ਪਿੰਡ ਵੇਂਈਪੂਈਂ ਵਿੱਚ ਦੋ ਮਜਦੂਰਾਂ ਦੇ ਘਰਾਂ ਨੂੰ ਆਮ ਆਦਮੀ ਪਾਰਟੀ ਦੇ ਸਰਪੰਚ ਵੱਲੋਂ ਅੱਗ ਲਗਾਉਣਾ ਬੇਹੱਦ ਸ਼ਰਮਨਾਕ– ਹਰਜੀਤ ਸੰਧੂ

ਪਿੰਡ ਵੇਂਈਪੂਈਂ ਵਿੱਚ ਦੋ ਮਜਦੂਰਾਂ ਦੇ ਘਰਾਂ ਨੂੰ ਆਮ ਆਦਮੀ ਪਾਰਟੀ ਦੇ ਸਰਪੰਚ ਵੱਲੋਂ ਅੱਗ ਲਗਾਉਣਾ ਬੇਹੱਦ ਸ਼ਰਮਨਾਕ– ਹਰਜੀਤ ਸੰਧੂ

ਮੌਕੇ 'ਤੇ ਪਹੁੰਚ ਕੇ ਪੀੜਤ ਪਰਿਵਾਰ ਦੀ ਹੱਡਬੀਤੀ ਸੁਣ ਕੇ ਦੋਸ਼ੀਆਂ ਖਿਲਾਫ ਕਾਰਵਾਈ ਕਰਵਾਉਣ ਦਾ ਦਿੱਤਾ ਭਰੋਸਾ
ਰਾਕੇਸ਼ ਨਈਅਰ ਚੋਹਲਾ
ਖਡੂਰ ਸਾਹਿਬ/ਤਰਨਤਾਰਨ,1 ਅਪ੍ਰੈਲ
ਜਿਲ੍ਹਾ ਤਰਨਤਾਰਨ ਦੇ ਪਿੰਡ ਵੇਂਈਪੂਈਂ ਵਿੱਚ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਬਲਦੇਵ ਸਿੰਘ ਗੋਰਾ ਵੱਲੋਂ ਕਥਿੱਤ ਤੌਰ 'ਤੇ ਆਪਣੇ ਬਦਮਾਸ਼ ਅਨਸਰਾਂ ਸਮੇਤ ਪਿੰਡ ਦੇ ਹੀ ਦੋ ਮਜਦੂਰਾਂ ਲਾਭ ਸਿੰਘ ਤੇ ਸੋਨੂ ਸਿੰਘ ਦੇ ਘਰਾਂ ਨੂੰ ਕਿਸੇ ਮਾਮੂਲੀ ਰੰਜਿਸ਼ ਨੂੰ ਲੈ ਕੇ ਅੱਗ ਲਗਾ ਦਿੱਤੀ ਅਤੇ ਘਰਾਂ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਸਰਪੰਚ ਬਲਦੇਵ ਸਿੰਘ ਵੱਲੋਂ ਪੀੜਤਾਂ ਦੇ ਘਰਾਂ ਨੂੰ ਅੱਗ ਲਗਾਉਣ ਤੋਂ ਬਾਅਦ ਪਰਿਵਾਰਕ ਜੀਆਂ ਦੀ ਕੁੱਟਮਾਰ ਵੀ ਕਰਨ ਦੇ ਨਾਲ ਗੋਲੀ ਵੀ ਚਲਾ ਕੇ ਡਰਾਇਆ ਧਮਕਾਇਆ ਗਿਆ ਅਤੇ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਕਿਹਾ ਕਿ ਜੇਕਰ ਘਰਾਂ ਵਿੱਚ ਲੱਗੀ ਅੱਗ ਨੂੰ ਕਿਸੇ ਨੇ ਵੀ ਬੁਝਾਇਆ ਤਾਂ ਜਾਨੋਂ ਮਾਰ ਦਿੱਤਾ ਜਾਵੇਗਾ। ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਸ ਘਟਨਾਂ ਦਾ ਪਤਾ ਲੱਗਣ 'ਤੇ ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਆਪਣੇ ਜਿਲ੍ਹਾ ਨੇਤਾਵਾਂ ਦੇ ਨਾਲ ਮੌਕੇ 'ਤੇ ਪਹੁੰਚੇ ਅਤੇ ਪੀੜਤ ਪਰਿਵਾਰਕ ਮੈਂਬਰਾਂ ਪਾਸੋਂ ਮੌਕੇ 'ਤੇ ਸਾਰੀ ਜਾਣਕਾਰੀ ਹਾਸਲ ਕੀਤੀ ਅਤੇ ਇਸ ਹੋਈ ਘੋਰ ਨਿੰਦਣਯੋਗ ਘਟਨਾ ਦੀ ਸਖਤ ਨਿਖੇਧੀ ਕਰਦਿਆਂ ਮੌਕੇ 'ਤੇ ਜਿਲ੍ਹੇ ਦੇ ਐਸਐਸਪੀ ਪਾਸੋਂ ਸਰਪੰਚ ਬਲਦੇਵ ਸਿੰਘ ਅਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਾਰੇ ਹੀ ਬਦਮਾਸ਼ ਲੋਕਾਂ ਨੂੰ ਪੀੜਿਤ ਪਰਿਵਾਰਾਂ ਦੇ ਬਿਆਨਾਂ ਦੇ ਅਧਾਰ 'ਤੇ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਅਤੇ ਪੀੜਤ ਪਰਿਵਾਰਾਂ ਨੂੰ ਭਰੋਸਾ ਦੁਆਇਆ ਕਿ ਦੋਸ਼ੀਆਂ ਖਿਲਾਫ ਕਾਰਵਾਈ ਹੋਣ ਅਤੇ ਇਨਸਾਫ ਦੁਆਉਣ ਲਈ ਉਹ ਡਟ ਕੇ ਖੜੇ ਰਹਿਣਗੇ।ਇਸ ਮੌਕੇ 'ਤੇ ਜਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨਾਲ ਪਿਛਲੇ ਚਾਰ ਸਾਲਾਂ ਵਿੱਚ ਕੋਈ ਵਾਅਦਾ ਤਾਂ ਪੂਰਾ ਨਹੀਂ ਕੀਤਾ ਉਲਟਾ ਗਰੀਬ ਅਤੇ ਬੇਵੱਸ ਲੋਕਾਂ ਦੀਆਂ ਜਿੰਦਗੀਆਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਜਿਸ ਦਾ ਸਬੂਤ ਜਿਲਾ ਤਰਨਤਾਰਨ ਦੇ ਕਈ ਪਿੰਡਾਂ ਵਿੱਚ ਹੋਈਆਂ ਸ਼ਰਮਸਾਰ ਕਰਦੀਆਂ ਘਟਨਾਵਾਂ ਤੋਂ ਮਿਲਦਾ ਹੈ। ਉਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਲੋਕਾਂ ਨਾਲ ਹੋ ਰਹੇ ਸ਼ਰੇਆਮ ਧੱਕੇ ਅਤੇ ਜਾਨ ਲੇਵਾ ਹਮਲਿਆਂ ਪ੍ਰਤੀ ਸੁਹਿਰਦ ਹੋਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਰਖਵਾਲੇ ਹੋਣ ਦੇ ਦਮਗਜੇ ਵਜਾਉਣ ਦੀ ਬਜਾਇ ਗਰਾਉਂਡ 'ਤੇ ਆਪ ਆਖ ਕੇ ਵੇਖਣ ਅਤੇ ਜਮੀਰ ਦੀ ਅਵਾਜ ਸੁਣ ਕੇ ਇਸ ਘਿਨੌਣੀ ਕਾਰਵਾਈ ਨੂੰ ਅੰਜਾਮ ਦੇਣ ਵਾਲੇ ਲੋਕਾਂ 'ਤੇ ਕਾਰਵਾਈ ਕਰਨ ਨਹੀਂ ਤਾਂ ਜਨਤਕ ਤੌਰ 'ਤੇ ਸਪੱਸ਼ਟ ਕਰਨ ਕਿ ਇਹੋ ਜਿਹੇ ਲੋਕਾਂ ਵੱਲੋਂ ਗੁੰਡਾਗਰਦੀ ਕਰਨ ਦੇ ਬਾਵਜੂਦ ਵੀ ਕਾਰਵਾਈ ਅਜੇ ਤੱਕ ਕਿਉਂ ਨਹੀਂ ਹੋਈ। ਇਸ ਮੌਕੇ 'ਤੇ ਜਿਲ੍ਹਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ,ਸੀਨੀਅਰ ਆਗੂ ਰਮਨਦੀਪ ਸਿੰਘ ਭਰੋਵਾਲ,ਮਹਾਂ ਮੰਤਰੀ ਸ਼ਿਵ ਕੁਮਾਰ ਸੋਨੀ,ਮੀਤ ਪ੍ਰਧਾਨ ਐਡਵੋਕੇਟ ਸਤਨਾਮ ਸਿੰਘ ਭੁੱਲਰ, ਕਿਸਾਨ ਮੋਰਚਾ ਪ੍ਰਧਾਨ ਡਾ.ਅਵਤਾਰ ਸਿੰਘ ਵੇਂਈਪੂਈ, ਜਿਲਾ ਸਕੱਤਰ ਹਰਮਨਦੀਪ ਸਿੰਘ ਕੱਲਾ,ਸਰਕਲ ਪ੍ਰਧਾਨ ਨਰਿੰਦਰ ਸਿੰਘ,ਐਸਸੀ ਮੋਰਚਾ ਪ੍ਰਧਾਨ ਅਵਤਾਰ ਸਿੰਘ ਬੰਟੀ, ਵਪਾਰ ਸੈੱਲ ਦੇ ਕਨਵੀਨਰ ਮੇਜਰ ਸਿੰਘ ਗਿੱਲ, ਪਰਮਜੀਤ ਸਿੰਘ ਫੌਜੀ,ਮੋਰਚਾ ਸਰਕਲ ਪ੍ਰਧਾਨ ਲਖਵਿੰਦਰ ਸਿੰਘ, ਜਸਪਿੰਦਰ ਸਿੰਘ ਮੋਰਚਾ ਆਗੂ, ਕਰਤਾਰ ਸਿੰਘ ਆਦਿ ਪਾਰਟੀ ਆਗੂ ਮੌਜੂਦ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.