ਬਾਦਲ-ਭਾਜਪਾ ਮੁੜ ਇਕੱਠੇ, ਪੰਜਾਬ ਦੇ ਪੱਲੇ ਕੀ ਪਿਆ ?

ਬਾਦਲ-ਭਾਜਪਾ ਮੁੜ ਇਕੱਠੇ, ਪੰਜਾਬ ਦੇ ਪੱਲੇ ਕੀ ਪਿਆ ?

ਛੇ ਸਾਲਾਂ ਬਾਅਦ ਬਾਦਲ ਦਲ ਤੇ ਭਾਜਪਾ ਦਾ ਗੱਠਜੋੜ ਮੁੜ ਹੋ ਗਿਆ ਹੈ। ਸੁਖਬੀਰ ਬਾਦਲ ਕੱਲ੍ਹ ਤਕ ਆਖਦਾ ਸੀ ਕਿ ਜੇ ਭਾਜਪਾ ਪੰਜਾਬ ਵਿੱਚ ਆ ਗਈ ਤਾਂ ਸਿੱਖੀ ਤੇ ਪੰਜਾਬ ਖ਼ਤਮ ਸਮਝੋ। ਅੱਜ ਉਹ ਆਪਣੀ ਪਾਰਟੀ ਅਤੇ ਆਪਣੇ ਪਰਿਵਾਰ ਦੀ ਸਿਆਸਤ ਬਚਾਉਣ ਲਈ ਤੇ ਮੁੱਖ ਮੰਤਰੀ ਦੀ ਕੁਰਸੀ ਦੀ ਭੁੱਖ ਪੂਰੀ ਕਰਨ ਲਈ ਆਪ ਭਾਜਪਾ ਦੇ ਪੈਰਾਂ ਵਿੱਚ ਜਾ ਡਿੱਗਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਬ੍ਰਾਹਮਣਵਾਦੀ ਵਿਚਾਰਧਾਰਾ ਰੱਦ ਕੀਤੀ ਸੀ, ਬਾਬਰ ਦੇ ਜਬਰ ਨੂੰ ਮੂੰਹ ’ਤੇ ਵੰਗਾਰਿਆ ਸੀ ਤੇ ਭਾਜਪਾ ਵੀ ਉਸੇ ਜਾਬਰ ਸੋਚ ਦੀ ਵਾਰਸ ਹੈ ਤੇ ਬਾਦਲਕੇ ਉਸੇ ਨਾਲ ਯਾਰੀ ਪਾ ਕੇ ਬਹਿ ਗਏ ਕਿਉਂਕਿ ਇਹ ਆਪ ਵੀ ਗ਼ੱਦਾਰਾਂ ਅਤੇ ਮਸੰਦਾਂ ਦੇ ਵਾਰਸ ਹਨ ਤੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਦੀ ਫੁਲਵਾੜੀ ਨੂੰ ਉਜਾੜਨਾ ਚਾਹੁੰਦੇ ਹਨ। ਸੁਖਬੀਰ ਕਹਿੰਦਾ ਸੀ ਕਿ ਭਾਜਪਾ ਨਾਲ ਸਾਂਝ ਰੱਖਣ ਵਾਲਾ ਸਿੱਖ ਆਪਣਾ ਡੀ.ਐੱਨ.ਏ. ਟੈਸਟ ਕਰਵਾਏ। ਭਾਜਪਾ ਵਿੱਚ ਜਾਣ ਵਾਲਿਆਂ ਨੂੰ ਪੰਜਾਬ ਦੇ ਗ਼ੱਦਾਰ ਆਖਦਾ ਸੀ। ਭਾਜਪਾ ਦੀ ਨੀਤੀ ਨੂੰ ਔਰੰਗਜ਼ੇਬ ਦੀ ਸੋਚ ਦੱਸਦਾ ਸੀ। ਕਹਿੰਦਾ ਸੀ ਅਕਾਲੀ ਦਲ ਆਪਣੇ ਦਮ ’ਤੇ ਚੋਣਾਂ ਲੜੇਗਾ ਤੇ ਭਾਜਪਾ ਵੱਲ ਕਦੇ ਮੂੰਹ ਨਹੀਂ ਕਰੇਗਾ। ਹੁਣ ਦੱਸ ਸੁਖਬੀਰ ਸਿਆਂ ਕਿ ਤੈਨੂੰ ਡੀ.ਐੱਨ.ਏ. ਵਾਲਾ ਮਿਹਣਾ ਆਪਣੀ ਵਾਰੀ ਵੀ ਚੇਤੇ ਹੈ ? ਗਿਆਨੀ ਹਰਪ੍ਰੀਤ ਸਿੰਘ ਉੱਤੇ ਸੁਖਬੀਰ ਨੇ ਦੋਸ਼ ਲਾਇਆ ਸੀ ਕਿ ਉਹ ਭਾਜਪਾ ਨਾਲ ਮਿਲ ਕੇ ਉਸ ਨੂੰ ਅਕਾਲੀ ਦਲ ਤੋਂ ਪਾਸੇ ਕਰਨਾ ਚਾਹੁੰਦੇ ਹਨ। 2 ਦਸੰਬਰ 2024 ਦੇ ਫ਼ੈਸਲਿਆਂ ਬਾਰੇ ਆਖਿਆ ਸੀ ਕਿ ਜਥੇਦਾਰਾਂ ਨੇ ਭਾਜਪਾ ਦੇ ਕਹਿਣ ’ਤੇ ਫ਼ੈਸਲੇ ਕੀਤੇ। ਭਾਈ ਅੰਮ੍ਰਿਤਪਾਲ ਸਿੰਘ ਤੇ ਹੋਰ ਪੰਥਕ ਚਿਹਰਿਆਂ ਨੂੰ ਵੀ ਭਾਜਪਾ, ਆਰ.ਐੱਸ.ਐੱਸ. ਤੇ ਸਰਕਾਰੀ ਏਜੰਸੀਆਂ ਨਾਲ ਜੋੜ ਕੇ ਭੰਡਿਆ। ਭਾਜਪਾ ਵੀ ਦੱਸੇ ਕਿ ਉਸ ਦੇ ਅੱਜ ਦੇ ਸਾਥੀ ਨੇ ਕੱਲ੍ਹ ਉਸ ਉੱਤੇ ਜਿਹੜੇ ਦੋਸ਼ ਲਾਏ ਸਨ, ਉਨ੍ਹਾਂ ਦਾ ਕੀ ਜਵਾਬ ਹੈ ? ਤਖ਼ਤ ਪਟਨਾ ਸਾਹਿਬ, ਤਖ਼ਤ ਹਜ਼ੂਰ ਸਾਹਿਬ, ਦਿੱਲੀ ਤੇ ਹਰਿਆਣਾ ਦੀਆਂ ਗੁਰਦੁਆਰਾ ਕਮੇਟੀਆਂ ਵਿੱਚ ਭਾਜਪਾ ਦੇ ਦਖ਼ਲ ਦੀ ਗੱਲ ਸੁਖਬੀਰ ਆਪ ਕਰਦਾ ਸੀ। ਸਿਰਸਾ, ਕਾਲਕਾ, ਧੁੰਮਾ ਤੇ ਦਾਦੂਵਾਲ ਦੀ ਭਾਜਪਾ ਨਾਲ ਨੇੜਤਾ ਉੱਤੇ ਉਂਗਲ ਚੁੱਕਦਾ ਸੀ। ਗੋਲ ਦਸਤਾਰਾਂ ਤੇ ਚੋਲ਼ਿਆਂ ਵਾਲਿਆਂ ਨੂੰ ਕਹਿੰਦਾ ਸੀ ਕਿ ਭਾਜਪਾ ਨਾਲ ਰਲ ਕੇ ਸਿੱਖੀ ਦਾ ਨੁਕਸਾਨ ਕਰ ਰਹੇ ਹਨ। ਪਰ ਹੁਣ ਸੁਖਬੀਰ ਨੇ ਉਸੇ ਭਾਜਪਾ ਦੀ ਪੂਛ ਕਿਉਂ ਫੜ ਲਈ ਹੈ ? 
 

ਪੰਜਾਬ ਵਿੱਚ ਬਾਦਲ ਅਤੇ ਭਾਜਪਾ ਦੋਵੇਂ ਧਿਰਾਂ ਫੇਲ੍ਹ ਹਨ। ਹੁਣ ਦੋਵੇਂ ਇੱਕ-ਦੂਜੇ ਦਾ ਹੱਥ ਫੜ ਕੇ ਹਾਰ ਤੋਂ ਬਚਣਾ ਚਾਹੁੰਦੀਆਂ ਹਨ। ਸੁਖਬੀਰ ਨੂੰ ਭਾਜਪਾ ਦਾ ਐਨਾ ਹੀ ਮੋਹ ਹੈ ਤਾਂ ਸਿੱਧਾ ਭਾਜਪਾ ਵਿੱਚ ਜਾ ਰਲੇ। ਆਪਣੀ ਕੁਰਸੀ ਲਈ ਅਕਾਲੀ ਦਲ ਦੀ ਪੰਥਕ ਵਿਰਾਸਤ ਕਾਹਦੇ ਲਈ ਵਰਤਦਾ ਹੈ ? ਬਾਦਲਕਿਆਂ ਨੇ ਪਹਿਲਾਂ ਸਿੱਖ ਕੌਮ ਦੀ ਪਿੱਠ ਵਿੱਚ ਛੁਰਾ ਮਾਰਿਆ। ਜਦੋਂ ਸਿੱਖਾਂ ਨੇ ਮੂੰਹ ਮੋੜਿਆ ਤਾਂ ਆਪਣੀ ਕਰਨੀ ਦੀ ਮਾਫ਼ੀ ਮੰਗਣ ਦੀ ਥਾਂ ਲੋਕਾਂ ਨੂੰ ਹੀ ਮਿਹਣੇ ਮਾਰੇ ਕਿ ਤੁਸੀਂ ਸਾਨੂੰ ਵੋਟਾਂ ਪਾਉਣੀਆਂ ਛੱਡ ਕੇ ਬੜਾ ਮਾੜਾ ਕੀਤਾ। ਕਦੇ ਸਿੱਖਾਂ ਨੂੰ ਪੁਚਕਾਰਿਆ, ਕਦੇ ਲਲਕਾਰਿਆ। ਜਦੋਂ ਕਿਸੇ ਪਾਸਿਓਂ ਗੱਲ ਨਾ ਬਣੀ ਤਾਂ ਭਾਜਪਾ ਨਾਲ ਤਾਰਾਂ ਜੋੜ ਲਈਆਂ। ਇਹ ਗੱਠਜੋੜ ਪੰਥ ਤੇ ਪੰਜਾਬ ਦਾ ਹੋਰ ਨੁਕਸਾਨ ਕਰੇਗਾ। ਜਿਨ੍ਹਾਂ ਡੇਰਿਆਂ ਤੇ ਦੇਹਧਾਰੀ ਗੁਰੂਆਂ ਨਾਲ ਬਾਦਲਕਿਆਂ ਦੀ ਸਾਂਝ ਕਰਕੇ ਸਿੱਖਾਂ ਨੇ ਪਹਿਲਾਂ ਸੰਤਾਪ ਭੋਗਿਆ, ਉਨ੍ਹਾਂ ਨੂੰ ਮੁੜ ਖੁੱਲ੍ਹ ਮਿਲੇਗੀ, ਬੇਅਦਬੀ ਵਧਣਗੀਆਂ। ਗੁਰਦੁਆਰਿਆਂ ਦੇ ਮੰਦਰੀਕਰਨ ਤੇ ਸਿੱਖੀ ਦੇ ਸਨਾਤਨੀਕਰਨ ਦਾ ਖ਼ਦਸ਼ਾ ਵਧੇਗਾ। ਪੰਥਕ ਧਿਰਾਂ ਹੁਣ ਆਪਣੇ ਵਖਰੇਵੇਂ ਪਾਸੇ ਰੱਖ ਕੇ ਇਕੱਠੀਆਂ ਹੋਣ। ਸਿੱਖੀ ਦੀ ਵੱਖਰੀ ਹੋਂਦ, ਤਖ਼ਤਾਂ ਦੇ ਵੱਕਾਰ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਆਵਾਜ਼ ਵਿੱਚ ਬੋਲਣ। ਬਾਦਲ ਦਲ ਤੇ ਭਾਜਪਾ ਜਿੱਥੇ ਵੀ ਸੰਗਤ ਅੱਗੇ ਆਉਣ, ਦੋਵਾਂ ਤੋਂ ਇਨ੍ਹਾਂ ਮਸਲਿਆਂ ਦਾ ਹਿਸਾਬ ਮੰਗੋ। ਅੱਜ ਸਮੁੱਚਾ ਪੰਥ ਬੰਦੀ ਸਿੰਘਾਂ ਦੀ ਰਿਹਾਈ ਦੀ ਉਡੀਕ ਕਰ ਰਿਹਾ ਹੈ, ਪਰ ਬਾਦਲਕੇ ਨਾ ਤਾਂ ਬੰਦੀ ਸਿੰਘ ਰਿਹਾਅ ਕਰਵਾ ਸਕੇ ਅਤੇ ਨਾ ਹੀ ਕਰਤਾਰਪੁਰ ਲਾਂਘਾ ਖੁੱਲ੍ਹਵਾ ਸਕੇ ਅਤੇ ਨਾ ਹੀ ਪੰਜਾਬ ਲਈ ਕੋਈ ਵੱਧ ਅਧਿਕਾਰ ਲੈ ਸਕੇ। ਇਹ ਗੱਠਜੋੜ ਬਿਨਾਂ ਸ਼ਰਤਾਂ ਤੋਂ ਹੀ ਬਾਦਲਕਿਆਂ ਨੇ ਕਰ ਲਿਆ ਜੋ ਪੰਜਾਬ ਦੀ ਬਰਬਾਦੀ ਦਾ ਕਾਰਨ ਬਣੇਗਾ। 24 ਨਵੰਬਰ ਦਾ ਇਤਿਹਾਸਕ ਦਿਨ ਬਾਦਲਕਿਆਂ ਨੇ ਭਾਜਪਾ ਨਾਲ ਮਿਲ ਕੇ ਕਲੰਕਿਤ ਕਰ ਦਿੱਤਾ ਹੈ। ਬਿਅੰਤੇ ਬੁੱਚੜ ਦਾ ਪੋਤਾ ਰਵਨੀਤ ਬਿੱਟੂ ਤਾਂ ਪਹਿਲਾਂ ਹੀ ਕਹਿੰਦਾ ਸੀ ਕਿ ਕੀ ਬਾਦਲਕਿਆਂ ਨਾਲ ਮਿਲ ਕੇ ਅਸੀਂ ਭਾਜਪਾ ਵਾਲੇ ਨਸ਼ੇ, ਬੇਅਦਬੀਆਂ ਅਤੇ ਗੈਂਗਸਟਰਵਾਦ ਨੂੰ ਬੜਾਵਾ ਦੇਵਾਂਗੇ! ਹੁਣ ਬਾਦਲਕੇ ਅਤੇ ਭਾਜਪਾਈ ਆਪ ਹੀ ਦੱਸ ਦੇਣ ਕਿ ਉਹਨਾਂ ਦੇ ਗੱਠਜੋੜ ਨੇ ਪੰਜਾਬ ਨੂੰ ਕਿਹੜੇ ਰਾਹ ਤੋਰਨਾ ਹੈ! ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੱਚ ਹੀ ਕਿਹਾ ਹੈ ਕਿ ਤੁਹਾਡੇ ਦੋਵਾਂ ਦੀ ਸਿਆਸਤ ਨੇ ਪੰਥ ਅਤੇ ਪੰਜਾਬ ਦੇ ਪੱਲੇ ਕਦੇ ਵੀ ਕੁਝ ਨਹੀਂ ਪਾਉਣਾ ਕਿਉਂਕਿ "ਇੱਕ ਚੰਦਾ ਚੋਰ ਹਨ ਅਤੇ ਦੂਜੇ ਗੋਲਕ ਚੋਰ।"
 

- ਰਣਜੀਤ ਸਿੰਘ ਦਮਦਮੀ ਟਕਸਾਲ 
 

(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
 

ਮੋ: 8872293883.

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.