ਸੰਤ ਭਿੰਡਰਾਂਵਾਲਿਆਂ ਦੀ ਸੋਚ, ਖ਼ਾਲਿਸਤਾਨੀ ਸੰਘਰਸ਼ ਤੇ ਹੋਰ ਮੁੱਦਿਆਂ 'ਤੇ ਨਵੀਂ ਪੀੜੀ ਨੇ ਸਾਂਭੇ ਮੋਰਚੇ

ਸੰਤ ਭਿੰਡਰਾਂਵਾਲਿਆਂ ਦੀ ਸੋਚ, ਖ਼ਾਲਿਸਤਾਨੀ ਸੰਘਰਸ਼ ਤੇ ਹੋਰ ਮੁੱਦਿਆਂ 'ਤੇ ਨਵੀਂ ਪੀੜੀ ਨੇ ਸਾਂਭੇ ਮੋਰਚੇ

ਸੰਤ ਭਿੰਡਰਾਂਵਾਲਿਆਂ ਦੀ ਸੋਚ, ਖ਼ਾਲਿਸਤਾਨੀ ਸੰਘਰਸ਼ ਤੇ ਹੋਰ ਮੁੱਦਿਆਂ 'ਤੇ ਨਵੀਂ ਪੀੜੀ ਨੇ ਸਾਂਭੇ ਮੋਰਚੇ

ਭਾਰਤੀ ਟੀ.ਵੀ. ਚੈੱਨਲਾਂ 'ਤੇ ਜਦੋਂ ਸਿੱਖ ਮਸਲਿਆਂ 'ਤੇ ਚਰਚਾ ਹੁੰਦੀ ਹੈ ਤਾਂ ਹਮੇਸ਼ਾਂ ਓਹੀ ਸਿੱਖ ਬੁਲਾਏ ਜਾਂਦੇ ਹਨ ਜਿਨ੍ਹਾਂ ਨੂੰ ਕੇਸਾਧਾਰੀ ਹਿੰਦੂ ਕਹਿਣਾ ਜ਼ਿਆਦਾ ਜਾਇਜ਼ ਹੈ। ਹਾਲ ਐਨਾ ਮਾੜਾ ਹੈ ਕਿ ਪੰਥਕ ਸਫ਼ਾਂ 'ਚ ਵਿਚਰਦੇ ਰਹੇ ਕਈ 'ਸਿੰਘ' ਵੀ ਇਨ੍ਹਾਂ ਚੈੱਨਲਾਂ 'ਤੇ ਬੋਲਣ ਮੌਕੇ ਪੰਥ ਦਾ ਪੱਖ ਰੱਖਣ ਵਾਲੇ ਬੁਲਾਰੇ ਬਣਨ ਤੋਂ ਬੱਚਦੇ ਜਿਹੇ ਰਹਿੰਦੇ ਨੇ। ਪਤਾ ਨਹੀਂ ਕੀ ਹੀਣਤਾ ਆ ਗਈ ਹੈ ਕਿ ਚੈਨਲਾਂ 'ਤੇ ਜਾ ਕੇ ਹਿੰਦੂਆਂ ਤੇ ਹਿੰਦੁਸਤਾਨ ਦਾ ਫ਼ਿਕਰ ਪਿਆ ਰਹਿੰਦਾ ਤੇ ਕੌਮ ਦਾ ਫ਼ਿਕਰ ਨਹੀਂ ਰਹਿੰਦਾ। ਇਹ ਲੋਕ ਸ਼ਰੇਆਮ ਹਿੰਦੂਆਂ ਦੀ ਹਮਾਇਤ ਵਿੱਚ ਭੁਗਤ ਰਹੇ ਹੁੰਦੇ ਨੇ, ਪਰ ਦਰਸਾਉਣਗੇ ਇਉਂ ਕਿ ਅਸੀਂ ਤਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ, ਅਸੀ ਤਾਂ ਇਸ ਮੁਲਕ ਦੇ ਪੂਰੇ ਤਾਬਿਆਦਾਰ ਹਾਂ। ਜਿਵੇਂ ਸਿੱਖ ਧਰਮ ਦਾ ਪੱਖ ਲੈਣ ਵਾਲੇ ਦੂਜੇ ਧਰਮਾਂ ਦਾ ਦੁਸ਼ਮਣ ਹੋਵੇ ਤੇ ਭਾਰਤ ਦਾ ਵੈਰੀ ਹੋਵੇ। ਜਦ ਹਿੰਦੂਆਂ ਨੂੰ ਇਹੋ ਜਿਹੇ ਸਿੱਖ ਆਪ ਦੇ ਪੱਖ ਵਿੱਚ ਬੋਲਦੇ ਦਿਸਦੇ ਨੇ, ਓਹ ਹੋਰ ਵੱਧ ਬੁੜਕਦੇ ਨੇ। ਪਿਛਲੇ ਲੰਮੇ ਅਰਸੇ ਤੋਂ ਇਹੋ ਜਿਹੇ ਸਿੱਖਾਂ ਨੂੰ ਮੈਂ ਕਹਿੰਦਾ ਰਿਹਾ ਹਾਂ ਕਿ "ਜਦ ਚੈੱਨਲਾਂ ਉੱਤੇ ਤੁਸੀਂ ਸਿੱਖ ਕੌਮ ਦਾ ਸਹੀ ਪੱਖ ਰੱਖਣ ਜੋਗੇ ਹੀ ਨਹੀ ਤਾਂ ਓਥੇ ਸਿੱਖ ਨੁਮਾਇੰਦੇ ਦੇ ਤੌਰ 'ਤੇ ਜਾਂਦੇ ਹੀ ਕਿਉਂ ਹੋ ? ਸਾਫ਼ ਕਿਹਾ ਕਰੋ ਕਿ ਮੈਂ ਸਿੱਖ ਕੌਮ ਦਾ ਨੁਮਾਇੰਦਾ ਨਹੀਂ, ਮੈ ਤਾਂ ਹਿੰਦੂਆਂ ਦੇ ਸਹਿਯੋਗੀ ਵਜੋਂ ਹਾਜ਼ਰ ਹੋਇਆ ਆਂ।"

ਪਰ ਸ਼ੁਕਰ ਹੈ ਕਿ ਸਾਡੀ ਨਵੀਂ ਪੀੜ੍ਹੀ ਨੂੰ ਇਹ ਬਿਮਾਰੀ ਨਹੀਂ। ਭਾਈ ਪਰਮਜੀਤ ਸਿੰਘ ਮੰਡ (ਕਾਰਜਕਾਰੀ ਪ੍ਰਧਾਨ ਦਲ ਖ਼ਾਲਸਾ) ਅਤੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ (ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) ਤੇ ਹੋਰ ਸਿੱਖ ਨੌਜਵਾਨ ਮਾਤਾ ਦਾ ਮਾਲ ਬਣਨ ਤੋਂ ਇਨਕਾਰ ਕਰਕੇ ਕਲਗੀਧਰ ਦੇ ਲਾਲ ਵਜੋਂ ਭਾਰਤੀ ਚੈੱਨਲਾਂ ਉੱਤੇ ਗੱਜ-ਵੱਜ ਕੇ ਬੋਲਦੇ ਹਨ। ਯਕੀਨਨ ਮਾਤਾ ਦੇ ਮਾਲ ਬਣੇ ਕੇਸਾਧਾਰੀ ਹਿੰਦੂਆਂ ਵਰਗੇ ਸਿੱਖਾਂ ਨੂੰ ਇਨ੍ਹਾਂ ਦੇ ਇਉਂ ਸਿੱਖ ਕੌਮ ਦੇ ਪੱਖ ਪੇਸ਼ ਕਰਦਿਆਂ ਦੇਖ ਕੇ ਤਕਲੀਫ਼ ਹੋ ਰਹੀ ਹੈ। ਕੇਸਾਧਾਰੀ ਹਿੰਦੂਆਂ ਨੂੰ ਆਪ ਦੀ ਹੀਣਤਾ ਅਤੇ ਆਤਮਿਕ ਕਮਜ਼ੋਰੀ ਦਾ ਅਹਿਸਾਸ ਹੁਣ ਹੋਰ ਵੀ ਵੱਧ ਹੋ ਰਿਹਾ ਹੋਵੇਗਾ ਕਿਉਂਕਿ ਸਹੀ, ਸੱਚੀ ਤੇ ਠੋਸ ਗੱਲ ਕਰਨ ਵਾਲੇ ਇਹ ਸਿੰਘ ਬੇਧੜਕ ਹੋ ਕੇ ਆਪ ਦੀ ਗੱਲ ਕਰਦੇ ਹਨ।

ਕੇ.ਪੀ. ਐਸ ਗਿੱਲ ਦੇ ਥੱਪੜ ਮਾਰਨ ਵਾਲੇ ਜੁਝਾਰੂ ਭਾਈ ਕੰਵਰ ਸਿੰਘ ਧਾਮੀ ਜਦ ਜ਼ਿੰਦਗੀ ਵਿੱਚ ਪਹਿਲੀ ਵਾਰ ਮੈਨੂੰ ਮਿਲੇ ਤਾਂ ਜੱਫੀ ਵਿੱਚ ਲੈਕੇ ਕਹਿੰਦੇ, "ਘੁਮਾਣ! ਜਦ ਅਸੀਂ ਤੇਰੇ ਵਰਗੇ ਕਾਲੇ ਦਾਹੜੇ ਵਾਲ਼ੇ ਨੌਜਵਾਨਾ ਨੂੰ ਸੰਘਰਸ਼ ਵਿੱਚ ਦੇਖਦੇ ਹਾਂ, ਦਿਲ ਨੂੰ ਤਸੱਲੀ ਹੁੰਦੀ ਹੈ ਕਿ ਸਾਥੋਂ ਬਾਅਦ ਕੌਮ ਦੇ ਝੰਡਾ ਚੁੱਕਣ ਵਾਲੇ ਆ ਰਹੇ ਹਨ। ਹੁਣ ਸੰਘਰਸ਼ ਵਿਚ ਸ਼ਾਮਲ ਰਹੇ ਸਾਡੇ ਵਰਗੇ ਪਹਿਲੀ ਪੀੜ੍ਹੀ ਦੇ ਸਿੰਘ ਜਦ ਵਡੇਰੀ ਉਮਰ ਵਿੱਚ ਪਹਿਲਾਂ ਵਾਂਗ ਸਰਗਰਮ ਨਹੀਂ ਕਰ ਸਕਦੇ ਤਾਂ ਸਾਨੂੰ ਵਧੀਆ ਲੱਗਦਾ ਕਿ ਅਗਲੀ ਪੀੜੀ ਫ਼ਰਜ਼ ਸਾਂਭੇਗੀ।"

ਜਦ ਲਾਹੌਰ ਵਿੱਚ ਮੈਂ ਭਾਅਜੀ ਗਜਿੰਦਰ ਸਿੰਘ ਹਾਈਜੈਕਰ ਨੂੰ ਮਿਲਿਆ ਤਾਂ ਉਨ੍ਹਾਂ ਨੇ ਵੀ ਕਿਹਾ ਸੀ ਕਿ ਨੌਜਵਾਨ ਸ਼ਕਤੀ ਨੂੰ ਕੌਮ ਦੇ ਫਰਜ਼ ਨਿਭਾਉਣ ਲਈ ਅੱਗੇ ਆਉਣਾ ਚਾਹੀਦਾ, ਇਸ ਪਾਸੇ ਧਿਆਨ ਦੇਵੋ। ਜੁਝਾਰੂ-ਜਰਨੈਲ ਭਾਈ ਦਲਜੀਤ ਸਿੰਘ ਬਿੱਟੂ, ਭਾਈ ਨਰਾਇਣ ਸਿੰਘ ਚੌੜਾ, ਭਾਈ ਗਿਆਨ ਸਿੰਘ ਲੀਲ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਮਨਜਿੰਦਰ ਸਿੰਘ ਈਸੀ, ਭਾਈ ਕੁਲਬੀਰ ਸਿੰਘ ਬੜਾਪਿੰਡ, ਭਾਈ ਦਇਆ ਸਿੰਘ ਲਾਹੌਰੀਆ, ਭਾਈ ਹਰਨੇਕ ਸਿੰਘ ਭੱਪ ਸਮੇਤ ਹੋਰ ਬੇਅੰਤ ਸਿੰਘ ਨੇ ਜਿਨ੍ਹਾਂ ਨੇ ਹਮੇਸ਼ਾਂ ਸਿੱਖ ਜਵਾਨੀ ਦੀ ਨਵੀਂ ਪਰਤ ਨੂੰ ਕੌਮ ਦੀ ਸੇਵਾ ਵਿੱਚ ਦੇਖਣਾ ਚਾਹਿਆ।

ਸਿੱਖ ਸੰਘਰਸ਼ ਵਿੱਚ ਸਰਗਰਮ ਰਹੇ ਤੇ ਹੁਣ ਵਡੇਰੀ ਉਮਰ ਵਿੱਚ ਸ. ਸਤਨਾਮ ਸਿੰਘ ਪਾਉਂਟਾ ਸਾਹਿਬ ਵਰਗੇ ਸਾਰੇ ਹੀ ਸਿੰਘ ਸਮਝਦੇ ਹਨ ਕਿ ਅਗਲੀ ਪੀੜ੍ਹੀ ਮੋਰਚੇ ਸੰਭਾਲੇ ਤੇ ਮੌਜੂਦਾ ਦੌਰ ਦੇ ਹਿਸਾਬ ਨਾਲ ਗੱਲ ਤੋਰੇ। ਸਾਰੇ ਹੀ ਕਹਿੰਦੇ ਨੇ ਕਿ ਸੰਘਰਸ਼ ਦੇ ਜੋ ਪੈਂਤੜੇ ਅਸੀਂ ਆਪ ਦੇ ਵੇਲੇ ਅਪਣਾਏ ਓਹ ਜ਼ਰੂਰੀ ਨਹੀਂ ਕਿ ਹੁਣ ਵਾਲੇ ਨੌਜਵਾਨ ਵੀ ਓਹੀ ਅਪਣਾਉਣ, ਹੁਣ ਹਾਲਾਤ ਤੇ ਮਹੌਲ ਹੋਰ ਹੈ।

ਮੈਂ ਦਲ ਖਾਲਸਾ ਦੇ ਸੀਨੀਅਰ ਆਗੂ ਭਾਈ ਕੰਵਰਪਾਲ ਸਿੰਘ ਬਿੱਟੂ ਨੂੰ ਨਵੇਂ ਨੌਜਵਾਨਾਂ ਨੂੰ ਉਤਸ਼ਾਹਿਤ ਕਰਦਿਆਂ ਹੀ ਦੇਖਿਆ ਹੈ। ਮੇਰਾ ਮੰਨਣਾ ਹੈ ਕਿ ਕੌਮੀ ਫ਼ਰਜ਼ ਨਿਭਾਉਣ ਵਾਲੇ ਸਿੱਖ ਨੌਜਵਾਨ ਜਦ ਪਹਿਲਾਂ ਸਰਗਰਮ ਰਹੇ ਸਿੰਘਾਂ ਨਾਲ ਤਾਲਮੇਲ ਕਾਇਮ ਕਰਕੇ ਹੁਣ ਦੇ ਹਿਸਾਬ ਨਾਲ ਸਰਗਰਮ ਹੋਣਗੇ ਤਾਂ ਲਾਜ਼ਮੀ ਨਤੀਜਾ ਸਾਰਥਕ ਨਿਕਲਣਗੇ। ਬੜਾ ਵਧੀਆ ਲੱਗਦਾ ਹੈ ਜਦ ਸ. ਪਰਮਜੀਤ ਸਿੰਘ ਮੰਡ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵਰਗੇ ਟੀ.ਵੀ. ਚੈੱਨਲਾਂ ਉੱਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ, ਖ਼ਾਲਿਸਤਾਨ ਅਤੇ ਹਰ ਮਸਲੇ ਉੱਤੇ ਸਪੱਸ਼ਟ ਗੱਲ ਕਰਦੇ ਹਨ। ਜਿਹੜੇ ਵਿਚਾਰੇ ਡਰੇ ਰਹਿੰਦੇ ਸੀ ਕਿ ਸੰਤ ਭਿੰਡਰਾਂਵਾਲਿਆਂ ਤੇ ਖ਼ਾਲਿਸਤਾਨ ਦੀ ਹਮਾਇਤ ਕਰਨ ਨਾਲ ਕਿਤੇ ਹਿੰਦੂ ਨਾਰਾਜ਼ ਨਾ ਹੋ ਜਾਣ, ਉਹ ਬੜੇ ਹੱਕੇ ਬੱਕੇ ਰਹਿ ਜਾਂਦੇ ਨੇ। ਇਹ ਨੌਜਵਾਨ ਉਲਟਾ ਹਿੰਦੂਆਂ ਨੂੰ ਮੂਹਰਿਓਂ ਘੇਰ ਲੈਂਦੇ ਹਨ ਨੇ ਕਿ ਤੈਨੂੰ ਨਾ ਸੰਤ ਭਿੰਡਰਾਂਵਾਲਿਆ ਬਾਰੇ ਕੱਖ ਪਤਾ, ਨਾ ਖ਼ਾਲਿਸਤਾਨ ਦਾ।

ਹੁਣ ਜਦ ਮੇਰਾ ਆਪ ਦਾ ਦਾਹੜੇ ਸਫੈਦ ਹੋਣ ਲੱਗ ਪਿਆ ਹੈ ਤਾਂ ਕਾਲੇ ਦਾਹੜੇ ਵਾਲੇ ਉਹਨਾਂ ਨੌਜਵਾਨਾਂ ਨੂੰ ਮੋਰਚਾ ਸਾਂਭਦਿਆਂ ਦੇਖ ਕੇ ਤਸੱਲੀ ਹੁੰਦੀ ਹੈ, ਜਿਹੜੇ ਕਦੇ ਕਦੇ ਸਾਡੇ ਵਰਗਿਆਂ ਦੀ ਸਲਾਹ ਵੀ ਲੈ ਲੈਂਦੇ ਨੇ। ਜਿਹੜੇ ਸਾਡੇ ਵਰਗਿਆਂ ਦੀ ਬੇਕਦਰੀ ਕਰਕੇ ਕਿਸੇ ਹੋਰ ਤੋਂ ਸਲਾਹ ਲੈ ਕੇ ਪੰਥਕ ਪਿੜ ਵਿੱਚ ਸਰਗਰਮ ਹਨ ਉਨ੍ਹਾਂ ਨੂੰ ਉਹ ਚੰਗੇ ਲੱਗਣਗੇ। ਪਰ ਨਵੀਂ ਪੀੜੀ ਦਾ ਸਰਗਰਮ ਹੋਣਾ ਵਧੀਆ ਗੱਲ ਹੈ। ਇਸ ਨਵੇਂ ਰੁਝਾਨ ਨੂੰ 'ਜੀ ਆਇਆਂ' ਕਹਿਣਾ ਬਣਦਾ ਹੈ।


- ਸਰਬਜੀਤ ਸਿੰਘ ਘੁਮਾਣ

(ਖ਼ਾਲਿਸਤਾਨੀ ਚਿੰਤਕ)