ਨੌਜਵਾਨੋ! ਜੋੜ ਮੇਲਿਆਂ 'ਤੇ ਹੁੱਲੜਬਾਜੀ ਨਾ ਕਰਿਆ ਕਰੋ

ਨੌਜਵਾਨੋ! ਜੋੜ ਮੇਲਿਆਂ 'ਤੇ ਹੁੱਲੜਬਾਜੀ ਨਾ ਕਰਿਆ ਕਰੋ

ਜੋੜ ਮੇਲਿਆਂ, ਗੁਰਪੁਰਬਾਂ, ਕੌਮੀ ਤਿਉਹਾਰਾਂ ਅਤੇ ਧਾਰਮਿਕ ਸਮਾਗਮਾਂ ਮੌਕੇ ਸਿੱਖ ਨੌਜਵਾਨਾਂ ਦਾ ਇਕੱਠੇ ਹੋ ਕੇ ਗੁਰ ਅਸਥਾਨਾਂ ਉੱਤੇ ਜਾਣਾ ਬੜੀ ਚੰਗੀ ਗੱਲ ਹੈ। ਪਰ ਓਥੇ ਜਾਣ ਦਾ ਮਕਸਦ ਗੁਰੂ ਸਾਹਿਬ ਦੇ ਦਰਸ਼ਨ ਕਰਨੇ, ਗੁਰਬਾਣੀ ਸੁਣਨੀ, ਇਤਿਹਾਸ ਜਾਣਨਾ ਅਤੇ ਸੇਵਾ ਕਰਨੀ ਹੋਣਾ ਚਾਹੀਦਾ ਹੈ। ਜੇ ਸਾਰਾ ਸਮਾਂ ਰਾਹ ਵਿੱਚ ਹੁੱਲੜਬਾਜ਼ੀ ਕਰਨ ਅਤੇ ਓਥੇ ਪਹੁੰਚ ਕੇ ਮੇਲਾ ਘੁੰਮਣ ਵਿੱਚ ਹੀ ਲੰਘਾ ਦਿੱਤਾ ਤਾਂ ਗੁਰੂ ਦੇ ਦਰ ਜਾਣ ਦਾ ਕੀ ਲਾਭ ਹੋਇਆ ?

ਰਾਹ ਵਿੱਚ ਉੱਚੇ ਹਾਰਨ ਵਜਾਉਣੇ, ਬੁਲਟਾਂ ਦੇ ਪਟਾਕੇ ਪਾਉਣੇ, ਟਰੈਕਟਰਾਂ ਨੂੰ ਬੇਲੋੜੀਆਂ ਰੇਸਾਂ ਦੇਣੀਆਂ ਅਤੇ ਤੇਜ਼ ਗੱਡੀਆਂ ਭਜਾਉਣੀਆਂ ਸ਼ੋਭਾ ਨਹੀਂ ਦਿੰਦੀਆਂ। ਇਸ ਨਾਲ ਰਾਹਗੀਰ ਪ੍ਰੇਸ਼ਾਨ ਹੁੰਦੇ ਹਨ, ਬੱਚੇ ਅਤੇ ਬਜ਼ੁਰਗ ਡਰਦੇ ਹਨ ਤੇ ਹਾਦਸਿਆਂ ਦਾ ਖ਼ਤਰਾ ਬਣਦਾ ਹੈ ਅਤੇ ਸਿੱਖ ਕੌਮ ਦੀ ਛਵੀ ਖਰਾਬ ਹੁੰਦੀ ਹੈ। ਆਪਣੀ ਫੋਕੀ ਟੌਹਰ ਲਈ ਕਿਸੇ ਦੀ ਜਾਨ ਖ਼ਤਰੇ ਵਿੱਚ ਪਾਉਣਾ ਕਿਹੜੀ ਸਿਆਣਪ ਹੈ ? ਗੁਰੂ ਦੇ ਦਰ ਜਾਣ ਵਾਲੇ ਨੌਜਵਾਨਾਂ ਤੋਂ ਲੋਕ ਸੁਚੱਜੇ ਵਰਤਾਓ ਦੀ ਆਸ ਰੱਖਦੇ ਹਨ। ਸਾਡੇ ਮਨਾਂ ਵਿੱਚ ਤਾਂ ਸ਼ਰਧਾ, ਭਾਵਨਾ ਅਤੇ ਸਤਿਕਾਰ ਹੋਣਾ ਚਾਹੀਦਾ ਹੈ। ਸਾਨੂੰ ਗੁਰਬਾਣੀ, ਇਤਿਹਾਸ, ਫਲਸਫਾ, ਸਿਧਾਂਤ ਅਤੇ ਮਰਯਾਦਾ ਸਮਝਣ ਅਤੇ ਉਸ ਉੱਤੇ ਚੱਲਣ ਦੀ ਲੋੜ ਹੈ। 

ਕਈ ਨੌਜਵਾਨ ਗੁਰੂ ਦੇ ਦਰ ਮੱਥਾ ਟੇਕਣ, ਕੀਰਤਨ ਸੁਣਨ ਜਾਂ ਸਮਾਗਮ ਵਿੱਚ ਬੈਠਣ ਲਈ ਸਮਾਂ ਹੀ ਨਹੀਂ ਕੱਢਦੇ। ਓਥੇ ਪਹੁੰਚ ਕੇ ਸਿਰਫ਼ ਮੇਲਾ ਘੁੰਮਦੇ ਹਨ, ਝੂਟੇ ਲੈਂਦੇ ਹਨ, ਖ਼ਰੀਦਦਾਰੀ ਕਰਦੇ ਹਨ ਅਤੇ ਮਠਿਆਈਆਂ ਖਾ ਕੇ ਮੁੜ ਆਉਂਦੇ ਹਨ। ਘੁੰਮਣ ਅਤੇ ਖਾਣ-ਪੀਣ ਵਿੱਚ ਹੀ ਸਾਰਾ ਦਿਨ ਲੰਘਾ ਦੇਣਾ ਤੇ ਆਪਣੇ ਆਉਣ ਦਾ ਅਸਲ ਮਕਸਦ ਭੁੱਲ ਜਾਣਾ ਇਹ ਤਾਂ ਬੜੀ ਮਾੜੀ ਗੱਲ ਹੈ। 

ਨੌਜਵਾਨੋ! ਤੁਹਾਡੇ ਵਰਤਾਓ ਵਿੱਚੋਂ ਗੁਰਮਤਿ ਦਿਸਣੀ ਚਾਹੀਦੀ ਹੈ। ਜਦੋਂ ਗੁਰ ਅਸਥਾਨ ਤੋਂ ਮੁੜੋ ਤਾਂ ਮਨ ਵਿੱਚ ਗੁਰਬਾਣੀ ਦੀ ਕੋਈ ਸਿੱਖਿਆ ਅਤੇ ਜੀਵਨ ਸੁਧਾਰਨ ਦਾ ਦ੍ਰਿੜ ਇਰਾਦਾ ਵੀ ਹੋਵੇ! ਇਹ ਵੀ ਸੋਚੋ ਕਿ ਜੇ ਅਸੀਂ ਸਮਾਗਮਾਂ ਜਾਂ ਯਾਤਰਾ ਵਿੱਚ ਜਾ ਕੇ ਨਾ ਕੀਰਤਨ ਸੁਣਿਆ, ਨਾ ਕਥਾ ਵਿੱਚ ਬੈਠੇ, ਨਾ ਅਸਥਾਨ ਦਾ ਇਤਿਹਾਸ ਜਾਣਿਆ ਤਾਂ ਫਿਰ ਅਸੀਂ ਗੁਰਪੁਰਬ ਮਨਾਉਣ ਗਏ ਸੀ ਜਾਂ ਸਿਰਫ਼ ਘੁੰਮਣ ? ਜਿਸ ਗੁਰੂ ਦੇ ਨਾਂ ਉੱਤੇ ਐਨਾ ਇਕੱਠ ਹੋਇਆ ਕੀ ਉਸੇ ਦੀ ਗੱਲ ਸੁਣਨੀ ਸਾਨੂੰ ਭਾਰੀ ਲੱਗਦੀ ਹੈ ? 

ਗੁਰਪੁਰਬ ਅਤੇ ਜੋੜ ਮੇਲੇ ਸਾਨੂੰ ਆਪਣੇ ਗੁਰੂ ਸਾਹਿਬਾਨ, ਸ਼ਹੀਦਾਂ ਅਤੇ ਪੰਥ ਦੇ ਇਤਿਹਾਸ ਨਾਲ ਜੋੜਦੇ ਹਨ। ਓਥੋਂ ਕੋਈ ਸਿੱਖਿਆ ਲੈ ਕੇ ਮੁੜੋ। ਜਾਣੋ ਕਿ ਜਿਸ ਅਸਥਾਨ ਉੱਤੇ ਆਏ ਹਾਂ, ਉਸ ਦਾ ਇਤਿਹਾਸ ਕੀ ਹੈ। ਜਿਨ੍ਹਾਂ ਦੀ ਯਾਦ ਵਿੱਚ ਸੰਗਤ ਜੁੜੀ ਹੈ, ਉਨ੍ਹਾਂ ਨੇ ਕਿਹੋ ਜਿਹਾ ਜੀਵਨ ਜੀਵਿਆ ਅਤੇ ਕਿਹੜੇ ਅਸੂਲਾਂ ਲਈ ਕੁਰਬਾਨੀ ਦਿੱਤੀ ? ਜੇ ਸਾਨੂੰ ਆਪ ਹੀ ਇਹ ਜਾਣਨ ਦੀ ਇੱਛਾ ਨਹੀਂ ਤਾਂ ਅਗਲੀ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਕਿਵੇਂ ਜੋੜਾਂਗੇ ?

ਨੌਜਵਾਨੋ! ਤੁਹਾਡੇ ਵਰਤਾਓ ਵਿੱਚੋਂ ਗੁਰਮਤਿ ਦਿਸਣੀ ਚਾਹੀਦੀ ਹੈ। ਸੰਗਤ ਨਾਲ ਨਿਮਰਤਾ ਨਾਲ ਬੋਲੋ, ਬਜ਼ੁਰਗਾਂ ਨੂੰ ਰਾਹ ਦਿਓ ਅਤੇ ਬੱਚਿਆਂ ਦਾ ਖ਼ਿਆਲ ਰੱਖੋ। ਲੰਗਰ ਵਿੱਚ ਸੇਵਾ ਕਰੋ, ਸੰਗਤਾਂ ਦੇ ਜੋੜੇ ਸੰਭਾਲੋ, ਸਫ਼ਾਈ ਵਿੱਚ ਹੱਥ ਵਟਾਓ ਅਤੇ ਪ੍ਰਬੰਧਕਾਂ ਨੂੰ ਸਹਿਯੋਗ ਦਿਓ। ਜਿਹੜੀ ਤਾਕਤ ਸ਼ੋਰ ਪਾਉਣ ਵਿੱਚ ਲਾਉਂਦੇ ਹੋ, ਓਹੀ ਸੇਵਾ ਵਿੱਚ ਲਾਓ। ਤੁਹਾਨੂੰ ਵੇਖ ਕੇ ਹੋਰਾਂ ਦਾ ਵੀ ਸੇਵਾ ਕਰਨ ਨੂੰ ਮਨ ਕਰੇ। ਇਹੋ ਜਿਹਾ ਵਰਤਾਓ ਹੀ ਕੌਮ ਦਾ ਮਾਣ ਵਧਾਉਂਦਾ ਹੈ। ਆਪਣੇ ਸਾਥੀਆਂ ਨੂੰ ਵੀ ਸਮਝਾਓ। ਜੇ ਕੋਈ ਬੇਲੋੜਾ ਹਾਰਨ ਵਜਾਉਂਦਾ ਜਾਂ ਗੱਡੀ ਤੇਜ਼ ਚਲਾਉਂਦਾ ਹੈ ਜਾਂ ਕੋਈ ਹੋਰ ਭੈੜੀ ਹਰਕਤ ਕਰਦਾ ਤਾਂ ਉਸ ਨੂੰ ਹੱਲਾਸ਼ੇਰੀ ਨਾ ਦਿਓ ਸਗੋਂ ਤੁਰੰਤ ਰੋਕੋ। ਚੰਗੀਆਂ ਕਿਤਾਬਾਂ ਖ੍ਰੀਦ ਕੇ ਲਿਆਓ। ਬੰਦਗੀ ਕਰੋ, ਬਾਣੀ-ਬਾਣੇ ਨਾਲ ਜੁੜੋ। ਕੇਸਾਧਾਰੀ, ਅੰਮ੍ਰਿਤਧਾਰੀ ਅਤੇ ਸ਼ਸਤਰਧਾਰੀ ਹੋਵੋ। 

ਮਾਪਿਆਂ ਦੀ ਵੀ ਜ਼ਿੰਮੇਵਾਰੀ ਹੈ ਕਿ ਬੱਚਿਆਂ ਨੂੰ ਸਮਝਾ ਕੇ ਭੇਜਣ। ਸਿਰਫ਼ ਖ਼ਰਚਾ ਦੇ ਕੇ ਅਤੇ ਗੱਡੀ ਜਾਂ ਮੋਟਰਸਾਈਕਲ ਦੀ ਚਾਬੀ ਫੜਾ ਕੇ ਆਪਣਾ ਫ਼ਰਜ਼ ਪੂਰਾ ਨਾ ਸਮਝੋ। ਉਨ੍ਹਾਂ ਨੂੰ ਦੱਸੋ ਕਿ ਰਾਹ ਵਿੱਚ ਸੰਜਮ ਰੱਖਣਾ ਹੈ, ਕਿਸੇ ਨੂੰ ਤੰਗ ਨਹੀਂ ਕਰਨਾ ਅਤੇ ਗੁਰ ਅਸਥਾਨ ਦੀ ਮਰਯਾਦਾ ਦਾ ਖ਼ਿਆਲ ਰੱਖਣਾ ਹੈ। ਘਰ ਮੁੜਨ ਉੱਤੇ ਇਹ ਵੀ ਪੁੱਛੋ ਕਿ ਅੱਜ ਕੀ ਸਿੱਖ ਕੇ ਆਏ ਹੋ।
ਰਣਜੀਤ ਸਿੰਘ ਦਮਦਮੀ ਟਕਸਾਲ 
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
ਮੋ: 8872293883.

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.