ਕੋਈ ਮੰਤਰ ਨਾ ਜਾਦੂ ਟੂਣਾ ਪੈਸੇ ਦੀ ਕਹਾਣੀ

ਕੋਈ ਮੰਤਰ ਨਾ ਜਾਦੂ ਟੂਣਾ ਪੈਸੇ ਦੀ ਕਹਾਣੀ

ਕੋਈ ਮੰਤਰ ਨਾ ਜਾਦੂ ਟੂਣਾ ਪੈਸੇ ਦੀ ਕਹਾਣੀ

ਗੋਲਕਾਂ ਦੇ ਯਾਰ ਕਦੋਂ ਮੰਨਦੇ ਨੇ ਬਾਣੀ


ਦਿੰਦੇ ਨਾ ਹਿਸਾਬ ਜਿਨ੍ਹਾਂ ਵਿਚੋਂ ਹੁੰਦੀ ਖਾਣੀ

ਲਾਈਆਂ ਨੇ ਛਬੀਲਾਂ ਘਰ ਪੁੱਛਦੇ ਨਾ ਪਾਣੀ


ਸਿੱਖਾਂ ਦੇ ਹੀ ਚਿਹਰੇ ਅੱਜ ਬਣਗੇ ਡਰਾਉਣੇ

ਡੂੰਗੇ ਮਸਲੇ ਨੇ ਕੌਮ ਦੇ ਨਾ ਛੇਤੀ ਹੱਲ ਹੋਣੇ


ਭੁੱਲ ਗਏ ਨੇ ਉਹਨੂੰ ਜਿਹਨੇ ਤੇਗ ਸੱਚੀ ਵਾਹੀ

ਵਿਹਲੜਾਂ ਨੇ ਗ੍ਰੰਥ ਜੀ ਦੇ ਨਾਲ ਮੰਜੀ ਡਾਹੀ


ਬਣ ਬਹਿਗੇ ਰੱਬ ਜਿਨ੍ਹਾਂ ਵਿਚ ਹੈਨੀ ਤੰਤ

ਪਾਕੇ ਲੰਮੇ ਚੋਲੇ ਵੇਖੋ ਬਣ ਗਏ ਨੇ ਸੰਤ


ਮੰਨ ਲੈਂਦੇ ਗੱਲ ਭਾਵੇਂ ਕਿਸੇ ਨੇ ਵੀ ਕਹਿਣੀ

ਸ਼੍ਰੋਮਨੀ ਕਮੇਟੀ ਵੀ ਅਸੂਲਾਂ ਵਾਲੀ ਹੈਨੀ


ਗਰਕੇ ਨੇ ਜਥੇਦਾਰ ਉਤੋਂ ਉਤੋਂ ਕਾਪੀ

ਦੇ ਦਿੱਤੀ ਡੇਰੇ ਵਾਲੇ ਸਾਧ ਨੂੰ ਵੀ ਮਾਫੀ


ਰਹਿਣ ਕਿੱਥੇ ਦਿੱਤੀ ਅੱਜ ਕਸਰ ਨਾ ਬਾਕੀ

ਕੱਛਹਿਰੇ ਥੱਲੋਂ ਜਿਨ੍ਹਾਂ ਪਾਈ ਨੀਕਰ ਹੈ ਖਾਖੀ


ਮੰਨਦੇ ਨਾ ਜਿਨ੍ਹਾਂ ਕੀਤਾ ਕੌਮੀ ਨੁਕਸਾਨ

ਅਜੇਂਸੀਆਂ ਨੇ ਕਿੱਥੇ ਪਹਿਲੋਂ ਆਪਾਂ ਕੀਤਾ ਘਾਣ


ਮੁਸੀਬਤਾਂ ਨਾ ਫੇਸਬੁੱਕ ਉਤੇ ਝੂਜੀ ਜਾਂਦੇ

ਫੋਟੋ ਸੋਭਾ ਸਿੰਘ ਦੀ ਨੂੰ ਐਵੇਂ ਹੀ ਪੂਜੀ ਜਾਂਦੇ


ਧਰਨੇ ਸੀ ਲਾਉਂਦੇ ਜਿਹੜੇ ਨਸਲਾਂ ਨੂੰ ਲੈਕੇ

ਅੰਬਾਨੀਆਂ ਦੇ ਹੀ ਗਏ ਫਿਰ ਫ਼ਸਲਾਂ ਨੂੰ ਲੈਕੇ


ਸਿੱਖ ਇਤਿਹਾਸ ਹਿੰਦੀ ਵਿਚ ਕਾਲੀ ਰਾਤ

ਬਲਦੇਵ ਸਿੰਘ ਸਿਰਸੇ ਦਾ ਕੀਹਨੇ ਦਿੱਤਾ ਸਾਥ


ਕਬਜੇ ਜ਼ਮੀਨਾਂ ਸੱਭ ਡੇਰਿਆਂ ਦੇ ਥੱਲੇ

ਗੁੱਡੀ ਚੜ੍ਹੀ ਸਿਖਰਾਂ ਤੇ ਭਰ ਗਏ ਨੇ ਗੱਲੇ


ਕਿਹਨੂੰ ਕਿਹਦਾ ਦੱਸੋ ਅੱਜ ਇਥੇ ਡਰ ਹੈਗਾ

ਰੱਬ ਵਾਲਾ ਸਾਰਿਆਂ ਦਾ ਨਵਾਂ ਦਰ ਹੈਗਾ


ਚਲਾਉਂਦੇ ਮੋਢੇ ਰੱਖ ਨਵਾਂ ਲੱਭਦੇ ਪਿਆਦਾ

ਵੱਖਰੀ ਹੀ ਸਾਰਿਆਂ ਦੀ ਹੋਈ ਮਰਿਆਦਾ


ਫੋਟੋਵਾਂ ਖਿਚਾਉਂਦੇ ਭੋਰਾ ਦੇਕੇ ਵੱਡੇ ਦਾਨੀ

ਬੰਦੇ ਬਣੇ ਫੇਸਬੁਕ ਉਤੇ ਕਈ ਜਨਾਨੀ


ਅਕਲਾਂ ਦੇ ਘਾਟੇ ਐਵੇਂ ਈ ਚੁੱਕ ਲੈਂਦੇ ਛਾਲਾਂ

ਸਿਆਣੇ ਬਿਆਣੇ ਦਾਹੜੀ ਰੱਖ ਕੱਢਦੇ ਨੇ ਗਾਲਾਂ

ਦਿੰਦੇ ਉਪਦੇਸ਼ ਮੈਨੂੰ ਕੱਲ ਦੇ ਜਵਾਕ

ਜਿਨ੍ਹਾਂ ਦਿਆਂ ਮੂੰਹਾਂ ਵਿਚੋਂ ਡਿੱਗਦੀਆਂ ਲਾਲਾਂ


ਕੁੱਤੇ ਵਾਂਗੂੰ ਦੇਖੋ ਮਰ ਅਕਲਾਂ ਨੇ ਗਈਆਂ

ਗੁਰੂਘਰ ਚਾਂਦੀ ਦੀਆਂ ਕਿਹੜੇ ਕੰਮ ਕਈਆਂ


ਬੇਚ ਦਿੰਦੇ ਸਾਰਾ ਹੀ ਸਮਾਨ ਬਿਨਾਂ ਦੱਸੇ

ਕਰੋ ਪੜਤਾਲ ਪਿੱਛੋਂ ਕਿਹਦੇ ਖਾਤੇ ਗਈਆਂ


ਚੁੱਕ ਫਇਦਾ ਭੋਲਿਆਂ ਨੂੰ ਪਿੱਛੋਂ ਮਾੜਾ ਕਹਿਣ

ਅੱਗ ਜਿਹੇ ਗੀਤ ਮੇਰੇ ਨਈਓਂ ਹੋਣੇ ਸਹਿਣ

ਰੱਬ ਦੀਆਂ ਵਹੀਆਂ ਚ ਸਾਰੇ ਪਾਪ ਰਹਿਣ

'ਮੋਰਜੰਡ' ਪਰਦੇ ਨਾ ਚੱਕ ਢਕੇ ਰਹਿਣ


ਨਿਸ਼ਾਨਦੀਪ ਸਿੰਘ 'ਮੋਰਜੰਡ