ਰਾਹੁਲ ਗਾਂਧੀ ਨੂੰ ਸਿਰੋਪਾ ਦੇਣ ਉਪਰ ਬਾਦਲਕੇ ਸ਼ੋਰ ਕਿਉਂ ਮਚਾ ਰਹੇ ਹਨ, ਬਾਦਲਕਿਆਂ ਤੇ ਧਾਮੀ ਦੀ ਸਿਆਸਤ ਕੀ ਹੈ

ਰਾਹੁਲ ਗਾਂਧੀ ਨੂੰ ਸਿਰੋਪਾ ਦੇਣ ਉਪਰ ਬਾਦਲਕੇ ਸ਼ੋਰ ਕਿਉਂ ਮਚਾ ਰਹੇ ਹਨ, ਬਾਦਲਕਿਆਂ ਤੇ ਧਾਮੀ ਦੀ ਸਿਆਸਤ ਕੀ ਹੈ

ਰਾਹੁਲ ਗਾਂਧੀ ਨੂੰ ਸਿਰੋਪਾ ਦੇਣ ਉਪਰ ਬਾਦਲਕੇ ਸ਼ੋਰ ਕਿਉਂ ਮਚਾ ਰਹੇ ਹਨ, ਬਾਦਲਕਿਆਂ ਤੇ ਧਾਮੀ ਦੀ ਸਿਆਸਤ ਕੀ ਹੈ

ਬਲਵਿੰਦਰ ਪਾਲ ਸਿੰਘ ਪ੍ਰੋਫੈਸਰ

ਅੰਮ੍ਰਿਤਸਰ ਦੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਵਿਖੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੂੰ ਸਿਰੋਪਾ ਭੇਟ ਕਰਨ ਕਾਰਣ ਬਾਦਲਕਿਆਂ ਨੇ ਹਾਲ ਦੁਆਈ ਮਚਾ ਦਿਤੀ ਹੈ। ਬਾਦਲਕਿਆਂ ਦੇ ਹੁਕਮਾਂ ਨੂੰ ਨਿਭਾਉਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਜਾਰੀ ਕਰਕੇ ਸਪੱਸ਼ਟ ਕੀਤਾ ਹੈ ਕਿ ਗੁਰਦੁਆਰਿਆਂ ਵਿੱਚ ਸਿਰਫ਼ ਧਾਰਮਿਕ ਸ਼ਖਸੀਅਤਾਂ, ਰਾਗੀ ਸਿੰਘਾਂ ਅਤੇ ਸਿੱਖ ਮਹਾਂਪੁਰਖਾਂ ਨੂੰ ਹੀ ਸਿਰੋਪਾ ਦਿੱਤਾ ਜਾ ਸਕਦਾ ਹੈ। ਧਾਮੀ ਨੇ ਇਸ ਬਿਆਨ ਨਾਲ ਹਰ ਸਿਂਖ ਸਹਿਮਤ ਹੋ ਸਕਦਾ ਹੈ।ਪਰ ਸੁਆਲ ਇਹ ਹੈ ਕਿ ਜੇਕਰ ਬਾਦਲ ਪਖੀਆਂ ਜਾਂ ਬਾਦਲਾਂ ਦੀ ਸਿਫਾਰਸ਼ਾਂ ਨਾਲ ਸਿਰੌਪੇ ਦਿਤੇ ਜਾਂਦੇ ਹਨ ਤਾਂ ਕੀ ਧਾਮੀ ਦਾ ਇਹ ਸਿਧਾਂਤ ਉਥੇ ਲਾਗੂ ਨਹੀਂ ਹੁੰਦਾ।

ਧਾਮੀ ਮੁਤਾਬਕ, 1984 ਦੇ ਸਿੱਖ ਕਤਲੇਆਮ ਨਾਲ ਜੁੜੇ ਦੋਸ਼ਾਂ ਕਾਰਨ ਗਾਂਧੀ ਪਰਿਵਾਰ ਦੇ ਮੈਂਬਰ ਨੂੰ ਸਿਰੋਪਾ ਭੇਟ ਕਰਨਾ ਸਵੀਕਾਰਯੋਗ ਨਹੀਂ। ਪਰ ਇਹ ਵਿਵਾਦ ਸਿਰਫ਼ ਸਿਰੋਪੇ ਤੱਕ ਸੀਮਤ ਨਹੀਂ; ਇਸ ਦੇ ਪਿੱਛੇ ਬਾਦਲਕਿਆਂ ਦੀ ਸਿਆਸਤ ਦੀ ਗੁੰਝਲਦਾਰ ਲੂੰਬੜਬਾਜੀ ਅਤੇ ਰਾਜਨੀਤਕ ਸਵਾਰਥ ਵੀ ਸਾਫ਼ ਦਿਖਾਈ ਦਿੰਦੇ ਹਨ।

ਸਭ ਤੋਂ ਪਹਿਲਾਂ, ਇਹ ਸਵਾਲ ਉੱਠਦਾ ਹੈ ਕਿ ਸਿਰੋਪਾ ਭੇਟ ਕਰਨ ਦਾ ਮੁੱਦਾ ਅਸਲ ਵਿੱਚ ਕੀ ਇੰਨਾ ਵੱਡਾ ਗੁਨਾਹ ਹੈ ਕਿ ਇਸ ਨੂੰ ਜਾਂਚ ਦੀ ਲੋੜ ਪਵੇ? ਸਿਰੋਪਾ ਸਿੱਖ ਪਰੰਪਰਾ ਵਿੱਚ ਸਤਿਕਾਰ ਦਾ ਪ੍ਰਤੀਕ ਹੈ, ਜੋ ਗੁਰੂ ਘਰ ਦੀ ਸੇਵਾ, ਸ਼ਰਧਾ ਅਤੇ ਸਮਰਪਣ ਦੇ ਮੱਦੇਨਜ਼ਰ ਦਿੱਤਾ ਜਾਂਦਾ ਹੈ। ਪਰ ਸਿਰੋਪੇ ਦੇ ਮਾਮਲੇ ਨੂੰ ਬਾਦਲਕਿਆਂ ਦੇ ਹਕ ਵਿਚ ਸਿਆਸੀ ਰੰਗ ਦੇਣ ਦੀ ਕੋਸ਼ਿਸ਼ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਭੜਕਾਉਣ ਅਤੇ ਰਾਜਨੀਤਕ ਫਾਇਦੇ ਲੈਣ ਦੀ ਚਾਲ ਜਾਪਦੀ ਹੈ। ਸ੍ਰੋਮਣੀ ਕਮੇਟੀ ਦੀ ਜਾਂਚ ਦਾ ਐਲਾਨ ਅਤੇ ਧਾਮੀ ਦਾ ਬਿਆਨ ਇਸ ਵੱਲ ਇਸ਼ਾਰਾ ਕਰਦੇ ਹਨ ਕਿ ਇਹ ਮੁੱਦਾ ਸਿਰਫ਼ ਧਾਰਮਿਕ ਨਹੀਂ, ਸਗੋਂ ਬਾਦਲਕਿਆਂ ਨੂੰ ਖੁਸ਼ ਕਰਨ ਲਈ ਵੀ ਗਰਮਾਇਆ ਜਾ ਰਿਹਾ ਹੈ।

ਸਿੱਖ ਇਤਿਹਾਸ ਵਿੱਚ ਬਖਸ਼ਣ ਅਤੇ ਸਮਝੌਤੇ ਦੀਆਂ ਕਈ ਮਿਸਾਲਾਂ ਮਿਲਦੀਆਂ ਹਨ। ਜਦੋਂ ਮੁਗਲ ਸਮਰਾਟ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਹੁਕਮ ਦਿੱਤਾ, ਤਾਂ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਸਮਝਦਾਰੀ ਨਾਲ ਬਾਦਸ਼ਾਹ ਜਹਾਂਗੀਰ ਨਾਲ ਸਬੰਧ ਬਣਾਏ। ਇਹ ਸਬੰਧ ਸਿੱਖ ਕੌਮ ਦੇ ਵਿਕਾਸ ਅਤੇ ਸੁਰੱਖਿਆ ਲਈ ਸਨ। ਇਸੇ ਤਰ੍ਹਾਂ, ਨਵਾਬ ਕਪੂਰ ਸਿੰਘ ਨੇ ਮੁਗਲ ਸਰਕਾਰ ਤੋਂ ਨਵਾਬੀ ਸਵੀਕਾਰ ਕੀਤੀ, ਜਿਸ ਦਾ ਮਕਸਦ ਸਿੱਖ ਕੌਮ ਨੂੰ ਮਜ਼ਬੂਤ ਕਰਨਾ ਅਤੇ ਉਸ ਦੀ ਸੁਰੱਖਿਆ ਯਕੀਨੀ ਬਣਾਉਣਾ ਸੀ। ਇਨ੍ਹਾਂ ਮਿਸਾਲਾਂ ਤੋਂ ਸਪੱਸ਼ਟ ਹੈ ਕਿ ਸਿੱਖ ਇਤਿਹਾਸ ਵਿੱਚ ਸਮਝੌਤੇ ਅਤੇ ਸੰਵਾਦ ਦੀ ਪਰੰਪਰਾ ਰਹੀ ਹੈ, ਜਿਸ ਦਾ ਮਕਸਦ ਕੌਮ ਦੀ ਭਲਾਈ ਅਤੇ ਉੱਨਤੀ ਸੀ।

ਰਾਹੁਲ ਗਾਂਧੀ ਦੇ ਮਾਮਲੇ ਵਿੱਚ, ਇਹ ਸਵਾਲ ਉੱਠਦਾ ਹੈ ਕਿ ਉਨ੍ਹਾਂ ਨੇ ਸਿੱਖ ਕੌਮ ਦਾ ਕੀ ਨੁਕਸਾਨ ਕੀਤਾ, ਜੋ ਸ੍ਰੋਮਣੀ ਕਮੇਟੀ ਨੂੰ ਇੰਨੀ ਸਖ਼ਤੀ ਨਾਲ ਜਾਂਚ ਦੇ ਹੁਕਮ ਦੇਣੇ ਪਏ? ਜਦ ਕਿ 1984 ਦੇ ਸਿੱਖ ਕਤਲੇਆਮ ਦਾ ਜ਼ਿਕਰ ਕਰਕੇ ਗਾਂਧੀ ਪਰਿਵਾਰ ਨੂੰ ਨਿਸ਼ਾਨਾ ਬਣਾਉਣਾ ਸਿਆਸੀ ਸਵਾਰਥ ਦੀ ਬੂ ਆਉਂਦੀ ਹੈ।

ਜੂਨ 1984 ਦਾ ਘਟਨਾਕ੍ਰਮ, ਜਿਸ ਵਿੱਚ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਸਟੇਟ ਮਸ਼ੀਨਰੀ ਦੀ ਕਾਰਵਾਈ ਸੀ। ਇਸ ਦਾ ਸਿੱਧਾ ਦੋਸ਼ ਕਾਂਗਰਸ ਸਰਕਾਰ 'ਤੇ ਜਾਂਦਾ ਹੈ, ਪਰ ਇਹ ਵੀ ਸੱਚ ਹੈ ਕਿ ਸਿੱਖ ਕਤਲੇਆਮ ਦੀ ਜ਼ਿੰਮੇਵਾਰੀ ਸਿਰਫ਼ ਇੱਕ ਪਾਰਟੀ ਜਾਂ ਪਰਿਵਾਰ 'ਤੇ ਥੋਪਣਾ ਇਤਿਹਾਸ ਦੀ ਸੱਚਾਈ ਨੂੰ ਸਰਲੀਕਰਨ ਕਰਨ ਵਰਗਾ ਹੈ। ਇਸ ਦੁਖਾਂਤ ਦੇ ਲਈ ਸਟੇਟ ਜਿੰਮੇਵਾਰ ਹੈ।ਰਾਹੁਲ ਗਾਂਧੀ, ਜੋ ਉਸ ਸਮੇਂ ਇੱਕ ਬੱਚੇ ਸਨ, ਨੂੰ ਸਿੱਧੇ ਤੌਰ 'ਤੇ ਇਸ ਦਾ ਜ਼ਿੰਮੇਵਾਰ ਠਹਿਰਾਉਣਾ ਕਿੰਨਾ ਕੁ ਜਾਇਜ਼ ਹੈ?

ਕੀ ਇਹ ਸਿਖ ਅਸੂਲ ਹੈ ਕਿ ਸਿਖ ਪੰਥ ਬੇਗੁਨਾਹ ਨੂੰ ਸਜ਼ ਦੇਵੇ ਜਾਂ ਨਫਰਤ ਕਰੇ।

ਬਾਦਲ ਪਰਿਵਾਰ ਅਤੇ SGPC ਦੀ ਕੂੜ ਸਿਆਸਤ

SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਬਿਆਨ ਅਤੇ ਜਾਂਚ ਦਾ ਐਲਾਨ ਸਿੱਖ ਸਿਆਸਤ ਦੀ ਦੁਖਾਂਤਕ ਤੇ ਭੈੜੇ ਬਿਰਤਾਂਤ ਨੂੰ ਸਾਹਮਣੇ ਲਿਆਉਂਦਾ ਹੈ। ਇਹ ਸਵਾਲ ਉੱਠਦਾ ਹੈ ਕਿ ਜੇ ਰਾਹੁਲ ਗਾਂਧੀ ਨੂੰ ਸਿਰੋਪਾ ਦੇਣਾ ਗੁਨਾਹ ਹੈ, ਤਾਂ ਬਾਦਲ ਪਰਿਵਾਰ ਦੀਆਂ ਕਈ ਵਿਵਾਦਤ ਕਾਰਵਾਈਆਂ 'ਤੇ SGPC ਨੇ ਕਦੇ ਇੰਨੀ ਸਖ਼ਤੀ ਕਿਉਂ ਨਹੀਂ ਵਿਖਾਈ? ਬਾਦਲ ਪਰਿਵਾਰ ਦੀ ਸਰਕਾਰ ਨੇ ਕਈ ਅਜਿਹੇ ਫੈਸਲੇ ਲਏ, ਜਿਨ੍ਹਾਂ ਨੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ। ਮਿਸਾਲ ਵਜੋਂ, 2015 ਦੀਆਂ ਬੇਅਦਬੀ ਦੀਆਂ ਘਟਨਾਵਾਂ ਅਤੇ ਕੋਟਕਪੂਰਾ ਗੋਲੀਕਾਂਡ ਦੀ ਜ਼ਿੰਮੇਵਾਰੀ ਕਿਸ 'ਤੇ ਜਾਂਦੀ ਹੈ? ਇਨ੍ਹਾਂ ਮਾਮਲਿਆਂ ਵਿੱਚ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਦੀ ਭੂਮਿਕਾ 'ਤੇ ਸਵਾਲ ਉੱਠੇ, ਪਰ SGPC ਨੇ ਕਦੇ ਇੰਨੀ ਸਖਤੀ ਨਾਲ ਜਾਂਚ ਦੀ ਮੰਗ ਕਿਉਂ ਨਹੀਂ ਕੀਤੀ। ਕਿਉਂ ਬਾਦਲ ਪਰਿਵਾਰ ਸਿਰੋਪੇ ਦਿਤੇ ਜਾਂਦੇ ਰਹੇ।

ਇਸੇ ਤਰ੍ਹਾਂ, ਬਰਨਾਲਾ ਪਰਿਵਾਰ ਦਾ ਜ਼ਿਕਰ ਵੀ ਮਹੱਤਵਪੂਰਨ ਹੈ। ਬਰਨਾਲਾ ਪਰਿਵਾਰ ਦੇ ਮੈਂਬਰ ਸੁਰਜੀਤ ਸਿੰਘ ਬਰਨਾਲਾ ਦੇ ਸਮੇਂ 'ਚ ਸ੍ਰੀ ਦਰਬਾਰ ਸਾਹਿਬ 'ਤੇ ਹਮਲੇ (ਆਪਰੇਸ਼ਨ ਬਲੈਕ ਥੰਡਰ) ਦੀਆਂ ਘਟਨਾਵਾਂ ਵਾਪਰੀਆਂ, ਜੋ ਜੂਨ 84 ਦੇ ਘਲੂਘਾਰੇ ਨੂੰ ਸਹੀ ਠਹਿਰਾਉਣ ਦੀ ਮੋਹਰ ਸੀ। ਪਰ ਬਾਦਲ ਸਰਕਾਰ ਨੇ ਬਲੈਕ ਥੰਡਰ ਦੇ ਜ਼ਿੰਮੇਵਾਰ ਕੈਪਟਨ ਕੰਵਲਜੀਤ ਸਿੰਘ ਵਰਗੇ ਬਰਨਾਲਾ ਮੰਤਰੀ ਮੰਡਲ ਵਿਚ ਰਹਿ ਚੁਕੇ ਅਹਿਮ ਮੰਤਰੀ ਨੂੰ ਆਪਣੀ ਸਰਕਾਰ ਵਿਚ ਮੰਤਰੀ ਬਣਾਇਆ। ਕੀ ਇਹ ਦੋਹਰਾ ਮਾਪਦੰਡ ਨਹੀਂ? ਜੇ ਗਾਂਧੀ ਪਰਿਵਾਰ ਨੂੰ 1984 ਦੇ ਦੋਸ਼ਾਂ ਕਾਰਨ ਸਿਰੋਪਾ ਦੇਣਾ ਗੁਨਾਹ ਹੈ, ਤਾਂ ਬਰਨਾਲਾ ਸਮਰਥਕਾਂ ਨੂੰ ਸਿਆਸੀ ਅਹੁਦੇ ਦੇਣਾ ਕਿਉਂ ਜਾਇਜ਼ ਸੀ? ਸਾਧ ਲੌਗੋਵਾਲ ਦੀ ਬਰਸੀ ਮਨਾਉਣੀ ਕਿਵੇਂ ਜਾਇਜ ਹੈ।ਇਸ ਤੋਂ ਸਪੱਸ਼ਟ ਹੁੰਦਾ ਹੈ ਕਿ SGPC ਦੀ ਕਾਰਵਾਈ ਪਿੱਛੇ ਸਿਆਸੀ ਏਜੰਡਾ ਹੈ, ਜਿਸ ਵਿੱਚ ਬਾਦਲ ਪਰਿਵਾਰ ਦੀ ਸ਼ਮੂਲੀਅਤ ਸਾਫ਼ ਦਿਖਾਈ ਦਿੰਦੀ ਹੈ।

SGPC ਦਾ ਰਾਹੁਲ ਗਾਂਧੀ ਦੇ ਸਿਰੋਪੇ 'ਤੇ ਇਤਰਾਜ਼ ਅਤੇ ਜਾਂਚ ਦਾ ਐਲਾਨ ਸਿੱਖ ਵਿਰਾਸਤ ਨੂੰ ਸਿਆਸੀ ਸਵਾਰਥਾਂ ਦੀ ਭੇਂਟ ਚੜ੍ਹਾਉਣ ਦੀ ਕੋਸ਼ਿਸ਼ ਜਾਪਦਾ ਹੈ। ਬਾਦਲ ਪਰਿਵਾਰ ਅਤੇ ਉਨ੍ਹਾਂ ਦੇ ਸਮਰਥਕ ਇਸ ਮੁੱਦੇ ਨੂੰ ਵਰਤ ਕੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਭੜਕਾਉਣ ਅਤੇ ਕਾਂਗਰਸ ਵਿਰੁੱਧ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਪਿੱਛੇ ਉਨ੍ਹਾਂ ਦੀ ਭਾਜਪਾ ਨਾਲ ਨੇੜਤਾ ਅਤੇ ਸਮਝੌਤੇ ਦੀ ਇੱਛਾ ਵੀ ਸਾਫ਼ ਦਿਖਾਈ ਦਿੰਦੀ ਹੈ। ਪਰ ਸਿੱਖ ਕੌਮ ਨੂੰ ਇਹ ਸਮਝਣ ਦੀ ਲੋੜ ਹੈ ਕਿ ਇਹ ਵਿਵਾਦ ਸਿਰਫ਼ ਸਿਰੋਪੇ ਦਾ ਨਹੀਂ, ਸਗੋਂ ਸਿਆਸੀ ਸ਼ਤਰੰਜ ਦੀ ਚਾਲ ਹੈ, ਜਿਸ ਵਿੱਚ ਸਿੱਖ ਭਾਵਨਾਵਾਂ ਨੂੰ ਸਸਤੇ ਸਿਆਸੀ ਫਾਇਦਿਆਂ ਲਈ ਵਰਤਿਆ ਜਾ ਰਿਹਾ ਹੈ।ਇਹ ਹੋਛੀ ਹਰਕਤ ਬਾਦਲਕੇ ਤੇ ਧਾਮੀ ਕਰ ਰਹੇ ਹਨ। ਗੁਰੂ ਸਾਹਿਬ ਦੀ ਸਿੱਖਿਆ ਸਾਨੂੰ ਸਿਖਾਉਂਦੀ ਹੈ ਕਿ ਸੱਚ ਅਤੇ ਨਿਆਂ ਦੇ ਰਾਹ 'ਤੇ ਚੱਲਦਿਆਂ, ਸਮਝਦਾਰੀ ਅਤੇ ਸੰਵਾਦ ਨਾਲ ਹੀ ਅਸੀਂ ਆਪਣੀ ਕੌਮ ਦੀ ਭਲਾਈ ਕਰ ਸਕਦੇ ਹਾਂ।ਪਰ ਇਹ ਮੂਰਖ ਸਤਿਗੁਰੂ ਦੇ ਸਚੇ ਗਿਆਨ ਨੂੰ ਨਹੀਂ ਸਮਝ ਸਕਦੇ।ਅਸਲ ਸੱਚ ਇਹ ਹੈ ਕਿ ਸਿਆਸਤ ਵਿਚ ਕੋਈ ਤੁਹਾਡਾ ਦੋਸਤ ਦੁਸ਼ਮਣ ਨਹੀਂ ਹੁੰਦਾ।ਸਾਡੇ ਪੁਰਖਿਆਂ ਤੇ ਗੁਰੂ ਸਾਹਿਬਾਨ ਨੇ ਸਿਧ ਕੀਤਾ ਹੈ।ਪਰ ਬਾਦਲ ਪਰਿਵਾਰ ਖਾਲਸਾ ਪੰਥ ਨੂੰ ਮੂਰਖ ਬਣਾਉਣ ਉਪਰ ਤੁਲਿਆ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.