ਡਾਕਟਰ ਅੰਬੇਡਕਰ ਜੀ ਦਾ ਜਨਮ ਦਿਨ ਮਨਾਇਆ

ਡਾਕਟਰ ਅੰਬੇਡਕਰ ਜੀ ਦਾ ਜਨਮ ਦਿਨ ਮਨਾਇਆ

ਕਾਲਾ ਬੱਕਰਾ 14 ਅਪ੍ਰੈਲ 2025, ਮਨਜਿੰਦਰ ਸਿੰਘ ਭੋਗਪੁਰ

ਡਾਕਟਰ ਬੀ ਆਰ ਅੰਬੇਡਕਰ ਜੀ ਦਾ ਜਨਮ ਦਿਨ ਅੱਜ 14 ਅਪ੍ਰੈਲ ਨੂੰ ਦੇਸ਼ ਭਰ ਵਿੱਚ ਮਨਾਇਆ ਜਾਂਦਾ ਹੈ। ਅੱਜ ਪਿੰਡ ਕਾਲਾ ਬੱਕਰਾ ਸ਼ਹੀਦ ਭਗਤ ਸਿੰਘ ਪਾਰਕ ਵਿੱਚ ਡਾਕਟਰ ਅੰਬੇਡਕਰ ਸਾਹਿਬ ਜੀ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਸ੍ਰ ਨਿਰਮਲ ਸਿੰਘ ਜੀ ਪ੍ਰਧਾਨ ਸਮਾਜ ਸੇਵਕ ਸੁਸਾਇਟੀ ਪਿੰਡ ਕਾਲਾ ਬੱਕਰਾ ਨੇ ਬਾਬਾ ਸਾਹਿਬ ਜੀ ਦੇ ਜੀਵਨ ਬਾਰੇ ਬੋਲਦਿਆਂ ਕਿਹਾ ਕਿ ਬਾਬਾ ਸਾਹਿਬ ਦਾ ਜਨਮ 14 ਅਪ੍ਰੈਲ 1891 ਨੂੰ ਹੋਇਆ ਸੀ। ਛੇ ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਮਾਤਾ ਜੀ ਦਾ ਦਿਹਾਂਤ ਹੋ ਗਿਆ ਸੀ। ਛੋਟੀ ਉਮਰ ਵਿੱਚ ਹੀ ਉਨ੍ਹਾਂ ਨੂੰ ਦੁੱਖਾਂ ਵਿੱਚ ਦੀ ਗੁਜ਼ਰਨਾ ਪਿਆ। ਬਚਪਨ ਵਿੱਚ ਸਕੂਲੀ ਸਿੱਖਿਆ ਸਮੇਂ ਉੱਚ ਜਾਤੀ ਦੇ ਵਿਦਿਆਰਥੀ ਉਨ੍ਹਾਂ ਨੂੰ ਬਹੁਤ ਪ੍ਰੇਸ਼ਾਨ ਕਰਦੇ ਸਨ। ਬਾਬਾ ਸਾਹਿਬ ਇਨ੍ਹਾਂ ਗੱਲਾਂ ਤੋਂ ਬਹੁਤ ਦੁਖੀ ਸਨ। ਉਨ੍ਹਾਂ ਨੇ ਐਲਫਿੰਸਟਨ ਕਾਲਜ ਬੰਬੇ ਤੋਂ ਗ੍ਰੇਜੂਏਸ਼ਨ ਦੀ ਪੜ੍ਹਾਈ ਪੂਰੀ ਕੀਤੀ। ਪੜ੍ਹਾਈ ਵਿੱਚ ਅਵਲ ਰਹਿਣ ਕਰਕੇ 1913 ਵਿੱਚ ਉਨ੍ਹਾਂ ਨੂੰ ਅਮਰੀਕਾ ਵਿੱਚ ਉਚ ਅਧਿਐਨ ਕਰਨ ਲਈ ਚੁਣਿਆ ਗਿਆ। ਪੜ੍ਹਾਈ ਪੂਰੀ ਕਰਨ ਉਪਰੰਤ ਉਨ੍ਹਾਂ ਨੇ ਇੰਗਲੈਂਡ ਤੋਂ ਬੈਰਿਸਟਰ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਭਾਰਤ ਵਾਪਸ ਪਰਤ ਕੇ ਆਜ਼ਾਦੀ ਦੀ ਲਹਿਰ ਵਿੱਚ ਸ਼ਾਮਲ ਹੋ ਗਏ। ਆਜ਼ਾਦੀ ਤੋਂ ਬਾਅਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਉਨ੍ਹਾਂ ਨੂੰ ਆਪਣੀ ਕੈਬਨਿਟ ਵਿੱਚ ਬਤੌਰ ਕਾਨੂੰਨ ਤੇ ਨਿਆਂ ਮੰਤਰੀ ਸ਼ਾਮਲ ਕੀਤਾ। ਭਾਰਤ ਦਾ ਸੰਵਿਧਾਨ ਰਚਨ ਦਾ ਸਿਹਰਾ ਡਾਕਟਰ ਅੰਬੇਡਕਰ ਸਾਹਿਬ ਦੇ ਸਿਰ ਬੱਝਦਾ ਹੈ। ਉਨ੍ਹਾਂ ਨੇ ਆਪਣੀ ਯੋਗਤਾ ਦੇ ਆਧਾਰ ਤੇ ਮਿਲਣ ਵਾਲੇ ਪੈਸਿਆਂ ਦੇ ਅਹੁਦਿਆਂ ਨੂੰ ਠੁਕਰਾ ਕੇ ਆਪਣਾ ਜੀਵਨ ਦੱਬੇ ਕੁੱਚਲੇ ਲੋਕਾਂ ਨੂੰ ਸਮਾਨਤਾ ਦਾ ਅਧਿਕਾਰ ਦੁਵਾਉਣ ਲਈ । ਸਮਰਪਿਤ ਕੀਤਾ। ਉਹ ਆਪਣੇ ਜੀਵਨ ਭਰ ਦੱਬੇ ਕੁੱਚਲੇ ਲੋਕਾਂ ਨੂੰ ਸਮਾਨਤਾ ਦਾ ਅਧਿਕਾਰ ਦਵਾਉਣ ਲਈ ਲੜਦੇ ਰਹੇ ਅੱਜ ਅਸੀਂ ਉਨ੍ਹਾਂ ਵੱਲੋਂ ਦਵਾਏ ਅਧਿਕਾਰ ਨਾਲ ਆਨੰਦ ਮਾਣ ਰਹੇ ਹਾਂ। ਸ੍ਰ ਨਿਰਮਲ ਸਿੰਘ ਜੀ ਨੇ ਕਿਹਾ ਕਿ ਬਾਬਾ ਸਾਹਿਬ ਨੂੰ ਜੇ ਗਰੀਬਾਂ ਦਾ ਮਸੀਹਾ ਕਹਿ ਲਿਆ ਜਾਵੇ ਤਾਂ ਅਤਿਕਥਨੀ ਨਹੀਂ ਹੋਵੇਗਾ। ਇਸ ਮੌਕੇ ਸ੍ਰ ਗੁਰਮੇਲ ਸਿੰਘ ਸਾਬਕਾ ਸਰਪੰਚ, ਸ੍ਰ ਗੁਰਦੇਵ ਸਿੰਘ ਅਤੇ ਪਿੰਡ ਦੇ ਹੋਰ ਪਤਵੰਤੇ ਸੱਜਣ ਤੇ ਬੀਬੀਆਂ ਸ਼ਾਮਲ ਹੋਏ।