ਜਥੇਦਾਰਾਂ ਦੀ ਤਬਦੀਲੀ ਮਨਜ਼ੂਰ ਨਹੀਂ, ਬਾਦਲਾਂ ਦੀ ਅੱਤ ਦਾ ਅੰਤ ਕਰੇਗਾ ਖ਼ਾਲਸਾ ਪੰਥ : ਫੈਡਰੇਸ਼ਨ ਭਿੰਡਰਾਂਵਾਲਾ

ਜਥੇਦਾਰਾਂ ਦੀ ਤਬਦੀਲੀ ਮਨਜ਼ੂਰ ਨਹੀਂ, ਬਾਦਲਾਂ ਦੀ ਅੱਤ ਦਾ ਅੰਤ ਕਰੇਗਾ ਖ਼ਾਲਸਾ ਪੰਥ : ਫੈਡਰੇਸ਼ਨ ਭਿੰਡਰਾਂਵਾਲਾ

ਅੰਮ੍ਰਿਤਸਰ, 9 ਮਾਰਚ ( ਜੁਗਰਾਜ ਸਿੰਘ ਸਰਹਾਲੀ )

ਸਿੱਖ ਪ੍ਰਚਾਰਕ, ਪੰਥਕ ਲੇਖਕ ਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਜਥੇਦਾਰੀ ਤੋਂ ਹਟਾ ਕੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਸੁਖਬੀਰ ਸਿੰਘ ਬਾਦਲ ਦੇ ਦਬਾਅ ਹੇਠ ਭਾਰੀ ਗ਼ੁਨਾਹ ਕੀਤਾ ਹੈ ਜੋ ਬਖ਼ਸ਼ਣਯੋਗ ਨਹੀਂ ਹੈ। ਇਸ ਤੋਂ ਪਹਿਲਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਵੀ ਜਥੇਦਾਰੀ ਖੋਹ ਕੇ ਬਦਸਲੂਕੀ ਕੀਤੀ ਗਈ ਸੀ। ਉਹਨਾਂ ਕਿਹਾ ਕਿ ਹੁਣ ਖ਼ਾਲਸਾ ਪੰਥ ਨੂੰ ਚੁੱਪ ਨਹੀਂ ਰਹਿਣਾ ਚਾਹੀਦਾ, ਹੁਣ ਬਾਦਲਕਿਆਂ ਦੀ ਸਿਆਸੀ ਮੌਤ ਦਾ ਅੰਤ ਬਿਲਕੁਲ ਨੇੜੇ ਹੈ ਕਿਉਂਕਿ ਬਾਦਲਕਿਆਂ ਨੇ ਸਿੱਖ ਪੰਥ ਦੀ ਪੱਗ ਨੂੰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੂਸੱਤਾ ਨੂੰ ਰੋਲਣ ਦੀ ਕੋਸ਼ਿਸ਼ ਕੀਤੀ ਹੈ। ਫੈਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਨਵੇਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਬਾਬਾ ਟੇਕ ਸਿੰਘ ਧਨੌਲਾ ਦੀ ਦਸਤਾਰਬੰਦੀ ਤੋਂ ਪਹਿਲਾਂ ਬਾਦਲ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਖ਼ਾਲਸਾ ਪੰਥ ਦੇ ਰੋਹ ਦਾ ਸ਼ਿਕਾਰ ਹੋਣਾ ਪਵੇਗਾ। ਉਹਨਾਂ ਕਿਹਾ ਕਿ ਗੁਰੂ ਕਾਲ ਤੋਂ ਚੱਲੀਆਂ ਆ ਰਹੀਆਂ ਸਮੁੱਚੀਆਂ ਸੰਪਰਦਾਵਾਂ, ਪੰਥਕ-ਖ਼ਾਲਿਸਤਾਨੀ ਜਥੇਬੰਦੀਆਂ ਤੇ ਸੰਸਥਾਂਵਾਂ ਨੂੰ ਚਾਹੀਦਾ ਹੈ ਕਿ ਉਹ ਸ਼੍ਰੋਮਣੀ ਕਮੇਟੀ ਨੂੰ ਕਟਹਿਰੇ ਵਿੱਚ ਖੜ੍ਹਾ ਕਰਨ ਤੇ ਅਜੋਕੇ ਮਹੰਤਾਂ ਬਾਦਲਕਿਆਂ ਨੂੰ ਗੁਰਧਾਮਾਂ ਵਿੱਚੋਂ ਬਾਹਰ ਕੱਢਣ ਤਾਂ ਜੋ ਪੰਥਪ੍ਰਸਤ ਗੁਰਸਿੱਖਾਂ ਦੇ ਹੱਥ ਸੇਵਾ ਆ ਸਕੇ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਉਹਨਾਂ ਨਿਹੰਗ ਸਿੰਘ ਸੰਪਰਦਾਵਾਂ, ਦਮਦਮੀ ਟਕਸਾਲ ਤੇ ਹੋਰ ਜਥੇਬੰਦੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਹ ਐਲਾਨ ਕੀਤਾ ਹੈ ਕਿ ਉਹ ਨਵੇਂ ਜਥੇਦਾਰਾਂ ਦੀ ਤਾਜਪੋਸ਼ੀ ਨਹੀਂ ਹੋਣ ਦੇਣਗੇ ਤੇ ਸ਼੍ਰੋਮਣੀ ਕਮੇਟੀ ਦਾ ਜ਼ਬਰਦਸਤ ਵਿਰੋਧ ਕਰਨਗੇ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਪੰਥ ਨੂੰ ਜਾਗਣ ਦੀ ਲੋੜ ਹੈ, ਜਥੇਦਾਰਾਂ ਦੀ ਤਬਦੀਲੀ ਮਨਜ਼ੂਰ ਨਹੀਂ, ਬਾਦਲਕਿਆਂ ਦੀ ਅੱਤ ਦਾ ਅੰਤ ਹੁਣ ਖ਼ਾਲਸਾ ਪੰਥ ਕਰੇਗਾ।