ਦੇਸ਼ 'ਚ ਸਤੰਬਰ ਮਹੀਨੇ ਥੋਕ ਮਹਿੰਗਾਈ ਦਰ ਵਧ ਕੇ 11.39 ਫੀਸਦੀ ਤੱਕ ਪਹੁੰਚੀ
- ਰਾਸ਼ਟਰੀ
- (Asia/Kolkata)
ਖੁਰਾਕ, ਬਲਣ ਅਤੇ ਤਿਆਰ ਵਸਤੂਆਂ ਦੀਆਂ ਕੀਮਤਾਂ 'ਚ ਉਛਾਲ ਕਾਰਨ ਵਧੀ ਮਹਿੰਗਾਈ।
ਬਿੰਦਰ ਸਿੰਘ ਖੁੱਡੀ ਕਲਾਂ
ਨਵੀਂ ਦਿੱਲੀ, 14 ਅਕਤੂਬਰ
:ਬੁੱਧਵਾਰ ਨੂੰ ਜਾਰੀ ਕੀਤੇ ਗਏ ਸਰਕਾਰੀ ਅੰਕੜਿਆਂ ਅਨੁਸਾਰ, ਖਾਣ-ਪੀਣ ਦੀਆਂ ਵਸਤੂਆਂ, ਨਿਰਮਾਣ ਖੇਤਰ ਅਤੇ ਬਿਜਲੀ ਦੀਆਂ ਕੀਮਤਾਂ ਵਿੱਚ ਹੋਏ ਭਾਰੀ ਵਾਧੇ ਕਾਰਨ ਸਤੰਬਰ ਮਹੀਨੇ ਵਿੱਚ ਭਾਰਤ ਦੀ ਥੋਕ ਮੁੱਲ ਸੂਚਕ ਅੰਕ 'ਤੇ ਅਧਾਰਤ ਮਹਿੰਗਾਈ ਦਰ ਵਧ ਕੇ 11.39 ਫੀਸਦੀ ਤੱਕ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਅਗਸਤ ਮਹੀਨੇ ਵਿੱਚ ਇਹ ਮਹਿੰਗਾਈ ਦਰ 9.92 ਫੀਸਦੀ ਦਰਜ ਕੀਤੀ ਗਈ ਸੀ।
ਵਪਾਰ ਅਤੇ ਉਦਯੋਗ ਮੰਤਰਾਲੇ ਵੱਲੋਂ ਜਾਰੀ ਇਨ੍ਹਾਂ ਅੰਕੜਿਆਂ ਮੁਤਾਬਕ ਖੁਰਾਕੀ ਵਸਤੂਆਂ ਦਾ ਮਹਿੰਗਾਈ ਸੂਚਕ ਅੰਕ ਅਗਸਤ ਦੇ 7.05 ਫੀਸਦੀ ਤੋਂ ਵਧ ਕੇ ਸਤੰਬਰ ਵਿੱਚ 8.66 ਫੀਸਦੀ ਹੋ ਗਿਆ ਹੈ। ਜਿਸ ਨਾਲ ਆਮ ਜਨਤਾ ਦੇ ਰਸੋਈ ਦੇ ਬਜਟ 'ਤੇ ਸਿੱਧਾ ਅਸਰ ਪਿਆ ਹੈ।ਤਿਆਰ ਜਾਂ ਨਿਰਮਿਤ ਵਸਤੂਆਂ ਦੇ ਖੇਤਰ ਵਿੱਚ ਡਬਲਯੂ.ਪੀ.ਆਈ. ਮਹਿੰਗਾਈ ਦਰ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ। ਜੋ ਕਿ ਅਗਸਤ ਦੇ 8.37 ਫੀਸਦੀ ਦੇ ਮੁਕਾਬਲੇ ਵਧ ਕੇ 9.76 ਫੀਸਦੀ ਦੇ ਸਰਵਉੱਚ ਪੱਧਰ 'ਤੇ ਦਰਜ ਕੀਤੀ ਗਈ। ਇਸ ਦੇ ਨਾਲ ਹੀ ਈਂਧਨ ਅਤੇ ਬਿਜਲੀ ਵਰਗ ਵਿੱਚ ਥੋਕ ਮਹਿੰਗਾਈ ਦਰ ਸਤੰਬਰ ਮਹੀਨੇ 25.85 ਫੀਸਦੀ 'ਤੇ ਪਹੁੰਚ ਗਈ, ਜੋ ਕਿ ਪਿਛਲੇ ਮਹੀਨੇ ਅਗਸਤ ਵਿੱਚ 22.93 ਫੀਸਦੀ ਸੀ। ਵਪਾਰ ਅਤੇ ਉਦਯੋਗ ਮੰਤਰਾਲੇ ਨੇ ਅੰਕੜੇ ਜਾਰੀ ਕਰਦਿਆਂ ਦੱਸਿਆ ਕਿ ਵੱਖ-ਵੱਖ ਸਮੂਹਾਂ ਵਿੱਚ ਮਿਨਰਲ ਆਇਲ (ਜਿਸ ਵਿੱਚ ਪੈਟਰੋਲੀਅਮ ਉਤਪਾਦ ਸ਼ਾਮਲ ਹਨ), ਖਾਣ-ਪੀਣ ਦੀਆਂ ਵਸਤੂਆਂ, ਕੱਚਾ ਪੈਟਰੋਲੀਅਮ ਅਤੇ ਕੁਦਰਤੀ ਗੈਸ, ਕੋਲਾ, ਬੁਨਿਆਦੀ ਧਾਤਾਂ ਦਾ ਨਿਰਮਾਣ, ਰਸਾਇਣ ਅਤੇ ਰਸਾਇਣਕ ਉਤਪਾਦ, ਕੱਪੜਾ ਉਦਯੋਗ (ਟੈਕਸਟਾਈਲ), ਰਬੜ ਤੇ ਪਲਾਸਟਿਕ ਉਤਪਾਦ ਅਤੇ ਬਿਜਲੀ ਦੇ ਉਪਕਰਨ ਸਤੰਬਰ ਮਹੀਨੇ ਦੀ ਥੋਕ ਮਹਿੰਗਾਈ ਵਿੱਚ ਹੋਏ ਇਸ ਵਾਧੇ ਦੇ ਮੁੱਖ ਕਾਰਨ ਰਹੇ ਹਨ।
ਚਾਲੂ ਵਿੱਤੀ ਸਾਲ ਦੀ ਸ਼ੁਰੂਆਤ ਤੋਂ ਹੀ ਥੋਕ ਮਹਿੰਗਾਈ ਦਰ ਲਗਾਤਾਰ ਉੱਪਰ ਵੱਲ ਜਾ ਰਹੀ ਹੈ। ਇਸ ਦਾ ਵੱਡਾ ਕਾਰਨ ਪੱਛਮੀ ਏਸ਼ੀਆ ਵਿੱਚ ਚੱਲ ਰਹੀ ਜੰਗ ਅਤੇ ਉਸ ਦੇ ਸਿੱਟੇ ਵਜੋਂ 'ਹੋਰਮੁਜ਼ ਦੀ ਜਲ ਡਮਰੂ ਮੱਧ' ਘੇਰਾਬੰਦੀ ਹੈ।ਜਿੱਥੋਂ ਭਾਰਤ ਆਪਣੇ ਵੱਡੇ ਹਿੱਸੇ ਦੇ ਕੱਚੇ ਤੇਲ ਦਾ ਆਯਾਤ ਕਰਦਾ ਹੈ। ਇਸ ਰੁਕਾਵਟ ਕਾਰਨ ਵਿਸ਼ਵ ਪੱਧਰ 'ਤੇ ਕੱਚੇ ਤੇਲ ਅਤੇ ਖਾਦਾਂ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਇਆ ਹੈ।ਜਿਸ ਦਾ ਸਿੱਧਾ ਮਾੜਾ ਅਸਰ ਖਾਧ ਪਦਾਰਥਾਂ ਅਤੇ ਹੋਰ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ 'ਤੇ ਦੇਖਣ ਨੂੰ ਮਿਲ ਰਿਹਾ ਹੈ।
ਮਹਿੰਗਾਈ ਦੇ ਵਧਦੇ ਦਬਾਅ ਨੂੰ ਦੇਖਦਿਆਂ, ਭਾਰਤੀ ਰਿਜ਼ਰਵ ਬੈਂਕ ਦੀ ਨੀਤੀ ਕਮੇਟੀ ਨੇ ਪਿਛਲੇ ਹਫ਼ਤੇ ਹੀ ਬੈਂਚਮਾਰਕ ਪਾਲਿਸੀ ਰੇਟਾਂ (ਰੇਪੋ ਰੇਟ) ਵਿੱਚ 25 ਬੇਸਿਸ ਪੁਆਇੰਟ ਦਾ ਵਾਧਾ ਕਰਕੇ ਇਸ ਨੂੰ 5.50 ਫੀਸਦੀ ਕਰ ਦਿੱਤਾ ਸੀ। ਇਸ ਤੋਂ ਇਲਾਵਾ ਇਸੇ ਹਫ਼ਤੇ ਦੇ ਸ਼ੁਰੂ ਵਿੱਚ ਜਾਰੀ ਕੀਤੇ ਗਏ ਫੁੱਟਕਲ ਰਿਟੇਲ ਮਹਿੰਗਾਈ ਦੇ ਅੰਕੜਿਆਂ ਤੋਂ ਵੀ ਇਹ ਖੁਲਾਸਾ ਹੋਇਆ ਸੀ ਕਿ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਆਏ ਤੇਜ਼ ਉਛਾਲ ਕਾਰਨ ਸਤੰਬਰ ਵਿੱਚ ਖੁਚਰਾ ਮਹਿੰਗਾਈ ਦਰ 23 ਮਹੀਨਿਆਂ ਦੇ ਉੱਚ ਪੱਧਰ 5.54 ਫੀਸਦੀ 'ਤੇ ਪਹੁੰਚ ਗਈ ਹੈ, ਜੋ ਕਿ ਅਗਸਤ ਵਿੱਚ 4.83 ਫੀਸਦੀ ਸੀ।
Leave a Reply