ਡਾ. ਕਲਿਆਣ ਸਿੰਘ ਕਲਿਆਣ ਪਿਲਾਕ ਦੇ ਬੋਰਡ ਆਫ਼ ਡਾਇਰੈਕਟਰਜ਼ ਦੇ ਮੈਂਬਰ ਨਿਯੁਕਤ, ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਦਿੱਤੀ ਮਨਜ਼ੂਰੀ
- ਅੰਤਰਰਾਸ਼ਟਰੀ
- (Asia/Kolkata)
ਲਾਹੌਰ, 22 ਨਵੰਬਰ 2026: ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ਼ ਨੇ ਪੰਜਾਬੀ ਲੇਖਕ, ਖੋਜਾਰਥੀ ਅਤੇ ਅਧਿਆਪਕ ਪ੍ਰੋਫੈਸਰ ਡਾ. ਕਲਿਆਣ ਸਿੰਘ ਕਲਿਆਣ ਨੂੰ ਪੰਜਾਬ ਇੰਸਟੀਚਿਊਟ ਆਫ਼ ਲੈਂਗੂਏਜ, ਆਰਟ ਐਂਡ ਕਲਚਰ (ਪਿਲਾਕ), ਪੰਜਾਬ ਸਰਕਾਰ ਦੇ ਬੋਰਡ ਆਫ਼ ਡਾਇਰੈਕਟਰਜ਼ ਦਾ ਮੈਂਬਰ ਨਿਯੁਕਤ ਕੀਤਾ ਹੈ। ਉਨ੍ਹਾਂ ਦੀਆਂ ਵਿੱਦਿਅਕ ਪ੍ਰਾਪਤੀਆਂ ਅਤੇ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਵਿੱਚ ਲੰਬੇ ਸਮੇਂ ਦੇ ਯੋਗਦਾਨ ਨੂੰ ਮਾਨਤਾ ਦਿੰਦਿਆਂ ਉਨ੍ਹਾਂ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਸਿੱਖ ਭਾਈਚਾਰੇ ਦੇ ਮੈਂਬਰਾਂ, ਪੰਜਾਬੀ ਬੁੱਧੀਜੀਵੀਆਂ ਅਤੇ ਸੱਭਿਆਚਾਰਕ ਕਾਰਕੁਨਾਂ ਨੇ ਨਿਯੁਕਤੀ ਦਾ ਸਵਾਗਤ ਕੀਤਾ ਹੈ। ਉਨ੍ਹਾਂ ਇਸ ਨੂੰ ਪਾਕਿਸਤਾਨ ਦੀਆਂ ਵਿੱਦਿਅਕ ਅਤੇ ਸੱਭਿਆਚਾਰਕ ਸੰਸਥਾਵਾਂ ਵਿੱਚ ਘੱਟ ਗਿਣਤੀ ਵਿਦਵਾਨਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਵੱਲ ਉਤਸ਼ਾਹਜਨਕ ਕਦਮ ਦੱਸਿਆ ਹੈ।
ਪਾਕਿਸਤਾਨ ਦੀ ਸਥਾਪਨਾ ਮਗਰੋਂ ਪੰਜਾਬੀ ਵਿੱਚ ਪੀਐੱਚਡੀ ਕਰਨ ਵਾਲੇ ਪਹਿਲੇ ਸਿੱਖ
ਪ੍ਰੋਫੈਸਰ ਡਾ. ਕਲਿਆਣ ਸਿੰਘ ਕਲਿਆਣ ਪਾਕਿਸਤਾਨ ਦੀ ਸਥਾਪਨਾ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਤੋਂ ਪੰਜਾਬੀ ਵਿੱਚ ਪੀਐੱਚਡੀ ਕਰਨ ਵਾਲੇ ਪਹਿਲੇ ਸਿੱਖ ਹਨ। ਇਸ ਪ੍ਰਾਪਤੀ ਨਾਲ ਉਨ੍ਹਾਂ ਨੇ ਦੇਸ਼ ਦੇ ਵਿੱਦਿਅਕ ਇਤਿਹਾਸ ਵਿੱਚ ਵਿਸ਼ੇਸ਼ ਥਾਂ ਬਣਾਈ ਹੈ।
ਨਨਕਾਣਾ ਸਾਹਿਬ ਵਿੱਚ ਜਨਮੇ ਡਾ. ਕਲਿਆਣ ਨੇ ਪੰਜਾਬ ਯੂਨੀਵਰਸਿਟੀ ਤੋਂ ਉੱਚ ਸਿੱਖਿਆ ਹਾਸਲ ਕੀਤੀ। ਉਨ੍ਹਾਂ ਨੇ 2007 ਵਿੱਚ ਪੰਜਾਬੀ ਦੀ ਮਾਸਟਰ ਡਿਗਰੀ, 2016 ਵਿੱਚ ਐੱਮਫਿਲ ਅਤੇ 2021 ਵਿੱਚ ਪੀਐੱਚਡੀ ਪੂਰੀ ਕੀਤੀ। ਪੰਜਾਬ ਯੂਨੀਵਰਸਿਟੀ ਦੇ 2022 ਦੇ ਡਿਗਰੀ ਵੰਡ ਸਮਾਗਮ ਵਿੱਚ ਉਨ੍ਹਾਂ ਨੂੰ ਡਾਕਟਰੇਟ ਦੀ ਡਿਗਰੀ ਦਿੱਤੀ ਗਈ।
ਉਨ੍ਹਾਂ ਦੀ ਡਾਕਟਰੇਟ ਖੋਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ’ਤੇ ਕੇਂਦਰਿਤ ਸੀ। ਇਸ ਵਿੱਚ ਸਿੱਖ ਧਰਮ ਦੇ ਬਾਨੀ ਦੇ ਫ਼ਲਸਫ਼ੇ, ਰੂਹਾਨੀ ਸਿੱਖਿਆਵਾਂ ਅਤੇ ਮਨੁੱਖਤਾ ਦੇ ਸੁਨੇਹੇ ਦਾ ਅਧਿਐਨ ਕੀਤਾ ਗਿਆ। ਉਨ੍ਹਾਂ ਨੇ ਇਹ ਖੋਜ ਪ੍ਰੋਫੈਸਰ ਡਾ. ਨਵੀਦ ਸ਼ਹਿਜ਼ਾਦ ਦੀ ਨਿਗਰਾਨੀ ਹੇਠ ਮੁਕੰਮਲ ਕੀਤੀ, ਜੋ ਵਿੱਦਿਅਕ ਸਹਿਯੋਗ ਅਤੇ ਅੰਤਰ-ਧਰਮੀ ਸਦਭਾਵਨਾ ਦੀ ਮਹੱਤਤਾ ਨੂੰ ਵੀ ਦਰਸਾਉਂਦੀ ਹੈ।
ਪੰਜਾਬੀ ਭਾਸ਼ਾ ਅਤੇ ਗੁਰਮੁਖੀ ਦੀ ਸਿੱਖਿਆ ਲਈ ਯੋਗਦਾਨ
ਡਾ. ਕਲਿਆਣ ਇਸ ਵੇਲੇ ਗੌਰਮਿੰਟ ਕਾਲਜ ਯੂਨੀਵਰਸਿਟੀ (ਜੀਸੀਯੂ), ਲਾਹੌਰ ਦੇ ਪੰਜਾਬੀ ਵਿਭਾਗ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਨੇ ਆਪਣੇ ਵਿੱਦਿਅਕ ਜੀਵਨ ਦਾ ਵੱਡਾ ਹਿੱਸਾ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪ੍ਰਚਾਰ-ਪਸਾਰ ਨੂੰ ਸਮਰਪਿਤ ਕੀਤਾ ਹੈ।
ਵਿਦਿਆਰਥੀਆਂ ਅਤੇ ਸਿੱਖਣ ਦੇ ਚਾਹਵਾਨਾਂ ਲਈ ਗੁਰਮੁਖੀ ਲਿਪੀ ਦੀ ਸਿੱਖਿਆ ਸੁਖਾਲੀ ਬਣਾਉਣਾ ਉਨ੍ਹਾਂ ਦੇ ਅਹਿਮ ਕੰਮਾਂ ਵਿੱਚ ਸ਼ਾਮਲ ਹੈ। ਉਨ੍ਹਾਂ ਨੇ ਅਜਿਹੀ ਸਿੱਖਿਆ ਸਮੱਗਰੀ ਤਿਆਰ ਕੀਤੀ ਹੈ, ਜਿਸ ਨਾਲ ਗੁਰਮੁਖੀ ਨੂੰ ਸਮਝਣਾ ਅਤੇ ਸਿੱਖਣਾ ਸੌਖਾ ਹੋਵੇ। ਇਹ ਕੰਮ ਵੱਖ-ਵੱਖ ਪੰਜਾਬੀ ਬੋਲਣ ਵਾਲੇ ਭਾਈਚਾਰਿਆਂ ਵਿਚਾਲੇ ਭਾਸ਼ਾਈ ਅਤੇ ਸੱਭਿਆਚਾਰਕ ਸਾਂਝ ਵਧਾਉਣ ਵਿੱਚ ਮਦਦ ਕਰਦਾ ਹੈ।
ਉਨ੍ਹਾਂ ਦੀ ਵਿੱਦਿਅਕ ਦਿਲਚਸਪੀ ਦੇ ਖੇਤਰਾਂ ਵਿੱਚ ਪੰਜਾਬੀ ਸਾਹਿਤ, ਭਾਸ਼ਾ ਵਿਗਿਆਨ, ਸਾਹਿਤਕ ਰਵਾਇਤਾਂ, ਸਿੱਖ ਵਿਰਾਸਤ ਅਤੇ ਇਤਿਹਾਸਕ ਤੇ ਸੱਭਿਆਚਾਰਕ ਗਿਆਨ ਦੀ ਸੰਭਾਲ ਸ਼ਾਮਲ ਹਨ। ਉਨ੍ਹਾਂ ਨੇ ਖੋਜ ਪ੍ਰਕਾਸ਼ਨਾਂ, ਅਨੁਵਾਦਾਂ ਅਤੇ ਸਿੱਖਿਆ ਸਮੱਗਰੀ ਰਾਹੀਂ ਵੀ ਪੰਜਾਬੀ ਦੇ ਵਿਕਾਸ ਲਈ ਯੋਗਦਾਨ ਦਿੱਤਾ ਹੈ। ਇਸ ਵਿੱਚ ਖ਼ਾਸ ਤੌਰ ’ਤੇ ਸ਼ਾਹਮੁਖੀ ਅਤੇ ਗੁਰਮੁਖੀ ਸਮੇਤ ਪੰਜਾਬੀ ਦੀਆਂ ਵੱਖ-ਵੱਖ ਲਿਪੀਆਂ ਵਿੱਚ ਕੰਮ ਸ਼ਾਮਲ ਹੈ।
ਉਨ੍ਹਾਂ ਦਾ ਕੰਮ ਪੰਜਾਬੀ ਨੂੰ ਸਾਂਝੀ ਭਾਸ਼ਾਈ ਅਤੇ ਸੱਭਿਆਚਾਰਕ ਵਿਰਾਸਤ ਵਜੋਂ ਸੰਭਾਲਣ ਦੀ ਮਹੱਤਤਾ ਉਭਾਰਦਾ ਹੈ। ਇਹ ਵਿਰਾਸਤ ਧਾਰਮਿਕ, ਸਮਾਜਿਕ ਅਤੇ ਭੂਗੋਲਿਕ ਹੱਦਾਂ ਤੋਂ ਪਾਰ ਲੋਕਾਂ ਨੂੰ ਆਪਸ ਵਿੱਚ ਜੋੜਦੀ ਹੈ।
ਪੰਜਾਬੀ ਸੱਭਿਆਚਾਰ ਦੇ ਵਿਕਾਸ ਵਿੱਚ ਪਿਲਾਕ ਦੀ ਭੂਮਿਕਾ
ਪੰਜਾਬ ਇੰਸਟੀਚਿਊਟ ਆਫ਼ ਲੈਂਗੂਏਜ, ਆਰਟ ਐਂਡ ਕਲਚਰ ਇੱਕ ਸੂਬਾਈ ਸੰਸਥਾ ਹੈ, ਜੋ ਪੰਜਾਬੀ ਭਾਸ਼ਾ, ਸਾਹਿਤ, ਕਲਾਵਾਂ ਅਤੇ ਸੱਭਿਆਚਾਰਕ ਵਿਰਾਸਤ ਦੇ ਪ੍ਰਚਾਰ, ਸੰਭਾਲ ਅਤੇ ਵਿਕਾਸ ਲਈ ਕੰਮ ਕਰਦੀ ਹੈ।
ਇਸ ਦੀਆਂ ਸਰਗਰਮੀਆਂ ਵਿੱਚ ਖੋਜ, ਪ੍ਰਕਾਸ਼ਨ, ਸਾਹਿਤਕ ਸਮਾਗਮ, ਭਾਸ਼ਾ ਦਾ ਪ੍ਰਚਾਰ-ਪਸਾਰ, ਸੱਭਿਆਚਾਰਕ ਪ੍ਰੋਗਰਾਮ ਅਤੇ ਪੰਜਾਬ ਦੀਆਂ ਇਤਿਹਾਸਕ ਤੇ ਕਲਾਤਮਕ ਰਵਾਇਤਾਂ ਦਾ ਦਸਤਾਵੇਜ਼ੀਕਰਨ ਸ਼ਾਮਲ ਹੈ।
ਡਾ. ਕਲਿਆਣ ਦੀ ਬੋਰਡ ਵਿੱਚ ਸ਼ਮੂਲੀਅਤ ਨਾਲ ਪੰਜਾਬੀ ਭਾਸ਼ਾ ਵਿਗਿਆਨ, ਲਿਪੀ ਵਿਕਾਸ, ਸਾਹਿਤਕ ਖੋਜ ਅਤੇ ਸਿੱਖ ਤੇ ਪੰਜਾਬੀ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਦੇ ਖੇਤਰਾਂ ਵਿੱਚ ਉਨ੍ਹਾਂ ਦੇ ਵਿੱਦਿਅਕ ਅਤੇ ਖੋਜ ਤਜਰਬੇ ਦਾ ਲਾਭ ਮਿਲਣ ਦੀ ਉਮੀਦ ਹੈ।
ਇਹ ਨਿਯੁਕਤੀ ਵੱਖ-ਵੱਖ ਭਾਸ਼ਾਈ ਰਵਾਇਤਾਂ ਨਾਲ ਵਿੱਦਿਅਕ ਸਾਂਝ ਮਜ਼ਬੂਤ ਕਰਨ ਅਤੇ ਸੂਬੇ ਦੀ ਸੱਭਿਆਚਾਰਕ ਪਛਾਣ ਵਿੱਚ ਸਾਰੇ ਭਾਈਚਾਰਿਆਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਦਾ ਮੌਕਾ ਵੀ ਦਿੰਦੀ ਹੈ।
ਸਿੱਖ ਸੰਗਤ ਪਾਕਿਸਤਾਨ ਵੱਲੋਂ ਵਧਾਈ
ਸਿੱਖ ਸੰਗਤ ਪਾਕਿਸਤਾਨ ਨੇ ਪ੍ਰੋਫੈਸਰ ਡਾ. ਕਲਿਆਣ ਸਿੰਘ ਕਲਿਆਣ ਨੂੰ ਪਿਲਾਕ ਦੇ ਬੋਰਡ ਆਫ਼ ਡਾਇਰੈਕਟਰਜ਼ ਦਾ ਮੈਂਬਰ ਨਿਯੁਕਤ ਹੋਣ ’ਤੇ ਵਧਾਈ ਦਿੱਤੀ ਹੈ।
ਜਥੇਬੰਦੀ ਨੇ ਉਮੀਦ ਪ੍ਰਗਟਾਈ ਕਿ ਉਹ ਆਪਣੀ ਵਿੱਦਿਅਕ ਮੁਹਾਰਤ, ਖੋਜ ਦੇ ਤਜਰਬੇ ਅਤੇ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਦੀ ਸਮਝ ਰਾਹੀਂ ਮਾਂ-ਬੋਲੀ ਦੇ ਪ੍ਰਚਾਰ-ਪਸਾਰ, ਇਤਿਹਾਸਕ ਵਿਰਾਸਤ ਦੀ ਸੰਭਾਲ ਅਤੇ ਸੱਭਿਆਚਾਰਕ ਤੇ ਵਿੱਦਿਅਕ ਸੰਸਥਾਵਾਂ ਵਿੱਚ ਘੱਟ ਗਿਣਤੀ ਭਾਈਚਾਰਿਆਂ ਦੀ ਨੁਮਾਇੰਦਗੀ ਲਈ ਯਤਨ ਹੋਰ ਮਜ਼ਬੂਤ ਕਰਨਗੇ।
ਜਥੇਬੰਦੀ ਨੇ ਇਸ ਨਿਯੁਕਤੀ ਨੂੰ ਸਿੱਖ ਭਾਈਚਾਰੇ ਦੇ ਵਿਦਵਾਨਾਂ ਦੇ ਯੋਗਦਾਨ ਦੀ ਉਤਸ਼ਾਹਜਨਕ ਮਾਨਤਾ ਦੱਸਿਆ। ਉਸ ਨੇ ਭਰੋਸਾ ਪ੍ਰਗਟਾਇਆ ਕਿ ਡਾ. ਕਲਿਆਣ ਦੀ ਸ਼ਮੂਲੀਅਤ ਅੰਤਰ-ਧਰਮੀ ਸਮਝ, ਸੱਭਿਆਚਾਰਕ ਵੰਨ-ਸੁਵੰਨਤਾ ਅਤੇ ਵਿੱਦਿਅਕ ਸਬੰਧ ਮਜ਼ਬੂਤ ਕਰਨ ਵਿੱਚ ਸਹਾਈ ਹੋਵੇਗੀ।
ਡਾ. ਕਲਿਆਣ ਦੀ ਨਿਯੁਕਤੀ ਨਾਲ ਪੰਜਾਬ ਦੀ ਅਮੀਰ ਅਤੇ ਵੰਨ-ਸੁਵੰਨੀ ਵਿਰਾਸਤ ਬਾਰੇ ਸੰਸਥਾਗਤ ਵਿਚਾਰ-ਵਟਾਂਦਰੇ ਵਿੱਚ ਭਾਸ਼ਾਈ ਖੋਜ, ਸੱਭਿਆਚਾਰਕ ਸੰਭਾਲ ਅਤੇ ਘੱਟ ਗਿਣਤੀਆਂ ਦੀ ਨੁਮਾਇੰਦਗੀ ਨੂੰ ਥਾਂ ਦੇਣ ਦਾ ਮੌਕਾ ਮਿਲਿਆ ਹੈ।
Leave a Reply