਈਏ। ਸਾਡੇ ਰਾਹ ਭਾਵੇਂ ਹਜ਼ਾਰ ਹੋਣ, ਮੰਜ਼ਿਲ ਆਪਣੀ ਇੱਕੋ ਹੋਵੇ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.