ਥਾਣੇਦਾਰ ਸੂਬਾ ਸਰਹੰਦ ਨੂੰ ਸੋਧਣ ਅਤੇ ਭੋਗ 'ਤੇ ਵਿਰੋਧ ਕਰਨ ਵਾਲੇ ਜੁਝਾਰੂਆਂ ਦੀ ਬਹਾਦਰੀ ਨੂੰ ਪ੍ਰਣਾਮ
- ਰਾਜਨੀਤੀ
- 29 Sep,2025

ਥਾਣੇਦਾਰ ਸੂਬਾ ਸਰਹੰਦ ਨੂੰ ਸੋਧਣ ਅਤੇ ਭੋਗ 'ਤੇ ਵਿਰੋਧ ਕਰਨ ਵਾਲੇ ਜੁਝਾਰੂਆਂ ਦੀ ਬਹਾਦਰੀ ਨੂੰ ਪ੍ਰਣਾਮ
ਅਠਾਰਵੀਂ ਸਦੀ ਦੇ ਸੂਬਾ ਸਰਹੰਦ ਵਜ਼ੀਰ ਖਾਂ ਛੋਟੇ ਸਾਹਿਬਜਾਦਿਆਂ ਬਾਬਾ ਜੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਜੀ ਨੂੰ ਨੀਂਹਾਂ ਵਿੱਚ ਚਿਣਵਾ ਕੇ ਸ਼ਹੀਦ ਕਰਵਾਉਣ ਵਾਲਾ ਅਤੇ ਬਜੁਰਗ ਦਾਦੀ ਮਾਂ ਮਾਤਾ ਗੁਜਰ ਕੌਰ ਜੀ ਨੂੰ ਠੰਡੇ ਬੁਰਜ ਵਿੱਚ ਕੈਦ ਕਰਨ ਵਾਲੇ ਦਾ ਵਾਰਸ ਸੂਬਾ ਪੁਲਿਸ ਇੰਸਪੈਕਟਰ ਜੋ ਦਿੱਲੀ ਦਰਬਾਰ ਦਾ ਪੁਰਜਾ, 20ਵੀਂ ਸਦੀ ਦੇ ਸਿੱਖ ਸੰਘਰਸ਼ ਦੀ ਬਗਾਵਤ ਨੂੰ ਕੁਚਲ ਦੇਣ ਲਈ ਸੈਂਕੜੇ ਨਹੀਂ, ਹਜਾਰਾਂ ਪੁਲਿਸ ਮੁਲਾਜ਼ਮਾਂ ਵਿੱਚੋਂ ਆਪਣੇ ਆਪ ਨੂੰ ਸੂਬਾ ਸਰਹੰਦ ਦਾ ਖਿਤਾਬ ਦੇ ਕੇ ਬੜੇ ਮਾਣ ਨਾਲ ਕਿਹਾ ਕਰਦਾ ਸੀ ਕਿ ਸਿੱਖੋ ਤੁਸੀਂ ਸਰਹੰਦ ਵਜ਼ੀਰ ਖਾਂ ਨੂੰ ਭੁੱਲ ਜਾਉਗੇ, ਪਰ ਮੈਨੂੰ ਸੂਬਾ ਸਿੰਘ-ਸੂਬਾ ਸਰਹੰਦ ਨੂੰ ਯਾਦ ਰੱਖੋਗੇ। ਜੇਕਰ ਨਿਰਪੱਖ ਵਿਚਾਰਿਆ ਜਾਵੇ ਤਾਂ ਬਾਕੀ ਸਾਰੇ ਸਿੱਖਾਂ ਉੱਤੇ ਜੁਲਮ ਵਜੀਰ ਖਾਨ ਦੇ ਦੂਜੇ ਹਾਕਮਾਂ ਵਾਲੇ ਹੀ ਸਨ। ਪਰ ਮਾਤਾ ਗੁਜਰ ਕੌਰ ਜੀ ਅਤੇ 9 ਸਾਲ ਤੇ 7 ਸਾਲ ਦੇ ਬਾਬਾ ਜੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਨੂੰ ਜਿਊਂਦਾ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕਰਵਾ ਦੇਣ ਦੀ ਕਠੋਰਤਾ ਭਰੀ ਕਾਰਵਾਈ ਨੇ ਉਸ ਨੂੰ ਅੱਤ ਜਾਲਮ ਜਰਵਾਨੇ ਹਾਕਮ ਵਜੋਂ ਸਥਾਪਤ ਕਰ ਦਿੱਤਾ, ਨਿਰਪੱਖ ਮੁਸਲਮਾਨ ਲੇਖਕਾਂ ਨੇ ਵੀ ਉਸਦੀ ਇਸ ਜ਼ਾਲਮਾਨਾ ਕਾਰਵਾਈ ਨੂੰ ਨਿੰਦਿਆ, ਤੇ ਕਿਹਾ ਕਿ ਕੁਰਾਨ ਸ਼ਰੀਫ, ਮਾਸੂਮ ਬੱਚਿਆਂ ਅਤੇ ਬਜੁਰਗ ਮਾਤਾਵਾਂ ਉੱਤੇ ਅਜਿਹਾ ਜੁਲਮ ਕਰਨ ਦੀ ਆਗਿਆ ਨਹੀਂ ਦੇਂਦਾ। ਸੂਬਾ ਸਰਹੰਦ ਅਰਥਾਤ ਸੂਬਾ ਥਾਣੇਦਾਰ ਝਬਾਲ ਤੇ ਹੋਰ ਥਾਣਿਆਂ ਵਿੱਚ ਖਾਸਕਰ ਮਾਝੇ ਵਿੱਚ ਸਚਮੁੱਚ ਇੱਕ ਦਹਿਸ਼ਤਗਰਦ ਇੰਸਪੈਕਟਰ ਸੀ। ਜਿਸਨੇ ਦਿੱਲੀ ਹਕੂਮਤ ਨੂੰ ਖੁਸ਼ ਕਰਨ ਲਈ ਅਤੇ ਪੈਸਾ ਇਕੱਠਾ ਕਰਨ ਲਈ ਸਿੱਖ ਨੌਜਵਾਨਾਂ, ਬਜੁਰਗਾਂ, ਬੀਬੀਆਂ, ਬੱਚਿਆਂ ਨੂੰ ਅੱਤ ਦਰਜੇ ਦੇ ਘਿਨਾਉਣੇ ਤਸੀਹੇ ਦੇ ਕੇ ਹਜਾਰਾਂ ਦੀ ਗਿਣਤੀ ਵਿੱਚ ਸ਼ਹੀਦ ਕੀਤਾ ਤੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਕਤਲੇਆਮ ਕੀਤੀ, ਇਨਾਮ ਹਾਸਲ ਕੀਤੇ। ਜਿਸ ਨੂੰ ਆਖਰ ਹਿੰਦੁਸਤਾਨ ਦੀ ਨਿਆਂਪਾਲਕਾ ਤੇ ਜਾਂਚ ਏਜੰਸੀ ਸੀ ਬੀ ਆਈ ਨੇ ਵੀ ਸੂਬਾ ਸਰਹੰਦ ਅਤੇ ਹੋਰ ਪੁਲਿਸ ਵਾਲਿਆਂ ਨੂੰ ਅਨੇਕਾਂ ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਕਰਕੇ ਦੋਸ਼ੀ ਸਾਬਤ ਕਰਕੇ ਸਜਾਵਾਂ ਦਿੱਤੀਆਂ ਹਨ। ਜਿੰਨ੍ਹਾਂ ਤਹਿਤ ਸੂਬਾ ਸਰਹੰਦ ਥਾਣੇਦਾਰ ਅਤੇ ਇੰਸਪੈਕਟਰ ਗੁਰਬਚਨ ਸਿੰਹੋਂ, “ਜਿਹੜਾ ਆਪਣੇ ਆਪ ਨੂੰ ਖਾਲਸਾ ਪੰਥ ਦੇ ਮਹਾਨ ਯੋਧੇ ਖਾੜਕੂ ਜਰਨੈਲ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੀ ਤਰਜ ਵਿੱਚ ਕਹਿੰਦਾ ਹੁੰਦਾ ਸੀ ਕਿ ਮੈਂ ਵੀ ਗੁਰਬਚਨ ਸਿੰਘ ਮਾਨੋਚਾਹਲ ਹਾਂ। ਇਹ ਵੀ ਸੱਚ ਹੈ ਕਿ ਜਾਲਮਾਂ ਦੀ ਰੂਹ ਦੀ ਮੁਕਤੀ ਨਹੀਂ ਹੁੰਦੀ, ਇਹ ਜਦੋਂ ਵੀ ਫਿਰ ਦੁਬਾਰਾ ਮਨੁੱਖੀ ਜੂਨ ਵਿੱਚ ਆਉਂਦੇ ਹਨ ਤੇ ਫੇਰ ਆਪਣੀਆਂ ਪਹਿਲੀਆਂ ਕਰਤੂਤਾਂ ਸ਼ੁਰੂ ਕਰ ਦਿੇਂਦੇ ਹਨ, ਫਿਰ ਅਕਾਲ ਪੁਰਖ ਵਾਹਿਗੁਰੂ ਇਹਨਾਂ ਜਾਲਮਾਂ ਦਾ ਨਾਸ ਕਰਨ ਲਈ ਸਿੰਘ ਯੋਧਿਆਂ ਨੂੰ ਥਾਪੜਾ ਦੇ ਭੇਜ ਦੇਂਦਾ ਹੈ ਕਿ ਸਿੱਖੋ ਇਨ੍ਹਾਂ ਜਾਲਮਾਂ ਦਾ ਨਾਸ ਕਰਨ ਲਈ ਤੁਹਾਡੀ ਮਾਤ ਲੋਕ ਵਿੱਚ ਲੋੜ ਹੈ। 18ਵੀਂ ਸਦੀ ਦੇ ਜਾਲਮਾਂ ਦੇ ਅਤੇ ਸਿੰਘਾਂ ਦੇ ਅਸੀਂ ਵੀਹਵੀਂ ਅਤੇ ਇੱਕਵੀਂ ਸਦੀ ਵਿੱਚ ਪ੍ਰਤੱਖ ਦਰਸ਼ਨ ਕਰ ਸਕਦੇ ਹਾਂ। ਜਕਰੀਆ ਖਾਨ, ਮੀਰ ਮੰਨੂੰ, ਅਬਦੁਲ ਸੁਮੰਦ ਖਾਂ, ਵਜੀਰ ਖਾਂ, ਮੱਸਾ ਰੰਘੜ, ਮੋਮਨ ਖਾਂ, ਕਾਜੀ ਅਬਦੁਲ ਰਜਾਕ, ਕਾਜੀ ਅਬਦੁਲ ਰਹਿਮਾਨ ਆਦਿ ਤੇ ਦੂਜੇ ਪਾਸੇ ਸੁੱਖਾ ਸਿੰਘ, ਮਹਿਤਾਬ ਸਿੰਘ ਦੇ ਵਾਰਸ ਸ਼ਹੀਦ ਬਿਅੰਤ ਸਿੰਘ, ਸਤਵੰਤ ਸਿੰਘ, ਕਿਹਰ ਸਿੰਘ, ਭਾਈ ਮਥਰਾ ਸਿੰਘ , ਸੁਖਦੇਵ ਸਿੰਘ ਸੁੱਖਾ, ਹਰਜਿੰਦਰ ਸਿੰਘ ਜਿੰਦਾ, ਨਵਤੇਜ ਸਿੰਘ ਗੁੱਗੂ, ਹਰਚੰਦ ਸਿੰਘ ਮਾੜੀ ਕੰਬੋਕੇ, ਨਵਾਬ ਕਪੂਰ ਸਿੰਘ, ਅਵਤਾਰ ਸਿੰਘ ਬ੍ਰਹਮਾ, ਜੱਸਾ ਸਿੰਘ ਆਹਲੂਵਾਲੀਆ , ਬਾਬਾ ਗੁਰਬਚਨ ਸਿੰਘ ਮਾਨੋਚਾਹਲ, ਜਥੇਦਾਰ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ, ਭਾਈ ਤਾਰੂ ਸਿੰਘ, ਭਾਈ ਅਨੋਖ ਸਿੰਘ ਬੱਬਰ, ਭਾਈ ਸਤੀਦਾਸ, ਭਾਈ ਗੁਰਜੀਤ ਸਿੰਘ ਕਾਕਾ (ਪੂਹਲੀ ਨਥਾਣਾ) ਭਾਈ ਦਿਆਲਾ ਜੀ, ਭਾਈ ਗੁਰਦੇਵ ਸਿੰਘ ਧੀਰਪੁਰ, ਭਾਈ ਕਸ਼ਮੀਰ ਸਿੰਘ ਸ਼ੀਰਾ ਪੱਟੀ ਆਦਿ। ਭਾਈ ਸੰਦੀਪ ਸਿੰਘ ਸੰਨੀ ਕੋਈ ਸਧਾਰਨ ਸਿੰਘ ਨਹੀਂ ਇਹ ਕਲਗੀਧਰ ਪਾਤਿਸ਼ਾਹ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਖਾਲਸਾ ਪੰਥ ਦੀ ਅਗੁਵਾਈ ਕਰਨ ਲਈ ਥਾਪੇ ਗਏ ਜੰਗੀ ਜਰਨੈਲ ਸ਼ਹੀਦ ਬਾਬਾ ਬੰਦਾ ਸਿੰਘ ਬਹਾਦੁਰ ਦੇ ਨਿਕਟਵਰਤੀ ਸਾਥੀ ਭਾਈ ਬਾਜ ਸਿੰਘ ਜਿਸਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਥ ਕੈਦੀ ਰੂਪ ਵਿੱਚ ਹੱਥਕੜੀਆਂ ਲਾ ਕੇ ਦਿੱਲੀ ਦੇ ਬਾਦਸ਼ਾਹ ਫਰਖੁਸੀਅਰ ਦੇ ਪੇਸ਼ ਕੀਤਾ ਗਿਆ ਸੀ ਤਾਂ ਉਸ ਵੇਲੇ ਫਰਖੁਸੀਅਰ ਨੇ ਸਿੰਘਾਂ ਨੂੰ ਮਖੌਲ ਕਰਦਿਆਂ ਕਿਹਾ ਸੀ ਕਿ ਮੈਂ ਸੁਣਿਆ ਤੁਹਾਡੇ ਵਿੱਚ ਬਾਜ ਸਿੰਘ ਨਾਮ ਦਾ ਬੜਾ ਬਹਾਦਰ ਸੂਰਮਾ, ਪਰ ਮੈਨੂੰ ਉਸਦੀ ਬਹਾਦਰੀ ਨਜ਼ਰ ਨਹੀਂ ਆ ਰਹੀ, ਐਸ ਸਮੇਂ ਬੇਵਸ ਮੇਰੇ ਸਾਹਮਣੇ ਖਲੋਤਾ ਹੈ! ਤਾਂ ਭਾਈ ਬਾਜ ਸਿੰਘ ਨੇ ਇੱਕੋ ਝਟਕੇ ਨਾਲ ਹੱਥਕੜੀਆਂ ਤੋੜ ਕੇ ਝੱਪਟ ਮਾਰ ਕੇ ਨੇੜੇ ਖੜੇ ਕੋਤਵਾਲ ਦੀ ਤਲਵਾਰ ਖੋਹ ਕੇ ਸੱਤ ਸਿਪਾਹੀ ਕਤਲ ਕਰ ਦਿੱਤੇ ਤੇ ਬਾਦਸ਼ਾਹ ਫਰੁਖਸੀਅਰ ਡਰ ਨਾਲ ਕੰਬਣ ਲੱਗਾ। ਫਰੁਖਸੀਅਰ ਨੂੰ ਭਾਈ ਬਾਜ ਸਿੰਘ ਨੇ ਬਹਾਦਰੀ ਦੇ ਦਰਸ਼ਨ ਕਰਵਾ ਦਿੱਤੇ ਸਨ। ਬਿਲਕੁਲ 10 ਸਤੰਬਰ 2025 ਨੂੰ ਵੀ ਪਟਿਆਲੇ ਦੀ ਜੇਲ੍ਹ ਵਿੱਚ ਵੀ ਸਿੱਖ ਦੁਸ਼ਮਣ ਸੁਧੀਰ ਸੂਰੀ ਨੂੰ ਨਰਕਧਾਮ ਪਹੁੰਚਾਉਣ ਦੇ ਕੇਸ ਵਿੱਚ ਜੇਲ੍ਹ ਵਿੱਚ ਬੰਦ ਭਾਈ ਸੰਦੀਪ ਸਿੰਘ ਸੰਨੀ ਨੇ ਸੂਬਾ ਸਰਹੰਦ ਤੇ ਗੁਰਬਚਨੇ ਇੰਸਪੈਕਟਰ ਤੇ ਇੰਦਰਜੀਤ ਸਿੰਹੋਂ ਨਾਲ ਹੋਈ ਝੜਪ ਵਿੱਚ ਇਹਨਾਂ ਨੂੰ ਦੱਸ ਦਿੱਤਾ ਕਿ ਜੇ ਤੁਸੀ ਸੂਬਾ ਸਰਹੰਦ ਹੋ ਦਿਲੀ ਦੇ ਅਰੰਗਿਆਂ ਦੇ ਪਾਲਤੂ ਹੋ ਤਾਂ ਇਧਰ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਥੀ ਫਤਿਹ ਸਿੰਘ, ਸ. ਬਾਜ ਸਿੰਘ ਦਾ ਵਾਰਸ ਤੁਹਾਨੂੰ ਨਰਕਧਾਮ ਪਹੁੰਚਾਉਣ ਲਈ ਦਸਮੇਸ਼ ਪਿਤਾ ਨੇ ਆਪ ਭੇਜਿਆ ਹੈ। ਸੂਬਾ ਸਿਹੁੰ ਥਾਨੇਦਾਰ, ਸੂਬਾ ਸਰਹੰਦ ਆਖਰ 17 ਸਤੰਬਰ 2025 ਨੂੰ ਹਸਪਤਾਲ ਵਿੱਚ ਦਮ ਤੋੜ ਨਰਕਧਾਮ ਪਹੁੰਚ ਗਿਆ। ਉਸ ਤੋਂ ਬਾਅਦ ਸੋਸ਼ਲ ਮੀਡੀਏ ਤੇ ਇਸ ਘਟਨਾ ਸਬੰਧੀ ਬਹੁੱਤ ਚਰਚਾ ਹੋਈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਅਤੇ ਹੋਰ ਪੰਥਕ ਜਥੇਬੰਦੀਆਂ ਨੇ ਭਾਈ ਸੰਦੀਪ ਸੰਨੀ ਦੇ ਹੱਕ ਵਿੱਚ ਬੋਲਿਆ ਤੇ ਸੂਬਾ ਸਰਹੰਦ ਦੇ ਜ਼ੁਲਮਾਂ ਦੇ ਸ਼ਿਕਾਰ ਸਿੰਘਾਂ ਸਿੰਘਣੀਆਂ ਦੇ ਪਰਿਵਾਰਾਂ ਨੇ ਵੀ ਸੂਬਾ ਸਰਹੰਦ ਜੁਲਮਾਂ ਦੀ ਦਿਲ ਦਹਿਲਾ ਦੇਣ ਦੇ ਸਾਕੇ ਦੱਸੇ ਹਨ, ਜਿਸ ਵਿੱਚੋਂ ਬਾਬਾ ਚਰਨ ਸਿੰਘ ਬੀੜ ਸਾਹਿਬ ਵਾਲਿਆ ਨੂੰ ਸੱਤ ਮੈਂਬਰਾਂ ਸਮੇਤ ਸ਼ਹੀਦ ਕਰਨਾ ਵੀ ਚਰਚਾ ਵਿੱਚ ਰਿਹਾ ਹੈ। ਸ਼ੋਸਲ ਮੀਡੀਆ ਅਤੇ ਅਖਬਾਰਾਂ ਵਿੱਚ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਸੂਬਾ ਸਰਹੰਦ ਦਾ ਭੋਗ ਸਿੱਖੀ ਰਵਾਇਤਾਂ ਅਨੁਸਾਰ ਨਾ ਪਾਏ ਜਾਣ ਦੀ ਅਵਾਜ਼ ਉੱਠੀ, ਪਰ ਜਦੋਂ ਪੁਲਿਸ ਪ੍ਰਸ਼ਾਸਨ ਅਤੇ ਉਸਦਾ ਪਰਿਵਾਰ ਬਾਜ ਨਾ ਆਇਆ ਤਾਂ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਭੁਪਿੰਦਰ ਸਿੰਘ ਛੇ ਜੂਨ ਤੇ ਭਾਈ ਪਰਮਜੀਤ ਸਿੰਘ ਅਕਾਲੀ ਅਮਲੀ ਤੌਰ 'ਤੇ ਸੂਬਾ ਸਰਹੰਦ ਦੇ ਭੋਗ ਪਾਏ ਜਾਣ ਦਾ ਵਿਰੋਧ ਕਰਨ ਲਈ ਸਾਹਮਣੇ ਆਏ ਤੇ ਪਿੰਡ ਵੱਲਾ ਦੇ ਸੰਧੂ ਫਾਰਮ ਪਹੁੰਚ ਕੇ ਡੱਟ ਕੇ ਵਿਰੋਧ ਕੀਤਾ ਤੇ ਸੂਬਾ ਸਰਹੰਦ ਦੇ ਜ਼ੁਲਮਾਂ ਵਿਰੁੱਧ ਨਾਅਰੇ ਲਗਾਏ। ਭਾਈ ਰਣਜੀਤ ਸਿੰਘ, ਭੁਪਿੰਦਰ ਸਿੰਘ ਛੇ ਜੂਨ ਨੇ ਸੂਬਾ ਸਰਹੰਦ ਦੇ ਭੋਗ ਪਾਉਣ ਵਾਲੇ ਗਰੰਥੀਆਂ, ਰਾਗੀਆਂ ਨੂੰ ਲਾਹਨਤਾਂ ਪਾਉਂਦਿਆਂ ਕਿਹਾ ਕਿ ਖਾਲਸਾ ਪੰਥ ਸਮਾਂ ਆਉਣ ਤੇ ਇਹਨਾਂ ਨਾਲ ਜਰੂਰ ਨਿੱਬੜੇਗਾ।ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦੀ ਅਗਵਾਈ ਪੰਜ ਸਿੰਘਾਂ ਨੇ ਆਪਣਾ ਧਰਮ ਨਿਭਾਇਆ ਹੈ ਤੇ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਤੋਂ ਬਾਅਦ ਭਾਵੇਂ ਇਹਨਾਂ ਸਿੰਘਾਂ ਨੂੰ ਰਿਹਾਅ ਕਰ ਦਿੱਤਾ ਗਿਆ। ਇਸ ਘਟਨਾ ਨਾਲ ਕਈ ਪੰਥਕਾਂ ਦੇ ਮੁਖੌਟੇ ਵੀ ਉਤਰ ਗਏ, ਜਿਹੜੇ ਪੰਥਕ ਹੋਣ ਦਾ ਦਾਅਵਾ 'ਤੇ ਕਰਦੇ ਹਨ ਪਰ ਆਪਣੇ ਫਰਜ਼ਾਂ ਤੋਂ ਭੱਜ ਕੇ ਇਤਿਹਾਸ ਦੇ ਪੰਨਿਆਂ ’ਤੇ ਸਵਾਲ ਖੜ੍ਹੇ ਕਰ ਦੇਂਦੇ ਹਨ। ਸੂਬਾ ਸਰਹੰਦ ਦੇ ਭੋਗ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਜੋ ਫੈਸਲਾ ਲਿਆ ਜਾ ਸਕਦਾ ਸੀ ਉਹ ਨਹੀਂ ਲਿਆ ਗਿਆ। ਜਥੇਦਾਰ ਸਾਹਿਬ ਫੈਸਲਾ ਲੈ ਸਕਦੇ ਸਨ ਕਿ ਸੂਬਾ ਸਰਹੰਦ ਦੇ ਭੋਗ ਤੇ ਕੋਈ ਵੀ ਗ੍ਰੰਥੀ ਸਿੰਘ, ਰਾਗੀ ਸਿੰਘ ਨਾਨਕ ਨਾਮ ਲੇਵਾ ਸਿੱਖ ਨੂੰ ਹਿੱਸਾ ਨਹੀਂ ਲੈਣਾ ਚਾਹੀਦਾ। ਬਾਬਾ ਚਰਨ ਸਿੰਘ ਜੀ ਬੀੜ ਸਾਹਿਬ ਵਾਲਿਆਂ ਤੇ ਪ੍ਰੀਵਾਰਕ ਸਿੰਘਾਂ ਦੀ ਸ਼ਹਾਦਤ ਤੋਂ ਬਾਅਦ ਮਾਲਵਾ ਦਾ ਇੱਕ ਬਾਬਾ, ਜਿਹੜਾ ਉਸਦਾ ਜਾਨਸੀਨ ਹੋਣ ਦਾ ਦਾਅਵਾ ਕਰਦਾ ਹੈ ਤੇ ਬਾਬਾ ਚਰਨ ਸਿੰਘ ਦੀਆਂ ਤਸਵੀਰਾਂ ਤੇ ਬੈਨਰ ਪੂਰੇ ਪੰਜਾਬ ਦੀਆਂ ਸੜਕਾਂ ਤੇ ਲਗਾਉਂਦਾ ਹੋਇਆ ਲੱਖਾਂ ਰੁਪਏ ਖਰਚ ਕੇ ਜਾਨਸੀਨ ਹੋਣ ਦਾ ਦਾਅਵਾ ਕਰਦਾ ਹੋਇਆ ਪ੍ਰਚਾਰ ਕਰ ਰਿਹਾ ਹੈ। ਪਰ ਸੂਬਾ ਸਰਹੰਦ ਦੇ ਭੋਗ ਦੇ ਵਿਰੁੱਧ ਉਸਦੀ ਖਾਮੋਸ਼ੀ ਸਾਹਮਣੇ ਆਈ ਹੈ। ਸ਼ੋਸਲ ਮੀਡੀਆ ਸੂਬਾ ਸਰਹੰਦ ਦੇ ਜ਼ੁਲਮਾਂ ਦੀ ਦਾਸਤਾਨ ਦੱਸਣ ਵਾਲਿਆਂ ਬਾਬਾ ਚਰਨ ਸਿੰਘ ਦੀਆਂ ਵਾਰਾਂ ਗਾਉਣ ਵਾਲਿਆਂ ਪ੍ਰਚਾਰਕਾਂ, ਢਾਡੀਆਂ ਬਾਬਾ ਚਰਨ ਸਿੰਘ ਦੇ ਪ੍ਰੀਵਾਰਕ ਰਿਸ਼ਤੇਦਾਰਾਂ ਵੱਖ ਵੱਖ ਬੈਨਰਾਂ ਹੇਠ ਚੱਲ ਰਹੇ ਅਕਾਲੀ ਦਲਾਂ ਦਾ ਕੋਈ ਵੀ ਕਾਰਕੁੰਨ, ਸੂਬਾ ਸਰਹੰਦ ਦੇ ਭੋਗ ਦੇ ਵਿਰੁੱਧ ਸਾਹਮਣੇ ਨਹੀਂ ਆਇਆ। ਦਮਦਮੀ ਟਕਸਾਲ ਦੇ ਵੱਖ ਵੱਖ ਜੱਥਿਆਂ ਵਲੋਂ ਵੀ ਕੋਈ ਸਰਗਰਮੀ ਸਾਹਮਣੇ ਨਹੀਂ ਆਈ। ਵਿਰਸਾ ਸਿੰਘ ਵਲਟੋਹਾ ਦਾ ਬਿਆਨ ਆਇਆ ਸੀ ਕਿ ਸੂਬਾ ਥਾਨੇਦਾਰ ਸੂਬਾ ਸਰਹੰਂਦ ਅਖਵਾਉਂਦਾ ਸੀ ਉਸਨੂੰ ਦਫਨਾਉਣਾ ਚਾਹੀਦਾ ਹੈ। ਇਸ ਤੋਂ ਅੱਗੇ ਕੋਈ ਵਿਰੋਧ ਨਹੀਂ ਹੋਇਆ। ਗੱਲ ਇਥੇ ਹੀ ਨਹੀਂ ਮੁੱਕਦੀ, 1997 ਵਿੱਚ ਕਾਂਗਰਸ ਦੀ ਸਰਕਾਰ ਤੋਂ ਬਾਅਦ ਪੰਜਾਬ ਅਕਾਲੀ ਸਰਕਾਰ ਤੇ ਪ੍ਰਕਾਸ਼ ਸਿੰਘ ਬਾਦਲ ਸਾਬ ਨੇ ਕਿਹਾ ਸੀ ਕਿ ਅਕਾਲੀ ਦਲ ਨੇ ਪੰਜਾਬ ਵਿੱਚ ਸ਼ਾਂਤੀ ਕਾਇਮ ਕੀਤੀ। ਤਾਂ ਕਾਂਗਰਸ ਦੇ ਵਿਰੋਧੀ ਧਿਰ ਆਗੂਆਂ ਨੇ ਕਿਹਾ “ਬਾਦਲ ਸਾਬ ਪੰਜਾਬ ਵਿੱਚ ਸ਼ਾਂਤੀ ਸ. ਬਿਅੰਤ ਸਿੰਘ ਨੇ ਕਾਇਮ ਕੀਤੀ ਸੀ” ਤਾਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਭੋਲਾ ਜਿਹਾ ਮੂੰਹ ਬਣਾ ਕੇ ਕਹਿੰਦੇ ਠੀਕ ਆ ਜਦੋਂ ਬਿਅੰਤ ਸਿੰਘ ਕਾਂਗਰਸ ਸਰਕਾਰ ਪੰਜਾਬ ਵਿੱਚ ਸ਼ਾਂਤੀ ਕਾਇਮ ਕਰ ਰਹੀ ਸੀ ਅਸੀਂ ਉਸਦਾ ਵਿਰੋਧ ਨਹੀਂ ਸੀ ਕੀਤਾ,ਤਾਂ ਹੀ ਸ਼ਾਂਤੀ ਬਹਾਲ ਹੋਈ ਸੀ।ਜਿਸਦਾ ਸਿੱਧਾ ਅਰਥ ਇਹ ਹੈ ਕਿ ਜਦੋਂ ਬਿਅੰਤ ਸਿਹੋਂ ਦੀ ਕਾਂਗਰਸ ਸਰਕਾਰ ਸਿੱਖਾਂ ਉੱਤੇ ਜੁਲਮ ਕਰ ਰਹੀ ਸੀ ਤਾਂ ਪੁਲਿਸ ਝੂਠੇ ਪੁਲਿਸ ਮੁਕਾਬਲਿਆਂ ’ਚ ਰੋਜਾਨਾਂ ਦਰਜਨਾਂ ਗਿਣਤੀ ਵਿੱਚ ਕਤਲ ਕਰ ਰਹੀ ਸੀ। ਅਸੀਂ ਅਕਾਲੀ ਦਲ ਨੇ ਉਸਦਾ ਵਿਰੋਧ ਨਹੀਂ ਕੀਤਾ।ਇਸ ਲਈ ਪੰਜਾਬ ਵਿੱਚ ਆਈ ਸ਼ਾਂਤੀ ਵਿੱਚ ਸਾਡਾ ਵੀ ਬਰਾਬਰ ਦਾ ਯੋਗਦਾਨ ਹੈ। ਪੰਜਾਬ ਵਿੱਚੋਂ ਸਰਕਾਰ ਭਾਵੇਂ ਕਿਸੇ ਦੀ ਵੀ ਆ ਜਾਵੇ, ਇਹਨਾਂ ਨੂੰ ਹੁਕਮ ਦਿੱਲੀ ਦੀ ਕੇਂਦਰ ਸਰਕਾਰ ਦਾ ਹੀ ਲਾਗੂ ਕਰਨਾ ਪੈਣਾ ਹੈ। ਇਸ ਸੱਚਾਈ ਤੋਂ ਮੁੱਕਰਿਆ ਨਹੀਂ ਜਾ ਸਕਦਾ। ਖਾਲਸਾ ਰਾਜ ਦੀ ਗੱਲ ਕਰਨ ਵਾਲੀ ਸੋਚ ਨੂੰ ਖਤਮ ਕਰਨ ਲਈ ਉਹਨਾਂ ਨੂੰ ਸੁਮੇਧ ਸੈਣੀ, ਇਜ਼ਹਾਰ ਆਲਮ ਖਾਂ, ਸੂਬਾ ਸਰਹੰਦ ਘੋਟਨੇਆਂ ਦੀ ਲੋੜ ਪੈਣੀ ਹੀ ਹੈ।ਫਿਰ ਉਹ ਸੂਬਾ ਸਰਹੰਦ ਦੇ ਭੋਗ ਮਨਾਉਣ ਦਾ ਕਿਵੇਂ ਵਿਰੋਧ ਕਰ ਸਕਦੇ ਹਨ। ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਅਤੇ ਪੰਥਕ ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵਲੋਂ ਤਰਨ ਤਾਰਨ ਸੀਟ ਤੋਂ ਭਾਈ ਸੰਦੀਪ ਸਿੰਘ ਸੰਨੀ ਨੂੰ ਚੋਣ ਲੜਾਏ ਜਾਣ ਦੇ ਬਿਆਨ ਨਾਲ ਪੰਥਕ ਰਾਜਨੀਤਕ ਧਿਰਾਂ ਨੂੰ ਇਹ ਹਜਮ ਹੋਣਾ ਵੀ ਔਖੀ ਗੱਲ ਹੈ। ਜੇ ਸੂਰਮੇ ਸਿੰਘਾਂ ਨੂੰ ਇਸ ਤਰ੍ਹਾਂ ਸਤਿਕਾਰਿਆ ਜਾਣ ਲੱਗ ਪਿਆ ਤਾਂ ਉਹਨਾਂ ਦਾ ਕੀ ਬਣੇਗਾ। ਜਿਹੜੇ ਆਮ ਆਦਮੀ ਪਾਰਟੀ ਦੇ ਪਤਨ ਤੋਂ ਪੰਜਾਬ ਦੀ ਰਾਜਨੀਤੀ ਤੇ ਆਪਣਾ ਹੱਕ ਸਮਝਦੇ ਹਨ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਭੁਪਿੰਦਰ ਸਿੰਘ 6 ਜੂਨ ਵਲੋਂ ਨਿਭਾਏ ਗਏ ਧਰਮ ਇਖਲਾਕੀ ਫਰਜ਼ ਸੂਬੇ ਸਰਹੰਦ ਦੇ ਪਾਠ ਦੇ ਵਿਰੁੱਧ ਕੀਤੇ ਗਏ ਪ੍ਰਦਰਸ਼ਨ ਨਾਲ ਕਈ ਸਵਾਲ ਖੜੇ ਹੋਏ ਹਨ ਤੇ ਕਈ ਜਵਾਬ ਮਿਲੇ ਹਨ। ਸੂਬਾ ਸਰਹੰਦ ਦੇ ਭੋਗ ਦਾ ਵਿਰੋਧ ਕਰਨ ਵਾਲੇ ਸਿੰਘਾਂ ਦੀ ਬਹਾਦਰੀ ਅਤੇ ਉਨ੍ਹਾਂ ਦੀਆਂ ਬਹਾਦਰ ਮਾਵਾਂ ਨੂੰ ਕੇਸਰੀ ਪ੍ਰਣਾਮ ਜਿੰਨ੍ਹਾਂ ਨੇ ਅਣਖੀਲੇ ਸਿੰਘਾਂ ਨੂੰ ਜਨਮ ਦਿੱਤਾ।- ਮਨਿੰਦਰ ਸਿੰਘ ਬਾਜਾ (ਹਿਸਟੋਰੀਅਨ)
Posted By:
