ਅਕਾਲੀ ਦਲ ਬਾਦਲ ਨਾਲ ਗਠਜੋੜ ਕਰਕੇ ਬੀਜੇਪੀ ਨੇ ਉਸਦੇ ਗੁਨਾਹਾਂ ਵਿੱਚ ਭਾਈਵਾਲੀ ਕਰ ਲਈ ਹੈ- ਗਿਆਨੀ ਹਰਪ੍ਰੀਤ ਸਿੰਘ।

ਅਕਾਲੀ ਦਲ ਬਾਦਲ ਨਾਲ ਗਠਜੋੜ ਕਰਕੇ ਬੀਜੇਪੀ ਨੇ ਉਸਦੇ ਗੁਨਾਹਾਂ ਵਿੱਚ ਭਾਈਵਾਲੀ ਕਰ ਲਈ ਹੈ- ਗਿਆਨੀ ਹਰਪ੍ਰੀਤ ਸਿੰਘ।

ਚੰਡੀਗੜ੍ਹ-: 24 ਨਵੰਬਰ , ਮੰਗਤ ਸਿੰਘ ਸੈਦਪੁਰ
ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਲਿਖਤੀ ਪ੍ਰੈੱਸ ਬਿਆਨ ਵਿੱਚ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ ਨੇ ਅਕਾਲੀ ਦਲ ਬਾਦਲ ਨਾਲ ਸਿਆਸੀ ਗਠਜੋੜ ਕਰਕੇ ਉਸਦੇ ਸਿੱਖ ਕੌਮ ਖਿਲਾਫ ਕੀਤੇ ਗੁਨਾਹਾਂ ਵਿੱਚ ਭਾਈਵਾਲੀ ਕਰ ਲਈ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਯਾਦ ਕਰਵਾਉਦਿਆਂ ਦੱਸਿਆ ਕਿ ਅਕਾਲੀਆਂ ਨੇ ਆਪਣੀ ਸਰਕਾਰ ਵੇਲੇ ਪੰਜਾਬ ਦੇ ਵਿੱਚ ਜਿਵੇਂ ਸੌਦਾ ਸਾਧ ਨੂੰ ਵਧਣ ਫੁੱਲਣ ਦਾ ਮੌਕਾ ਦਿੱਤਾ, ਉਸਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਭੇਖ ਧਾਰਨ ਵਾਲੇ ਕੇਸ ਚੋਂ ਬਚਾਇਆ ਅਤੇ ਫਿਰ ਜਿਵੇਂ ਉਸਨੂੰ ਬਿਨਾ ਮੰਗਣ ਤੋਂ ਮਾਫੀ ਦਿੱਤੀ, ਉਸ ਮਾਫੀ ਦੇ ਪ੍ਰਚਾਰ ਲਈ ਗੁਰੂ ਕੀ ਗੋਲਕ ਦਾ ਸਰਮਾਇਆ ਲੁਟਾਇਆ ਗਿਆ, ਇਹ ਸਾਰੇ ਉਹ ਗੁਨਾਹ ਹਨ ਜਿੰਨਾ ਦਾ ਇਕਬਾਲ ਸੁਖਬੀਰ ਸਿੰਘ ਬਾਦਲ ਨੇ ਸੰਗਤਾਂ ਦੇ ਇਕੱਠ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਕੀਤਾ ਸੀ। ਏਨਾ ਹੀ ਨਹੀਂ ਸੌਦੇ ਸਾਧ ਦੇ ਗੈਂਗ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਉਣ ਵਾਲੇ ਕੇਸਾਂ ਵਿੱਚ ਗ੍ਰਿਫਤਾਰੀਆਂ ਨਾ ਕਰਨ ਵਾਲਾ ਗੁਨਾਹ ਵੀ ਸੁਖਬੀਰ ਨੇ ਕਬੂਲ ਕੀਤਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ ਹੋਈ ਬੀੜ ਲੱਭਣ ਵਿੱਚ ਆਪਣੀ ਨਾਕਾਮੀ ਉਸਨੇ ਖੁਦ ਮੰਨੀ ਸੀ। ਇਹੀ ਉਹ ਦੋਸ਼ ਸਨ ਜਿੰਨਾ ਬਦਲੇ ਉਸਨੂੰ ਪੰਜ ਸਿੰਘ ਸਾਹਿਬਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਸਜਾ ਸੁਣਾਈ ਸੀ, ਪਰ ਬਾਦ ਵਿੱਚ ਉਹ ਕੀਤੇ ਕਬੂਲਨਾਮੇ ਤੋਂ ਮੁਕਰ ਗਿਆ ਜਿਸ ਨਾਲ ਉਸਦੇ ਸਾਰੇ ਗੁਨਾਹ ਜਿਓਂ ਦੇ ਤਿਓਂ ਖੜੇ ਹਨ। ਸ੍ਰੀ ਅਕਾਲ ਤਖਤ ਸਾਹਿਬ 'ਤੇ ਪੰਜ ਸਿੰਘ ਸਾਹਿਬਾਨ ਦੀ ਹਾਜਰੀ ਵਿੱਚ ਮੰਨ ਕੇ ਮੁਕਰ ਜਾਣ ਨਾਲ ਉਹ ਹੋਰ ਵੀ ਵੱਡਾ ਗੁਨਾਹਗਾਰ ਅਤੇ ਗੁਰੂ ਦੀ ਹਜੂਰੀ ਵਿੱਚ ਝੂਠ ਬੋਲਣ ਵਾਲਾ ਸਾਬਤ ਹੋ ਚੁਕਿਆ ਹੈ। ਅਜਿਹੇ ਝੂਠੇ ਅਤੇ ਪਾਖੰਡੀ ਰਾਜਨੀਤਿਕ ਆਗੂ ਨਾਲ ਸਾਂਝ ਪਾ ਕੇ ਭਾਰਤੀ ਜਨਤਾ ਪਾਰਟੀ ਨੇ ਉਹ ਸਾਰੇ ਗੁਨਾਹਾਂ ਵਿੱਚ ਭਾਈਵਾਲੀ ਕਰ ਲਈ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੋ ਬੀਜੇਪੀ ਪੰਜਾਬ ਨੂੰ ਬਚਾਉਣ ਦੇ ਦਾਅਵਿਆਂ ਨਾਲ ਪੰਜਾਬ ਵਿੱਚ ਰਾਜਨੀਤਿਕ ਸਰਗਰਮੀਆਂ ਚਲਾ ਰਹੀ ਸੀ, ਉਸਨੇ ਇਕ ਪੰਜਾਬ ਅਤੇ ਸਿੱਖ ਵਿਰੋਧੀ ਧੜੇ ਨਾਲ ਗਠਜੋੜ ਕਰਕੇ ਆਪਣੇ ਪੰਜਾਬ ਬਚਾਉਣ ਦੇ ਦਾਅਵੇ ਦੀ ਆਪੇ ਹੀ ਫੂਕ ਕੱਢ ਦਿੱਤੀ ਹੈ। ਹੁਣ ਪੰਜਾਬ ਦੇ ਲੋਕ ਕਾਂਗਰਸ ਵਾਂਗ ਬੀਜੇਪੀ ਨੂੰ ਵੀ ਮੂੰਹ ਲਾਉਣ ਤੋਂ ਗੁਰੇਜ ਕਰਨਗੇ। ਇਸ ਨਾਪਾਕ ਸਿਆਸੀ ਗਠਜੋੜ ਨੇ ਪੰਜਾਬ ਵਿਰੋਧੀਆਂ ਦੇ ਚਿਹਰਿਆਂ ਤੋਂ ਨਕਾਬ ਉਤਾਰ ਦਿੱਤਾ ਹੈ। ਆਉਣ ਵਾਲੀਆਂ ਚੋਣਾ ਵਿੱਚ ਇਹਨਾਂ ਦੀ ਸ਼ਰਮਨਾਕ ਹਾਰ ਇਕ ਇਤਿਹਾਸ ਬਣੇਗੀ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.