ਜਰਮਨੀ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਭਾਰਤੀ ਕੌਂਸਲੇਟ ਅੱਗੇ ਖਾਲਿਸਤਾਨ ਹੱਕ ਵਿੱਚ ਰੋਹ ਮੁਜ਼ਾਹਰਾ
- ਅੰਤਰਰਾਸ਼ਟਰੀ
- 27 Jan, 2026 05:47 AM (Asia/Kolkata)
ਫਰੈਂਕਫੋਰਟ, 27 ਜਨਵਰੀ , ਨਜ਼ਰਾਨਾ ਟਾਈਮਜ ਬਿਊਰੋ
ਭਾਰਤ ਦੇ ਅਖੌਤੀ ਗਣਤੰਤਰ ਦਿਵਸ ਮੌਕੇ ਜਰਮਨੀ ਦੀਆਂ ਪੰਥਕ ਸਿੱਖ ਜਥੇਬੰਦੀਆਂ ਵੱਲੋਂ ਭਾਰਤੀ ਕੌਂਸਲੇਟ ਫਰੈਂਕਫੋਰਟ ਦੇ ਸਾਹਮਣੇ ਖਾਲਿਸਤਾਨੀ ਝੰਡੇ ਹੇਠ ਰੋਹ ਮੁਜ਼ਾਹਰਾ ਕਰਕੇ ਇਸ ਦਿਨ ਨੂੰ ਕਾਲੇ ਦਿਨ ਵਜੋਂ ਮਨਾਇਆ ਗਿਆ। ਮੁਜ਼ਾਹਰੇ ਦੌਰਾਨ ਭਾਰਤੀ ਹਕੂਮਤ ਵੱਲੋਂ ਸਿੱਖਾਂ ਅਤੇ ਹੋਰ ਘੱਟਗਿਣਤੀਆਂ ਉੱਤੇ ਹੋ ਰਹੀਆਂ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਖ਼ਿਲਾਫ਼ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਗਈ।
ਮੁਜ਼ਾਹਰੇ ਵਿੱਚ ਸ਼ਾਮਲ ਆਗੂਆਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋਣ ਦੇ ਬਾਵਜੂਦ ਸਿੱਖ ਕੌਮ ਨਾਲ ਕੀਤੇ ਗਏ ਵਾਅਦੇ ਪੂਰੇ ਨਹੀਂ ਕੀਤੇ ਗਏ। ਉਨ੍ਹਾਂ ਦੱਸਿਆ ਕਿ ਅੰਗਰੇਜ਼ਾਂ ਤੋਂ ਭਾਰਤ ਦੀ ਆਜ਼ਾਦੀ ਵਿੱਚ ਵੱਡੀਆਂ ਕੁਰਬਾਨੀਆਂ ਦੇਣ ਦੇ ਬਾਵਜੂਦ ਸਿੱਖਾਂ ਨੂੰ ਸੰਵਿਧਾਨੀ ਮਾਨਤਾ ਅਤੇ ਅਲੱਗ ਪਹਿਚਾਣ ਤੋਂ ਵੰਚਿਤ ਰੱਖਿਆ ਗਿਆ।
ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਮਨੂਵਾਦੀ ਸੋਚ ਦੇ ਅਧੀਨ ਭਾਰਤੀ ਸੰਵਿਧਾਨ ਦੀ ਆੜ ਵਿੱਚ ਘੱਟਗਿਣਤੀਆਂ, ਆਦਿਵਾਸੀਆਂ ਅਤੇ ਖ਼ਾਸ ਤੌਰ ’ਤੇ ਸਿੱਖ ਕੌਮ ਨਾਲ ਦੂਜੇ ਦਰਜੇ ਦੇ ਨਾਗਰਿਕਾਂ ਵਰਗਾ ਵਿਹਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਭਾਜਪਾ ਸਰਕਾਰ ਸੰਵਿਧਾਨ ਦੀ ਕਸਮ ਚੁੱਕਣ ਦੇ ਬਾਵਜੂਦ ਮਨੁਸਮ੍ਰਿਤੀ ਅਨੁਸਾਰ ਨੀਤੀਆਂ ਲਾਗੂ ਕਰ ਰਹੀ ਹੈ।
ਮੁਜ਼ਾਹਰੇ ਦੌਰਾਨ ਸਿੱਖ ਰਾਜਨੀਤਿਕ ਕੈਦੀਆਂ ਦੀ ਲੰਬੀ ਕੈਦ ਅਤੇ ਸਜ਼ਾਵਾਂ ਪੂਰੀਆਂ ਹੋਣ ਬਾਵਜੂਦ ਰਿਹਾਈ ਨਾ ਹੋਣ ਨੂੰ ਭਾਰਤੀ ਨਿਆਂ ਪ੍ਰਣਾਲੀ ਦੀ ਨਾਕਾਮੀ ਕਰਾਰ ਦਿੱਤਾ ਗਿਆ। ਸਾਰੇ ਬੁਲਾਰਿਆਂ ਨੇ ਇਕਸੁਰ ਹੋ ਕੇ ਕਿਹਾ ਕਿ ਸਿੱਖ ਕੌਮ ਨਾਲ ਹੋ ਰਹੀਆਂ ਬੇਇਨਸਾਫ਼ੀਆਂ ਦਾ ਇਕੋ ਇਕ ਹੱਲ ਅਜ਼ਾਦ ਖਾਲਿਸਤਾਨ ਹੈ।
ਇਸ ਮੌਕੇ ਵਿਦੇਸ਼ਾਂ ਵਿੱਚ ਸਿੱਖ ਆਗੂਆਂ ਦੀਆਂ ਹੱਤਿਆਵਾਂ ਅਤੇ ਭਾਰਤੀ ਏਜੰਸੀਆਂ ਦੀ ਭੂਮਿਕਾ ਬਾਰੇ ਵੀ ਚਰਚਾ ਕੀਤੀ ਗਈ ਅਤੇ ਅਮਰੀਕਾ, ਕੈਨੇਡਾ ਸਮੇਤ ਹੋਰ ਦੇਸ਼ਾਂ ਵੱਲੋਂ ਇਨ੍ਹਾਂ ਮਾਮਲਿਆਂ ਨੂੰ ਉਜਾਗਰ ਕਰਨ ਦੀ ਸ਼ਲਾਘਾ ਕੀਤੀ ਗਈ।
ਰੋਹ ਮੁਜ਼ਾਹਰੇ ਵਿੱਚ ਵਰਲਡ ਸਿੱਖ ਪਾਰਲੀਮੈਂਟ, ਸਿੱਖ ਫੈਡਰੇਸ਼ਨ ਜਰਮਨੀ, ਦਲ ਖਾਲਸਾ, ਇੰਟਰਨੈਸ਼ਨਲ ਸਿੱਖ ਫੈਡਰੇਸ਼ਨ, ਬੱਬਰ ਖਾਲਸਾ ਜਰਮਨੀ ਸਮੇਤ ਕਈ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਅਖੀਰ ਵਿੱਚ ਪ੍ਰਬੰਧਕਾਂ ਵੱਲੋਂ ਭਾਰੀ ਬਰਫਬਾਰੀ ਦੇ ਬਾਵਜੂਦ ਸ਼ਾਮਲ ਹੋਏ ਸਿੱਖ ਸੰਗਤਾਂ ਦਾ ਧੰਨਵਾਦ ਕੀਤਾ ਗਿਆ।
Leave a Reply