ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਪਾਣੀ ਤੋਂ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਕਾਰਜਾਂ ਦਾ ਲਿਆ ਜਾਇਜ਼ਾ
- ਰਾਸ਼ਟਰੀ
- 28 Aug,2025

ਟਾਂਡਾ/ਦਸੂਹਾ ,ਹੁਸ਼ਿਆਰਪੁਰ, 28 ਅਗਸਤ ,ਮਨਜਿੰਦਰ ਸਿੰਘ ਭੋਗਪੁਰ
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਟਾਂਡਾ ਅਤੇ ਦਸੂਹਾ ਦੇ ਪਾਣੀ ਤੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਪ੍ਰਭਾਵਿਤ ਲੋਕਾਂ ਨੂੰ ਰਾਹਤ ਪਹੁੰਚਾਉਣ ਵਿਚ ਗੰਭੀਰਤਾ ਨਾਲ ਜੁੱਟਿਆ ਹੋਇਆ ਹੈ ਅਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕਿਸੇ ਵੀ ਪੀੜਤ ਨੂੰ ਕੋਈ ਮੁਸ਼ਕਲ ਨਾ ਆਵੇ। ਆਪਣੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਨੇ ਟਾਂਡਾ ਦੇ ਸ੍ਰੀ ਹਰਗੋਬਿੰਦਪੁਰ ਨੂੰ ਜਾਣ ਵਾਲੇ ਪੁੱਲ ਨੇੜੇ ਧੁੱਸੀ ਬੰਨ੍ਹ, ਰੜਾ ਅਤੇ ਫਤਿਹ ਕੁੱਲਾ ਸਮੇਤ ਦਸੂਹਾ ਦੇ ਪਾਸੀ ਬੇਟ ਖੇਤਰ ਦਾ ਨਿਰੀਖਣ ਕੀਤਾ। ਇਸ ਦੌਰਾਨ ਐਸ.ਡੀ.ਐਮ ਦਸੂਹਾ ਕੰਵਲਜੀਤ ਸਿੰਘ, ਐਸ.ਡੀ.ਐਮ ਟਾਂਡਾ ਪਰਮਪ੍ਰੀਤ ਸਿੰਘ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਵੀ ਉਨ੍ਹਾਂ ਨਾਲ ਮੌਜੂਦ ਸਨ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਮੌਕੇ 'ਤੇ ਮੌਜੂਦ ਅਧਿਕਾਰੀਆਂ ਨੂੰ ਨੀਵੇਂ ਇਲਾਕਿਆਂ ਅਤੇ ਸੰਵੇਦਨਸ਼ੀਲ ਥਾਵਾਂ 'ਤੇ ਨਿਰੰਤਰ ਨਿਗਰਾਨੀ ਰੱਖਣ ਅਤੇ ਲੋਕਾਂ ਤੱਕ ਸਮੇਂ ਸਿਰ ਰਾਹਤ ਸਮੱਗਰੀ ਪਹੁੰਚਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਮਾਲ ਅਧਿਕਾਰੀਆਂ ਨੂੰ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਜਲਦੀ ਤੋਂ ਜਲਦੀ ਮੁਆਵਜ਼ਾ ਦਿੱਤਾ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਸ਼ਾਸਨ ਦੇ ਸਾਰੇ ਵਿਭਾਗ ਰਾਹਤ ਅਤੇ ਬਚਾਅ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਮਿਲ ਕੇ ਕੰਮ ਕਰ ਰਹੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਪ੍ਰਭਾਵਿਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾਵੇਗੀ ਅਤੇ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਉਨ੍ਹਾਂ ਟਾਂਡਾ ਦੇ ਪਿੰਡ ਮਿਆਣੀ ਵਿਖੇ ਸਥਿਤ ਸਰਕਾਰੀ ਸਕੂਲ ਦਾ ਦੌਰਾ ਕੀਤਾ, ਜਿਥੇ ਹੜ੍ਹ ਪੀੜਤਾਂ ਲਈ ਆਰਜ਼ੀ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਪ੍ਰਭਾਵਿਤ ਪਰਿਵਾਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਜ਼ਰੂਰਤਾਂ ਬਾਰੇ ਪੁੱਛਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਹੱਲ ਲਈ ਨਿਰਦੇਸ਼ ਦਿੱਤੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੁਦਰਤੀ ਆਫ਼ਤ ਦੀ ਇਸ ਸਥਿਤੀ ਵਿਚ ਪ੍ਰਸ਼ਾਸਨ ਲੋਕਾਂ ਦੇ ਨਾਲ ਖੜ੍ਹਾ ਹੈ ਅਤੇ ਰਾਹਤ ਕਾਰਜ ਤੇਜ਼ ਰਫ਼ਤਾਰ ਨਾਲ ਅੱਗੇ ਵਧਾਏ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਸਬਰ ਬਣਾਈ ਰੱਖਣ ਅਤੇ ਪ੍ਰਸ਼ਾਸਨਿਕ ਟੀਮਾਂ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਤਾਂ ਜੋ ਹਰੇਕ ਪ੍ਰਭਾਵਿਤ ਪਰਿਵਾਰ ਤੱਕ ਜਲਦੀ ਮਦਦ ਪਹੁੰਚ ਸਕੇ।
Posted By:
