ਲਾਪਤਾ 328 ਸਰੂਪਾਂ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕਰ ਰਿਹਾ ਪੁਲਿਸ ਪ੍ਰਸ਼ਾਸਨ ? - ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ
- ਧਾਰਮਿਕ/ਰਾਜਨੀਤੀ
- 12 Dec,2025
ਅੰਮ੍ਰਿਤਸਰ, 12 ਦਸੰਬਰ , ਪ੍ਰਿੰਸਜੀਤ ਸਿੰਘ ਪੰਧੇਰ
ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ, ਭਾਈ ਅੰਗਦ ਸਿੰਘ ਖ਼ਾਲਸਾ ਅਤੇ ਭਾਈ ਮਨਪ੍ਰੀਤ ਸਿੰਘ ਮੰਨਾ ਨੇ ਕਿਹਾ ਕਿ 328 ਪਾਵਨ ਸਰੂਪ ਲਾਪਤਾ ਕਰਨ ਵਾਲੇ ਸ਼੍ਰੋਮਣੀ ਕਮੇਟੀ ਦੇ 16 ਦੋਸ਼ੀ ਅਧਿਕਾਰੀਆਂ ਨੂੰ ਪੁਲਿਸ ਪ੍ਰਸ਼ਾਸਨ ਤੁਰੰਤ ਗ੍ਰਿਫ਼ਤਾਰ ਕਰੇ। ਉਹਨਾਂ ਕਿਹਾ ਕਿ ਜਦੋਂ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਅਤੇ ਸਿੱਖ ਸਦਭਾਵਨਾ ਦਲ ਦੇ ਆਗੂ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ ਉੱਤੇ 7 ਦਸੰਬਰ 2025 ਨੂੰ ਦੋਸ਼ੀਆਂ ਉੱਤੇ ਪਰਚਾ ਦਰਜ ਹੋ ਚੁੱਕਾ ਹੈ ਤਾਂ ਪਿਛਲੇ ਪੰਜ ਦਿਨਾਂ ਤੋਂ ਭਗਵੰਤ ਮਾਨ ਸਰਕਾਰ ਕਾਰਵਾਈ ਕਿਉਂ ਨਹੀਂ ਕਰ ਰਹੀ ? ਅੰਮ੍ਰਿਤਸਰ ਦਾ ਪੁਲਿਸ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਹੈ ? ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਇਨ੍ਹਾਂ ਦੋਸ਼ੀਆਂ ਪ੍ਰਤੀ ਕਿਸੇ ਪ੍ਰਕਾਰ ਵੀ ਸਰਕਾਰ ਅਤੇ ਪੁਲਿਸ ਨਰਮਾਈ ਨਾ ਵਰਤੇ, ਨਹੀਂ ਤਾਂ ਸਰਕਾਰ ਨੂੰ ਭਵਿੱਖ ਵਿੱਚ ਇਸਦੇ ਮਾੜੇ ਨਤੀਜੇ ਭੁਗਤਣੇ ਪੈ ਸਕਦੇ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਬਾਦਲ ਦਲ ਨੇ ਇਹਨਾਂ ਦੋਸ਼ੀਆਂ ਨੂੰ ਪੰਜ ਸਾਲ ਬਚਾਈ ਰੱਖਿਆ ਜਿਸ ਦੇ ਖ਼ਿਲਾਫ਼ ਭਾਈ ਬਲਦੇਵ ਸਿੰਘ ਵਡਾਲਾ ਨੂੰ ਪੰਜ ਸਾਲ ਮੋਰਚਾ ਲਾਈ ਰੱਖਣਾ ਪਿਆ ਤੇ ਇਸ ਤੋਂ ਪਹਿਲਾਂ ਸਤਿਕਾਰ ਕਮੇਟੀਆਂ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ, ਜਥਾ ਸਿਰਲੱਥ ਖਾਲਸਾ ਨੇ ਸ਼੍ਰੋਮਣੀ ਕਮੇਟੀ ਦੇ ਦਫਤਰ ਅੱਗੇ 40 ਦਿਨ ਮੋਰਚਾ ਲਗਾਇਆ ਤੇ ਇਹਨਾਂ ਜਥੇਬੰਦੀਆਂ ਦੇ ਆਗੂਆਂ ਤੇ ਸੰਗਤਾਂ ਨੂੰ ਸ਼੍ਰੋਮਣੀ ਕਮੇਟੀ ਬਾਦਲਕਿਆਂ ਦੇ ਗੁੰਡਿਆਂ ਨੇ ਆਪਣੇ ਤਸ਼ੱਦਦ ਦਾ ਸ਼ਿਕਾਰ ਬਣਾਇਆ ਤੇ ਇਹਨਾਂ ਉੱਤੇ ਪਰਚੇ ਵੀ ਕੀਤੇ ਗਏ ਸਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਬੀਬੀ ਜਗੀਰ ਕੌਰ ਦੇ ਘਰ ਅੱਗੇ ਕੁਝ ਮਹੀਨੇ ਮੋਰਚਾ ਲਗਾਇਆ ਸੀ ਅਤੇ ਭਾਈ ਬਲਦੇਵ ਸਿੰਘ ਵਡਾਲਾ ਤਾਂ 4 ਨਵੰਬਰ 2020 ਤੋਂ ਲਗਾਤਾਰ ਪੰਜ ਸਾਲਾਂ ਤੋਂ ਵੀ ਵੱਧ ਬੈਠੇ ਰਹੇ ਤੇ ਹੁਣ ਜਦੋਂ 7 ਦਸੰਬਰ 2025 ਨੂੰ ਦੋਸ਼ੀਆਂ ਉੱਤੇ ਪਰਚਾ ਹੋ ਹੀ ਗਿਆ ਹੈ ਤਾਂ ਭਗਵੰਤ ਮਾਨ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਹੁਣ ਸ਼੍ਰੋਮਣੀ ਕਮੇਟੀ ਬਾਦਲਕਿਆਂ ਦਾ ਦਬਾਅ ਨਾ ਝੱਲੇ ਸਗੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਹਿੱਤ ਦੋਸ਼ੀਆਂ ਉੱਤੇ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਧੱਕੇ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਝੂਠ ਬੋਲਣ ਦੀ ਬਜਾਏ ਸੰਗਤਾਂ ਨੂੰ ਸੱਚ ਦੱਸਣ ਕਿ ਲਾਪਤਾ ਹੋਏ ਪਾਵਨ ਸਰੂਪ ਕਿੱਥੇ ਨੇ ? ਤੇ ਕਿਹੜੇ ਦੇ ਹਲਾਤਾਂ ਵਿੱਚ ਹਨ ? ਫੈਡਰੇਸ਼ਨ ਆਗੂਆਂ ਨੇ ਭਗਵੰਤ ਮਾਨ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਸ਼੍ਰੋਮਣੀ ਕਮੇਟੀ ਬਾਦਲਕਿਆਂ ਨੂੰ ਬਚਾਇਆ ਸੀ ਤੇ ਫਿਰ ਕੈਪਟਨ ਦਾ ਹਾਲ ਵੀ ਬਾਦਲਾਂ ਦੀ ਤਰ੍ਹਾਂ ਬੁਰਾ ਹੋਇਆ ਸੀ, ਸੋ ਹੁਣ ਸਰਕਾਰ ਅਤੇ ਪ੍ਰਸ਼ਾਸਨ ਕਿਤੇ ਕੈਪਟਨ ਅਤੇ ਬਾਦਲਾਂ ਵਾਲੇ ਰਾਹ ਨਾ ਤੁਰ ਪਵੇ, ਨਹੀਂ ਤਾਂ ਮੌਜੂਦਾ ਸਰਕਾਰ ਨੂੰ ਵੀ ਉਸੇ ਖੱਡ ਵਿੱਚ ਡਿੱਗਣਾ ਪਵੇਗਾ। ਉਹਨਾਂ ਕਿਹਾ ਕਿ ਪਰਚਾ ਦਰਜ ਕਰਕੇ ਜੇਕਰ ਗ੍ਰਿਫਤਾਰੀ ਨਹੀਂ ਪਾਉਣੀ ਤਾਂ ਸਰਕਾਰ ਨੇ ਕੇਵਲ ਇਹ ਗੋਂਗਲੂਆਂ ਤੋਂ ਮਿੱਟੀ ਹੀ ਝਾੜੀ ਹੈ ? ਉਹਨਾਂ ਕਿਹਾ ਕਿ ਜਦੋਂ ਤੱਕ ਇਨਸਾਫ ਨਹੀਂ ਮਿਲਦਾ, ਅਸੀਂ ਹਰ ਹੀਲੇ ਜੱਦੋਜਹਿਦ ਜਾਰੀ ਰੱਖਾਂਗੇ।
Posted By:
GURBHEJ SINGH ANANDPURI
Leave a Reply