ਕੇਂਦਰ ਦੀ ਮੋਦੀ ਸਰਕਾਰ ਸ਼੍ਰੋਮਣੀ ਕਮੇਟੀ ਚੋਣਾਂ ਨਾ ਕਰਵਾ ਕੇ ਗੁਰਧਾਮਾਂ 'ਤੇ ਬਾਦਲਕਿਆਂ ਨੂੰ ਕਾਬਜ ਰੱਖਣਾ ਚਾਹੁੰਦੀ ਹੈ - ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਅੰਮ੍ਰਿਤਸਰ, 27 ਨਵੰਬਰ ਜੁਗਰਾਜ ਸਿੰਘ ਸਰਹਾਲੀ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਕਰਵਾਉਣ ਦੀ ਮੰਗ ਨੂੰ ਲੈ ਕੇ ਸ੍ਰੀ ਅੰਮ੍ਰਿਤਸਰ ਵਿਖੇ ਦਿੱਤੇ ਧਰਨੇ ਨੂੰ ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ 2011 ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਨਾ ਕਰਵਾਉਣਾ ਸਿੱਖਾਂ ਦੇ ਜਮਹੂਰੀ ਹੱਕਾਂ ਦਾ ਘਾਣ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਚੋਣਾਂ ਲਟਕਾ ਕੇ ਗੁਰਧਾਮਾਂ ਦੇ ਪ੍ਰਬੰਧ ਉੱਤੇ ਬਾਦਲ ਦਲ ਦੀ ਪਕੜ ਕਾਇਮ ਰੱਖਣਾ ਚਾਹੁੰਦੀ ਹੈ।
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਬਾਬਾ ਖੜਕ ਸਿੰਘ ਜੀ ਆਪਣੇ ਅਹੁਦੇ ਦੇ ਵੱਕਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਦੇ ਰੁਤਬੇ ਦੇ ਬਰਾਬਰ ਸਮਝਦੇ ਸਨ। ਸੰਤ ਚੰਨਣ ਸਿੰਘ ਦੇ ਸਮੇਂ ਪੰਜਾਬ ਦਾ ਮੁੱਖ ਮੰਤਰੀ ਅਤੇ ਵਜ਼ੀਰ ਚੁਣਨ ਵੇਲੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਰਾਇ ਦਾ ਭਾਰ ਹੁੰਦਾ ਸੀ। ਜਥੇਦਾਰ ਗੁਰਚਰਨ ਸਿੰਘ ਟੌਹੜਾ ਵੇਲੇ ਵੀ ਇਸ ਅਹੁਦੇ ਦੀ ਪੰਥ ਅੰਦਰ ਆਪਣੀ ਹਸਤੀ ਸੀ। ਉਨ੍ਹਾਂ ਕਿਹਾ ਕਿ ਅੱਜ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਵੀ ਨਹੀਂ ਮਿਲਦਾ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੁਲਾਕਾਤ ਦਾ ਸਮਾਂ ਨਹੀਂ ਦਿੰਦੇ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮਾਂ ਸੰਸਥਾ ਆਖਿਆ ਜਾਂਦਾ ਹੈ। ਅੱਜ ਉਸੇ ਮਾਂ ਸੰਸਥਾ ਦੇ ਪ੍ਰਧਾਨ ਦਾ ਨਾਂ ਸੁਖਬੀਰ ਸਿੰਘ ਬਾਦਲ ਦੇ ਲਿਫ਼ਾਫ਼ੇ ਵਿੱਚੋਂ ਨਿਕਲਦਾ ਹੈ। ਸੁਖਬੀਰ ਜਿਸ ਦੇ ਸਿਰ ’ਤੇ ਹੱਥ ਧਰ ਦੇਵੇ, ਬਹੁਤੇ ਮੈਂਬਰ ਉਸੇ ਨੂੰ ਵੋਟ ਪਾ ਦਿੰਦੇ ਹਨ। ਉਨ੍ਹਾਂ ਸਵਾਲ ਕੀਤਾ, “ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਬਣੀ ਸੰਸਥਾ ਦਾ ਪ੍ਰਧਾਨ ਚੁਣਨ ਦਾ ਹੱਕ ਸੁਖਬੀਰ ਬਾਦਲ ਨੂੰ ਕੀਹਨੇ ਦਿੱਤਾ ? ਉਹ ਆਪਣੇ ਦਲ ਦੀ ਪ੍ਰਧਾਨਗੀ ਕਰੇ। ਗੁਰੂ ਪੰਥ ਦੀ ਸੰਸਥਾ ਨੂੰ ਆਪਣੇ ਘਰ ਦੀ ਜਗੀਰ ਕਿਉਂ ਸਮਝਦਾ ਹੈ ?”
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਧਾਮੀ ਨੇ ਸੰਸਥਾ ਦੇ ਵੱਕਾਰ ਨਾਲੋਂ ਬਾਦਲ ਦਲ ਦੀ ਸਿਆਸਤ ਦੀ ਵੱਧ ਫ਼ਿਕਰ ਕੀਤੀ ਹੈ। ਉਨ੍ਹਾਂ ਧਾਮੀ ਦੇ ‘ਮੈਂ ਸੁਖਬੀਰ ਸਿੰਘ ਬਾਦਲ ਦਾ ਸਿਪਾਹੀ ਹਾਂ’ ਵਾਲੇ ਬਿਆਨ ਦਾ ਹਵਾਲਾ ਦਿੰਦਿਆਂ ਪੁੱਛਿਆ ਕਿ ਜੇ ਪ੍ਰਧਾਨ ਆਪ ਸੁਖਬੀਰ ਦਾ ਸਿਪਾਹੀ ਅਖਵਾਉਂਦਾ ਹੈ ਤਾਂ ਕਮੇਟੀ ਦੇ ਫ਼ੈਸਲਿਆਂ ਦਾ ਹਿਸਾਬ ਸੁਖਬੀਰ ਕੋਲੋਂ ਕੌਣ ਮੰਗੇਗਾ ? ਉਨ੍ਹਾਂ ਕਿਹਾ ਕਿ ਕਮੇਟੀ ਅੰਦਰ ਰੋਜ਼ਾਨਾ ਦਸ-ਵੀਹ ਘਪਲੇ ਹੋਣ ਦੀ ਗੱਲ ਧਾਮੀ ਨੇ ਆਪ ਆਖੀ ਸੀ। ਹੁਣ ਉਹ ਸੰਗਤ ਨੂੰ ਦੱਸਣ ਕਿ ਉਨ੍ਹਾਂ ਮਾਮਲਿਆਂ ਵਿੱਚ ਕੀ ਕਾਰਵਾਈ ਹੋਈ।
ਉਨ੍ਹਾਂ ਧਾਮੀ ਤੋਂ ਪੁੱਛਿਆ ਕਿ ਬੰਦੀ ਸਿੰਘਾਂ ਲਈ ਬਣਾਈ ਕਮੇਟੀ ਨੇ ਕੀ ਕੀਤਾ ਅਤੇ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾਮੁਕਤੀ ਦੇ ਨਿਯਮ ਬਣਾਉਣ ਦਾ ਕੰਮ ਕਿੱਥੇ ਤੱਕ ਪਹੁੰਚਿਆ ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਸੰਗਤ ਨੂੰ ਇਨਸਾਫ਼ ਕਦੋਂ ਮਿਲੇਗਾ ? ਭਾਰਤੀ ਫ਼ੌਜ ਵੱਲੋਂ ਵਾਪਸ ਕੀਤੇ ਸਾਹਿਤ ਦਾ ਵੇਰਵਾ ਕਦੋਂ ਜਨਤਕ ਕੀਤਾ ਜਾਵੇਗਾ ? ਕਮੇਟੀ ਦੇ ਪ੍ਰਬੰਧ ਹੇਠ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਵਿੱਚ ਕੀ ਕਾਰਵਾਈ ਹੋਈ ? ਖਾੜਕੂ ਸੰਘਰਸ਼ ਦੇ ਸ਼ਹੀਦਾਂ ਦਾ ਵੇਰਵਾ ਇਕੱਠਾ ਕਰਨ ਲਈ ਕਮੇਟੀ ਅਜੇ ਤੱਕ ਕਿਉਂ ਨਹੀਂ ਬਣੀ ? ਉਨ੍ਹਾਂ ਸ੍ਰੀ ਅਨੰਦਪੁਰ ਸਾਹਿਬ ਦੀ ਸਰਾਂ ਨਾਲ ਜੁੜੇ ਮਾਮਲੇ ਵਿੱਚ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਲੱਗੇ ਬਲਾਤਕਾਰ ਦੇ ਇਲਜ਼ਾਮ ਬਾਰੇ ਵੀ ਪੁੱਛਿਆ ਕਿ ਜਾਂਚ ਕਮੇਟੀ ਨੇ ਕੀ ਕਾਰਵਾਈ ਕੀਤੀ ?
ਭਾਈ ਰਣਜੀਤ ਸਿੰਘ ਨੇ ਕਿਹਾ, “ਧਾਮੀ ਸਾਬ੍ਹ, ਮੁੜ ਕੁਰਸੀ ਤਾਂ ਮਿਲ ਗਈ ਹੈ, ਹੁਣ ਪਿਛਲੀ ਪ੍ਰਧਾਨਗੀ ਦਾ ਹਿਸਾਬ ਵੀ ਦਿਓ। ਗੁਰੂ ਦੀ ਗੋਲਕ ਤੇ ਕਮੇਟੀ ਦਾ ਸਰਮਾਇਆ ਪੰਥ ਦੀ ਅਮਾਨਤ ਹੈ। ਸੰਗਤ ਨੂੰ ਦੱਸੋ ਕਿ ਇਹ ਪੈਸਾ ਕਿੱਥੇ ਖ਼ਰਚ ਹੋਇਆ।” ਉਨ੍ਹਾਂ ਕੇਂਦਰ ਸਰਕਾਰ ਤੋਂ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਤੁਰੰਤ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਪੰਥਕ ਧਿਰਾਂ ਨੂੰ ਸੱਦਾ ਦਿੱਤਾ ਕਿ ਉਹ ਇਕੱਠੀਆਂ ਹੋ ਕੇ ਸ਼੍ਰੋਮਣੀ ਕਮੇਟੀ ਦਾ ਸਮੁੱਚਾ ਪ੍ਰਬੰਧ ਬਾਦਲ ਦਲ ਦੀ ਪਕੜ ਤੋਂ ਆਜ਼ਾਦ ਕਰਵਾਉਣ।
Leave a Reply