ਅਮਰੀਕਨ ਸਿੱਖ ਆਗੂਆਂ ਨੇ ਯੂ.ਕੇ ਦੇ ਗੁਰਦੁਆਰਾ ਸਾਹਿਬ ’ਚ ਆਰਐੱਸਐੱਸ ਮੁਖੀ ਨੂੰ ਵਿਸ਼ੇਸ਼ ਸਨਮਾਨ ਦੇਣ ਵਾਲਿਆਂ ’ਤੇ ਚੁੱਕੇ ਗੰਭੀਰ ਸਵਾਲ...

ਅਮਰੀਕਨ ਸਿੱਖ ਆਗੂਆਂ ਨੇ ਯੂ.ਕੇ ਦੇ ਗੁਰਦੁਆਰਾ ਸਾਹਿਬ ’ਚ  ਆਰਐੱਸਐੱਸ ਮੁਖੀ ਨੂੰ ਵਿਸ਼ੇਸ਼ ਸਨਮਾਨ ਦੇਣ ਵਾਲਿਆਂ ’ਤੇ ਚੁੱਕੇ ਗੰਭੀਰ ਸਵਾਲ...

ਚੰਡੀਗੜ੍ਹ 9 ਸਤੰਬਰ (ਮੰਗਤ ਸਿੰਘ ਸੈਦਪੁਰ) : ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਕੋਆਰਡੀਨੇਟਰ ਹਿੰਮਤ ਸਿੰਘ, ਮੀਡੀਆ ਬੁਲਾਰੇ ਹਰਜਿੰਦਰ ਸਿੰਘ ਅਤੇ ਅਮੈਰਿਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਦੀ ਯੂਕੇ ਫੇਰੀ ਦੌਰਾਨ ਕੁਝ ਸਿੱਖ ਚਿਹਰਿਆਂ ਵੱਲੋਂ ਕੀਤੀ ਗਈ ਆਓ-ਭਗਤ ’ਤੇ ਸਖ਼ਤ ਰੋਸ ਪ੍ਰਗਟ ਕਰਦਿਆਂ ਇਸ ਨੂੰ ਪੰਥਕ ਭਾਵਨਾਵਾਂ ਅਤੇ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਅਣਦੇਖੀ ਕਰਾਰ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ਅਮਰੀਕਾ ਅਤੇ ਕੈਨੇਡਾ ਵਿੱਚ ਭਾਗਵਤ ਦੀ ਫੇਰੀ ਦਾ ਸਿੱਖ ਸੰਗਤਾਂ ਅਤੇ ਵੱਖ-ਵੱਖ ਧਾਰਮਿਕ ਜਥੇਬੰਦੀਆਂ ਵੱਲੋਂ ਭਾਰੀ ਵਿਰੋਧ ਹੋਣ ਤੋਂ ਬਾਅਦ ਯੂਕੇ ਵਿੱਚ ਉਸ ਨੂੰ ਗੁਰਦੁਆਰਾ ਸਾਹਿਬ ਲਿਆਉਣਾ, ਵਿਸ਼ੇਸ਼ ਤੌਰ ’ਤੇ ਕੀਰਤਨੀ ਸਿੰਘਾਂ ਨੂੰ ਸੱਦ ਕੇ ਸ਼ਬਦ ਕੀਰਤਨ ਕਰਵਾਉਣਾ ਅਤੇ ਬੈਠਣ ਲਈ ਕੁਰਸੀ ਦੀ ਵਿਸ਼ੇਸ਼ ਸਹੂਲਤ ਦੇਣਾ ਬੇਹੱਦ ਨਿੰਦਣਯੋਗ ਹੈ। ਉਨ੍ਹਾਂ ਸਵਾਲ ਕੀਤਾ ਕਿ ਆਖ਼ਰ ਅਜਿਹੀ ਕਿਹੜੀ ਮਜਬੂਰੀ ਬਣੀ ਕਿ ਕੁਝ ਸਿੱਖਾਂ ਨੂੰ ਆਰ.ਐੱਸ.ਐੱਸ. ਮੁਖੀ ਦੀ ਇਸ ਤਰ੍ਹਾਂ ਆਓ-ਭਗਤ ਕਰਨੀ ਪਈ.? ਆਗੂਆਂ ਨੇ ਕਿਹਾ ਕਿ ਭਾਗਵਤ ਦੀ ਅਮਰੀਕਾ ਫੇਰੀ ਦੌਰਾਨ ਕੇਵਲ ਸਿੱਖ ਸੰਗਤਾਂ ਅਤੇ ਪੰਥਕ ਜਥੇਬੰਦੀਆਂ ਹੀ ਨਹੀਂ, ਸਗੋਂ ਕਈ ਹਿੰਦੂ, ਮੁਸਲਮਾਨ ਅਤੇ ਈਸਾਈ ਜਥੇਬੰਦੀਆਂ ਵੱਲੋਂ ਵੀ ਵਿਰੋਧ ਪ੍ਰਦਰਸ਼ਨ ਕੀਤੇ ਗਏ ਸਨ ਅਤੇ ਇਸ ਤੋਂ ਬਾਅਦ ਕੈਨੇਡਾ ਵਿੱਚ ਵੀ ਵਿਰੋਧ ਦੀ ਆਵਾਜ਼ ਉੱਠੀ। ਇਸ ਦੇ ਬਾਵਜੂਦ ਯੂਕੇ ਵਿੱਚ ਕੁਝ ਸਿੱਖ ਚਿਹਰਿਆਂ ਵੱਲੋਂ ਉਸ ਨੂੰ ਗੁਰਦੁਆਰਾ ਸਾਹਿਬ ਵਿੱਚ ਲਿਜਾ ਕੇ ਵਿਸ਼ੇਸ਼ ਸਨਮਾਨ ਦੇਣ ਨੇ ਪੰਥਕ ਹਲਕਿਆਂ ਵਿੱਚ ਇਹ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਕੀ ਵਿਦੇਸ਼ਾਂ ਦੇ ਗੁਰਦੁਆਰਾ ਪ੍ਰਬੰਧਾਂ ਵਿੱਚ ਅਜਿਹੀਆਂ ਤਾਕਤਾਂ ਆਪਣਾ ਪ੍ਰਭਾਵ ਬਣਾਉਣ ਵਿੱਚ ਕਾਮਯਾਬ ਹੋ ਰਹੀਆਂ ਹਨ, ਜਿਨ੍ਹਾਂ ਦੇ ਹਿੱਤ ਸਿੱਖ ਪੰਥ ਦੀਆਂ ਭਾਵਨਾਵਾਂ ਨਾਲ ਟਕਰਾਉਂਦੇ ਹਨ। ਆਗੂਆਂ ਨੇ ਦੋਸ਼ ਲਾਇਆ ਕਿ ਆਰ.ਐੱਸ.ਐੱਸ. ਨਾਲ ਨੇੜਤਾ ਰੱਖਣ ਵਾਲੇ ਅਤੇ ਭਾਰਤੀ ਤੰਤਰ ਨਾਲ ਜੁੜੇ ਕੁਝ ਚਿਹਰੇ ਵਿਦੇਸ਼ਾਂ ਵਿੱਚ ਸਿੱਖ ਭਾਈਚਾਰੇ ਅੰਦਰ ਸਰਗਰਮ ਰਹੇ ਹਨ ਅਤੇ ਸਮੇਂ-ਸਮੇਂ ’ਤੇ ਭਾਰਤੀ ਤੰਤਰ ਦੇ ਹਿੱਤਾਂ ਅਨੁਸਾਰ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਭਾਗਵਤ ਦਾ ਸਵਾਗਤ ਕਰਨ ਵਾਲੇ ਕੁਝ ਚਿਹਰੇ ਵੀ ਅਜਿਹੀ ਹੀ ਸੋਚ ਨਾਲ ਜੁੜੇ ਹੋਏ ਦਿਖਾਈ ਦਿੰਦੇ ਹਨ ਅਤੇ ਇਹੋ ਕਿਸਮ ਦੇ ਲੋਕ ਵਿਦੇਸ਼ਾਂ ਵਿੱਚ ਸਿੱਖਾਂ ਵੱਲੋਂ ਆਪਣੇ ਪੰਥਕ ਅਤੇ ਸਿਆਸੀ ਹੱਕਾਂ ਲਈ ਚਲਾਈਆਂ ਜਾ ਰਹੀਆਂ ਮੁਹਿੰਮਾਂ ਦਾ ਵਿਰੋਧ ਕਰਦੇ ਰਹੇ ਹਨ। ਸਿੱਖ ਆਗੂਆਂ ਨੇ ਕਿਹਾ ਕਿ ਸਿੱਖ ਪੰਥ ਵਿੱਚ ਆਰ.ਐੱਸ.ਐੱਸ. ਦੀ ਸਿੱਖ ਇਤਿਹਾਸ, ਸਿੱਖ ਪਹਿਚਾਣ ਅਤੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਸਬੰਧੀ ਪਹੁੰਚ ਨੂੰ ਲੈ ਕੇ ਪਹਿਲਾਂ ਹੀ ਗੰਭੀਰ ਇਤਰਾਜ਼ ਮੌਜੂਦ ਹਨ। ਉਨ੍ਹਾਂ ਮੰਗੂ ਮੱਠ, ਸ਼ਿਲੌਂਗ, ਡਾਂਗਮਾਰ ਸਾਹਿਬ ਅਤੇ ਹਰਿਦੁਆਰ ਸਥਿਤ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਵਰਗੇ ਇਤਿਹਾਸਕ ਸਥਾਨਾਂ ਦਾ ਹਵਾਲਾ ਦਿੰਦਿਆਂ ਦੋਸ਼ ਲਾਇਆ ਕਿ ਸਿੱਖਾਂ ਦੀ ਇਤਿਹਾਸਕ ਵਿਰਾਸਤ ਨਾਲ ਸਬੰਧਿਤ ਇਨ੍ਹਾਂ ਸਥਾਨਾਂ ਨਾਲ ਹੋਏ ਵਰਤਾਰੇ ਨੂੰ ਨਜ਼ਰਅੰਦਾਜ਼ ਕਰਕੇ ਆਰ.ਐੱਸ.ਐੱਸ. ਮੁਖੀ ਦੀ ਗੁਰਦੁਆਰਾ ਸਾਹਿਬ ਵਿੱਚ ਵਿਸ਼ੇਸ਼ ਆਓ-ਭਗਤ ਕਰਨਾ ਸਿੱਖ ਸੰਗਤ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਆਰ.ਐੱਸ.ਐੱਸ. ਦੀ ਵਿਚਾਰਧਾਰਾ ਅਤੇ ਸਿੱਖ ਇਤਿਹਾਸ ਦੀ ਪੇਸ਼ਕਾਰੀ ’ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਸਿੱਖ ਇਤਿਹਾਸ ਅਤੇ ਗੁਰੂ ਸਾਹਿਬਾਨ ਸਬੰਧੀ ਮਨਮਾਨੀ ਵਿਆਖਿਆਵਾਂ ਨੂੰ ਸਿੱਖ ਪੰਥ ਕਦੇ ਵੀ ਸਵੀਕਾਰ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਪੰਥ ਦੀਆਂ ਸੰਸਥਾਵਾਂ ਦੀ ਪਹਿਰੇਦਾਰੀ ਸਿਰਫ਼ ਬਾਹਰੀ ਤਾਕਤਾਂ ਤੋਂ ਨਹੀਂ, ਸਗੋਂ ਸਿੱਖੀ ਦਾ ਭੇਖ ਧਾਰ ਕੇ ਅਜਿਹੀਆਂ ਤਾਕਤਾਂ ਲਈ ਅੰਦਰੋਂ ਰਾਹ ਬਣਾਉਣ ਵਾਲਿਆਂ ਤੋਂ ਵੀ ਕਰਨੀ ਅੱਜ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
leopunjabi24@gmail.com
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.