ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮੂਲ-ਮੰਤ੍ਰ ਦੀ ਸਹੀ ਥਾਂ- ਪ੍ਰੋ.ਸਾਹਿਬ ਸਿੰਘ ਜੀ
- ਖੇਡ
- 13 Dec,2025
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮੂਲ-ਮੰਤ੍ਰ ਦੀ ਸਹੀ ਥਾਂ-ਪ੍ਰੋ. ਸਾਹਿਬ ਸਿੰਘ ਜੀ
ਦਸੰਬਰ 1920 ਵਿਚ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਉੱਤੇ, ਖ਼ਾਲਸਾ ਹਾਈ ਸਕੂਲ ਗੁਜਰਾਂਵਾਲੇ ਦੇ ਹੋਸਟਲ ਦੇ ਗੁਰਦੁਆਰੇ ਵਿਚ ਰੱਖੇ ਹੋਏ ਅਖੰਡ ਪਾਠ ਵਿਚ ਪਾਠ ਕਰਦਿਆਂ ਮੈਨੂੰ ਪਹਿਲੀ ਵਾਰ ਸਮਝ ਪਈ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਬੋਲੀ ਕਿਸੇ ਖ਼ਾਸ ਵਿਆਕਰਣ ਅਨੁਸਾਰ ਹੈ। ਇਹ ਵਿਆਕਰਣ ਲਿਖਣ ਵਿਚ ਮੇਰੇ 13 ਸਾਲ ਲੱਗ ਗਏ। ਛਪ ਕੇ ਇਹ ਪਾਠਕਾਂ ਦੇ ਹੱਥਾਂ ਵਿਚ ਸੰਨ 1939 ਵਿਚ ਪਹੁੰਚਿਆ, ਪਰ ਸੰਨ 1951 ਤਕ ਮੇਰਾ ਧਿਆਨ ਕਦੇ ਇਸ ਪਾਸੇ ਨਾ ਪਿਆ ਕਿ ਛਪੀਆਂ ‘ਬੀੜਾਂ’ ਵਿਚ ਮੂਲ-ਮੰਤ੍ਰ ਕਿਸੇ ਇਕ ਪੱਕੇ ਟਿਕਾਣੇ ਉੱਤੇ ਨਹੀਂ ਹੈ।
ਸੰਨ 1951 ਦਾ ਜ਼ਿਕਰ ਹੈ। ਅੰਮ੍ਰਿਤਸਰ ਸ਼ਹਿਰ ਦੇ ਕਿਤਾਬਾਂ ਵੇਚਣ ਵਾਲੇ ਇਕ ਦੋ ਦੁਕਾਨਦਾਰਾਂ ਵੱਲੋਂ ਛਪੇ ਹੋਏ ਇਸ਼ਤਿਹਾਰ ਅਤੇ ਟ੍ਰੈਕਟ ਮਿਲਣੇ ਸ਼ੁਰੂ ਹੋ ਗਏ। ਇਹ ਇਸ਼ਤਿਹਾਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਰੁੱਧ ਸਨ। ਕਮੇਟੀ ਨੇ ਪੰਥ ਦੀ ਚਿਰਾਂ ਦੀ ਤਾਂਘ ਪੂਰੀ ਕਰਨ ਵਾਸਤੇ ਆਪਣਾ ਪ੍ਰੈਸ ਚਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ‘ਬੀੜ’ ਦੀ ਛਪਾਈ ਦਾ ਕੰਮ ਆਪਣੇ ਹੱਥਾਂ ਵਿਚ ਲੈ ਲਿਆ ਸੀ। ਦੁਕਾਨਦਾਰਾਂ ਵੱਲੋਂ ਅੰਦੋਲਨ ਸੀ ਕਿ ਕਮੇਟੀ ਵੱਲੋਂ ਛਪੀ ‘ਬੀੜ’ ਵਿਚ ਕਈ ਅਸ਼ੁੱਧੀਆਂ ਹਨ ਤੇ ਕਮੇਟੀ ਨੇ ‘ਮੂਲ-ਮੰਤ੍ਰ’ ਨੂੰ ਹਰ ਥਾਂ ਬਾਣੀ ਦੇ ਸ਼ੁਰੂ ਵਿਚ ਦਰਜ ਕਰ ਦਿੱਤਾ ਹੈ।
ਦੁਕਾਨਦਾਰਾਂ ਦੇ ਟ੍ਰੈਕਟ ਆਦਿਕ ਪੜ੍ਹ ਕੇ ਮੈਂ ਸ਼ਰੋਮਣੀ ਕਮੇਟੀ ਨੂੰ ਚਿੱਠੀ ਲਿਖੀ ਕਿ ਕੁਝ ਸੱਜਣਾਂ ਵੱਲੋਂ ਕੀਤੇ ਜਾ ਰਹੇ ਇਸ ਅੰਦੋਲਨ ਬਾਰੇ ਕਮੇਟੀ ਦਾ ਕੀ ਪੈਂਤੜਾ ਹੈ ? ਦਫ਼ਤਰ ਵੱਲੋਂ ਮੈਨੂੰ ਇਕ ਛਪਿਆ ਹੋਇਆ ਟ੍ਰੈਕਟ ਮਿਲਿਆ। ਮੈਂ ਉਹ ਸਾਰਾ ਟ੍ਰੈਕਟ ਗਹੁ ਨਾਲ ਪੜ੍ਹਿਆ ਤੇ ਮੇਰੀਆਂ ਅੱਖਾਂ ਉੱਘੜ ਗਈਆਂ ਕਿ ਸਾਰੇ ਹੀ ਗੁਰੂ ਗ੍ਰੰਥ ਸਾਹਿਬ ਵਿਚ ਹਰ ਥਾਂ ਮੂਲ-ਮੰਤ੍ਰ ਦੀ ਸਹੀ ਥਾਂ ਬਾਣੀ ਦੇ ਸ਼ੁਰੂ ਵਿਚ ਹੀ ਹੋਣੀ ਚਾਹੀਦੀ ਹੈ। ਸਾਡੇ ਦੇਸ ਦਾ ਅਖਾਣ ਹੈ ਕਿ ਰਿੱਝਦੀ ਦਾਲ ਵਿਚੋਂ ਇਕੋ ਦਾਣਾ ਹੀ ਟੋਹੀਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹਰ ਥਾਂ ਹਰੇਕ ਰਾਗ ਦੇ ਸ਼ੁਰੂ ਵਿਚ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਸਾਹਿਬ ਦੀ ਬਾਣੀ ਦਰਜ ਹੈ; ਭਗਤਾਂ ਦੀ ਬਾਣੀ ਦਰਜ ਕਰਨ ਵੇਲੇ ਸਭ ਤੋਂ ਪਹਿਲਾਂ ਥਾਂ ਮਿਲੀ ਹੋਈ ਹੈ ਭਗਤ ਕਬੀਰ ਜੀ ਨੂੰ; ਇਸੇ ਤਰ੍ਹਾਂ ‘ਮੂਲ-ਮੰਤ੍ਰ’ ਬਾਰੇ ਭੀ ਕੋਈ ਇਕੋ ਹੀ ਬੱਝਵਾਂ ਨਿਯਮ ਹੋਵੇਗਾ।
ਸ਼ਰੋਮਣੀ ਕਮੇਟੀ ਦੇ ਛਪੇ ਹੋਏ ਟ੍ਰੈਕਟ ਵਿਚ ਸਭ ਤੋਂ ਪਹਿਲਾਂ ਰਾਗਾਂ ਦੇ ਸ਼ੁਰੂ ਵਿਚ ਤਤਕਰੇ ਦਾ ਜ਼ਿਕਰ ਸੀ। ਸ੍ਰੀ ਕਰਤਾਰਪੁਰ ਸਾਹਿਬ ਵਾਲੀ ‘ਬੀੜ’ ਦੇ ਹੀ (ਉਹ ਬੀੜ ਜੋ ਭਾਈ ਗੁਰਦਾਸ ਜੀ ਦੇ ਹੱਥਾਂ ਦੀ ਲਿਖੀ ਹੋਈ ਹੈ) ਰਾਗਾਂ ਦਾ ਤਤਕਰਾ ਜਿਵੇਂ ਲਿਖਿਆ ਪਿਆ ਹੈ, ਉਹ ਸ਼ਰੋਮਣੀ ਕਮੇਟੀ ਦੇ ਟ੍ਰੈਕਟ ਵਿਚ ਇਉਂ ਦਿੱਤਾ ਹੋਇਆ ਸੀ :
ਸੂਚੀਪਤ੍ਰਪੋਥੀਕਾਤਤਕਰਾਰਾਗਾਂਕਾ.....
੪੧ ਜੋਤੀਜੋਤਿਸਮਾਵਣੋਕਾਚਲਿਤ੍ਰ..... ਸੰਬਤ੧੬੬੧ਮਿਤੀਭਾਦਉਵਦੀਏਕਮ੧
ਪੋਥੀਲਿਖਿਪਹੁਚੇ... ੪੦ਨੀਸਾਣੁਗੁਰੂਜੀਕੇਦਸਖਤਮ:੫
ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿਅਜੂਨੀਸੈਭੰ ਗੁਰਦਿ........ ੮੧੧ ਤੁਖਾਰੀ...........
੯੭੪ ਰਾਗਮਾਲਾਤਥਾਸਿੰਗਲਾਦੀਪ
ਏਥੇ ‘ਮੂਲ-ਮੰਤ੍ਰ’ ਸੱਜੇ ਪਾਸੇ ਲਿਖਿਆ ਪਿਆ ਹੈ। ਰਾਗਾਂ ਦੇ ਸਫ਼ਿਆਂ ਦਾ ਤਤਕਰਾ ਪੜ੍ਹਨ ਵਾਸਤੇ ਪਹਿਲਾਂ ‘ਮੂਲ-ਮੰਤ੍ਰ’ ਨੂੰ ਹੀ ਪੜ੍ਹਨਾ ਪਏਗਾ। ਨਹੀਂ ਤਾਂ ਇਸ ਨੂੰ ‘੭੪੫ ਮਾਰੂ’ ਤੋਂ ਪਿੱਛੋਂ ਪੜ੍ਹਨਾ ਪਏਗਾ। ਇਹ ਭਾਰੀ ਭੁੱਲ ਹੋਵੇਗੀ। ਸੋ, ਏਥੇ ਹੀ ‘ਮੂਲ-ਮੰਤ੍ਰ’ ਦੀ ਕੁੰਜੀ ਮਿਲ ਜਾਂਦੀ ਹੈ। ਸ੍ਰੀ ਕਰਤਾਰਪੁਰ ਸਾਹਿਬ ਵਾਲੀ ‘ਬੀੜ’ ਵਿਚ ‘ਮੂਲ-ਮੰਤ੍ਰ’ ਹਰ ਥਾਂ ਸੱਜੇ ਪਾਸੇ ਹੈ। ਪਾਠ ਕਰਨ ਵੇਲੇ ਇਸ ਨੂੰ ਹੀ ਪਹਿਲ ਦੇਣੀ ਹੈ।
ਬੜੀ ਸਾਦਾ ਤੇ ਸਿੱਧੀ ਜਿਹੀ ਗੱਲ ਸੀ। ਪਰ ਰੱਬ ਜਾਣੇ, ਕਿਉਂ ? ਸ਼ਰੋਮਣੀ ਕਮੇਟੀ ਦੇ ਇਸ ਉੱਦਮ ਦਾ ਸਹਿਜੇ ਸਹਿਜੇ ਵਿਰੋਧ ਵਧ ਗਿਆ। ਆਖ਼ਰ, 9 ਮਈ 1954 ਨੂੰ ਕਰਤਾਰਪੁਰ ਸਾਹਿਬ ਸੰਗਤਾਂ ਦਾ ਇਕ ਇਕੱਠ ਹੋਇਆ, ਜਿਸ ਵਿਚ ‘ਮੂਲ-ਮੰਤ੍ਰ’ ਬਾਰੇ ਨਿਰਣਾ ਕਰਨ ਲਈ ਇਕ ਸਬ-ਕਮੇਟੀ ਬਣਾਈ। ਮੈਂ ਵੀ ਉਸ ਦਿਨ ਸ੍ਰੀ ਕਰਤਾਰਪੁਰ ਸਾਹਿਬ ਗਿਆ ਹੋਇਆ ਸਾਂ, ਤੇ ਉਸ ਦਿਨ ਦੇ ਇਕੱਠ ਵਿਚ ਪੇਸ਼ ਹੁੰਦੀਆਂ ਵਿਚਾਰਾਂ ਸੁਣਦਾ ਰਿਹਾ ਸਾਂ। ਸਬ-ਕਮੇਟੀ ਨੇ 30 ਮਈ, 1954 ਨੂੰ ਸ੍ਰੀ ਕਰਤਾਰਪੁਰ ਜਾ ਕੇ ਆਪਣਾ ਫ਼ੈਸਲਾ ਇਉਂ ਦਿੱਤਾ :
“ਅਸੀਂ, ਜਿਨ੍ਹਾਂ ਦੇ ਦਸਖ਼ਤ ਹੇਠਾਂ ਹਨ, ਜਿਨ੍ਹਾਂ ਨੂੰ 9 ਮਈ, 1954 ਨੂੰ ਇਥੇ ਹੀ ਸੰਗਤ ਨੇ ਇਸ ਕੰਮ ਲਈ ਚੁਣਿਆ ਸੀ, ਅੱਜ ਸਾਰੇ ਧਿਰਾਂ ਦੀ ਵੀਚਾਰ ਸੁਣ ਕੇ ਇਸ ਫ਼ੈਸਲੇ 'ਤੇ ਪੁੱਜੇ ਹਾਂ ਕਿ ਜੋ ਬੀੜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੱਗੋਂ ਛਪੇ, ਉਸ ਵਿਚ ਮੰਗਲਾਂ ਦੀ ਤਰਤੀਬ ਇਸ ਤਰ੍ਹਾਂ ਰੱਖੀ ਜਾਵੇ ਜਿਵੇਂ ਕਿ ਸ੍ਰੀ ਕਰਤਾਰਪੁਰ ਵਾਲੀ ਬੀੜ ਵਿਚ ਹੈ। ਜਿਥੇ ਮੰਗਲ ਉੱਚਾ ਹੈ ਉਹ ਰਾਗ ਤੋਂ ਪਹਿਲਾਂ ਆਵੇ। ਜਿਥੋ ਉਸ ਸਤਰ ਵਿਚ ਬਾਅਦ ਵਿਚ ਆਇਆ ਹੈ ਜਾਂ ਨੀਵਾਂ ਹੈ ਜਾਂ ਦੂਜੀ ਸਤਰ ਵਿਚ ਹੈ, ਉਹ ਰਾਗ ਤੋਂ ਮਗਰੋਂ।
ਨਾਵੇਂ ਪਾਤਿਸ਼ਾਹ ਦੇ ਸ਼ਬਦਾਂ ਵਿਚ ਮੰਗਲਾਂ ਦੀ ਤਰਤੀਬ ਅਕਾਲ ਤਖ਼ਤ ਵਾਲੀ ਬੀੜ ਤੋਂ, ਜਿਸ ਦੀ ਜਿਲਦ ਸੁਨਹਿਰੀ ਹੈ ਅਤੇ ਜੋ ਬੀੜ ਦਮਦਮੇ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਵਿਚ ਹੈ, ਉਹਨਾਂ ਅਨੁਸਾਰ ਕਰ ਦਿੱਤੀ ਜਾਏ।”
(ਦਸਖ਼ਤ ਸਬ-ਕਮੇਟੀ ਦੇ ਮੈਂਬਰਾਂ ਦੇ) ੩੦ ਮਈ, ੧੯੫੪ ਨੂੰ ‘ਮੂਲ-ਮੰਤ੍ਰ ਬਾਰੇ ਸਬ-ਕਮੇਟੀ ਦਾ ਫ਼ੈਸਲਾ ਸੁਣਨ ਲਈ ਮੈਂ ਸ੍ਰੀ ਕਰਤਾਰਪੁਰ ਸਾਹਿਬ ਨਹੀਂ ਸਾਂ ਗਿਆ।
ਇਹ ਫ਼ੈਸਲਾ ਸਾਰੀ ਸਿੱਖ ਕੌਮ ਦੀ ਤਸੱਲੀ ਨਾ ਕਰਾ ਸਕਿਆ। ਗੁੰਝਲ ਹੀ ਪਈ ਰਹੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਮਾਸਟਰ ਤਾਰਾ ਸਿੰਘ ਜੀ ਨੇ ਇਸ ਫ਼ੈਸਲੇ ਦੇ ਲਫ਼ਜ਼ਾਂ ਨੂੰ ਸਪੱਸ਼ਟ ਕਰਨ ਵਾਸਤੇ ਹੇਠ-ਲਿਖੇ ਤਿੰਨਾਂ ਮੈਂਬਰਾਂ ਦੀ ਇਕ ਸਬ-ਕਮੇਟੀ ਫੇਰ ਬਣਾਈ :
੧) ਜਸਟਿਸ ਹਰਨਾਮ ਸਿੰਘ ਜੀ, ਜੱਜ ਹਾਈ ਕੋਰਟ, ਪੰਜਾਬ;
੨) ਬਾਵਾ ਹਰਕਿਸ਼ਨ ਸਿੰਘ ਜੀ ਪ੍ਰਿੰਸੀਪਲ, ਸਿੱਖ ਨੈਸ਼ਨਲ ਕਾਲਜ, ਕਾਦੀਆਂ; `ਤੇ (੩) ਮੈਂ, ਸਾਹਿਬ ਸਿੰਘ, ਪ੍ਰਿੰਸੀਪਲ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ
ਇਸ ਸਬ-ਕਮੇਟੀ ਨੇ ਇਉਂ ਫ਼ੈਸਲਾ ਕੀਤਾ : “ਸ਼ਰੋਮਣੀ ਗੁ. ਪ੍ਰ. ਕਮੇਟੀ ਦੀ ਅੰਤਰਿੰਗ ਕਮੇਟੀ ਨੇ ਮਤਾ ਨੰ: 728 ਮਿਤੀ 6-5-1955 ਅਨੁਸਾਰ ਪ੍ਰਧਾਨ ਸਾਹਿਬ ਸ਼ਰੋਮਣੀ ਗੁ. ਪ੍ਰ. ਕਮੇਟੀ ਸ੍ਰੀਮਾਨ ਮਾਸਟਰ ਤਾਰਾ ਸਿੰਘ ਜੀ ਨੇ 20-10-1955 ਨੂੰ ਦਾਸਾਂ ਨੂੰ ਨਿਯਤ ਕੀਤਾ ਕਿ ਕਰਤਾਰਪੁਰ ਸਾਹਿਬ ਵਾਲੀ ਪਾਵਨ ਬੀੜ ਦੇ ਦਰਸ਼ਨ ਕਰ ਕੇ ਮੰਗਲਾ ਚਰਨਾਂ ਸੰਬੰਧੀ ਆਪਣੀ ਵਿਚਾਰ ਬਤੌਰ ਸਿਫ਼ਾਰਸ਼ ਪੇਸ਼ ਕਰੀਏ। ਸੋ, ਦਾਸਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਦੀ ਪਾਵਨ ਬੀੜ ਦੇ ਦਰਸ਼ਨ ਕੀਤੇ ਅਤੇ ਚੋਖਾ ਚਿਰ ਪੜਚੋਲ ਕੀਤੀ, ਜਿਸ ਦੁਆਰਾ ਦਾਸ ਇਸ ਨਤੀਜੇ ਉੱਤੇ ਪੁੱਜੇ ਕਿ ਸ੍ਰੀ ਕਰਤਾਰਪੁਰ ਸਾਹਿਬ ਵਾਲੀ ਪਾਵਨ ਬੀੜ ਵਿਚ ਮੰਗਲਾਚਰਨ ਨੂੰ ਰਾਗ ਦੇ ਸਿਰਲੇਖ ਨਾਲੋਂ ਹਰ ਥਾਂ ਪਹਿਲ ਦਿੱਤੀ ਗਈ ਹੈ ਅਤੇ ਇਸ ਬੀੜ ਦੇ ਅਨੁਕੂਲ ਇਹੀ ਗੱਲ ਹੈ, ਮੰਗਲਾਚਰਨ ਪਹਿਲਾਂ ਹੀ ਛਪਣ।”
(ਸਹੀ) ਬਾਵਾ ਹਰਕਿਸ਼ਨ ਸਿੰਘ, ਪ੍ਰਿੰਸੀਪਲ ਸਿੱਖ ਨੈਸ਼ਨਲ ਕਾਲਜ, ਕਾਦੀਆਂ ੨੯-੧੦-੫੬
(ਸਹੀ) ਸਾਹਿਬ ਸਿੰਘ, ਪ੍ਰਿੰਸੀਪਲ ਸ਼ਹੀਦ ਸਿੱਖ ਮਿਸ਼ਨਰੀ ਕਾਲਜ,
ਅੰਮ੍ਰਿਤਸਰ ੨੯-੧੦੫੬
(ਸਹੀ) ਹਰਨਾਮ ਸਿੰਘ ੮-੧੧੫੬
(ਕਿਤਾਬ ਮੇਰੀ ਜੀਵਨ ਕਹਾਣੀ ਵਿਚੋਂ ਪ੍ਰੋ ਸਾਹਿਬ ਸਿੰਘ)
ਨੋਟ : ਗੁਰਬਾਣੀ ਪਾਠ ਭੇਦਾਂ ਬਾਰੇ ਵਿਦਵਾਨਾਂ ਨੂੰ ਜ਼ਰੂਰ ਸਹਿਮਤੀ ਬਣਾਉਣੀ ਚਾਹੀਦੀ ਹੈ।
Posted By:
GURBHEJ SINGH ANANDPURI
Leave a Reply