ਕੇਂਦਰ ਜਾਂ ਸੂਬਾ ਸਰਕਾਰ ਦੀ ਗੱਲ ਛੱਡੋ, ਸ਼੍ਰੋਮਣੀ ਕਮੇਟੀ ਵੀ ਸਿੱਖਾਂ ਨੂੰ ਇਨਸਾਫ਼ ਦੇਣ ਨੂੰ ਤਿਆਰ ਨਹੀਂ
- ਧਾਰਮਿਕ/ਰਾਜਨੀਤੀ
- 06 Dec, 2025 11:16 PM (Asia/Kolkata)
ਕੇਂਦਰ ਜਾਂ ਸੂਬਾ ਸਰਕਾਰ ਦੀ ਗੱਲ ਛੱਡੋ, ਸ਼੍ਰੋਮਣੀ ਕਮੇਟੀ ਵੀ ਸਿੱਖਾਂ ਨੂੰ ਇਨਸਾਫ਼ ਦੇਣ ਨੂੰ ਤਿਆਰ ਨਹੀਂ
ਕੇਂਦਰ ਸਰਕਾਰ ਜਾਂ ਸੂਬਾ ਸਰਕਾਰ ਨੇ ਇਨਸਾਫ਼ ਤਾਂ ਕੀ ਦੇਣਾ ਸੀ, ਇੱਥੇ ਤਾਂ ਸ਼੍ਰੋਮਣੀ ਕਮੇਟੀ ਵੀ ਸਿੱਖਾਂ ਨੂੰ ਇਨਸਾਫ਼ ਦੇਣ ਨੂੰ ਤਿਆਰ ਨਹੀਂ, ਭਾਵੇਂ ਉਹ ਮਾਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨਾਲ ਹੀ ਕਿਉਂ ਨਾ ਜੁੜਿਆ ਹੋਵੇ। ਸ਼੍ਰੋਮਣੀ ਕਮੇਟੀ ਨੂੰ ਅਕਸਰ ਹੀ ਸਿੱਖਾਂ ਦੀ ਸਿਰਮੌਰ ਸੰਸਥਾ ਕਿਹਾ ਜਾਂਦਾ ਹੈ ਜੋ ਅਨੇਕਾਂ ਕੁਰਬਾਨੀਆਂ, ਸ਼ਹਾਦਤਾਂ ਤੇ ਲੰਬੇ ਸੰਘਰਸ਼ ਤੋਂ ਬਾਅਦ ਹੋਂਦ ਵਿੱਚ ਆਈ ਸੀ ਜਿਸ ਦਾ ਮੁੱਖ ਕਾਰਜ ਸਿੱਖੀ ਦਾ ਪ੍ਰਚਾਰ, ਗੁਰਦੁਆਰਿਆਂ ਦੀ ਸੇਵਾ-ਸੰਭਾਲ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਬਹਾਲ ਕਰਵਾਉਣਾ ਸੀ। ਪਰ ਅਫ਼ਸੋਸ ਅਤੇ ਤ੍ਰਾਸਦੀ ਦੀ ਗੱਲ ਹੈ ਕਿ ਅਕਾਲੀ ਦਲ ਬਾਦਲ ਦੇ ਰਾਜ ਸਮੇਂ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਹੋਇਆ, ਅੰਗ ਪਾੜ ਕੇ ਬੇਅਦਬੀਆਂ ਕੀਤੀਆਂ, ਇਨਸਾਫ਼ ਮੰਗਦੇ ਗੁਰਸਿੱਖਾਂ ਨੂੰ ਗੋਲੀਆਂ ਨਾਲ ਭੁੰਨਿਆ, ਅਨੇਕਾਂ ਸੰਗਤਾਂ ਨੂੰ ਜ਼ਖ਼ਮੀ ਕੀਤਾ ਤੇ ਜੇਲ੍ਹਾਂ ਵਿੱਚ ਤੁੰਨਿਆਂ ਗਿਆ ਤਾਂ ਉਸ ਸਮੇਂ ਸ਼੍ਰੋਮਣੀ ਕਮੇਟੀ ਨੇ ਆਪਣੇ ਆਕਾ ਬਾਦਲਾਂ ਦਾ ਪੱਖ ਪੂਰਿਆ ਤੇ ਜਾਂ ਫਿਰ ਚੁੱਪੀਧਾਰੀ ਰੱਖੀ ਤਾਂ ਉਸ ਸਮੇਂ ਅਕਾਲੀ ਦਲ ਦੇ ਨਾਲ ਸ਼੍ਰੋਮਣੀ ਕਮੇਟੀ ਦਾ ਵੀ ਵੱਕਾਰ ਵੀ ਰੁਲ ਗਿਆ ਸੀ। ਪਰ ਰਹਿੰਦੀ-ਖੂੰਹਦੀ ਕਸਰ ਸ਼੍ਰੋਮਣੀ ਕਮੇਟੀ ਬਾਦਲਕਿਆਂ ਨੇ ਓਦੋਂ ਕੱਢ ਦਿੱਤੀ ਜਦੋਂ 328 ਪਾਵਨ ਸਰੂਪਾਂ ਦਾ ਮਾਮਲਾ ਸਾਹਮਣੇ ਆਇਆ। ਸ਼੍ਰੋਮਣੀ ਕਮੇਟੀ ਦੀ ਹੀ ਪ੍ਰਿੰਟਿੰਗ ਪ੍ਰੈੱਸ ਵਿੱਚੋਂ 328 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲਾਪਤਾ ਹੋ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ, ਜਥਾ ਸਿਰਲੱਥ ਖ਼ਾਲਸਾ ਅਤੇ ਹੋਰ ਜਥੇਬੰਦੀਆਂ ਨੇ ਸੰਘਰਸ਼ ਅਰੰਭਿਆ ਅਤੇ ਸ਼੍ਰੋਮਣੀ ਕਮੇਟੀ ਦੇ ਸ੍ਰੀ ਅੰਮ੍ਰਿਤਸਰ ਵਿਚਲੇ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਅੱਗੇ ਸ਼ਾਂਤਮਈ ਮੋਰਚਾ ਅਰੰਭ ਦਿੱਤਾ। ਇਸ ਮੋਰਚੇ ਨੇ ਆਵਾਜ਼ ਬੁਲੰਦ ਕੀਤੀ ਕਿ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਆਪਣੇ ਪਹਿਲੇ ਫ਼ੈਸਲੇ ਅਨੁਸਾਰ ਦੋਸ਼ੀਆਂ ਉੱਤੇ ਕਾਨੂੰਨੀ ਕਾਰਵਾਈ ਕਰਵਾਵੇ ਅਤੇ ਸੰਗਤਾਂ ਨੂੰ ਦੱਸੇ ਕਿ ਪਾਵਨ ਸਰੂਪ ਕੀਹਨੂੰ, ਕਦੋਂ ਅਤੇ ਕਿਸ ਦੇ ਕਹਿਣ ਉੱਤੇ ਦਿੱਤੇ ਤੇ ਹੁਣ ਉਹ ਪਾਵਨ ਸਰੂਪ ਕਿੱਥੇ ਅਤੇ ਕਿਹੜੇ ਹਲਾਤਾਂ ਵਿੱਚ ਹਨ! ਇਸ ਮੋਰਚੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ, ਦਮਦਮੀ ਟਕਸਾਲ ਸੰਗਰਾਵਾਂ ਦੇ ਮੁਖੀ ਸੰਤ ਗਿਆਨੀ ਰਾਮ ਸਿੰਘ ਜੀ ਖ਼ਾਲਸਾ, ਸਰਬੱਤ ਖ਼ਾਲਸਾ ਦੁਆਰਾ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਡਾ. ਸੁਖਪ੍ਰੀਤ ਸਿੰਘ ਉਦੋਕੇ ਅਤੇ ਦਲ ਖ਼ਾਲਸਾ ਸਮੇਤ ਸਮੂਹ ਪੰਥਕ ਜਥੇਬੰਦੀਆਂ ਦੇ ਆਗੂ ਸਾਹਿਬਾਨ ਤੇ ਸੰਗਤਾਂ ਹਾਜ਼ਰੀ ਭਰਦੀਆਂ ਰਹੀਆਂ। ਪਰ ਸ਼੍ਰੋਮਣੀ ਕਮੇਟੀ ਨੇ ਐਨੇ ਗੰਭੀਰ, ਸੰਵੇਦਨਸ਼ੀਲ ਤੇ ਪੰਥ ਦੀ ਰੂਹ ਨਾਲ ਜੁੜੇ ਹੋਏ ਮੋਰਚੇ ਨੂੰ ਵੀ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ ਤੇ ਲਾਪਤਾ 328 ਪਾਵਨ ਸਰੂਪਾਂ ਦਾ ਇਨਸਾਫ਼ ਦੇਣ ਦੀ ਬਜਾਏ ਕਹਿਰ ਵਰਤਾਉਣਾ ਸ਼ੁਰੂ ਕਰ ਦਿੱਤਾ। ਮਿਤੀ 24 ਅਕਤੂਬਰ 2020 ਨੂੰ ਮੋਰਚੇ ਉੱਤੇ ਬੈਠੇ ਸਿੰਘਾਂ-ਸਿੰਘਣੀਆਂ ਉੱਤੇ ਸ਼੍ਰੋਮਣੀ ਕਮੇਟੀ ਬਾਦਲਕਿਆਂ ਦੇ ਭਾਰੀ ਤਾਦਾਦ ਵਿੱਚ ਇਕੱਠੇ ਹੋਏ ਗੁੰਡੇ ਮੁਲਾਜ਼ਮਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਸਿੰਘਾਂ ਨੂੰ ਡਾਂਗਾਂ-ਤਲਵਾਰਾਂ ਨਾਲ ਕੁੱਟਿਆ ਤੇ ਵੱਢਿਆ ਗਿਆ, ਕੇਸਾਂ ਤੇ ਕਕਾਰਾਂ ਦੀ ਬੇਅਦਬੀ ਕੀਤੀ ਗਈ, ਬੀਬੀਆਂ ਨੂੰ ਵੀ ਭੱਦੇ ਲਫ਼ਜ਼ ਬੋਲੇ ਤੇ ਆਪਣੇ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ। ਉਸ ਦਿਨ ਸ਼੍ਰੋਮਣੀ ਕਮੇਟੀ ਦਾ ਦਫ਼ਤਰ ਬੁੱਚੜਖਾਨਾ ਬਣ ਗਿਆ, ਤੇ ਸ਼੍ਰੋਮਣੀ ਕਮੇਟੀ ਦੇ ਆਗੂ ਅਤੇ ਮੁਲਾਜ਼ਮ ਜੋ ਬੁੱਚੜ ਪੁਲਿਸ ਅਫ਼ਸਰਾਂ ਦੀ ਤਰ੍ਹਾਂ ਸਿੰਘਾਂ-ਸਿੰਘਣੀਆਂ ਨੂੰ ਕੋਂਹਦੇ ਰਹੇ। ਸੱਚਮੁੱਚ ਸੌ ਸਾਲਾਂ ਬਾਅਦ ਸਾਕਾ ਨਨਕਾਣਾ ਸਾਹਿਬ ਦੁਬਾਰਾ ਵਾਪਰ ਗਿਆ, ਇਹਨਾਂ ਅਜੋਕੇ ਨਰੈਣੂ ਮਹੰਤਾਂ ਨੇ ਸਿੰਘਾਂ ਦੀਆਂ ਲੱਤਾਂ-ਬਾਂਹਾਂ ਤੋੜ ਕੇ ਵੀ ਲਾਪਤਾ 328 ਪਾਵਨ ਸਰੂਪਾਂ ਦਾ ਇਨਸਾਫ਼ ਨਾ ਦਿੱਤਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਅਤੇ ਸਿੱਖ ਸਦਭਾਵਨਾ ਦਲ ਦੇ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਅੱਜ-ਤੱਕ ਲਗਾਤਾਰ 328 ਪਾਵਨ ਸਰੂਪਾਂ ਦੇ ਇਨਸਾਫ਼ ਦਾ ਮੁੱਦਾ ਉਠਾਇਆ ਜਾਂਦਾ ਰਿਹਾ ਹੈ। ਹੁਣ ਇਹ ਮੁੱਦਾ ਦੁਬਾਰਾ ਭਖ ਗਿਆ ਹੈ ਜਦੋਂ ਕਿਸਾਨ ਆਗੂ ਭਾਈ ਜਗਜੀਤ ਸਿੰਘ ਡੱਲੇਵਾਲ ਅਤੇ ਭਾਈ ਬਲਦੇਵ ਸਿੰਘ ਸਿਰਸਾ ਨੇ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ 7 ਦਸੰਬਰ ਨੂੰ ਮਹਾਂ ਪੰਚਾਇਤ ਸੱਦ ਲਈ ਹੈ। ਅਸੀਂ ਸਮਝਦੇ ਹਾਂ ਕਿ ਪੰਥ ਅਤੇ ਪੰਜਾਬ ਦੇ ਸਾਹਮਣੇ ਭਾਵੇਂ ਅਨੇਕਾਂ ਮੁੱਦੇ ਤੇ ਦਰਪੇਸ਼ ਸਮੱਸਿਆਵਾਂ ਹਨ ਪਰ ਸਾਡੇ ਲਈ ਸਭ ਤੋਂ ਅਹਿਮ ਮੁੱਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਦਾ ਹੋਣਾ ਚਾਹੀਦਾ ਹੈ ਤੇ ਇਸ ਲਈ ਚਾਹੇ ਕੋਈ ਵੀ ਜਥੇਬੰਦੀ, ਆਗੂ ਜਾਂ ਸ਼ਖਸੀਅਤ ਆਵਾਜ਼ ਉਠਾਵੇ, ਸੰਘਰਸ਼ ਕਰੇ ਤਾਂ ਓਥੇ ਸਿੱਖ ਸੰਗਤਾਂ ਨੂੰ ਆਪਣੇ ਗੁਰੂ ਦਾ ਸਤਿਕਾਰ ਬਹਾਲ ਕਰਵਾਉਣ ਲਈ ਸਾਥ ਦੇਣਾ ਅਤੇ ਪਹੁੰਚਣਾ ਚਾਹੀਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸ਼੍ਰੋਮਣੀ ਕਮੇਟੀ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਮਲੇ ਵਿੱਚ ਸਿੱਖ ਸੰਗਤਾਂ ਨੂੰ ਇਨਸਾਫ਼ ਨਹੀਂ ਦੇ ਰਹੀ, ਤਾਂ ਫਿਰ ਸਿੱਖ ਕਿੱਧਰ ਨੂੰ ਜਾਣ ? ਤਾਂ ਹੀ ਤਾਂ ਸਿੱਖ ਸੰਗਤਾਂ ਆਖਦੀਆਂ ਹਨ ਕਿ ਇਹਨਾਂ ਬਾਦਲਕਿਆਂ ਵਿੱਚ ਨਰੈਣੂ ਮਹੰਤ ਦੀ ਰੂਹ ਵੜ ਚੁੱਕੀ ਹੈ, ਇਹ ਜ਼ਾਲਮ ਮੁਗਲਾਂ ਨਾਲੋਂ ਵੀ ਭੈੜੇ ਹਨ। ਇਸੇ ਲਈ ਇਹ ਗੱਲ ਸਥਾਪਿਤ ਹੋ ਚੁੱਕੀ ਹੈ ਕਿ ਜਿਵੇਂ ਕਾਂਗਰਸ ਉੱਤੇ ਜੂਨ 1984 ਦਾ ਤੀਜਾ ਘੱਲੂਘਾਰਾ (ਸ੍ਰੀ ਅਕਾਲ ਤਖਤ ਸਾਹਿਬ ਉੱਤੇ ਹਮਲਾ ਅਤੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ) ਕਲੰਕ ਹੈ, ਉਸੇ ਤਰ੍ਹਾਂ ਅਕਾਲੀ ਦਲ ਬਾਦਲ ਉੱਤੇ ਸੰਨ 2015 ਦੀਆਂ ਮੰਦਭਾਗੀ ਘਟਨਾਵਾਂ (ਬਰਗਾੜੀ, ਬਹਿਬਲ ਅਤੇ ਕੋਟਕਪੂਰਾ) ਕਲੰਕ ਹਨ ਤੇ ਜੇਕਰ ਸ਼੍ਰੋਮਣੀ ਕਮੇਟੀ ਨੇ ਇਨਸਾਫ ਨਾ ਦਿੱਤਾ ਤਾਂ ਲਾਪਤਾ 328 ਪਾਵਨ ਸਰੂਪਾਂ ਦਾ ਮਾਮਲਾ ਵੀ ਇਹਨਾਂ ਉੱਤੇ ਹਮੇਸ਼ਾਂ ਕਲੰਕ ਬਣ ਕੇ ਰਹੇਗਾ। ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਬਾਦਲਕਿਆਂ ਨੂੰ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਅਜੋਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਬਚਾਇਆ ਹੈ। ਪਰ ਸ਼੍ਰੋਮਣੀ ਕਮੇਟੀ ਵਾਲਿਓ, ਬਾਦਲ ਦਲੀਓ, ਕਾਂਗਰਸੀਓ, ਭਾਜਪਾਈਓ ਤੇ ਝਾੜੂ ਵਾਲਿਓ ਇਹ ਯਾਦ ਰੱਖਿਓ ਕਿ ਜਿਹੜਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਕਰੇਗਾ, ਇਸ ਪਾਪ ਦਾ ਹਿੱਸੇਦਾਰ ਬਣੇਗਾ, ਦੋਸ਼ੀਆਂ ਦੀ ਪੁਸ਼ਤਪਨਾਹੀ ਕਰੇਗਾ ਉਸ ਉੱਤੇ ਲੱਗਾ ਕਲੰਕ ਕਦੇ ਨਹੀਂ ਮਿਟੇਗਾ, ਉਸਨੂੰ ਇਤਿਹਾਸ ਕਦੇ ਨਹੀਂ ਬਖ਼ਸ਼ੇਗਾ, ਉਸ ਦੀਆਂ ਕੁੱਲਾਂ ਨਾਸ ਹੋਣਗੀਆਂ। ਯਾਦ ਕਰੋ ਬੀਬਾ ਹਰਸਿਮਰਤ ਕੌਰ ਬਾਦਲ ਨੇ ਅਰਦਾਸ ਕੀਤੀ ਸੀ ਕਿ "ਬੇਅਦਬੀਆਂ ਕਰਨ-ਕਰਾਉਣ ਤੇ ਇਸ ਉੱਤੇ ਸਿਆਸਤ ਕਰਨ ਵਾਲਿਆਂ ਦਾ ਕੱਖ ਨਾ ਰਹੇ।" ਤਾਂ ਫਿਰ ਬਾਦਲ ਅਤੇ ਕੈਪਟਨ ਦਾ ਕੱਖ ਵੀ ਨਹੀਂ ਸੀ ਰਿਹਾ ਤੇ ਹਾਲੇ ਇਹਨਾਂ ਨੇ ਹੋਰ ਉੱਜੜਨਾ ਹੈ। "ਜਿਹੜੇ ਗੁਰੂ ਦੇ ਨਹੀਂ ਹੋਏ, ਉਹ ਅੱਜ ਵੀ ਮੋਏ ਤੇ ਕੱਲ੍ਹ ਵੀ ਮੋਏ।"
Leave a Reply