ਪਾਲਤੂ ਕੁੱਤੇ ਕਾਰਨ ਹਾਦਸੇ ’ਚ 12 ਸੱਟਾਂ ਲੱਗਣ ਦਾ ਦਾਅਵਾ, ਪੀੜਤ ਨੇ ਸਰਹਾਲੀ ਕਲਾਂ ਪੁਲਿਸ ’ਤੇ ਕਾਰਵਾਈ ਨਾ ਕਰਨ ਦੇ ਲਾਏ ਦੋਸ਼

ਪਾਲਤੂ ਕੁੱਤੇ ਕਾਰਨ ਹਾਦਸੇ ’ਚ 12 ਸੱਟਾਂ ਲੱਗਣ ਦਾ ਦਾਅਵਾ, ਪੀੜਤ ਨੇ ਸਰਹਾਲੀ ਕਲਾਂ ਪੁਲਿਸ ’ਤੇ ਕਾਰਵਾਈ ਨਾ ਕਰਨ ਦੇ ਲਾਏ ਦੋਸ਼

ਸਰਹਾਲੀ ਕਲਾਂ:, ਨਜ਼ਰਾਨਾ ਟਾਇਮਜ ਬਿਊਰੋ

ਸਰਹਾਲੀ ਕਲਾਂ ਦੇ ਵਸਨੀਕ ਜੁਗਰਾਜ ਸਿੰਘ ਨੇ ਦੋਸ਼ ਲਾਇਆ ਹੈ ਕਿ ਇੱਕ ਪਾਲਤੂ ਕੁੱਤੇ ਕਾਰਨ ਹੋਏ ਹਾਦਸੇ ਵਿੱਚ ਉਸ ਨੂੰ ਕਈ ਸੱਟਾਂ ਲੱਗਣ ਅਤੇ ਮੈਡੀਕਲ ਕਰਵਾਉਣ ਦੇ ਬਾਵਜੂਦ ਪੁਲਿਸ ਵੱਲੋਂ ਉਸਦੀ ਸ਼ਿਕਾਇਤ ’ਤੇ ਬਣਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ।

ਜੁਗਰਾਜ ਸਿੰਘ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਬੀਤੇ ਦਿਨ ਉਹ ਆਪਣੇ ਮੋਟਰਸਾਈਕਲ ’ਤੇ ਜਾ ਰਿਹਾ ਸੀ। ਇਸ ਦੌਰਾਨ ਸਰਹਾਲੀ ਕਲਾਂ ਦੀ ਵਸਨੀਕ ਰਾਜਬੀਰ ਕੌਰ ਪਤਨੀ ਜੱਗੀ ਸਿੰਘ ਦੇ ਪਰਿਵਾਰ ਨਾਲ ਸਬੰਧਤ ਦੱਸਿਆ ਜਾ ਰਿਹਾ ਇੱਕ ਪਾਲਤੂ ਕੁੱਤਾ ਅਚਾਨਕ ਉਸ ਵੱਲ ਆਇਆ। ਉਸਦਾ ਦਾਅਵਾ ਹੈ ਕਿ ਕੁੱਤੇ ਤੋਂ ਬਚਣ ਦੀ ਕੋਸ਼ਿਸ਼ ਦੌਰਾਨ ਉਹ ਮੋਟਰਸਾਈਕਲ ਸਮੇਤ ਸੜਕ ’ਤੇ ਡਿੱਗ ਗਿਆ ਅਤੇ ਜ਼ਖ਼ਮੀ ਹੋ ਗਿਆ।

ਪੀੜਤ ਦਾ ਕਹਿਣਾ ਹੈ ਕਿ ਘਟਨਾ ਤੋਂ ਬਾਅਦ ਕੁੱਤੇ ਨੂੰ ਉੱਥੋਂ ਲਿਜਾਇਆ ਗਿਆ, ਪਰ ਉਸਦੀ ਹਾਲਤ ਬਾਰੇ ਪੁੱਛਿਆ ਨਹੀਂ ਗਿਆ। ਬਾਅਦ ਵਿੱਚ ਰਾਹਗੀਰਾਂ ਨੇ ਉਸਨੂੰ ਸੜਕ ਤੋਂ ਚੁੱਕਿਆ ਅਤੇ ਸਰਹਾਲੀ ਕਲਾਂ ਦੇ ਸਰਕਾਰੀ ਹਸਪਤਾਲ ਪਹੁੰਚਾਇਆ।

ਜੁਗਰਾਜ ਸਿੰਘ ਨੇ ਦਾਅਵਾ ਕੀਤਾ ਕਿ ਇਲਾਜ ਦੌਰਾਨ ਡਾਕਟਰ ਨੇ ਉਸਦੇ ਸਰੀਰ ’ਤੇ 12 ਸੱਟਾਂ ਹੋਣ ਬਾਰੇ ਦੱਸਿਆ ਅਤੇ ਗੋਡੇ ’ਤੇ ਜ਼ਿਆਦਾ ਸੱਟ ਹੋਣ ਕਾਰਨ ਉਸਨੂੰ 10 ਦਿਨ ਆਰਾਮ ਕਰਨ ਦੀ ਸਲਾਹ ਦਿੱਤੀ। ਉਸ ਮੁਤਾਬਕ ਹਸਪਤਾਲ ਵੱਲੋਂ ਮੈਡੀਕਲ ਰਿਪੋਰਟ ਵੀ ਤਿਆਰ ਕੀਤੀ ਗਈ ਹੈ।

                   ਪੀੜਿਤ ਜੁਗਰਾਜ ਸਿੰਘ 

ਪੀੜਤ ਨੇ ਕਿਹਾ ਕਿ ਉਸਨੇ ਇਸ ਸਬੰਧੀ ਥਾਣਾ ਸਰਹਾਲੀ ਕਲਾਂ ਵਿਖੇ ਦਰਖ਼ਾਸਤ ਦਿੱਤੀ ਹੈ ਅਤੇ ਉਸਦਾ ਮੰਨਣਾ ਹੈ ਕਿ ਮਾਮਲੇ ਵਿੱਚ BNS ਦੀ ਧਾਰਾ 291 ਤਹਿਤ ਕਾਰਵਾਈ ਬਣਦੀ ਹੈ। ਉਸਨੇ ਦੋਸ਼ ਲਾਇਆ ਕਿ ਮੈਡੀਕਲ ਹੋਣ ਦੇ ਬਾਵਜੂਦ ਹੁਣ ਤੱਕ ਉਸਦੀ ਸ਼ਿਕਾਇਤ ’ਤੇ ਉਸਦੀ ਉਮੀਦ ਮੁਤਾਬਕ ਕਾਨੂੰਨੀ ਕਾਰਵਾਈ ਨਹੀਂ ਹੋਈ।

ਜੁਗਰਾਜ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਨੋਟ: ਉਪਰੋਕਤ ਦੋਸ਼ ਪੀੜਤ ਜੁਗਰਾਜ ਸਿੰਘ ਵੱਲੋਂ ਲਗਾਏ ਗਏ ਹਨ। ਖ਼ਬਰ ਪ੍ਰਕਾਸ਼ਿਤ ਹੋਣ ਤੱਕ ਪੁਲਿਸ ਅਤੇ ਦੂਜੇ ਪੱਖ ਦਾ ਪੱਖ ਸਾਹਮਣੇ ਨਹੀਂ ਆਇਆ। ਉਨ੍ਹਾਂ ਦਾ ਪੱਖ ਮਿਲਣ ’ਤੇ ਉਸਨੂੰ ਵੀ ਵੱਖਰੇ ਤੌਰ ਤੇ ਪ੍ਰਕਾਸ਼ਿਤ ਕੀਤਾ ਜਾਵੇਗਾ

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.