ਭਾਰਤੀ ਮੂਲ ਦੀ ECE ਅਧਿਆਪਕਾ ਨੇ ਚਾਰ ਸਾਲਾ ਬੱਚੇ ਨੂੰ ਮਾਰਿਆ ਥੱਪੜ, ਨੌਕਰੀ ਗਈ; ਟ੍ਰਿਬਿਊਨਲ ਵੱਲੋਂ ਸਖ਼ਤ ਫਟਕਾਰ

ਭਾਰਤੀ ਮੂਲ ਦੀ ECE ਅਧਿਆਪਕਾ ਨੇ ਚਾਰ ਸਾਲਾ ਬੱਚੇ ਨੂੰ ਮਾਰਿਆ ਥੱਪੜ, ਨੌਕਰੀ ਗਈ; ਟ੍ਰਿਬਿਊਨਲ ਵੱਲੋਂ ਸਖ਼ਤ ਫਟਕਾਰ

ਨਿਊਜ਼ੀਲੈਂਡ, ਆਕਲੈਂਡ (ਤਰਨਜੋਤ ਸਿੰਘ)

ਆਕਲੈਂਡ ਦੇ ਟਾਕਾਨੀਨੀ ਇਲਾਕੇ ਵਿੱਚ ਇੱਕ ਅਰਲੀ ਚਾਈਲਡਹੁੱਡ ਐਜੂਕੇਸ਼ਨ (ECE) ਅਧਿਆਪਕਾ ਨੂੰ ਚਾਰ ਸਾਲਾ ਬੱਚੇ ਦੇ ਮੂੰਹ ’ਤੇ ਥੱਪੜ ਮਾਰਨ ਦੇ ਮਾਮਲੇ ਵਿੱਚ ਅਧਿਆਪਕ ਅਨੁਸ਼ਾਸਨੀ ਟ੍ਰਿਬਿਊਨਲ ਵੱਲੋਂ ਰਸਮੀ ਤੌਰ ’ਤੇ ਫਟਕਾਰ ਲਗਾਈ ਗਈ ਹੈ। ਇਸ ਦੇ ਨਾਲ ਹੀ ਉਸ ਦੇ ਪ੍ਰੈਕਟਿਸਿੰਗ ਸਰਟੀਫਿਕੇਟ ਉੱਤੇ ਕੁਝ ਸ਼ਰਤਾਂ ਵੀ ਲਗਾਈਆਂ ਗਈਆਂ ਹਨ। ਟ੍ਰਿਬਿਊਨਲ ਨੇ ਇਸ ਘਟਨਾ ਨੂੰ ਗੰਭੀਰ ਦੁਰਵਿਵਹਾਰ (Serious Misconduct) ਕਰਾਰ ਦਿੱਤਾ ਹੈ।

ਇਹ ਮਾਮਲਾ ਭਾਰਤੀ ਮੂਲ ਦੀ ਸ਼ਿਫਾਲੀ ਅਰੋੜਾ ਨਾਲ ਸਬੰਧਤ ਹੈ, ਜੋ ਜੁਲਾਈ 2020 ਵਿੱਚ Lollipops Takanini ਵਿੱਚ ਕੰਮ ਕਰ ਰਹੀ ਸੀ।

ਟੀਚਰਜ਼ ਡਿਸ਼ਪਲਿਨਰੀ ਟ੍ਰਿਬਿਊਨਲ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਕਿਸੇ ਬੱਚੇ ਖ਼ਿਲਾਫ਼ ਸਰੀਰਕ ਹਿੰਸਾ ਕਰਨਾ ਅਧਿਆਪਕ ਦੀ ਉਸ ਬੁਨਿਆਦੀ ਜ਼ਿੰਮੇਵਾਰੀ ਦੇ ਬਿਲਕੁਲ ਉਲਟ ਹੈ, ਜਿਸ ਤਹਿਤ ਉਸ ਨੇ ਆਪਣੀ ਦੇਖਭਾਲ ਹੇਠ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣੀ ਹੁੰਦੀ ਹੈ।

ਟ੍ਰਿਬਿਊਨਲ ਦੇ ਚੇਅਰ ਥਿਓ ਬੇਕਰ ਨੇ ਕਿਹਾ ਕਿ ਅਧਿਆਪਕਾਂ ਉੱਤੇ ਸਿਰਫ਼ ਬੱਚਿਆਂ ਨੂੰ ਸਿੱਖਿਆ ਦੇਣ ਲਈ ਹੀ ਨਹੀਂ, ਸਗੋਂ ਉਨ੍ਹਾਂ ਦੀ ਸੁਰੱਖਿਆ ਲਈ ਵੀ ਭਰੋਸਾ ਕੀਤਾ ਜਾਂਦਾ ਹੈ। ਕਿਸੇ ਵਿਦਿਆਰਥੀ ਨੂੰ ਮਾਰਨਾ ਇਸ ਜ਼ਿੰਮੇਵਾਰੀ ਦੀ ਸਪੱਸ਼ਟ ਉਲੰਘਣਾ ਹੈ।

ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸੈਂਟਰ ਦੇ ਦੋ ਸਾਲ ਤੋਂ ਵੱਧ ਉਮਰ ਵਾਲੇ ਬੱਚਿਆਂ ਦੇ ਸਮੂਹ ਨੂੰ ਅੰਦਰ ਲਿਜਾਇਆ ਜਾ ਰਿਹਾ ਸੀ। ਇਸ ਦੌਰਾਨ ਇੱਕ ਚਾਰ ਸਾਲਾ ਬੱਚਾ ਦੌੜਦਾ ਹੋਇਆ ਅਰੋੜਾ ਨਾਲ ਟਕਰਾ ਗਿਆ ਅਤੇ ਉਸ ਦੇ ਪੇਟ ’ਤੇ ਸੱਟ ਲੱਗੀ।

ਟ੍ਰਿਬਿਊਨਲ ਨੂੰ ਦੱਸਿਆ ਗਿਆ ਕਿ ਅਰੋੜਾ ਦੀ ਇੱਕ ਦਿਨ ਪਹਿਲਾਂ ਹੀ ਮੈਡੀਕਲ ਪ੍ਰਕਿਰਿਆ ਹੋਈ ਸੀ, ਜਿਸ ਕਾਰਨ ਬੱਚੇ ਦੇ ਟਕਰਾਉਣ ਨਾਲ ਉਸ ਨੂੰ ਕਾਫ਼ੀ ਦਰਦ ਹੋਇਆ। ਇਸ ਤੋਂ ਬਾਅਦ ਉਸ ਨੇ ਪ੍ਰਤੀਕਿਰਿਆ ਵਜੋਂ ਬੱਚੇ ਦੇ ਮੂੰਹ ’ਤੇ ਥੱਪੜ ਮਾਰ ਦਿੱਤਾ।

ਘਟਨਾ ਤੋਂ ਬਾਅਦ ਬੱਚਾ ਕਾਫ਼ੀ ਪਰੇਸ਼ਾਨ ਹੋ ਗਿਆ ਅਤੇ ਉੱਚੀ ਆਵਾਜ਼ ਵਿੱਚ ਰੋਣ ਲੱਗ ਪਿਆ। ਉਹ ਆਪਣੀ ਗੱਲ੍ਹ ਫੜੀ ਹੋਈ ਸੀ, ਜੋ ਲਾਲ ਹੋ ਗਈ ਸੀ।

ਅਰੋੜਾ ਨੇ ਬਾਅਦ ਵਿੱਚ ਆਪਣੀ ਇਸ ਪ੍ਰਤੀਕਿਰਿਆ ਨੂੰ ਕੁਝ ਪਲਾਂ ਲਈ ਆਪਣੇ ਉੱਤੇ ਕਾਬੂ ਗੁਆ ਬੈਠਣ ਦੀ ਘਟਨਾ ਦੱਸਿਆ। ਉਸ ਨੇ ਟ੍ਰਿਬਿਊਨਲ ਸਾਹਮਣੇ ਮੰਨਿਆ ਕਿ ਉਸ ਦਾ ਵਿਵਹਾਰ ਗੰਭੀਰ ਦੁਰਵਿਵਹਾਰ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਉਸ ਨੇ ਇਹ ਵੀ ਦੱਸਿਆ ਕਿ ਘਟਨਾ ਤੋਂ ਬਾਅਦ ਉਸ ਨੇ ਕਾਊਂਸਲਿੰਗ ਲਈ ਸੀ।

ਇਸ ਘਟਨਾ ਦਾ ਉਸ ਦੀ ਨੌਕਰੀ ਉੱਤੇ ਵੀ ਤੁਰੰਤ ਅਸਰ ਪਿਆ। Evolve Education Group ਵੱਲੋਂ ਚਲਾਏ ਜਾਂਦੇ ਸੈਂਟਰ ਵਿੱਚੋਂ ਉਸ ਦੀ ਨੌਕਰੀ ਚਲੀ ਗਈ ਅਤੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ। ਬਾਅਦ ਵਿੱਚ ਪੁਲਿਸ ਵੱਲੋਂ ਉਸ ਨੂੰ ਰਸਮੀ ਚੇਤਾਵਨੀ ਦਿੱਤੀ ਗਈ।

ਅਨੁਸ਼ਾਸਨੀ ਫ਼ੈਸਲਾ ਸਾਲ 2022 ਵਿੱਚ ਕੀਤਾ ਗਿਆ ਸੀ, ਪਰ ਇਸ ਨੂੰ ਹੁਣ ਜਨਤਕ ਤੌਰ ’ਤੇ ਜਾਰੀ ਕੀਤਾ ਗਿਆ ਹੈ।

ਟ੍ਰਿਬਿਊਨਲ ਦੇ ਹੁਕਮਾਂ ਤਹਿਤ ਅਰੋੜਾ ਨੂੰ Incredible Years Programme ਪੂਰਾ ਕਰਨ ਲਈ ਕਿਹਾ ਗਿਆ। ਇਸ ਦੇ ਨਾਲ 18 ਮਹੀਨਿਆਂ ਤੱਕ ਕਿਸੇ ਵੀ ਸੰਭਾਵੀ ਨਵੇਂ ਨੌਕਰੀਦਾਤਾ ਨੂੰ ਟ੍ਰਿਬਿਊਨਲ ਦੇ ਇਸ ਫ਼ੈਸਲੇ ਬਾਰੇ ਜਾਣਕਾਰੀ ਦੇਣ ਦੀ ਸ਼ਰਤ ਵੀ ਲਗਾਈ ਗਈ।

ਉਸ ਨੂੰ 1,602 ਨਿਊਜ਼ੀਲੈਂਡ ਡਾਲਰ ਖ਼ਰਚੇ ਵਜੋਂ ਅਦਾ ਕਰਨ ਦਾ ਹੁਕਮ ਵੀ ਦਿੱਤਾ ਗਿਆ।

ਟ੍ਰਿਬਿਊਨਲ ਨੇ ਸਪੱਸ਼ਟ ਕੀਤਾ ਕਿ ਨਿੱਜੀ ਸਰੀਰਕ ਦਰਦ ਜਾਂ ਬੱਚੇ ਵੱਲੋਂ ਅਚਾਨਕ ਹੋਈ ਸਰੀਰਕ ਟੱਕਰ ਕਿਸੇ ਅਧਿਆਪਕ ਵੱਲੋਂ ਬੱਚੇ ਉੱਤੇ ਹੱਥ ਚੁੱਕਣ ਨੂੰ ਜਾਇਜ਼ ਨਹੀਂ ਠਹਿਰਾ ਸਕਦੀ।

ਸਰੋਤ: Teachers Disciplinary Tribunal ਦਾ ਫ਼ੈਸਲਾ; New Zealand Herald ਵੱਲੋਂ ਰਿਪੋਰਟ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.