PAKISTAN ~ਬਾਲ ਵਿਆਹ ਤੇ ਜ਼ਬਰਦਸਤੀ ਵਿਆਹ ਰੋਕਣ ਲਈ ਕਾਨੂੰਨ ਸਖ਼ਤੀ ਨਾਲ ਲਾਗੂ ਕੀਤੇ ਜਾਣ: ਬਿਲਾਵਲ ਭੁੱਟੋ ਜ਼ਰਦਾਰੀ

PAKISTAN ~ਬਾਲ ਵਿਆਹ ਤੇ ਜ਼ਬਰਦਸਤੀ ਵਿਆਹ ਰੋਕਣ ਲਈ ਕਾਨੂੰਨ ਸਖ਼ਤੀ ਨਾਲ ਲਾਗੂ ਕੀਤੇ ਜਾਣ: ਬਿਲਾਵਲ ਭੁੱਟੋ ਜ਼ਰਦਾਰੀ

ਕਰਾਚੀ/ਇਸਲਾਮਾਬਾਦ/ਲਾਹੌਰ, 26 ਨਵੰਬਰ: ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਬਾਲ ਵਿਆਹ ਅਤੇ ਜ਼ਬਰਦਸਤੀ ਵਿਆਹ ਨੂੰ ਬੱਚਿਆਂ ਦੇ ਬੁਨਿਆਦੀ ਹੱਕਾਂ ਦੀ ਉਲੰਘਣਾ ਦੱਸਿਆ ਹੈ। ਬਾਲ ਵਿਆਹ, ਛੋਟੀ ਉਮਰ ਵਿੱਚ ਵਿਆਹ ਅਤੇ ਜ਼ਬਰਦਸਤੀ ਵਿਆਹ ਦੇ ਖ਼ਾਤਮੇ ਲਈ ਕੌਮਾਂਤਰੀ ਦਿਹਾੜੇ ਮੌਕੇ ਆਪਣੇ ਸੁਨੇਹੇ ਵਿੱਚ ਉਨ੍ਹਾਂ ਕਿਹਾ ਕਿ ਅਜਿਹੇ ਵਿਆਹ ਬੱਚਿਆਂ ਨੂੰ ਬਰਾਬਰ ਦੇ ਮੌਕਿਆਂ ਤੋਂ ਵਾਂਝਾ ਕਰਦੇ ਹਨ।

ਬਿਲਾਵਲ ਨੇ ਇਸ ਰਵਾਇਤ ਨੂੰ ਖ਼ਤਮ ਕਰਨ ਲਈ ਕੌਮੀ ਪੱਧਰ ’ਤੇ ਅਸਰਦਾਰ ਕਾਰਵਾਈ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਬੱਚੇ ਨੂੰ ਗ਼ਰੀਬੀ, ਵੇਲਾ ਵਿਹਾ ਚੁੱਕੀਆਂ ਰਸਮਾਂ ਜਾਂ ਸਮਾਜਿਕ ਦਬਾਅ ਕਾਰਨ ਆਪਣਾ ਬਚਪਨ, ਪੜ੍ਹਾਈ ਜਾਂ ਭਵਿੱਖ ਨਹੀਂ ਗੁਆਉਣਾ ਚਾਹੀਦਾ।

ਬਿਲਾਵਲ ਹਾਊਸ ਦੇ ਮੀਡੀਆ ਸੈੱਲ ਦੇ ਇੰਚਾਰਜ ਸੁਰੇਂਦਰ ਵਲਾਸਾਈ ਵੱਲੋਂ ਜਾਰੀ ਪ੍ਰੈੱਸ ਬਿਆਨ ਅਨੁਸਾਰ, ਪੀਪੀਪੀ ਚੇਅਰਮੈਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਬੱਚਿਆਂ, ਖ਼ਾਸ ਕਰਕੇ ਕੁੜੀਆਂ ਦੇ ਹੱਕਾਂ, ਸਿੱਖਿਆ ਅਤੇ ਉਨ੍ਹਾਂ ਨੂੰ ਆਪਣੇ ਫ਼ੈਸਲੇ ਲੈਣ ਦੇ ਸਮਰੱਥ ਬਣਾਉਣ ਨੂੰ ਹਮੇਸ਼ਾ ਆਪਣੀ ਜਮਹੂਰੀ ਅਤੇ ਅਗਾਂਹਵਧੂ ਸਿਆਸਤ ਵਿੱਚ ਪਹਿਲ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਕਾਇਦ-ਏ-ਅਵਾਮ ਸ਼ਹੀਦ ਜ਼ੁਲਫ਼ਿਕਾਰ ਅਲੀ ਭੁੱਟੋ ਅਤੇ ਸ਼ਹੀਦ ਮੁਹਤਰਮਾ ਬੇਨਜ਼ੀਰ ਭੁੱਟੋ ਦੀ ਸੋਚ ਤੋਂ ਸੇਧ ਲੈਂਦਿਆਂ ਸਿੰਧ ਦੀ ਪੀਪੀਪੀ ਸਰਕਾਰ ਨੇ 2013 ਵਿੱਚ ਇੱਕ ਅਹਿਮ ਕਾਨੂੰਨੀ ਕਦਮ ਚੁੱਕਿਆ ਸੀ। ਬਿਲਾਵਲ ਮੁਤਾਬਕ ਇਸ ਕਾਨੂੰਨ ਤਹਿਤ ਮੁੰਡਿਆਂ ਅਤੇ ਕੁੜੀਆਂ ਦੋਵਾਂ ਲਈ ਵਿਆਹ ਦੀ ਘੱਟੋ-ਘੱਟ ਕਾਨੂੰਨੀ ਉਮਰ 18 ਸਾਲ ਤੈਅ ਕੀਤੀ ਗਈ ਅਤੇ ਉਲੰਘਣਾ ਨੂੰ ਸਜ਼ਾਯੋਗ ਬਣਾਇਆ ਗਿਆ।

ਬਿਲਾਵਲ ਭੁੱਟੋ ਜ਼ਰਦਾਰੀ ਨੇ ਸੰਘੀ ਅਤੇ ਸੂਬਾਈ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਕਾਨੂੰਨ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਨ। ਉਨ੍ਹਾਂ ਕਿਹਾ ਕਿ ਸਿੱਖਿਆ ਤੱਕ ਪਹੁੰਚ ਵਧਾ ਕੇ ਅਤੇ ਲੋਕਾਂ ਨੂੰ ਜਾਗਰੂਕ ਕਰਕੇ ਇਸ ਨੁਕਸਾਨਦੇਹ ਰਵਾਇਤ ਨੂੰ ਖ਼ਤਮ ਕਰਨ ਲਈ ਕੰਮ ਕੀਤਾ ਜਾਵੇ।

ਉਨ੍ਹਾਂ ਦੁਹਰਾਇਆ ਕਿ ਪੀਪੀਪੀ ਹਰ ਬੱਚੇ ਦਾ ਬਚਪਨ ਬਚਾਉਣ, ਹਰ ਕੁੜੀ ਨੂੰ ਆਪਣਾ ਭਵਿੱਖ ਸੰਵਾਰਨ ਦੇ ਸਮਰੱਥ ਬਣਾਉਣ ਅਤੇ ਅਜਿਹਾ ਸਮਾਜ ਉਸਾਰਨ ਲਈ ਆਪਣੀ ਲੜਾਈ ਜਾਰੀ ਰੱਖੇਗੀ, ਜਿੱਥੇ ਸਾਰੇ ਬੱਚਿਆਂ ਨੂੰ ਆਪਣੀ ਸਮਰੱਥਾ ਅਨੁਸਾਰ ਅੱਗੇ ਵਧਣ ਦੇ ਬਰਾਬਰ ਮੌਕੇ ਮਿਲਣ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.