ਅਕਾਲੀ ਦਲ ਨੂੰ ਬੇਅਦਬੀ ਦਲ ਬਣਾਉਣ ਵਾਲੇ ਬਾਦਲਾਂ ਨਾਲ ਸਾਂਝ ਤੋਂ ਗ਼ੁਰੇਜ਼ ਕਰੋ
- ਧਾਰਮਿਕ/ਰਾਜਨੀਤੀ
- 22 Nov, 2025 07:55 AM (Asia/Kolkata)
ਅਕਾਲੀ ਦਲ ਨੂੰ ਬੇਅਦਬੀ ਦਲ ਬਣਾਉਣ ਵਾਲੇ ਬਾਦਲਾਂ ਨਾਲ ਸਾਂਝ ਤੋਂ ਗ਼ੁਰੇਜ਼ ਕਰੋ
'ਅਕਾਲੀ' ਸ਼ਬਦ ਅਕਾਲ ਪੁਰਖ ਨੂੰ ਮੰਨਣ ਵਾਲੇ ਗੁਰਸਿੱਖਾਂ ਲਈ ਵਰਤਿਆ ਜਾਂਦਾ ਸੀ। ਅਕਾਲੀ ਸ਼ਬਦ ਬਹੁਤ ਮਹਾਨ, ਪਵਿੱਤਰ ਤੇ ਪਿਆਰਾ ਹੈ। ਨਿਹੰਗ ਸਿੰਘ ਅਕਸਰ ਪੜ੍ਹਦੇ ਹਨ "ਹਮ ਅਕਾਲੀ ਸਭ ਕੇ ਵਾਲੀ, ਹਮਰਾ ਪੰਥ ਨਿਆਰਾ ਹੈ।" ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ ਕਿ "ਕਮਲ ਜਯੋਂ ਮਾਯਾ ਜਲ ਵਿੱਚ ਹੈ ਅਲੇਪ ਸਦਾ, ਸਭ ਦਾ ਸਨੇਹੀ ਚਾਲ ਸਭ ਤੋਂ ਨਿਰਾਲੀ ਹੈ। ਕਰਕੇ ਕਮਾਈ ਖਾਵੇ ਮੰਗਣਾ ਹਰਾਮ ਜਾਣੇ, ਭਾਣੇ ਵਿੱਚ ਬਿਪਤਾ ਨੂੰ ਮੰਨੇ ਖੁਸ਼ਹਾਲੀ ਹੈ। ਸਵਾਰਥ ਤੋਂ ਬਿਨਾ ਗੁਰਦੁਆਰਿਆਂ ਦਾ ਚੌਕੀਂਦਾਰ, ਧਰਮ ਦੇ ਜੰਗ ਲਈ ਚੜ੍ਹੇ ਮੁੱਖ ਲਾਲੀ ਹੈ। ਪੂਜੇ ਨਾ ਅਕਾਲ ਬਿਨਾਂ ਹੋਰ ਕੋਈ ਦੇਵੀ ਦੇਵ, ਸਿੱਖ ਦਸਮੇਸ਼ ਦਾ ਸੁ ਕਹੀਏ ਅਕਾਲੀ ਹੈ।" ਅਕਾਲੀ ਸ਼ਬਦ ਦੇ ਅਰਥ, ਵਿਆਖਿਆ ਤੇ ਇਤਿਹਾਸ ਬਹੁਤ ਲੰਮੇਰਾ ਹੈ। ਅਕਾਲੀ ਸ਼ਬਦ ਸੁਣਦਿਆਂ ਸਾਰ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਦੀ ਯਾਦ ਆ ਜਾਂਦੀ ਹੈ ਜੋ ਗੁਰਮਤਿ ਦੇ ਰੰਗ ਵਿੱਚ ਰੋਮ-ਰੋਮ ਕਰਕੇ ਰੱਤੇ ਹੋਏ ਸਨ ਅਤੇ ਮੀਰੀ-ਪੀਰੀ ਦੇ ਸਿਧਾਂਤ ਦੇ ਧਾਰਨੀ ਸਨ, ਜਿਨ੍ਹਾਂ ਵਿੱਚ ਸੰਤ-ਸਿਪਾਹੀ ਵਾਲੇ ਗੁਣ ਸਨ, ਜਿਨ੍ਹਾਂ ਨੇ ਗੁਰਧਾਮਾਂ ਦੀ ਸੇਵਾ-ਸੰਭਾਲ ਵੀ ਕੀਤੀ ਤੇ ਧਰਮ ਯੁੱਧ ਵੀ ਲੜਿਆ। ਇੱਥੋਂ ਤੱਕ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਸਿੰਘ ਜੀ ਨੂੰ ਵੀ ਉਹਨਾਂ ਦੀ ਇੱਕ ਗ਼ਲਤੀ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕਰ ਲਿਆ ਤੇ ਸੱਚੇ-ਸੁੱਚੇ ਅਕਾਲੀ ਹੋਣ ਦਾ ਫ਼ਰਜ਼ ਨਿਭਾਇਆ ਤੇ ਉਹ ਕੌਮ ਲਈ ਪ੍ਰੇਰਨਾ-ਸ੍ਰੋਤ ਬਣ ਗਏ। ਅੱਜ ਸਿੱਖ ਕੌਮ ਦੀ ਖੱਜਲ-ਖੁਆਰੀ ਦਾ ਸਭ ਤੋਂ ਵੱਡਾ ਕਾਰਨ ਵੀ ਇਹ ਹੈ ਕਿ ਅੱਜ ਵੋਟਾਂ ਵਾਲੇ ਸਿਆਸਤੀ ਅਕਾਲੀ ਤਾਂ ਬਥੇਰੇ ਨੇ ਪਰ ਉਹ ਗੁਰਮਤਿ ਸਿਧਾਂਤਾਂ ਅਤੇ ਪੰਥਕ ਜਜ਼ਬੇ ਤੋਂ ਬਿਲਕੁਲ ਕੋਰੇ ਨੇ। ਅਕਾਲੀ ਸ਼ਬਦ ਦੀ ਬੇਹੱਦ ਦੁਰਵਰਤੋਂ ਹੋ ਰਹੀ ਹੈ, ਇਹਨਾਂ ਸਿਆਸੀ ਬਟੇਰਿਆਂ ਨੇ ਅਕਾਲੀ ਸ਼ਬਦ ਉਸੇ ਤਰ੍ਹਾਂ ਰੋਲ ਦਿੱਤਾ ਹੈ ਜਿਵੇਂ ਮਸੰਦਾਂ ਨੇ ਗੁਰੂ-ਵਿਰੋਧੀ ਅਤੇ ਭ੍ਰਿਸ਼ਟ ਬਣ ਕੇ ਮਸੰਦ ਸ਼ਬਦ ਰੋਲ ਦਿੱਤਾ ਸੀ। ਹੁਣ ਅਕਾਲੀ ਉਹ ਨਹੀਂ ਰਹੇ ਜਿਨ੍ਹਾਂ ਦਾ ਸਮਾਜ ਵਿੱਚ ਸਤਿਕਾਰ ਹੁੰਦਾ ਸੀ, ਉਹ ਪੁਰਾਤਨ ਅਕਾਲੀ ਤਾਂ ਸਿਰਫ਼ ਇਤਿਹਾਸ ਦੀਆਂ ਕਿਤਾਬਾਂ ਵਿੱਚ ਹੀ ਮਿਲ਼ਦੇ ਹਨ। ਜੋ ਅੰਮ੍ਰਿਤਧਾਰੀ ਹੁੰਦੇ ਸਨ, ਸਿਰ ਉੱਤੇ ਨੀਲੀ ਪੱਗ ਜਾਂ ਦੁਮਾਲਾ ਹੁੰਦਾ ਸੀ, ਤਨ ਉਤੇ ਬਾਣਾ ਸ਼ੋਭਦਾ ਸੀ, ਹੱਥ ਵਿੱਚ ਤਿੰਨ ਫੁੱਟੀ ਕਿਰਪਾਨ ਵੱਖਰਾ ਹੀ ਰੋਅਬ ਪਾਉਂਦੀ ਸੀ। ਉਹਨਾਂ ਦੀ ਬੋਲ-ਬਾਣੀ, ਪਹਿਰਾਵੇ ਅਤੇ ਵਿਚਰਨ ਦੇ ਢੰਗ ਅਤੇ ਕਾਰਜਾਂ ਵਿੱਚੋਂ ਗੁਰਮਤਿ ਦੀ ਖੁਸ਼ਬੂ ਆਉਂਦੀ ਸੀ, ਉਹ ਜਿੱਥੇ ਵੀ ਜਾਂਦੇ ਪੰਥ ਦਾ ਪ੍ਰਚਾਰ ਕਰਦੇ ਜਾਂਦੇ, ਉਹਨਾਂ ਦੀ ਵੱਖਰੀ ਹੀ ਹਸਤੀ ਤੇ ਵੱਖਰੀ ਹੀ ਪਹਿਚਾਣ ਹੁੰਦੀ ਸੀ। ਉਹ 'ਪੰਥ ਵਸੈ ਮੈਂ ਉਜੜਾਂ' ਅਤੇ 'ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ' ਸਿਧਾਂਤ ਦੇ ਪਹਿਰੇਦਾਰ ਸਨ। ਅਜਿਹੇ ਅਕਾਲੀਆਂ ਤੋਂ ਮੁਗਲ ਅਤੇ ਅੰਗਰੇਜ਼ ਹਕੂਮਤ ਵੀ ਡਰਦੀ ਅਤੇ ਕੰਬਦੀ ਰਹੀ ਤੇ ਉਹਨਾਂ ਦੇ ਸੰਘਰਸ਼, ਨਿਸ਼ਾਨੇ, ਸਿੱਖੀ ਸਿਦਕ ਅਤੇ ਦ੍ਰਿੜਤਾ ਅੱਗੇ ਵੱਡੇ-ਵੱਡੇ ਹਾਕਮ ਵੀ ਗੋਡੇ ਟੇਕ ਜਾਂਦੇ ਸਨ। ਅਜਿਹੇ ਅਕਾਲੀਆਂ ਨੇ ਅਠਾਰ੍ਹਵੀਂ ਵਿੱਚ ਜੰਗਾਂ ਵੀ ਲੜੀਆਂ ਤੇ ਉਨ੍ਹੀਵੀਂ ਸਦੀ ਵਿੱਚ ਅੰਗਰੇਜ਼ਾਂ ਦੇ ਪਿੱਠੂ ਮਹੰਤਾਂ ਤੋਂ ਗੁਰਦੁਆਰੇ ਵੀ ਆਜ਼ਾਦ ਕਰਵਾਏ। ਤ੍ਰਾਸਦੀ ਇਹ ਹੈ ਕਿ ਅਜੋਕੇ ਸਮੇਂ ਵਿੱਚ ਅਕਾਲੀ ਸ਼ਬਦ ਸਭ ਤੋਂ ਵੱਧ ਵਰਤਿਆ ਜਾ ਰਿਹਾ ਹੈ ਮਰਹੂਮ ਪ੍ਰਕਾਸ਼ ਸਿੰਘ ਬਾਦਲ ਅਤੇ ਉਸ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਦੇ ਦਲ ਵੱਲੋਂ ਜਿਨ੍ਹਾਂ ਵਿੱਚ ਅਕਾਲੀਆਂ ਵਾਲਾ ਇੱਕ ਕਿਣਕਾ ਵੀ ਨਹੀਂ ਹੈ। ਅਕਾਲੀ ਤਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਦੀ ਖਾਤਰ ਆਪਣਾ ਸੀਸ ਵਾਰ ਦਿੰਦੇ ਸਨ ਪਰ ਬਾਦਲਕੇ ਕਿਹੋ ਜਿਹੇ ਅਕਾਲੀ ਹਨ ਜਿਨ੍ਹਾਂ ਦੇ ਰਾਜ ਵਿੱਚ ਪਾਵਨ ਸਰੂਪ ਚੋਰੀ ਹੁੰਦਾ ਹੈ ਪਰ ਇਹਨਾਂ ਦੇ ਕੰਨ 'ਤੇ ਜੂੰ ਨਹੀਂ ਸਰਕਦੀ। ਫਿਰ ਪੰਥ ਦੋਖੀਆਂ ਵੱਲੋਂ ਸਿੱਖਾਂ ਨੂੰ ਲਲਕਾਰਿਆ ਤੇ ਵੰਗਾਰਿਆ ਜਾਂਦਾ ਹੈ ਕਿ "ਸਿੱਖੋ ਤੁਹਾਡਾ ਗੁਰੂ ਸਾਡੇ ਕੋਲ ਹੈ ਜੇ ਬਚਾ ਸਕਦੇ ਹੋ ਤਾਂ ਬਚਾ ਲਵੋ।" ਬਾਦਲਕਿਆਂ ਦੀ ਫਿਰ ਵੀ ਅਣਖ਼ ਨਹੀਂ ਜਾਗਦੀ ਤੇ ਉਹ ਗੁਰੂ ਦੀ ਬੇਅਦਬੀ ਦਾ ਇੰਤਜ਼ਾਰ ਕਰਦੇ ਹਨ। ਫਿਰ ਪਾਵਨ ਸਰੂਪ ਦੇ ਅੰਗ ਪਾੜ ਕੇ ਗਲੀਆਂ-ਨਾਲੀਆਂ ਵਿੱਚ ਖਿਲਾਰ ਦਿੱਤੇ ਜਾਂਦੇ ਹਨ, ਇਹ ਅਖੌਤੀ ਅਕਾਲੀ ਇਸ ਨੂੰ ਵੀ ਮਾਮੂਲੀ ਘਟਨਾ ਸਮਝਦੇ ਹਨ। ਗੁਰੂ ਉੱਤੇ ਹੋਏ ਇਸ ਹਮਲੇ ਤੇ ਬੇਅਦਬੀ ਵਜੋਂ ਰੋਹ ਅਤੇ ਰੋਸ ਵਿੱਚ ਆਣ ਕੇ ਜਦੋਂ ਖ਼ਾਲਸਾ ਪੰਥ ਸੜਕਾਂ ਉੱਤੇ ਇਨਸਾਫ਼ ਲਈ ਉੱਤਰ ਆਉਂਦਾ ਹੈ ਤਾਂ ਸ਼ਾਂਤਮਈ ਢੰਗ ਨਾਲ ਸੰਘਰਸ਼ ਅਤੇ ਗੁਰਬਾਣੀ ਦਾ ਜਾਪ ਕਰ ਰਹੇ ਸਿੰਘਾਂ-ਸਿੰਘਣੀਆਂ ਉੱਤੇ ਅਖੌਤੀ ਬਾਦਲ ਸਰਕਾਰ ਗੋਲ਼ੀਆਂ ਦੀ ਵਾਛੜ ਕਰ ਦਿੰਦੀ ਹੈ। ਸਿੰਘਾਂ ਦੀਆਂ ਸ਼ਹੀਦੀਆਂ, ਲਹੂ-ਲੁਹਾਨ ਹੋਈਆਂ ਸੰਗਤਾਂ ਅਤੇ ਸਿੱਖ ਕੌਮ ਦੀ ਪੀੜ ਅਤੇ ਸੰਤਾਪ ਨੂੰ ਬਾਦਲਕੇ ਲਗਾਤਾਰ ਨਜ਼ਰ-ਅੰਦਾਜ਼ ਕਰਦੇ ਹਨ ਤੇ ਉਹ ਬਲਾਤਕਾਰੀ ਸੌਦਾ ਸਾਧ ਨਾਲ ਰੰਗਰਲੀਆਂ ਅਤੇ ਯਾਰੀ ਪੁਗਾਉਂਦੇ ਹਨ। ਅਜਿਹੇ ਅਖੌਤੀ ਅਕਾਲੀ ਤਾਂ ਅਕਾਲੀ ਹੋ ਹੀ ਨਹੀਂ ਸਕਦੇ, ਇਹਨਾਂ ਨੂੰ ਅਕਾਲੀ ਕਹਿਣਾ ਹੀ ਗ਼ੁਨਾਹ ਅਤੇ ਪਾਪ ਹੈ। ਇਹਨਾਂ ਨੂੰ ਬਖ਼ਸ਼ਿਆ ਨਹੀਂ ਜਾ ਸਕਦਾ, ਇਹਨਾਂ ਨਾਲ ਸਮਝੌਤੇ ਨਹੀਂ ਕੀਤੇ ਜਾ ਸਕਦੇ, ਸਿੱਖ ਕੌਮ ਵਿੱਚ ਇਹਨਾਂ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ। ਸੁਖਬੀਰ ਸਿੰਘ ਬਾਦਲ ਅਤੇ ਉਸ ਦੀ ਜੁੰਡਲੀ ਵਿੱਚ ਅਬਦਾਲੀ, ਮੱਸਾ ਰੰਘੜ, ਜ਼ਕਰੀਆ ਖਾਂ, ਲਖਪਤ ਰਾਏ, ਜਨਰਲ ਡਾਇਰ ਤੇ ਦੁਸ਼ਟ ਇੰਦਰਾ ਗਾਂਧੀ ਦੀ ਬਦਕਾਰ ਰੂਹ ਹੀ ਪ੍ਰਵੇਸ਼ ਕਰ ਚੁੱਕੀ ਹੈ। ਸਿੱਖ ਕੌਮ ਦੇ ਅੱਖਾਂ ਵਿੱਚ ਘੱਟਾ ਪਾਉਣ ਲਈ ਸੁਖਬੀਰ ਸਿੰਘ ਬਾਦਲ ਆਪਣੇ ਸਿਆਸੀ ਮੁਫ਼ਾਦਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਮਾਫ਼ੀ ਤਾਂ ਮੰਗਦਾ ਹੈ ਪਰ ਕੁਝ ਦਿਨਾਂ ਬਾਅਦ ਹੀ ਮੁਕਤਸਰ ਜਾ ਕੇ ਮੁੱਕਰ ਜਾਂਦਾ ਹੈ ਤੇ ਉਹ ਜਥੇਦਾਰਾਂ ਨੂੰ ਵੀ ਉਹਨਾਂ ਦੇ ਅਹੁਦਿਆਂ ਤੋਂ ਹਟਾ ਦਿੰਦਾ ਹੈ। ਹੁਣ ਕੋਈ ਵੀ ਸੱਚਾ ਸਿੱਖ ਸੁਖਬੀਰ ਸਿੰਘ ਬਾਦਲ ਨੂੰ ਮੂੰਹ ਲਾਉਣ ਲਈ ਤਿਆਰ ਨਹੀਂ ਹੈ ਤੇ ਉਹ ਪੰਥ ਤੇ ਪੰਜਾਬ ਦੇ ਇਤਿਹਾਸ ਵਿੱਚ ਗ਼ਦਾਰਾਂ ਦੀ ਗਿਣਤੀ ਵਿੱਚ ਆ ਚੁੱਕਾ ਹੈ। ਅਜਿਹੇ ਸਮੇਂ ਵਿੱਚ ਜੇ ਕੋਈ ਸੁਖਬੀਰ ਬਾਦਲ ਨੂੰ ਆਕਸੀਜਨ ਦੇਣ ਦੀ ਕੋਸ਼ਿਸ਼ ਕਰਦਾ ਹੈ ਜਾਂ ਉਸ ਨਾਲ ਸਾਂਝ ਪਾਉਣ ਤੇ ਗਠਜੋੜ ਬਣਾਉਣ ਦੀ ਗੱਲ ਕਰਦਾ ਹੈ ਤਾਂ ਉਹ ਜਾਣੇ-ਅਨਜਾਣੇ ਵਿੱਚ ਬਹੁਤ ਵੱਡੀ ਭੁੱਲ ਤੇ ਗ਼ਲਤੀ ਕਰ ਰਿਹਾ ਹੈ। ਸਿੱਖ ਕੌਮ ਦੀ ਹੂਕ, ਦਰਦ ਅਤੇ ਆਵਾਜ਼ ਨੂੰ ਸੁਣੋ ਤੇ ਬਾਦਲਕਿਆਂ ਦਾ ਬਾਈਕਾਟ ਕਰੋ। ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਦਲ ਜੋ ਅਕਾਲੀ ਦਲ ਨਹੀਂ ਬਲਕਿ ਬੇਅਦਬੀ ਦਲ ਬਣ ਚੁੱਕਾ ਹੈ। ਇਸ ਬੇਅਦਬੀ ਦਲ ਨੂੰ ਉੱਜੜਨ ਦਿਓ, ਮਰਨ ਦਿਓ ਤੇ ਆਪਣੇ ਗੁਨਾਹਾਂ ਦੀ ਸਜ਼ਾ ਭੋਗਣ ਦਿਓ। ਇਹਨਾਂ ਨਾਲ ਯਾਰੀ ਪਾ ਕੇ ਕਿਤੇ ਆਪਣੇ ਉੱਤੇ ਕਲੰਕ ਨਾ ਲਵਾ ਲਿਓ। ਯਾਦ ਰੱਖਿਓ ਸੁਖਬੀਰ ਬਾਦਲ ਤਾਂ ਸਿਆਸੀ ਪੱਖੋਂ ਮਰ ਰਿਹਾ ਹੈ, ਉਸ ਨਾਲ ਸਾਂਝ ਪਾ ਕੇ ਕਿਤੇ ਤੁਸੀਂ ਵੀ ਖ਼ੁਦਕੁਸ਼ੀ ਨਾ ਕਰ ਲਿਓ।ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਅਕਾਲੀ ਦਲ ਦੇ ਨਾਮ ਉੱਤੇ ਹੋਰ ਵੀ ਬਥੇਰੇ ਦਲ ਬਣੇ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਦਲ ਸਰਦਾਰ ਸਿਮਰਨਜੀਤ ਸਿੰਘ ਮਾਨ ਵਾਲਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਜੋ 1994 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਂਦ ਵਿੱਚ ਆਇਆ ਸੀ। ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀ ਸੋਚ, ਸੰਘਰਸ਼ ਅਤੇ ਨਿਸ਼ਾਨੇ ਉੱਤੇ ਪਹਿਰਾ ਦੇਣ ਕਾਰਨ ਸ. ਸਿਮਰਨਜੀਤ ਸਿੰਘ ਮਾਨ ਦਾ ਪੰਥਕ ਸਫ਼ਾਂ ਵਿੱਚ ਅਥਾਹ ਸਤਿਕਾਰ ਹੈ। ਸ. ਸਿਮਰਨਜੀਤ ਸਿੰਘ ਮਾਨ ਦੀ ਪੰਥ ਪ੍ਰਤੀ ਦੇਣ, ਕੁਰਬਾਨੀ, ਘਾਲਣਾ, ਦ੍ਰਿੜਤਾ, ਸੰਘਰਸ਼ ਅਤੇ ਕੌਮ ਪ੍ਰਤੀ ਸਮਰਪਣ ਭਾਵਨਾ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਸ. ਸਿਮਰਨਜੀਤ ਸਿੰਘ ਮਾਨ ਦੇ ਆਲੋਚਕ ਅਤੇ ਵਿਰੋਧੀ ਵੀ ਉਹਨਾਂ ਦੇ ਦ੍ਰਿੜ ਸਟੈਂਡ ਕਰਕੇ ਉਹਨਾਂ ਦਾ ਸਤਿਕਾਰ ਕਰਦੇ ਹਨ, ਉਹਨਾਂ ਨੂੰ ਅਕਾਲੀ ਅਤੇ ਖ਼ਾਲਿਸਤਾਨੀ ਚਿਹਰੇ ਵਜੋਂ ਜਾਣਿਆ ਜਾਂਦਾ ਹੈ। ਜੇਕਰ ਅਜੋਕੇ ਸਮੇਂ ਜਾਂ ਭਵਿੱਖ ਵਿੱਚ ਸਿਮਰਨਜੀਤ ਸਿੰਘ ਮਾਨ ਸੁਖਬੀਰ ਸਿੰਘ ਬਾਦਲ ਨਾਲ ਕੋਈ ਸਮਝੌਤਾ ਕਰ ਜਾਂਦੇ ਹਨ ਤਾਂ ਉਹਨਾਂ ਦੇ ਅਕਸ ਨੂੰ ਵੀ ਬਹੁਤ ਵੱਡੀ ਢਾਹ ਲੱਗੇਗੀ ਤੇ ਸੰਗਤਾਂ ਦੇ ਮਨਾਂ ਨੂੰ ਅਥਾਹ ਠੇਸ ਪੁੱਜੇਗੀ। ਜੇਕਰ ਅਕਾਲੀ ਸ਼ਬਦ ਜਾਂ ਸਿਆਸੀ ਪੱਖੋਂ ਅਕਾਲੀ ਦਲ ਨੂੰ ਬਚਾਉਣਾ ਹੀ ਹੈ ਤਾਂ ਫਿਰ ਸੁਖਬੀਰ ਬਾਦਲ ਨੂੰ ਛੱਡ ਕੇ ਬਾਕੀ ਪੰਥਕ ਅਕਾਲੀ ਦਲ ਇਕੱਠੇ ਹੋਣ ਜਿਸ ਨਾਲ ਪੰਥ ਅਤੇ ਪੰਜਾਬ ਦਾ ਭਵਿੱਖ ਰੁਸ਼ਨਾਇਆ ਜਾ ਸਕੇ। ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਪਿਤਾ ਭਾਈ ਤਰਸੇਮ ਸਿੰਘ ਦੀ ਅਗਵਾਈ ਵਾਲਾ ਅਕਾਲੀ ਦਲ ਵਾਰਿਸ ਪੰਜਾਬ ਦੇ, ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸਪੁੱਤਰੀ ਬੀਬੀ ਸਤਵੰਤ ਕੌਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਾਲਾ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ, ਭਾਈ ਮੋਹਕਮ ਸਿੰਘ ਅਤੇ ਭਾਈ ਗੁਰਦੀਪ ਸਿੰਘ ਬਠਿੰਡਾ ਦੀ ਅਗਵਾਈ ਵਾਲਾ ਯੂਨਾਈਟਿਡ ਅਕਾਲੀ ਦਲ, ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ਵਾਲਾ ਪੰਥਕ ਅਕਾਲੀ ਲਹਿਰ ਦਲ ਅਤੇ ਭਾਈ ਬਲਦੇਵ ਸਿੰਘ ਵਡਾਲਾ ਦੀ ਅਗਵਾਈ ਵਾਲਾ ਸਿੱਖ ਸਦਭਾਵਨਾ ਦਲ ਸਾਂਝੇ ਰੂਪ ਵਿੱਚ ਏਕਤਾ ਕਰੇ ਤੇ ਇੱਕਮੁੱਠ ਹੋਵੇ ਜਿਸ ਨਾਲ ਪੰਥਕ ਸਫ਼ਾਂ ਅਤੇ ਪੰਜਾਬ ਦੀਆਂ ਸਿਆਸੀ ਸਫ਼ਾਂ ਵਿੱਚ ਹਲਚਲ ਪੈਦਾ ਹੋ ਸਕੇ ਤੇ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਬਣਾ ਕੇ ਪੰਥਕ ਸਿਆਸਤ ਦੇ ਬੋਲਬਾਲੇ ਅਤੇ ਪੰਥ ਤੇ ਪੰਜਾਬ ਦਾ ਭਵਿੱਖ ਸੰਵਾਰਿਆ ਜਾਏ। ਗੁਰੂ ਪੰਥ ਨੂੰ ਪ੍ਰਣਾਏ ਜੁਝਾਰੂ ਸਿੰਘਾਂ ਦਾ ਇੱਕ ਐਸਾ ਅਕਾਲੀ ਜੱਥਾ ਵੀ ਤਿਆਰ ਕੀਤਾ ਜਾਏ ਜੋ ਜਥੇਦਾਰ ਅਕਾਲੀ ਫੂਲਾ ਸਿੰਘ ਵਾਂਗ ਸਾਡੇ ਤਖ਼ਤਾਂ ਤੇ ਗੁਰਧਾਮਾਂ ਦੀ ਸੇਵਾ-ਸੰਭਾਲ ਕਰੇ ਤੇ ਪੰਥ ਨੂੰ ਆ ਰਹੀਆਂ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰੇ ਤੇ ਆਜ਼ਾਦਾਨਾ ਤੌਰ 'ਤੇ ਠੋਸ ਫ਼ੈਸਲੇ ਲਵੇ। ਫਿਰ ਹੀ ਆਪਾਂ ਭਾਈ ਹੀਰਾ ਸਿੰਘ ਦਰਦ ਦੀ ਕਵਿਤਾ ਅਨੁਸਾਰ ਕਹਿ ਸਕਾਂਗੇ ਕਿ "ਅੱਖੀਂ ਵੇਖ ਬੇਅਦਬੀ ਹੁੰਦੀ ਬੀਰ ਨਾ ਕਦੇ ਸਹਾਰ ਸਕੇ। ਜਿਸ ਨੇ ਸੀਸ ਤਲ਼ੀ 'ਤੇ ਧਰਿਆ ਉਸ ਨੂੰ ਕੋਈ ਨਾ ਮਾਰ ਸਕੇ। ਜਿਉਂਦੇ ਹੋਣ ਅਕਾਲੀ ਵਰਗੇ ਕੌਮ ਕਦੀ ਨਾ ਹਾਰ ਸਕੇ। ਨਾ ਕੋਈ ਉਸ ਦਾ ਕਾਲਜ ਖੋਹੇ ਨਾ ਕੋਈ ਖੋਹ ਦਰਬਾਰ ਸਕੇ। ਇਕ ਅਕਾਲੀ ਬਾਝੋਂ ਯਾਰੋ, ਬਣ ਗਈ ਕੌਮ ਪਰਾਲ਼ੀ ਜੇ। ਅੱਖਾਂ ਖੋਲ੍ਹੋ ਢਿੱਲੜ ਵੀਰੋ ਆ ਗਿਆ ਫੇਰ ਅਕਾਲੀ ਜੇ।"
Leave a Reply