ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ’ਚ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਇਆ ਗਿਆ ਸਮਾਗਮ

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ’ਚ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਇਆ ਗਿਆ ਸਮਾਗਮ

ਲਾਵਾਰਿਸ ਕਹਿ ਕੇ ਸਾੜੇ ਨੌਜੁਆਨਾਂ ਨੂੰ ਇਨਸਾਫ਼ ਦਿਵਾਉਂਦਿਆਂ ਭਾਈ ਖਾਲੜਾ ਨੇ ਦਿੱਤੀ ਸ਼ਹਾਦਤ- ਗਿਆਨੀ ਕੁਲਦੀਪ ਸਿੰਘ ਗੜਗੱਜ

ਭਾਈ ਖਾਲੜਾ ਮਨੁੱਖੀ ਹੱਕਾਂ ਤੇ ਇਨਸਾਫ਼ ਲਈ ਲੜਨ ਵਾਲੀ ਮਹਾਨ ਕੌਮੀ ਸ਼ਖ਼ਸੀਅਤ- ਐਡਵੋਕੇਟ ਧਾਮੀ

ਅੰਮ੍ਰਿਤਸਰ, 6 ਸਤੰਬਰ-ਕੰਵਰ ਪ੍ਰਤਾਪ ਸਿੰਘ / ਤਾਜੀਮਨੂਰ ਕੌਰ 

ਮਨੁੱਖੀ ਅਧਿਕਾਰਾਂ ਦੀ ਲੜਾਈ ਲੜਨ ਵਾਲੇ ਕੌਮੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ’ਚ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਜਥੇਬੰਦੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਦਰਬਾਰ ਸਾਹਿਬ ਸਮੂਹ ’ਚ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਜੀ ਵਿਖੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਟੇਕ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ, ਭਾਈ ਜਸਵੰਤ ਸਿੰਘ ਖਾਲੜਾ ਦੀ ਭੈਣ ਬਲਬੀਰ ਕੌਰ, ਭਾਈ ਕੁਲਦੀਪ ਸਿੰਘ ਬਚੜੇ ਦੀ ਪਤਨੀ ਬੀਬੀ ਕਵਲਜੀਤ ਕੌਰ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ। ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਹਜ਼ੂਰੀ ਰਾਗੀ ਭਾਈ ਸਤਨਾਮ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਅਰਦਾਸ ਭਾਈ ਪ੍ਰੇਮ ਸਿੰਘ ਨੇ ਕੀਤੀ। ਸੰਗਤ ਨੂੰ ਪਾਵਨ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਨੇ ਸਰਵਣ ਕਰਵਾਇਆ।


ਸਮਾਗਮ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸੰਨ 1982 ਤੋਂ 1994 ਦੇ ਦੌਰ ਵਿੱਚ ਸਰਕਾਰੀ ਜਬਰ ਕਰਕੇ ਪੰਜਾਬ ਅੰਦਰ ਮਨੁੱਖੀ ਅਧਿਕਾਰਾਂ ਦਾ ਘਾਣ ਕਰਦਿਆਂ ਹਜ਼ਾਰਾਂ ਸਿੱਖ ਨੌਜਵਾਨਾਂ, ਬੀਬੀਆਂ, ਬਜ਼ੁਰਗਾਂ ਤੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਅਤੇ ਉਨ੍ਹਾਂ ਸ਼ਹੀਦਾਂ ਦੀਆਂ ਲਾਸ਼ਾਂ ਲਾਵਾਰਿਸ ਕਹਿ ਕੇ ਸਾੜੀਆਂ ਗਈਆਂ ਤੇ ਦਰਿਆਵਾਂ ਵਿੱਚ ਰੋੜੀਆਂ ਗਈਆਂ । ਉਨ੍ਹਾਂ ਕਿਹਾ ਕਿ ਕੌਮੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਉਨ੍ਹਾਂ ਲਾਵਾਰਿਸ ਲਾਸ਼ਾਂ ਦੇ ਵਾਰਸ ਬਣੇ, ਉਨ੍ਹਾਂ ਦਿਨ ਰਾਤ ਮਿਹਨਤ ਕਰਕੇ ਲਾਸ਼ਾਂ ਦੇ ਵੇਰਵੇ ਇਕੱਤਰ ਕੀਤੇ, ਉਹ ਅਜੇ ਕਾਰਜ ਕਰ ਹੀ ਰਹੇ ਸਨ ਕਿ ਹਕੂਮਤ ਨੇ ਉਨ੍ਹਾਂ ਨੂੰ ਵੀ ਚੁੱਕ ਕੇ ਸ਼ਹੀਦ ਕਰ ਦਿੱਤਾ। 
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਨੇ ਗੁਰਮੁਖ ਤੇ ਸ਼ਹੀਦ ਦੀ ਪਦਵੀ ਹਾਸਲ ਕੀਤੀ ਅਤੇ ਇਸ ਸੰਸਾਰ ਤੋਂ ਲਾਹਾ ਖੱਟ ਕੇ ਜੀਵਨ ਸਫਲ ਕਰਕੇ ਗਏ ਹਨ। ਭਾਈ ਖਾਲੜਾ ਨੇ ਸ੍ਰੀ ਗੁਰੂ ਤੇਗ਼ ਬਹਾਦਰ ਪਾਤਸ਼ਾਹ ਜੀ ਦੇ ਬਚਨਾਂ ਨੂੰ ਕਮਾਇਆ ਤੇ ਨਾ ਕਿਸੇ ਦਾ ਭੈਅ ਮੰਨਿਆ ਤੇ ਨਾ ਕਿਸੇ ਨੂੰ ਭੈਅ-ਭੀਤ ਕੀਤਾ। 
ਉਨ੍ਹਾਂ ਕਿਹਾ ਕਿ ਸ਼ਹੀਦੀ ਪੱਤਣ ਹਰੀਕੇ ਵਿਖੇ ਸ਼ਹੀਦੀ ਯਾਦਗਾਰ ਸਥਾਪਤ ਕਰਨ ਅਤੇ 1982 ਤੋਂ 1994 ਦੇ ਦੌਰ ਦੇ ਸਮੂਹ ਸ਼ਹੀਦਾਂ ਦੇ ਵੇਰਵੇ ਇਕੱਤਰ ਕਰਨ ਦਾ ਕਾਰਜ ਵੀ ਜਲਦ ਅਰੰਭਿਆ ਜਾਵੇਗਾ। ਇਹ ਕਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਵੇਗਾ ਅਤੇ ਸਰਪ੍ਰਸਤੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹੋਵੇਗੀ। ਉਨ੍ਹਾਂ ਸਮੂਹ ਸੰਗਤ ਤੇ ਪੁੱਜੀਆਂ ਸ਼ਖ਼ਸੀਅਤਾਂ ਦਾ ਭਾਈ ਖਾਲੜਾ ਦੀ ਯਾਦ ਵਿੱਚ ਕਰਵਾਏ ਗਏ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਅਰਦਾਸ ਕੀਤੀ ਕਿ ਭਾਈ ਜਸਵੰਤ ਸਿੰਘ ਖਾਲੜਾ ਜਿਹੇ ਯੋਧੇ ਕੌਮ ਵਿੱਚ ਪੈਦਾ ਹੁੰਦੇ ਰਹਿਣ, ਜੋ ਨਿੱਜ ਤੋਂ ਉੱਪਰ ਉੱਠ ਕੇ ਕੌਮ ਲਈ ਕਾਰਜ ਕਰਦੇ ਰਹਿਣ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਮਨੁੱਖੀ ਅਧਿਕਾਰਾਂ, ਹੱਕ ਸੱਚ ਤੇ ਇਨਸਾਫ਼ ਲਈ ਲੜਨ ਵਾਲੀ ਮਹਾਨ ਕੌਮੀ ਸ਼ਖ਼ਸੀਅਤ ਸਨ, ਜਿਸ ਨੇ ਆਪਣੀ ਜ਼ਿੰਦਗੀ ਦੂਸਰਿਆਂ ਦੇ ਹੱਕਾਂ ਲਈ ਸਮਰਪਿਤ ਕੀਤੀ। ਘਰਾਂ ’ਚੋਂ ਚੁੱਕ ਕੇ ਤਸ਼ੱਦਦ ਕਰਦਿਆਂ ਸ਼ਹੀਦ ਕਰਕੇ ਲਾਵਾਰਸ ਕਹਿ ਕੇ ਸਾੜ ਦਿਤੇ ਗਏ ਨੌਜੁਆਨਾਂ ਨੂੰ ਇਨਸਾਫ਼ ਦਵਾਉਣ ਲਈ ਲੜਾਈ ਲੜਦਿਆਂ ਭਾਈ ਖਾਲੜਾ ਨੇ ਆਪਣੀ ਸ਼ਹਾਦਤ ਦਿੱਤੀ। ਉਨ੍ਹਾਂ ਕਿਹਾ ਕਿ ਭਾਈ ਜਸਵੰਤ ਸਿੰਘ ਖਾਲੜਾ ਦੇ ਪਰਿਵਾਰ ਨੇ ਵੀ ਸਰਕਾਰੀ ਜਬਰ ਦਾ ਟਾਕਰਾ ਕੀਤਾ ਅਤੇ ਉਨ੍ਹਾਂ ਵੱਲੋਂ ਆਰੰਭੀ ਲੜਾਈ ਨੂੰ ਅਗੇ ਲੜਿਆ। 
ਐਡਵੋਕੇਟ ਧਾਮੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਭਾਈ ਖਾਲੜਾ ਦੀ ਸਾਲਾਨਾ ਯਾਦ ਅੱਜ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦੇ ਅਸਥਾਨ ਤੇ ਮਨਾਈ ਗਈ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹੀਦੀ ਪੱਤਣ ਹਰੀਕੇ ਵਿਖੇ ਯਾਦਗਾਰ ਬਨਾਉਣ ਲਈ ਜੋ ਆਦੇਸ਼ ਹੋਏ ਸਨ, ਸ਼੍ਰੋਮਣੀ ਕਮੇਟੀ ਵੱਲੋਂ ਉਸ ’ਤੇ ਵੀ ਕਾਰਜ ਕੀਤਾ ਜਾ ਰਿਹਾ ਹੈ। ਸਬ-ਕਮੇਟੀ ਬਣਾ ਦਿੱਤੀ ਗਈ ਹੈ ਜੋ ਉਥੇ ਢੁੱਕਵੀਂ ਜਗ੍ਹਾ ਪ੍ਰਾਪਤ ਕਰਨ ਲਈ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਜਗ੍ਹਾ ਪ੍ਰਾਪਤ ਕਰਕੇ ਯਾਦਗਾਰ ਉਸਾਰਨ ਦਾ ਕਾਰਜ ਆਰੰਭ ਦਿੱਤਾ ਜਾਵੇਗਾ।
ਸਮਾਗਮ ਦੌਰਾਨ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਭੈਣ ਬੀਬੀ ਬਲਬੀਰ ਕੌਰ ਅਤੇ ਭਾਈ ਕੁਲਦੀਪ ਸਿੰਘ ਬਚੜੇ ਦੀ ਸੁਪਤਨੀ ਬੀਬੀ ਕਵਲਜੀਤ ਕੌਰ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ।


ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ, ਅੰਤ੍ਰਿੰਗ ਮੈਂਬਰ ਸ. ਮੰਗਵਿੰਦਰ ਸਿੰਘ ਖਾਪੜਖੇੜੀ, ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸ. ਸੁਰਜੀਤ ਸਿੰਘ ਭਿੱਟੇਵੱਡ, ਭਾਈ ਅਜੈਬ ਸਿੰਘ ਅਭਿਆਸੀ, ਸ. ਬਲਜੀਤ ਸਿੰਘ ਜਲਾਲਉਸਮਾ, ਸ. ਅਮਰਜੀਤ ਸਿੰਘ ਬੰਡਾਲਾ, ਭਾਈ ਮਨਜੀਤ ਸਿੰਘ, ਭਾਈ ਜਸਵੰਤ ਸਿੰਘ ਖਾਲੜਾ ਦੀ ਭੈਣ ਬੀਬੀ ਬਲਵੀਰ ਕੌਰ, ਮੁੱਖ ਗਵਾਹ ਭਾਈ ਕੁਲਦੀਪ ਸਿੰਘ ਬਚੜੇ ਦੀ ਪਤਨੀ ਬੀਬੀ ਕਵਲਜੀਤ ਕੌਰ, ਸ. ਜਸਪਾਲ ਸਿੰਘ ਚੰਡੀਗੜ੍ਹ, ਸ਼੍ਰੋਮਣੀ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਸ. ਗੁਰਿੰਦਰ ਸਿੰਘ ਮਥਰੇਵਾਲ, ਨਿੱਜੀ ਸਕੱਤਰ ਸ. ਸਾਹਬਾਜ਼ ਸਿੰਘ, ਵਧੀਕ ਸਕੱਤਰ ਬਿਜੈ ਸਿੰਘ, ਸ. ਤੇਜਿੰਦਰ ਸਿੰਘ ਪੱਡਾ, ਸ. ਜਸਵਿੰਦਰ ਸਿੰਘ ਜੱਸੀ, ਮੀਤ ਸਕੱਤਰ ਸ. ਗੁਰਨਾਮ ਸਿੰਘ, ਸ. ਮਨਜੀਤ ਸਿੰਘ, ਸ. ਹਰਭਜਨ ਸਿੰਘ ਵਕਤਾ, ਸ. ਸੁਖਬੀਰ ਸਿੰਘ ਸ. ਅਜਾਦ ਦੀਪ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਮੇਜ਼ਰ ਸਿੰਘ, ਸੁਪ੍ਰਿੰਟੈਂਡੈਂਟ ਸ. ਨਿਸ਼ਾਨ ਸਿੰਘ ਤੇ ਸ. ਮਲਕੀਤ ਸਿੰਘ ਬਹਿੜਵਾਲ, ਮੈਨੇਜਰ ਸ. ਨਰਿੰਦਰ ਸਿੰਘ, ਸ. ਰਜਿੰਦਰ ਸਿੰਘ ਰੂਬੀ, ਸ. ਸੁਰਿੰਦਰ ਸਿੰਘ ਕਿਸ਼ਨਪੁਰਾ, ਡਾ. ਸੂਬਾ ਸਿੰਘ ਸਮੇਤ ਸੰਗਤਾਂ ਮੌਜੂਦ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.