ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਵੱਲੋਂ ਪੀਟੀਸੀ ਨਿਊਜ਼ ਦੇ ਕੈਮਰਾਮੈਨ ਰਾਜ ਕੁਮਾਰ ਬਬਲੂ ’ਤੇ ਹਮਲੇ ਦੀ ਸਖ਼ਤ ਨਿੰਦਾ

ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਵੱਲੋਂ ਪੀਟੀਸੀ ਨਿਊਜ਼ ਦੇ ਕੈਮਰਾਮੈਨ ਰਾਜ ਕੁਮਾਰ ਬਬਲੂ ’ਤੇ ਹਮਲੇ ਦੀ ਸਖ਼ਤ ਨਿੰਦਾ

ਕਪੂਰਥਲਾ 20 ਅਕਤੂਬਰ ਗੌਰਵ ਮੜੀਆ 
ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਸੂਬਾ ਪ੍ਰਧਾਨ ਜੈ ਸਿੰਘ ਛਿੱਬਰ , ਸਕੱਤਰ ਜਨਰਲ ਸੰਤੋਖ ਗਿੱਲ ਅਤੇ ਇਕਾਈ ਕਪੂਰਥਲਾ ਤੋਂ ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਐਡਵੋਕੇਟ ਹਰਜੀਤ ਸਿੰਘ ਕਨੂੰਨੀ ਸਲਾਹਕਾਰ, ਜੋਗਿੰਦਰ ਸਿੰਘ ਜਾਤੀਕੇ ਜ਼ਿਲ੍ਹਾ ਚੈਅਰਮੈਨ, ਬਰਿੰਦਰ ਚਾਨਾ ਜ਼ਿਲ੍ਹਾ ਜਨਰਲ ਸਕੱਤਰ , ਅਵਿਨਾਸ਼ ਸ਼ਰਮਾਂ ਸਰਪ੍ਰਸਤ ਨੇ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਖ਼ਬਰ ਦੀ ਕਵਰੇਜ ਕਰ ਰਹੇ ਪੀਟੀਸੀ ਨਿਊਜ਼ ਦੇ ਕੈਮਰਾਮੈਨ ਰਾਜ ਕੁਮਾਰ ਬਬਲੂ ’ਤੇ ਹੋਏ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਨੂੰ ਆਪਣੀ ਪੇਸ਼ੇਵਰ ਜ਼ਿੰਮੇਵਾਰੀ ਨਿਡਰ ਹੋ ਕੇ ਨਿਭਾਉਣ ਤੋਂ ਰੋਕਣ ਲਈ ਉਨ੍ਹਾਂ ਨਾਲ ਕੁੱਟਮਾਰ ਕਰਨਾ, ਧਮਕਾਉਣਾ ਜਾਂ ਉਨ੍ਹਾਂ ਦਾ ਸਾਮਾਨ ਖੋਹਣਾ ਬੇਹੱਦ ਗੰਭੀਰ ਮਾਮਲਾ ਹੈ।

ਆਗੂਆਂ ਨੇ ਕਿਹਾ ਕਿ ਪ੍ਰਾਪਤ ਜਾਣਕਾਰੀ ਅਨੁਸਾਰ, ਪੁਲਿਸ ਹਿਰਾਸਤ ਵਿੱਚ ਇੱਕ ਵਿਅਕਤੀ ਨਾਲ ਸਬੰਧਤ ਖ਼ਬਰ ਦੀ ਕਵਰੇਜ ਦੌਰਾਨ ਆਮ ਆਦਮੀ ਪਾਰਟੀ ਦੇ ਮਜੀਠਾ ਹਲਕੇ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਦੇ ਪੁੱਤਰ ਸਰਪ੍ਰੀਤ ਸਿੰਘ ਵੱਲੋਂ ਕੈਮਰਾਮੈਨ ਨਾਲ ਕਥਿਤ ਤੌਰ ’ਤੇ ਗਾਲੀ-ਗਲੋਚ ਅਤੇ ਥੱਪੜ ਮਾਰਨ ਦੀ ਘਟਨਾ ਵਾਪਰੀ ਅਤੇ ਉਸ ਦਾ ਮੋਬਾਈਲ ਫ਼ੋਨ ਵੀ ਖੋਹ ਲਿਆ ਗਿਆ।

ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਪ੍ਰੈੱਸ ਦੀ ਆਜ਼ਾਦੀ, ਪੱਤਰਕਾਰਾਂ ਦੀ ਸੁਰੱਖਿਆ ਅਤੇ ਲੋਕਤੰਤਰੀ ਪ੍ਰਣਾਲੀ ਲਈ ਗੰਭੀਰ ਚਿੰਤਾ ਦਾ ਵਿਸ਼ਾ ਹਨ। ਕਿਸੇ ਵੀ ਵਿਅਕਤੀ ਦਾ ਸਿਆਸੀ ਰਸੂਖ ਜਾਂ ਪ੍ਰਭਾਵ ਉਸ ਨੂੰ ਕਾਨੂੰਨ ਤੋਂ ਉੱਪਰ ਨਹੀਂ ਕਰ ਸਕਦਾ। ਪੱਤਰਕਾਰਾਂ ’ਤੇ ਹਮਲੇ ਸਿਰਫ਼ ਵਿਅਕਤੀ ਵਿਸ਼ੇਸ਼ ਨੂੰ ਨਿਸ਼ਾਨਾ ਬਣਾਉਣਾ ਨਹੀਂ, ਸਗੋਂ ਲੋਕਾਂ ਤੱਕ ਸੱਚਾਈ ਪਹੁੰਚਾਉਣ ਦੇ ਅਧਿਕਾਰ ਨੂੰ ਪ੍ਰਭਾਵਿਤ ਕਰਨ ਵਾਲੀ ਕਾਰਵਾਈ ਹਨ।

ਜੈ ਸਿੰਘ ਛਿੱਬਰ ਅਤੇ ਸੰਤੋਖ ਗਿੱਲ ਨੇ ਪੰਜਾਬ ਪੁਲਿਸ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਅਤੇ ਸਮਾਂਬੱਧ ਜਾਂਚ ਕਰਵਾਈ ਜਾਵੇ, ਕੈਮਰਾਮੈਨ ਦਾ ਮੋਬਾਈਲ ਫ਼ੋਨ ਬਰਾਮਦ ਕੀਤਾ ਜਾਵੇ ਅਤੇ ਜਾਂਚ ਦੌਰਾਨ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ।

ਯੂਨੀਅਨ ਦੇ ਆਗੂਆਂ ਨੇ ਰਾਜ ਕੁਮਾਰ ਬਬਲੂ ਅਤੇ ਪੀਟੀਸੀ ਨਿਊਜ਼ ਦੀ ਸਮੁੱਚੀ ਟੀਮ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਕਿਹਾ ਕਿ ਪੱਤਰਕਾਰਾਂ ਨੂੰ ਬਿਨਾਂ ਕਿਸੇ ਡਰ, ਦਬਾਅ ਜਾਂ ਧਮਕੀ ਦੇ ਆਪਣੀ ਡਿਊਟੀ ਨਿਭਾਉਣ ਦਾ ਮਾਹੌਲ ਮਿਲਣਾ ਚਾਹੀਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮੀਡੀਆ ਕਰਮੀਆਂ ਵਿਰੁੱਧ ਹਿੰਸਾ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.