ਜਾਣਦੇ ਹਾਂ ਕੌਣ ਹੈ ਪਪਲਪ੍ਰੀਤ ਸਿੰਘ...

ਜਾਣਦੇ ਹਾਂ ਕੌਣ ਹੈ ਪਪਲਪ੍ਰੀਤ ਸਿੰਘ...

ਸੀਨੇ ਖਿੱਚ ਜਿੰਨਾ ਨੇ ਖਾਧੀ, ਓ ਕਰ ਆਰਾਮ ਨਾ ਬਹਿੰਦੇ


ਇਹ ਗੱਲ ਹੈ ਕੋਈ 2008 ਦੀ। ਇੱਕੀਵੀਂ ਸਦੀ ਦਾ ਪਹਿਲਾ ਦਹਾਕਾ, ਪੰਜਾਬ ਨੇ ਨਸਲਕੁਸ਼ੀ ਤੇ ਸਟੇਟ ਦੇ ਘੋਰ ਜਬਰ ਦਾ ਦੌਰ ਹੰਢਾਇਆ ਹੋਇਆ ਸੀ, ਪੰਜਾਬ ਇਸ ਜਬਰ ਚੋਂ ਉੱਠ ਰਿਹਾ ਸੀ। ਉਸ ਵੇਲੇ ਸ਼ਹੀਦਾਂ ਦੇ ਪਰਿਵਾਰਾਂ ਤੱਕ ਪਹੁੰਚ ਕਰਕੇ ਚੁੱਪ ਚੁਪੀਤੇ ਕੋਈ ਕੌਮੀ ਸਰਮਾਏ ਨੂੰ ਦਸਤਾਵੇਜ਼ੀ ਰੂਪ ਦੇ ਰਿਹਾ ਸੀ। ਸੰਘਰਸ਼ ਦੇ ਸ਼ਹੀਦਾਂ ਦੀਆਂ ਯਾਦਾਂ, ਤਸਵੀਰਾਂ ਅਤੇ ਕੌਮ ਦਾ ਉਹ ਅਨਮੋਲ ਖ਼ਜ਼ਾਨਾ ਸਾਂਭਣ ਵਿੱਚ ਆਪਣਾ ਸਿਰ ਸੁੱਟ ਕੇ ਜੁਟਿਆ ਹੋਇਆ ਸੀ। ਉਹ ਹੈ — ਭਾਈ ਪਪਲਪ੍ਰੀਤ ਸਿੰਘ।
ਓਸ ਨੇ ਸੈਂਕੜੇ ਸ਼ਹੀਦ ਸਿੱਖ ਸ਼ਹੀਦਾਂ ਦੀਆਂ ਤਸਵੀਰਾਂ ਤੇ ਪਾਵਨ ਯਾਦਾਂ ਨੂੰ ਆਧੁਨਿਕ ਤਕਨੀਕ ਨਾਲ ਸਾਂਭਿਆ। ਕਦੇ ਬੱਸ ਜਾਂ ਕਦੇ ਮੋਟਰਸਾਈਕਲ ਫੜ੍ਹ ਕੇ, ਬਿਨ੍ਹਾਂ ਕਿਸੇ ਦੇ ਕਹਿਣ 'ਤੇ, ਗੁਰੂ ਕਾ ਸਿੱਖ ਹੋਣ ਨਾਤੇ, ਆਪਣੀ ਜਿੰਮੇਵਾਰੀ ਸਮਝੀ। ਸਰਕਾਰੀ ਜਬਰ ਚੋਂ ਉੱਠ ਰਹੇ ਪੰਜਾਬ ਵਿੱਚ ਜਦੋਂ ਸਾਡੇ ਸ਼ਹੀਦਾਂ ਦਾ ਨਾਂ ਲੈਣਾ ਵੀ ਹਾਲੇ ਗੁਨਾਹ ਸੀ, ਉਸ ਵੇਲੇ ਉਨ੍ਹਾਂ ਸ਼ਹੀਦਾਂ ਦੀ ਯਾਦ ਨੂੰ ਸਾਂਭਣਾ, ਭਾਈ ਪਪਲਪ੍ਰੀਤ ਸਿੰਘ ਦੇ ਸੁੱਚੇ ਕਿਰਦਾਰ ਦੀ ਗਵਾਹੀ ਹੈ। ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਕਹਿੰਦੇ ਸਨ ਕਿ "ਘੋਰ ਹਨੇਰੇ ਨੂੰ ਚੈਲੇੰਜ ਕਰਨ ਲਈ ਦੀਵੇ ਦੀ ਇੱਕ ਨਿੱਕੀ ਜਿਹੀ ਲੋਅ ਦਾ ਹੋਣਾ ਹੀ ਕਾਫੀ ਹੈ।" ਉਦਾਹਰਨ ਵਜੋਂ ਤੁਸੀਂ ਇੰਟਰਨੈੱਟ ਉੱਤੇ ਜੇ ਸ਼ਹੀਦ ਭਾਈ ਜੁਗਰਾਜ ਸਿੰਘ ਤੂਫ਼ਾਨ ਦੇ ਮਾਤਾ ਜੀ ਦਾ ਇਕੋ ਇਕ ਵੀਡਿਓ ਵੇਖੋ ਤਾਂ ਤੁਹਾਨੂੰ ਦੱਸਦੇ ਹਾਂ ਕਿ ਇਸ ਨੂੰ 2008 ਵਿਚ ਰਿਕਾਰਡ ਕਰਨ ਵਾਲਾ ਪਪਲਪ੍ਰੀਤ ਸਿੰਘ ਹੈ।
ਦੀਵਾ ਆਪ ਮੱਘਦਾ-ਮੱਘਦਾ ਹੋਰਨਾਂ ਦੀਵਿਆਂ ਵਿੱਚ ਵੀ ਆਪਣੀ ਲੋਅ ਜਗਾਉਂਦਾ ਜਾਂਦਾ ਹੈ। ਪਪਲਪ੍ਰੀਤ ਸਿੰਘ ਨੇ ਆਪਣੇ ਹੱਥੀਂ ਕੀਤੇ ਕੰਮਾਂ ਨਾਲ ਮਿਸਾਲ ਸਿਰਜ ਕੇ, ਸਿੱਖ ਨੌਜੁਆਨੀ ਨੂੰ ਪੜ੍ਹਾਈ-ਲਿਖਾਈ ਵੱਲ ਪ੍ਰੇਰਿਆ ਅਤੇ ਗੁਰੂ ਕੀ ਬਾਣੀ-ਬਾਣੇ ਨਾਲ਼ ਜੋੜਿਆ। ਤੰਤੀ ਸਾਜ਼ਾਂ ਤੇ ਊਰਦੂ ਦੀ ਤਾਲੀਮ ਆਪਣੇ ਪਿੰਡ ਵਿਚ ਸ਼ੁਰੂ ਕਰਵਾਈ। ਉਰਦੂ ਦਾ ਕਾਰਨ ਇਹ ਕਿ ਪੁਰਾਤਨ ਫ਼ਾਰਸੀ ਸਿੱਖ ਸਰੋਤਾਂ ਤੱਕ ਸਿੱਖ ਬੱਚਿਆਂ ਦੀ ਰਸਾਈ ਉਰਦੂ ਰਾਹੀਂ ਸੌਖੀ ਹੋ ਸਕੇ। ਇਹ ਹੈ ਪਪਲਪ੍ਰੀਤ ਸਿੰਘ ਦਾ ਲੰਮਾ ਨਜ਼ਰੀਆ।
ਬਤੌਰ ਅਜ਼ਾਦ ਪੱਤਰਕਾਰ ਅਤੇ ਸਿੱਖ ਕਾਰਕੁੰਨ, ਪਪਲਪ੍ਰੀਤ ਸਿੰਘ ਨੇ ਸਿੱਖ ਸੰਘਰਸ਼ ਦੀਆਂ ਅਣਛੋਹੀਆਂ ਅਤੇ ਅਣਕਹੀਆਂ ਗੱਲਾਂ ਨੂੰ ਸਿੱਖ ਸੰਗਤ ਸਾਹਮਣੇ ਪੇਸ਼ ਕੀਤਾ। ਬਾਬਾ ਗੁਰਬਚਨ ਸਿੰਘ ਮਾਨੋਚਾਹਲ ਬਾਰੇ ਜਿੰਨ੍ਹਾ ਕੰਮ ਪਪਲਪ੍ਰੀਤ ਸਿੰਘ ਨੇ ਕੀਤਾ ਹੈ, ਉਨਾਂ ਕੰਮ ਸ਼ਾਇਦ ਹੀ ਕਿਸੇ ਹੋਰ ਨੇ ਕੀਤਾ ਹੋਵੇ। ਇਹ ਬਹੁਤ ਘੱਟ ਲੋਕ ਜਾਣਦੇ ਹਨ ਕਿ ਸੱਤ ਕੁ ਸਾਲ ਦੀ ਬਾਲੜੀ ਉਮਰ ਚ ਪਪਲਪ੍ਰੀਤ ਸਿੰਘ ਨੂੰ ਸਿੱਖ ਕੌਮ ਦੇ ਜੰਗੀ ਜਰਨੈਲ ਸ਼ਹੀਦ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦਾ ਲਾਡ ਪਿਆਰ ਹਾਸਿਲ ਹੋਇਆ।
ਪਪਲਪ੍ਰੀਤ ਸਿੰਘ ਵੱਲੋਂ ਇੱਕ ਇਨਵੈਸਟੀਗੇਟਿਵ ਜਰਨਲਿਸਟ ਦੇ ਤੌਰ ਤੇ ਕੀਤੇ ਗਏ ਉਹ ਤਮਾਮ ਇੰਟਰਵਿਊ: ਬਾਬਾ ਗੁਰਬਚਨ ਸਿੰਘ ਦਾ ਬਹਿਲਾ ਮੁਕਾਬਲਾ, ਰਟੌਲ ਮੁਕਾਬਲਾ, ਬਾਬਾ ਮਾਣੋਚਾਹਲ ਦੀ ਸ਼ਹੀਦੀ ਦੇ ਆਖਰੀ ਦਿਨ, ਜਿਨ੍ਹਾਂ ਪਰਿਵਾਰਾਂ ਵੱਲੋਂ ਬਾਬਾ ਮਾਣੋਚਾਹਲ ਨੂੰ ਪਨਾਹ ਦਿੱਤੀ ਗਈ ਉਹਨਾਂ ਦੀਆਂ ਸ਼ਹਾਦਤਾਂ, ਬਾਬਾ ਮਾਣੋਚਾਹਲ ਦੇ ਕਰੀਬੀ ਸਿੰਘ: ਭਾਈ ਅਮਰਜੀਤ ਸਿੰਘ ਵਨਚੜੀ, ਕਰਤਾਰ ਸਿੰਘ ਚੋਹਲਾ, ਕਰਤਾਰ ਸਿੰਘ ਭੱਠਲ ਭਾਈ ਕੇ, ਬਾਪੂ ਤਰਲੋਕ ਸਿੰਘ ਬਹਿਲਾ ਆਦਿ ਨਾਲ ਲੰਮੀ ਗੱਲਬਾਤ। ਇਸ ਤੋਂ ਇਲਾਵਾ ਭਾਈ ਸੁਰਿੰਦਰ ਸਿੰਘ ਸੋਢੀ ਦੀ ਸ਼ਹਾਦਤ, ਸਿੱਖ ਨਸਲਕੁਸ਼ੀ 'ਤੇ ਕੰਮ, ਦਿੱਲੀ ਨਸਲਕੁਸ਼ੀ ਦੇ ਚਸ਼ਮਦੀਦ ਗਵਾਹਾਂ ਨਾਲ ਗੱਲਬਾਤ, ਖ਼ਾਲਸਾ ਵਹੀਰ ਦੌਰਾਨ ਸੇਵਾਵਾਂ, ਕੌਮ ਦੇ ਤਮਾਮ ਅਹਿਮ ਮੁੱਦਿਆਂ ਨੂੰ ਸਿੱਖ ਸੰਗਤ ਦੇ ਸਾਹਮਣੇ ਰੱਖਿਆ। ਜਸਟਿਸ ਅਜੀਤ ਸਿੰਘ ਬੈਂਸ, ਜਸਟਿਸ ਆਰ. ਐਸ. ਸੋਢੀ ਨੂੰ ਮਿਲ ਕੇ ਵੀਡਿਓ ਇੰਟਰਵਿਊ ਕੀਤੀਆਂ। ਸਿੱਖ ਨਸਲਕੁਸ਼ੀ ਦੇ ਗਵਾਹ ਪੱਤਰਕਾਰਾਂ ਤੱਕ ਪਹੁੰਚ ਕੀਤੀ। ਪਪਲਪ੍ਰੀਤ ਸਿੰਘ ਦੇ ਯੂਟਿਊਬ ਚੈਨਲ ਤੇ ਅਜੇ ਵੀ ਇਹ ਸਾਰੀ ਜਾਣਕਾਰੀ ਮੌਜੂਦ ਹੈ। ਦੂਜੇ ਪਾਸੇ ਕੌਮੀ ਪੱਧਰ ਦੇ ਪੰਜਾਬ 'ਚ ਹੁੰਦੇ ਰਹੇ ਹਰ ਪੰਥਕ ਇਕੱਠ ਵਿੱਚ ਅਕਸਰ ਪਪਲਪ੍ਰੀਤ ਸਿੰਘ ਹਾਜ਼ਰ ਹੀ ਦਿਸਦਾ। ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਭਾਈ ਸੰਦੀਪ ਸਿੰਘ ਦੀਪ ਸਿੱਧੂ ਦਾ ਸੰਗ ਮਾਣਿਆ। ਕੌਮੀ ਬਿਰਤਾਂਤ ਸਿਰਜਣ ਵਿਚ ਯੋਗਦਾਨ ਪਾਇਆ।
ਪਪਲਪ੍ਰੀਤ ਸਿੰਘ ਬਹੁਪੱਖੀ ਪ੍ਰਤਿਭਾ ਦਾ ਮਾਲਕ ਹੈ। ਉਸਦੀ ਸ਼ਖਸੀਅਤ ਦੇ ਕਈ ਡੂੰਘੇ ਪੱਖ ਹਨ। ਬਤੌਰ ਅਜ਼ਾਦ ਪੱਤਰਕਾਰ ਅਤੇ ਸਿੱਖ ਕਾਰਕੁੰਨ, ਉਸਨੇ ਪੰਥ-ਪੰਜਾਬ ਪ੍ਰਤਿ ਸਿਰਜੇ ਕੋਝੇ ਤੇ ਝੂਠੇ ਬਿਰਤਾਂਤਾ ਨੂੰ ਪੂਰੀ ਤਨਦੇਹੀ, ਇਮਾਨਦਾਰੀ ਅਤੇ ਦਲੀਲਾਂ ਦੇ ਨਾਲ ਭੰਨ੍ਹਿਆ ਹੈ। ਸੰਨ 2015 ਵਿੱਚ ਜਦੋਂ ਸਰਬੱਤ ਖਾਲਸਾ ਹੋਇਆ, ਉੱਥੇ ਸਪੀਚ ਦੇਣ ਕਾਰਨ, ਪਪਲਪ੍ਰੀਤ ਸਿੰਘ 'ਤੇ ਉਸ ਵੇਲੇ ਦੀ ਮੌਜੂਦਾ ਸਰਕਾਰ 'ਬਾਦਲ ਦਲ' ਵੱਲੋਂ ਦੇਸ਼ ਧਰੋਹ ਦਾ ਪਰਚਾ ਦਰਜ ਕੀਤਾ ਗਿਆ। ਜਿਸ ਕਰਕੇ ਪੰਜ ਮਹੀਨੇ ਘਰੋਂ ਬੇਘਰ ਰਹਿਣਾ ਪਿਆ ਅਤੇ ਹਲੇ ਵੀ ਉਹ ਕੇਸ ਖੜ੍ਹਾ ਹੈ।
ਇਸੇ ਬਾਦਲ ਦਲ ਵੱਲੋਂ ਹਲਕਾ ਮਜੀਠੇ ਤੋਂ ਜੇਕਰ ਬਿਕਰਮ ਸਿੰਘ ਮਜੀਠੀਏ ਨੂੰ ਉਮੀਦਵਾਰ ਐਲਾਨਿਆ ਜਾਂਦਾ ਹੈ ਤਾਂ ਹਲਕਾ ਮਜੀਠੇ ਦੀ ਸਿੱਖ ਸੰਗਤ ਵਿਚਾਰ ਕਰੇ ਕਿ ਪੰਥ ਦੇ ਦੋਖੀਆਂ ਨੂੰ, ਗੱਦਾਰਾਂ ਨੂੰ ਵੋਟ ਦੇ ਕੇ ਫਿਰ ਆਪਣੇ ਸਿਰ 'ਤੇ ਬਿਠਾਉਣਾ ਹੈ, ਜਿੰਨਾ ਦੇ ਰਾਜ ਵਿੱਚ ਸਿੱਖਾਂ ਦੇ ਸਤਿਗੁਰ ਸ੍ਰੀ ਗੁਰੂ ਗਰੰਥ ਸਹਿਬ ਜੀ ਦੇ ਅਦਬ ਨੂੰ ਢਾਹ ਲਾਉਣ ਦੀਆਂ ਹਿਰਦੇਵੇਦਕ ਘਟਨਾਵਾਂ ਦਾ ਮੁੱਢ ਬੱਝਾ, ਜੋ ਅੱਜ ਵੀ ਜਾਰੀ ਹਨ ਜਾਂ ਫਿਰ ਇੱਕ ਗੁਰਸਿੱਖ, ਸੂਝਵਾਨ ਤੇ ਇਮਾਨਦਾਰ ਉਮੀਦਵਾਰ ਨੂੰ ਚੁਣਨਾ ਹੈ, ਜਿਸ ਨਾਲ ਅਸੀਂ ਪੰਥ ਅਤੇ ਪੰਜਾਬ ਦੇ ਸੰਘਰਸ਼ ਦੇ ਹਾਮੀ ਬਣਨਾ ਹੈ। ਯਾਦ ਰਹੇ ਦਿੱਲੀ ਤੋਂ ਚੱਲਦੀਆਂ ਕਾਂਗਰਸ, ਭਾਜਪਾ ਤੇ ਆਪ ਕਦੇ ਵੀ ਪੰਥ-ਪੰਜਾਬ ਨਾਲ ਵਫਾ ਨਹੀਂ ਕਮਾ ਸਕਦੀਆਂ।
ਹਲਕਾ ਮਜੀਠਾ ਚਿੱਟੇ ਦੇ ਨਸ਼ੇ ਦੀ ਮਾਰ ਹੇਠ ਹੈ। ਸਿੱਖ ਕਾਰਕੁੰਨ ਵਜੋਂ ਕੰਮ ਕਰਦਿਆਂ ਪਪਲਪ੍ਰੀਤ ਸਿੰਘ ਨੇ ਸੰਨ 2018 ਵਿੱਚ ਨਸ਼ਾ ਵਿਰੋਧੀ ਮੁਹਿੰਮ ਸ਼ੁਰੂ ਕੀਤੀ। ਆਪਣੇ ਪਿੰਡ ਨੂੰ ਅਤੇ ਹਲਕੇ ਨੂੰ ਨਸ਼ਿਆਂ ਤੋਂ ਬਚਾਉਣ ਲਈ ਜਦੋਂ ਪਪਲਪ੍ਰੀਤ ਸਿੰਘ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਚਲਾਈ ਗਈ ਤਾਂ ਉਲਟਾ ਉਸ 'ਤੇ ਹੀ ਝੂਠਾ ਪਰਚਾ ਦਰਜ ਕਰਕੇ ਕੇਸ ਵਿੱਚ ਫਸਾਇਆ ਗਿਆ। ਉਸ ਦੇ ਕਰੀਬੀ ਦੋਸਤ ਸੁਖਪ੍ਰੀਤ ਸਿੰਘ ਸੁੱਖ ਤੇ ਗੋਲੀ ਨਾਲ ਹਮਲਾ ਕੀਤਾ ਗਿਆ। ਉਪਰੰਤ ਉਸ ਨੂੰ ਡੇਢ ਸਾਲ ਘਰੋਂ ਬੇਘਰ ਰਹਿਣਾ ਪਿਆ ਅਤੇ ਰੂਪੋਸ਼ ਰਹਿ ਕੇ ਜ਼ਿੰਦਗੀ ਕੱਟੀ। ਇਸ ਤੋਂ ਪਹਿਲਾਂ ਛੇ ਮਹੀਨਿਆਂ ਵਿੱਚ ਤਕਰੀਬਨ 24 ਦੇ ਕਰੀਬ ਨਸ਼ਾ ਤਸਕਰਾਂ ਨੂੰ ਪਪਲਪ੍ਰੀਤ ਸਿੰਘ ਤੇ ਸਾਥੀਆਂ ਨੇ ਕਾਬੂ ਕਰ ਕੇ ਜੇਲ੍ਹ ਭੇਜਿਆ ਸੀ। ਉਸ ਦੀ ਟੀਮ ਨੇ ਕਈ ਨੌਜਵਾਨਾਂ ਦਾ ਨਸ਼ਾ ਛੁਡਾਇਆ। ਨਸ਼ਾ ਤਸਕਰਾਂ, ਸਿਆਸਤਦਾਨਾਂ ਤੇ ਅਫਸਰਸ਼ਾਹੀ ਦਾ ਆਪਸੀ ਗੱਠਜੋੜ ਉਸ ਨੇ ਲੋਕਾਂ ਸਾਹਮਣੇ ਨੰਗਾ ਕੀਤਾ।
ਪਪਲਪ੍ਰੀਤ ਸਿੰਘ ਦੀ ਵਿਦਵਤਾ ਅਤੇ ਸੂਝਵਾਨੀ ਦੀ ਨਿਸ਼ਾਨੀ ਇਹ ਹੈ ਕਿ ਉਸਨੇ ਉੱਚ-ਪੱਧਰ ਦੀ ਅਤੇ ਚੰਗੀ ਵਿੱਦਿਆ ਦੀ ਅਹਿਮੀਅਤ ਨੂੰ ਨਾ ਸਿਰਫ ਸਮਝਿਆ ਬਲਕਿ ਇਹਦੇ ਲਈ ਸਿਰ ਜੋੜ੍ਹ ਕੇ ਕੰਮ ਵੀ ਕੀਤਾ। ਹੁਸ਼ਿਆਰ ਸਿੱਖ ਨੌਜੁਆਨਾਂ ਤੇ ਵਿਦਿਆਰਥੀਆਂ ਨੂੰ ਚੰਗੇ ਵਿੱਦਿਅਕ ਅਦਾਰਿਆਂ ਵਿੱਚ ਪੜ੍ਹਾਉਣ ਦੀ ਮੁਹਿੰਮ ਸ਼ੁਰੂ ਕੀਤੀ। ਉਹਨਾਂ ਦੀਆਂ ਫੀਸਾਂ ਭਰੀਆਂ। 2018 ਤੋਂ ਤਕਰੀਬਨ 50 ਬੱਚਿਆਂ ਦੀਆਂ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਫੀਸਾਂ ਦਾ ਪ੍ਰਬੰਧ ਕੀਤਾ।
ਪਪਲਪ੍ਰੀਤ ਸਿੰਘ ਵੱਲੋਂ ਪ੍ਰੇਰੇ ਹੋਏ ਸਿੱਖ ਨੌਜੁਆਨ ਮੁੰਡੇ ਤੇ ਕੁੜੀਆਂ ਇਸ ਵੇਲੇ ਮਜੀਠੇ ਦੇ ਖੇਤਰੀ ਸਕੂਲਾਂ, ਖਾਲਸਾ ਕਾਲਜ ਚਵਿੰਡਾ ਦੇਵੀ, ਖਾਲਸਾ ਕਾਲਜ ਅੰਮ੍ਰਿਤਸਰ, ਦਿੱਲੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਖਾਲਸਾ ਕਾਲਜ ਫੋਰ ਵੁਮਨ, ਗੁਰਮਤਿ ਸੰਗੀਤ ਵਿਦਿਆਲਿਆ ਪਟਿਆਲਾ, ਗੁਰਮਤਿ ਕਾਲਜ ਬਹਾਦਰਗੜ੍ਹ ਪਟਿਆਲਾ ਵਰਗੇ ਵੱਕਾਰੀ ਅਤੇ ਉੱਚ ਪੱਧਰੀ ਵਿੱਦਿਅਕ ਅਦਾਰਿਆਂ ਵਿੱਚ ਪੜ੍ਹ ਰਹੇ ਹਨ।
ਕਿਵੇਂ ਪੜ੍ਹੇ-ਲਿਖੇ ਸਿੱਖ ਨੌਜੁਆਨ, ਉੱਚ ਪੱਧਰੀ ਖੋਜ ਕਰਕੇ, ਪੀਐਚਡੀ ਵਰਗੀਆਂ ਉੱਚੀਆਂ ਡਿਗਰੀਆਂ ਹਾਸਲ ਕਰਕੇ, ਪੰਥ-ਪੰਜਾਬ ਦੇ ਸੰਘਰਸ਼ ਨੂੰ ਕਿੰਨੇ ਪੁਰਜ਼ੋਰ ਤਰੀਕੇ ਨਾਲ ਅੱਗੇ ਲਿਜਾ ਸਕਦੇ ਹਨ, ਇਸ ਗੱਲ ਦੀ ਅਹਿਮੀਅਤ ਦਾ ਅਹਿਸਾਸ ਪਪਲਪ੍ਰੀਤ ਸਿੰਘ ਨੂੰ ਬਹੁਤ ਚੰਗੀ ਤਰ੍ਹਾਂ ਹੈ।
ਪਪਲਪ੍ਰੀਤ ਸਿੰਘ ਦਾ ਸੁਭਾਅ ਤੇ ਜੀਵਨ ਨਿਮਰਤਾ, ਗੰਭੀਰਤਾ, ਸੁਹਜ, ਅਪਣੱਤ, ਕੁਰਬਾਨੀ ਦੇ ਜਜ਼ਬੇ ਅਤੇ ਪੰਥ ਲਈ ਮਰ-ਮਿਟਣ ਦੇ ਚਾਅ ਨਾਲ ਭਰਪੂਰ ਹੈ। ਕਿਸੇ ਅਖ਼ਬਾਰ ਦੇ ਸਬ-ਐਡੀਟਰ ਦੇ ਲਫ਼ਜ਼ਾਂ ਚ "ਪਪਲਪ੍ਰੀਤ ਸਿੰਘ ਦੀ ਤਰਜ਼-ਏ-ਜ਼ਿੰਦਗੀ ਸਹਿਜ ਭਰੀ ਹੈ।" ਉਹ ਉਹਨਾਂ ਲੋਕਾਂ ਵਿੱਚੋਂ ਇੱਕ ਹੈ, ਜਿਹਨੇ ਕਦੇ ਆਪਣੇ ਕੀਤੇ ਹੋਏ ਕੰਮਾਂ ਦਾ ਗੁਣਗਾਨ ਨਹੀਂ ਕੀਤਾ। ਸਗੋਂ, ਸਦਾ ਸਿਰ ਸੁੱਟ ਕੇ, ਅਣਥੱਕ ਮਿਹਨਤ ਤੇ ਬਿਨ੍ਹਾਂ ਕਿਸੇ ਲਾਲਚ ਵੱਸ ਆਪਣੇ ਕੰਮ ਵਿੱਚ ਲਗਾਤਾਰ ਮਗਨ ਰਿਹਾ।
ਗੁਰੂ ਕੇ ਭਾਣੇ ਅੰਦਰ ਚੱਲਦਿਆਂ, ਆਪਣੇ ਆਲੇ-ਦੁਆਲੇ ਵਿਚਰਦਿਆਂ ਲੋਕਾਂ ਦੇ ਦਰਦ ਨੂੰ ਸਿਰਫ ਸਮਝਿਆ ਹੀ ਨਹੀਂ ਸਗੋਂ ਲੋੜਵੰਦ ਪਰਿਵਾਰਾਂ ਤੇ ਸ਼ਹੀਦਾਂ ਦੇ ਪਰਿਵਾਰਾਂ ਦੀ ਸਾਰ ਵੀ ਲਈ। ਆਪਣੇ ਜੱਦੀ ਪਿੰਡ ਮਰੜੀ ਕਲਾਂ ਵਿੱਚ ਸੰਗਤ ਦੇ ਸਹਿਯੋਗ ਨਾਲ 10 ਤੋਂ ਵੱਧ ਲੋੜਵੰਦ ਪਰਿਵਾਰਾਂ ਦੇ ਮਕਾਨਾਂ ਦੀ ਉਸਾਰੀ ਕਰਵਾਈ। ਅਜੋਕੇ ਸਮੇਂ ਵਿੱਚ ਇਸ ਗੱਲ ਨੂੰ ਸਮਝਣ ਦੀ ਬਹੁਤ ਲੋੜ ਹੈ ਕਿ ਸਿੱਖਾਂ ਦੇ ਦਸਵੰਧ ਦੀ ਕਮਾਈ ਦੇ ਸਭ ਤੋਂ ਪਹਿਲੇ ਹੱਕਦਾਰ ਸਾਡੇ ਲੋੜਵੰਦ ਸਿੱਖ ਤੇ ਸ਼ਹੀਦ ਪਰਿਵਾਰ ਹਨ।
ਪਪਲਪ੍ਰੀਤ ਸਿੰਘ ਨੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਅਤੇ ਸਿੱਖ ਯੂਥ ਫਰੰਟ ਜਥੇਬੰਦੀ ਰਾਹੀਂ ਅਨੇਕਾਂ ਪੰਥਕ ਸਰਗਰਮੀਆਂ ਵਿੱਚ ਅਹਿਮ ਭੂਮਿਕਾ ਨਿਭਾਈ ਜਿਸ ਵਿੱਚ ਜੂਨ 1984 ਦਾ ਘੱਲੂਘਾਰਾ ਅਤੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੇ ਸੰਬੰਧ ਵਿੱਚ ਮਾਰਚ, ਜੁਝਾਰੂ-ਜਰਨੈਲਾਂ ਦੇ ਸ਼ਹੀਦੀ ਸਮਾਗਮ, ਬੰਦੀ ਸਿੰਘਾਂ ਦੀ ਰਿਹਾਈ ਲਈ ਪ੍ਰਦਰਸ਼ਨ, ਸਿੱਖ ਸੰਗਤਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਪਰਚੇ ਵੰਡਣੇ, ਸਿੱਖ ਨੌਜਵਾਨਾਂ ਦੀਆਂ ਇਕੱਤਰਤਾਵਾਂ, ਦਸਤਾਰ ਅਤੇ ਗਤਕਾ ਸਿਖਲਾਈ ਕੈਂਪ, ਪੰਥਕ ਰਸਾਲਿਆਂ ਵਿੱਚ ਲੇਖ ਆਦਿਕ।
ਇਸ ਵੇਲੇ ਪਪਲਪ੍ਰੀਤ ਸਿੰਘ ਤਰਨ ਤਾਰਨ ਦੀ ਗੋਇੰਦਵਾਲ ਜੇਲ੍ਹ ਵਿੱਚ ਬੰਦ ਹੈ। ਜੇਲ੍ਹ ਵਿਚ ਉਸ ਨੂੰ ਚਾਰ ਸਾਲ ਹੋਣ ਵਾਲੇ ਹਨ। ਸੰਨ 2022 ਵਿੱਚ 'ਵਾਰਸ ਪੰਜਾਬ ਦੇ' ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਖਾ਼ਲਸਾ ਵਹੀਰ ਨੂੰ ਸਫ਼ਲ ਬਣਾਉਣ ਵਿੱਚ ਭਾਈ ਪਪਲਪ੍ਰੀਤ ਸਿੰਘ ਨੇ ਉੱਘਾ ਰੋਲ ਨਿਭਾਇਆ। ਉਹ ਭਾਈ ਅੰਮ੍ਰਿਤਪਾਲ ਸਿੰਘ ਦੇ ਬੇਹੱਦ ਕਰੀਬੀ ਸਾਥੀਆਂ ਵਿੱਚੋਂ ਇੱਕ ਹੈ। ਉਸ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਮੁੱਖ ਸਲਾਹਕਾਰ ਅਤੇ ਮੀਡੀਆ ਸਲਾਹਕਾਰ ਵਜੋਂ ਅਹਿਮ ਰੋਲ ਨਿਭਾਇਆ।
2023 ਵਿੱਚ ਅਜਨਾਲਾ ਥਾਣਾ ਵਿੱਚ ਉਸਨੂੰ ਝੂਠੇ ਤੌਰ ਤੇ ਨਾਮਜ਼ਦ ਕੀਤਾ ਗਿਆ ਤੇ ਐਨ.ਐਸ.ਏ ਲਾ ਕੇ ਪੰਜਾਬ ਤੋਂ 2800 ਕਿਲੋਮੀਟਰ ਦੂਰ ਡਿਬਰੂਗੜ੍ਹ ਜੇਲ ਵਿੱਚ ਭੇਜਿਆ ਗਿਆ। ਦੋ ਸਾਲ ਡਿਬੜੂਗੜ੍ਹ ਜੇਲ ਵਿੱਚ ਰਹਿ ਕੇ, ਇਸ ਵੇਲੇ ਉਹ ਪੰਜਾਬ ਦੀ ਤਰਨ ਤਾਰਨ ਜੇਲ੍ਹ ਵਿੱਚ ਬੰਦ ਹਨ। ਅਜਨਾਲਾ ਥਾਣਾ ਮੁਕੱਦਮੇ ਸਮੇਤ ਇਸ ਵੇਲੇ ਪਪਲਪ੍ਰੀਤ ਸਿੰਘ 'ਤੇ ਛੇ ਹੋਰ ਮੁਕੱਦਮੇ ਦਰਜ ਹਨ।
ਸੋ ਸਰੋਤਿਆਂ ਨੂੰ ਬੇਨਤੀ ਇਹ ਹੈ ਕਿ ਪਪਲਪ੍ਰੀਤ ਸਿੰਘ ਨੇ ਇੱਕ ਗੁਰਸਿੱਖ ਦੇ ਕਿਰਦਾਰ ਨੂੰ ਸਿਰਫ ਕਾਗਜ਼ੀ ਤੌਰ 'ਤੇ ਹੀ ਨਹੀਂ ਨਿਭਾਇਆ ਸਗੋਂ ਆਪਣੀ ਜ਼ਿੰਦਗੀ ਵਿੱਚ ਹੰਢਾਇਆ ਵੀ ਹੈ। ਹੁਣ ਵਾਰੀ ਤੁਹਾਡੀ ਆ ਕੇ ਤੁਸੀਂ ਜੇਲ੍ਹ ਚ ਬੈਠੇ ਕੌਮੀ ਸਖ਼ਸ਼ ਬਾਰੇ ਕੀ ਪਹੁੰਚ ਰੱਖਣੀ ਹੈ, ਜਿਸ ਨੂੰ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਮਜੀਠਾ ਹਲਕੇ ਤੋਂ ਉਮੀਦਵਾਰ ਐਲਾਨ ਦਿੱਤਾ ਹੈ ਤੇ ਫ਼ੈਸਲਾ ਤੁਸੀਂ ਆਪਣੀ ਜ਼ਮੀਰ ਅਨੁਸਾਰ ਕਰਨਾ ਹੈ।

ਕੁਲਵਿੰਦਰ ਸਿੰਘ ਚੰਦੀ
(ਸੀਨੀਅਰ ਪੱਤਰਕਾਰ)

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.