ਪੰਜਾਬ ਯੂਨੀਵਰਸਿਟੀ ਚੋਣਾਂ ’ਚ ਸੱਥ ਤੇ ਸਾਖੀ ਨੇ ਕਰਾਇਆ ਆਪਣੀ ਹੋਂਦ ਦਾ ਅਹਿਸਾਸ, ਨਵੀਂ ਨੌਜਵਾਨ ਲੀਡਰਸ਼ਿਪ ਹੋਈ ਲਾਮਬੰਦ : ਮਨਪ੍ਰੀਤ ਸਿੰਘ ਇਆਲੀ
- ਰਾਜਨੀਤੀ
- (Asia/Kolkata)
ਪੰਥਕ ਹਿੱਤਾਂ ਦਾ ਦਾਅਵਾ ਕਰਨ ਵਾਲੇ ਅਕਾਲੀ ਦਲ ਬਾਦਲ ਵੱਲੋਂ ਪੰਜਾਬ ਵਿਰੋਧੀ ਅਤੇ ਸਿੱਖ ਕੌਮ ਦੀ ਨੰਬਰ ਵਨ ਦੁਸ਼ਮਣ ਆਰਐਸਐਸ/ਬੀਜੇਪੀ ਦੇ ਉਮੀਦਵਾਰ ਨੂੰ ਸਮਰਥਨ ਦੇਣ ਤੇ ਪੰਜਾਬ ਪ੍ਰਤੀ ਹਮਦਰਦੀ ਦਾ ਅਸਲ ਮਨਸੂਬਾ ਹੋਇਆ ਨੰਗਾ…
ਚੰਡੀਗੜ੍ਹ 1 ਸਤੰਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ 'ਚ ਵਿਦਿਆਰਥੀ ਜਥੇਬੰਦੀ ਸੱਥ ਅਤੇ ਸਾਖੀ ਜਥੇਬੰਦੀ ਦੀ ਸਮੁੱਚੀ ਟੀਮ ਦੇ ਹੌਸਲੇ ਨੂੰ ਸਲਾਮ ਕਰਦਿਆਂ ਕਿਹਾ ਕਿ ਇਹ ਕਿਸੇ ਵੀ ਤਰ੍ਹਾਂ ਦੀ ਹਾਰ ਨਹੀਂ, ਸਗੋਂ ਆਉਣ ਵਾਲੇ ਵੱਡੇ ਸੰਘਰਸ਼ ਲਈ ਨੌਜਵਾਨਾਂ ਦੀ ਲਾਮਬੰਦੀ ਦੀ ਸ਼ੁਰੂਆਤ ਹੈ। ਚੋਣਾਂ ਦੇ ਨਤੀਜਿਆਂ ’ਤੇ ਪ੍ਰਤੀਕਿਰਿਆ ਦਿੰਦਿਆਂ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਦੋਵਾਂ ਜਥੇਬੰਦਿਆਂ ਨੇ ਦਿੱਲੀ ਤੋਂ ਚੱਲਣ ਵਾਲੀਆਂ ਸਿਆਸੀ ਧਿਰਾਂ ਦੇ ਦਬਦਬੇ ਦੇ ਸਾਹਮਣੇ ਆਪਣੀ ਹੋਂਦ ਨੂੰ ਮਜ਼ਬੂਤੀ ਨਾਲ ਪੇਸ਼ ਕੀਤਾ ਹੈ। ਇਹ ਲੜਾਈ ਸਿਰਫ਼ ਚੋਣ ਜਿੱਤਣ ਜਾਂ ਹਾਰਨ ਦੀ ਨਹੀਂ ਸੀ, ਸਗੋਂ ਪੰਜਾਬ ਦੀ ਹੋਂਦ, ਪੰਥਕ ਸੋਚ ਅਤੇ ਨੌਜਵਾਨਾਂ ਦੀ ਆਪਣੀ ਸਿਆਸੀ ਆਵਾਜ਼ ਨੂੰ ਜਿਉਂਦਾ ਰੱਖਣ ਦੀ ਲੜਾਈ ਸੀ। ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਅਸ਼ਮੀਤ ਸਿੰਘ, ਜੁਝਾਰ ਸਿੰਘ , ਦਰਸ਼ਪ੍ਰੀਤ ਸਿੰਘ ਅਤੇ ਡਾ. ਰਿਮਲਜੋਤ ਸਿੰਘ ਦੀ ਅਗਵਾਈ ਹੇਠ ਪੰਥ ਅਤੇ ਪੰਜਾਬ ਨੂੰ ਇੱਕ ਨਵੀਂ ਨੌਜਵਾਨ ਲੀਡਰਸ਼ਿਪ ਮਿਲੀ ਹੈ। ਸੱਥ ਅਤੇ ਸਾਖੀ ਦੇ ਰੂਪ ਵਿੱਚ ਪੰਥ ਦੇ ਵਿਹੜੇ ਵਿੱਚ ਲੱਗੀ ਇਹ ਨਰਸਰੀ ਆਉਣ ਵਾਲੇ ਸਮੇਂ ਵਿੱਚ ਪੰਜਾਬ ਨੂੰ ਹੋਰ ਨਵੀਂ ਅਤੇ ਸੰਘਰਸ਼ਸ਼ੀਲ ਲੀਡਰਸ਼ਿਪ ਦੇਣ ਦੇ ਸਮਰੱਥ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੀ ਵਿਦਿਆਰਥੀ ਸਿਆਸਤ ਵਿੱਚ ਸਰਗਰਮ ਹੋ ਰਹੇ ਇਹ ਨੌਜਵਾਨ ਸਿਰਫ਼ ਵਿਦਿਆਰਥੀ ਮਸਲਿਆਂ ਤੱਕ ਸੀਮਤ ਨਹੀਂ ਰਹਿਣਗੇ, ਸਗੋਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਸਿਆਸਤ ਵਿੱਚ ਵੀ ਆਪਣੀ ਅਹਿਮ ਭੂਮਿਕਾ ਨਿਭਾਉਣਗੇ। ਇਯਾਲੀ ਨੇ ਕਿਹਾ ਕਿ ਸੱਥ ਅਤੇ ਸਾਖੀ ਦੀ ਇਹ ਚੋਣੀ ਯਾਤਰਾ ਇੱਥੇ ਖਤਮ ਨਹੀਂ ਹੁੰਦੀ, ਸਗੋਂ ਇਹ ਇੱਕ ਲੰਮੇ ਅਤੇ ਵੱਡੇ ਸੰਘਰਸ਼ ਦੀ ਸ਼ੁਰੂਆਤ ਹੈ। ਪੰਜਾਬ ਦੇ ਨੌਜਵਾਨ ਆਉਣ ਵਾਲੇ ਸਮੇਂ ਵਿੱਚ ਇਸ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨਗੇ। ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਸੱਥ ਅਤੇ ਸਾਖੀ ਜਥੇਬੰਦੀ ਨੇ ਚੰਡੀਗੜ੍ਹ ਦੇ ਕੇਂਦਰ ਵਿੱਚ ਆਪਣੀ ਹੋਂਦ ਨੂੰ ਜਿਉਂਦਾ ਰੱਖਦਿਆਂ ਇਹ ਸਾਬਤ ਕੀਤਾ ਹੈ ਕਿ ਪੰਜਾਬ ਦੀ ਧਰਤੀ ’ਤੇ ਪੰਜਾਬ ਦੀ ਆਪਣੀ ਸੋਚ ਅਤੇ ਕੇਸਰੀ ਰੰਗ ਦੀ ਸ਼ਾਨ ਹਮੇਸ਼ਾ ਕਾਇਮ ਰਹੇਗੀ। ਉਨ੍ਹਾਂ ਨੇ ਕਿਹਾ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸੋਚ ਦੇ ਵਾਰਿਸਾਂ ਨੂੰ ਖਤਮ ਕਰਨ ਦਾ ਭੁਲੇਖਾ ਪਾਲਣ ਵਾਲਿਆਂ ਨੂੰ ਪੰਜਾਬ ਦੇ ਲੋਕ ਆਉਣ ਵਾਲੇ ਸਮੇਂ ਵਿੱਚ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਪੰਥਕ ਹਿਤੈਸ਼ੀ ਹੋਣ ਦਾ ਦਾਅਵਾ ਕਰਨ ਵਾਲੀਆਂ ਸਿਆਸੀ ਧਿਰਾਂ ਆਪਣੇ ਸਿਆਸੀ ਰਵੱਈਏ ਅਤੇ ਨੈਤਿਕ ਪੱਖ ਤੋਂ ਹਾਰ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਸਭ ਤੋਂ ਵੱਡੀ ਲੋੜ ਅਖੌਤੀ ਪੰਥਕ ਦਾਅਵੇ ਕਰਨ ਵਾਲੀ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਦੇ ਅਸਲ ਮਨਸੂਬਿਆਂ ਨੂੰ ਪਛਾਣਨ ਦੀ ਹੈ। ਪੰਜਾਬ ਦੇ ਹਰ ਵਰਗ ਨੂੰ ਇਹ ਸਮਝਣ ਦੀ ਲੋੜ ਹੈ ਕਿ ਕਿਹੜੀਆਂ ਤਾਕਤਾਂ ਪੰਜਾਬ ਅਤੇ ਪੰਥ ਦੀ ਆਪਣੀ ਸਿਆਸੀ ਆਵਾਜ਼ ਨੂੰ ਮਜ਼ਬੂਤ ਕਰਨਾ ਚਾਹੁੰਦੀਆਂ ਹਨ ਅਤੇ ਕਿਹੜੀਆਂ ਤਾਕਤਾਂ ਆਪਣੇ ਸਿਆਸੀ ਹਿੱਤਾਂ ਲਈ ਪੰਜਾਬੀਆਂ ਨਾਲ ਧੋਖਾ ਕਰਦੀਆਂ ਹਨ। ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਪੰਜਾਬ ਵਾਸੀਆਂ ਨੂੰ ਅਕਾਲੀ ਦਲ ਬਾਦਲ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਸਿਆਸਤ ਵਿੱਚ ਅਕਾਲੀ ਦਲ ਬਾਦਲ ਨੇ ਆਰਐਸਐਸ ਨਾਲ ਜੁੜੀ ਵਿਦਿਆਰਥੀ ਸੰਗਠਨ ਏਬੀਵੀਪੀ ਨੂੰ ਸਮਰਥਨ ਦਿੱਤਾ, ਉਸੇ ਤਰ੍ਹਾਂ ਦੀ ਨਫਰਤ ਭਾਰੀ ਅਤੇ ਪੰਜਾਬ ਮਾਰੂ ਨੀਤੀ ਨੂੰ ਇਹ ਪੰਜਾਬ ਦੀ ਧਰਤੀ ’ਤੇ ਵੀ ਲੈਕੇ ਆਉਣ ਨੂੰ ਪੱਬਾਂ ਭਾਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਅਜਿਹੀਆਂ ਸਿਆਸੀ ਚਾਲਾਂ ਨੂੰ ਸਮਝਣ ਅਤੇ ਪੰਜਾਬ ਦੀ ਆਪਣੀ ਹੋਂਦ, ਪੰਥਕ ਸੋਚ ਅਤੇ ਹਿੱਤਾਂ ਨੂੰ ਸਭ ਤੋਂ ਉੱਪਰ ਰੱਖਣ ਦੀ ਲੋੜ ਹੈ।
Leave a Reply