ਅਜਾਦ ਹਿੰਦ ਫੌਜ ਦੇ ਖੁਫੀਆ ਵਿੰਗ ਦੇ ਅਨਜਾਣੇ ਸ਼ਹੀਦ ਫੌਜਾ ਸਿੰਘ ,ਮਰਹਾਣਾ,ਪੰਜਾਬ
- ਗੁਰਬਾਣੀ-ਇਤਿਹਾਸ
- 11 Sep,2025

ਅਜਾਦ ਹਿੰਦ ਫੌਜ ਦੇ ਖੁਫੀਆ ਵਿੰਗ ਦੇ ਅਨਜਾਣੇ ਸ਼ਹੀਦ ਫੌਜਾ ਸਿੰਘ ,ਮਰਹਾਣਾ,ਪੰਜਾਬ
ਸ਼ਹਾਦਤ 10 ਸਤੰਬਰ 1943
ਭਾਰਤ ਦੇਸ਼ ਦੇ ਗਲੋਂ ਅੰਗਰੇਜਾਂ ਦੀ ਗੁਲਾਮੀ ਦਾ ਜਾਲ ਲਾਹੁਣ ਲਈ ਅਨੇਕਾਂ ਹੀ ਸੂਰਬੀਰਾਂ ਨੇ ਅਸਹਿ ਕਸ਼ਟ ਹੋਏ ਕਰਬਾਨੀਆਂ ਕੀਤੀਆਂ ,ਜਿਨਾਂ ਵਿੱਚ ਬਹੁ ਗਿਣਤੀ ਪੰਜਾਬੀਆਂ ਦੀ ਸੀ ।ਪੰਜਾਬ ਦਾ ਕੋਈ ਟਾਂਵਾਂ ਹੀ ਪਿੰਡ ਜਾਂ ਸ਼ਹਿਰ ਹੋਵੇਗਾ ਜਿਸਦੇ ਵਸਨੀਕਾਂ ਨੇ ਇਸ ਸੰਘਰਸ਼ ਵਿੱਚ ਹਿੱਸਾ ਨਾ ਲਿਆ ਹੋਵੇ। ਪੰਜਾਬੀ ਦੇਸ਼ ਭਗਤਾਂ ਵਿੱਚ ਕੁਰਬਾਨੀਆਂ ਵਿੱਚ ਸਭ ਤੋਂ ਵੱਧ ਗਿਣਤੀ ਦੇ ਮਾਝੇ ਦੇ ਪਿੰਡਾਂ ਵਿੱਚ ਰਹਿਣ ਵਾਲਿਆਂ ਦੀ ਹੈ। ਜਿਲ੍ਹਾ ਤਰਨਤਾਰਨ ਦੇ ਪਿੰਡ ਚੋਹਲਾ ਸਾਹਿਬ ਦੇ ਗਦਰੀ ਬਾਬਾ ਸੱਚਾ ਸਿੰਘ ਸਮੇਤ 40 ਦੇਸ਼ ਭਗਤਾਂ ਨੇ, ਦਦੇਹਰ ਸਾਹਿਬ ਦੇ ਗਦਰੀ ਬਾਬਾ ਵਿਸਾਖਾ ਸਿੰਘ ਤੇ ਸ਼ਹੀਦ ਸਾਧੂ ਸਿੰਘ ( 21ਨੰ.ਰਸਾਲਾ) ਸਮੇਤ 15, ਨੌਸ਼ਹਿਰਾ ਪਨੂੰਆ ਦੇ ਸ਼ਹੀਦ ਤੇਜਾ ਸਿੰਘ(ਆਈ ਐਨ ਏ) ਤੇ ਸ਼ਹੀਦ ਪ੍ਰਿਥੀਪਾਲ ਸਿੰਘ ਅਤੇ ਗਦਰੀ ਬਾਬਾ ਜਿੰਦਰ ਸਿੰਘ ਦੁਧਾਧਾਰੀ ਸਮੇਤ 50 ਦੇ ਲੱਗਭੱਗ ਸੂਰਬੀਰ ,ਢੋਟੀਆਂ ,ਰੂੜੀਵਾਲਾ ਆਦਿ ਪਿੰਡਾਂ ਦੇ ਦਰਜਨਾਂ ਦੇਸ਼ ਪ੍ਰੇਮੀਆਂ ਨੇ ਅਨੇਕਾਂ ਤਸੀਹੇ ਝੱਲੇ। ਇਹੋ ਜਿਹਾ ਹੀ ਪਿੰਡ ਹੈ ਮਰਹਾਣਾ।ਇਸ ਪਿੰਡ ਨੂੰ ਅਜਾਦੀ ਘੁਲਾਟੀਆਂ ਦੀ ਖਾਣ ਵੀ ਕਿਹਾ ਜਾ ਸਕਦਾ ਹੈ।ਇਸ ਦਾ ਕਾਰਨ ਹੈ ਕਿ ਇਸ ਪਿੰਡ ਦੇ 40 ਤੁੋਂ ਵੱਧ
ਸੂਰਬੀਰਾਂ ਨੇ 1900 ਤੋਂ ਲੈ ਕੇ 1947 ਈ.ਤੱਕ ਦੇਸ਼ ਦੀ ਅਜਾਦੀ ਸੰਬੰਧੀ ਚੱਲ਼ੀਆਂ ਵੱਖ-2 ਲਹਿਰਾਂ ਵਿੱਚ ਹਿੱਸਾ ਲੈਂਦਿਆ ਕਾਲੇ ਪਾਣੀ ਜੇਲਾਂ ਦੇ ਕਸ਼ਟ ਸਹਾਰੇ ਪੁਲਿਸ ਤਸ਼ੱਸਦ ਝੱਲੇ ,ਗੋਲੀਆਂ ਖਾਧੀਆਂ ,ਜਾਇਦਾਦਾਂ ਕੁਰਕ ਕਰਵਾਈਆਂ ।ਕੂਕਾ ਲਹਿਰ ਦੇ ਭ. ਭਗਵਾਨ ਸਿੰਘ ,ਅੰਡੇਮਾਨ ਦੀ ਕਾਲੇ ਪਾਣੀ ਜੇਲ ਵਿੱਚ ਜੇਲ ਕਸ਼ਟਾਂ ਨਾਲ ਸ਼ਹੀਦ ਹੋਣ ਵਾਲਿਆਂ ਚ ਗਦਰੀ ਭਾਈ ਕੇਹਰ ਸਿੰਘ ਗੁਰੁ ਕੇ ਬਾਗ ਮੋਰਚੇ ਦੇ ਤੀਜੇ ਜਥੇ ਦੇ ਆਗੂ ਜਥੇਦਾਰ ਚੰਨਣ ਸਿੰਘ ਅਤੇ ਅਜਾਦ ਹਿੰਦ ਫੌਜ ਦੇ ਪਹਿਲੇ 5 ਜੰਗਜੂ ਜਿਹੜੇ ਮਲਾਇਆ ਤੋਂ ਗੁਪਤ ਰੂਪ ਭਾਰਤ ਅਜਾਦੀ ਸੰਘਰਸ਼ ਕਰਨ ਆਏ ਸਨ ਅਤੇ ਜਿਹਨਾਂ ਨੂੰ ਅੰਗਰੇਜ ਸਰਕਾਰ ਨੇ 10 ਸਤੰਬਰ 1943 ਦੀ ਸਵੇਰ ਨੂੰ ਮਦਰਾਸ ਜੇਲ ਵਿੱਚ ਫਾਂਸੀ ਦਿੱਤੀ ਉਹਨਾਂ ਚੋਂ ਇੱਕ ਸ.ਫੌਜਾ ਸਿੰਘ ਵੀ ਇਸ ਪਿੰਡ ਵਿੱਚ ਹੀ ਜੰਮੇਪਲੇ ਸਨ।
ਇਥੇ ਅਸੀਂ ਅਣਗੌਲੇ ਸ਼ਹੀਦ ਫੌਜਾਸਿੰਘ ਦੀ ਕੁਰਬਾਨੀ ਬਾਰੇ ਸਾਂਝ ਕਰਾਂਗੇ।
ਸ਼ਹੀਦ ਫੋਜਾ ਸਿੰਘ ਦਾ ਜਨਮ 1920ਈ. ਨੂੰ ਪਿੰਡ ਮਰਹਾਣਾ , ਤਰਨਤਾਰਨ ਵਿੱਚ ਇੱਕ ਆਮ ਕਿਸਾਨ ਸ. ਬੇਅੰਤ ਸਿੰਘ ਦੇ ਘਰਹੋਇਆ ਉਹਨਾਂ ਨੂੰ ਦੇਸ਼ ਭਗਤੀ ਦੀ ਲਗਨ ਆਪਣੇ ਪਿੰਡ ਦੇ ਗਦਰੀ ਦੇਸ਼ ਭਗਤਾਂ ਬਾਬਾ ਈਸਰ ਸਿੰਘ ,ਕੇਹਰ ਸਿੰਘ,ਸੋਭਾ
ਸਿੰਘ, ਚੰਨਣ ਸਿੰਘ ਆਦਿ ਦੀਆਂ ਕੁਰਬਾਨੀਆਂ ਨਾਲ ਜਵਾਨੀ ਚ ਹੀ ਲੱਗ ਗਈ ਸੀ। ਚੜਦੀ ਜਵਾਨੀ ਚ ਆਪ ਚੰਗੇ ਭਵਿੱਖ
ਦੀ ਤਲਾਸ਼ ਵਿੱਚ ਮਲਾਇਆ ਚਲੇ ਗਏ ਸਨ। ਇਥੇ ਹੀ ਆਪ ਦਾ ਮੇਲ ਗਿਆਨੀ ਪ੍ਰੀਤਮ ਸਿੰਘ ਵਰਗੇ ਦੇਸ਼ ਭਗਤਾਂ ਨਾਲ
ਹੋਇਆਂ ਤੇ ਆਪ ਨੇ ਦੇਸ਼ ਦੀ ਅਜਾਦੀ ਸੰਬੰਧੀ ਸਰਗਰਮੀਆ ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ।
ਦਰਅਸਲ ਦੂਜੇ ਵਿਸ਼ਵ ਯੁੱਧ ਦੇ ਦੌਰਾਨ 1942 ਦੇ ਆਰੰਭ ਵਿੱਚ ਜਪਾਨ ਨੇ ਦੱਖਣ ਪੂਰਬੀ ਏਸ਼ੀਆ ਵਿੱਚੋਂ ਬ੍ਰਿਟਿਸ਼, ਫ੍ਰੈਂਚ ਅਤੇ ਡੱਚ ਬਸਤੀਵਾਦੀ ਸ਼ਕਤੀਆਂ ਨੂੰ ਕੱਢ ਕੇ ਆਪਣੇ ਅਧਿਕਾਰ ਖੇਤਰ ਵਿੱਚ ਕਰ ਲਿਆ ਸੀ।ਦੱਖਣ ਪੂਰਬੀ ਏਸ਼ੀਆ ਇੱਕ ਅਜਿਹਾ ਖਿਤਾ ਸੀ ਜਿਥੇ ਭਾਰਤੀ ਨੋਜਵਾਨ ਜਿਹਨਾਂ ਚ ਬਹੁਗਿਣਤੀ ਪੰਜਾਬੀਆਂ ਦੀ ਸੀ, ਚੰਗੀ ਰੋਜੀ ਰੋਟੀ ਦੀ ਕਮਾਉਣ ਚਲੇ ਗਏ ਸਨ। ਵਿਸ਼ਵ ਯੁੱਧ ਚੱਲ ਰਿਹਾ ਸੀ ਅਤੇ ਜਪਾਨ ਇੱਕ ਸ਼ਕਤੀ ਵੱਜੋਂ ਉਭਰਿਆ ਸੀ।ਜਪਾਨੀਆਂ ਵੱਲੋ ਨਾਅਰਾ ਦਿੱਤਾ ਗਿਆ ਕਿ 'ਏਸ਼ੀਆ ਫਾਰ ਏਸ਼ੀਅਨਜ ਅਤੇ ਭਾਰਤ ਨੂੰ ਸੁਤੰਤਰ ਰਾਸ਼ਟਰ ਮੰਨਣ ਦਾ ਵਾਅਦਾ ਵੀ ਕੀਤਾ ਅਤੇ ਕਿਹਾ ਗਿਆ ਕਿ ਜਪਾਨ ਚਾਹੰਦਾ ਹੈ ਕਿ ਭਾਰਤ ਅਜਾਦ ਹੋਵੇ।ਇਹਨਾਂ ਐਲਾਨਾਂ ਨੇ ਬਹੁਤ ਸਾਰੇ ਭਾਰਤੀ ਨੌਜਵਾਨ ਜੋ ਦੇਸ਼ ਦੀ ਅਜਾਦੀ ਚਾਹੰਦੇ ਸਨ ਨੂੰ ਪ੍ਰਭਾਵਤ ਕੀਤਾ ਅਤੇ ਉਹ ਇੰਡੀਅਨ ਇੰਡੀਪੈਂਡਸ ਲੀਗ ਵਿੱਚ ਸ਼ਾਮਲ ਹੋ ਗਏ । ਇਹ ਲੀਗ ਦੱਖਣ ਪੂਰਬੀ ਏਸ਼ੀਆ ਵਿੱਚ ਭਾਰਤੀਆਂ ਵੱਲੋਂ ਬਣਾਈ ਗਈ ਇੱਕ ਰਾਜਨੀਤਕ ਸੰਸਥਾ ਸੀ ਜੋ ਭਾਰਤ ਦੀ ਅਜਾਦੀ ਲਈ 1928 ਤੋਂ ਹੀ ਸੰਘਰਸ਼ ਕਰ ਰਹੀ ਸੀ।ਇਸ ਦੀ ਸਥਾਪਨਾ 1915 ਦੀ ਗਦਰ ਲਹਿਰ ਦੇ ਆਗੂ ਰਾਸ ਬਿਹਾਰੀ ਬੋਸ ਅਤੇ ਗਿਆਨੀ ਪ੍ਰੀਤਮ ਸਿੰਘ ਦੁਆਰਾ ਕੀਤੀ ਗਈ ਸੀ।ਸ. ਫੌਜਾ ਸਿੰਘ ਮਰਹਾਣਾ ਵੀ ਇੰਡੀਅਨ ਇੰਡੀਪੈਂਡਸ ਲੀਗ ਵਿੱਚ ਸ਼ਾਮਿਲ ਸਨ ।
1943 ਵਿੱਚ ਸੁਭਾਸ਼ ਚੰਦਰ ਬੋਸ ਦੀ ਅਗਵਾਈ ਵਿੱਚ ਆਉਣ ਤੋਂ ਪਹਿਲਾਂ ਇੰਡੀਅਨ ਨੈਸ਼ਨਲ ਆਰਮੀ ਜਿਸਦੀ ਸ਼ੁਰੂਆਤ ਜਰਨਲ ਸ.ਮੋਹਨ ਸ਼ਿੰਘ ਦੁਆਰਾ ਅਪਰੈਲ 1942 ਚ ਕੀਤੀ ਗਈ ਸੀ ਜੋ ਇੰਡੀਅਨ ਇੰਡੀਪੈਂਡਸ ਲੀਗ ਦਾ ਇੱਕ ਹਥਿਆਰਬੰਦ ਵਿੰਗ ਸੀ ਲ਼ੀਗ ਨੇ ਨੌਜਵਾਨਾਂ ਨੂੰ ਭਰਤੀ ਕਰਕੇ ਗਰੱਪਾਂ ਵਿੱਚ ਭਾਰਤ ਭੇਜਣ ਦਾ ਫੈਸਲਾ ਕੀਤਾ ਤਾਂ ਕਿ ਦੇਸ਼ ਅੰਦਰ ਅਸਹਿਯੋਗ ਅੰਦੋਲਨ ਨਾਲ ਜੋ ਭਾਰਤੀਆਂ ਚ ਜਾਗਰਿਤੀ ਆਈ ਹੈ ਉਸ ਨੂੰ ਦੇਸ਼ ਦੀ ਅਜਾਦੀ ਲਹਿਰ ਲਈ ਸੰਗਠਿਤ ਕੀਤਾ ਜਾ ਸਕੇ।ਇਸੇ ਯੋਜਨਾ ਤਹਿਤ 50 ਨੌਜਵਾਨਾਂ ਦੇ ਪਹਿਲੇ ਗਰੁੱਪ ਨੂੰ ਲੀਗ ਦੇ ਇੰਡੀਅਨ ਸਵਰਾਜ ਇੰਸਟੀਚਿਊਟ ਪੀਨਾਂਗ (ਅਜੋਕਾ ਪੀਨਾਂਗ ਅਜਾਇਬ ਘਰ) ਵਿੱਚ ਜਪਾਨੀ ਟ੍ਰੇਨਰਾਂ ਵੱਲੋਂ ਸਿਖਲਾਈ ਦਿੱਤੀ ਗਈ।
ਇਹਨਾਂ 50 ਸਿਖਿਅਕ ਨੌਜਵਾਨਾਂ ਚੋਂ 20 ਜਣਿਆਂ ਨੂੰ ਸਤੰਬਰ ਦੇ ਅਖੀਰ ਤੋਂ ਅਕਤੂਬਰ ਦੇ ਅੰਤ ਦੇ ਦਰਮਿਆਨ ਪੀਨਾਂਗ ਤੋਂਤਿੰਨ ਗਰੁੱਪਾਂ ਵਿੱਚ ਭਾਰਤ ਭੇਜਿਆ ਗਿਆ।10 ਨੂੰ ਦੋ ਪਣਡੁੱਬੀਆਂ ਰਾਹੀਂ ਅਤੇ 10 ਨੂੰ ਥਲ ਰਸਤੇ।ਇਹਨਾਂ ਵਿੱਚੋਂ ਪੰਜਾਂ ਦਾ ਇੱਕ ਗਰੁੱਪ ਰਬੜ ਦੀ ਕਿਸ਼ਤੀ ਤੇ ਤਨੂਰ ਦੇ ਨੇੜੇ ਮਾਲਾਬਾਰ ਸਮੁੰਦਰੀ ਤੱਟ ਤੇ ਪੁੱਜਾ ਤੇ ਦੂਸਰਾ ਗਰੁੱਪ ਕਾਠੀਆਵਾੜ ਤੱਟ ਤੇ ਤੀਸਰਾ ਦਵਾਰਕਾ ਦੇ ਕੋਲ ੳੱਤਰ ਕੇ ਭਾਰਤ ਦਾਖਲ ਹੋਇਆ।
ਮਨੁੱਖ ਸੋਚਦਾ ਕੁੱਝ ਹੈ ,ਪਰ ਹੁੰਦਾ ਉਹ ਹੈ ਜੋ ਕੁਦਰਤ ਨੂੰ ਮਨਜੂਰ ਹੁੰਦਾ ਹੈ। ਇਸ ਤਰਾਂ ਹੀ ਇਹਨਾਂ ਸੂਰਬੀਰਾਂ ਨਾਲ
ਹੋਇਆ।ਅੰਗਰੇਜ ਸਰਕਾਰ ਨੂੰ ਇਹਨਾਂ ਜਾਂਬਾਜਾ ਦੀ ਸਾਰੀ ਯੋਜਨਾ ਦੀ ਪਹਿਲਾਂ ਸੂਚਨਾ ਮਿਲ ਗਈ ,ਉਹਨਾਂ ਸਾਰਿਆਂ ਨੂੰ ਭਾਰਤ ਵਿੱਚ ਦਾਖਲ ਹੁੰਦਿਆਂ ਹੀ ਗਰਿਫਤਾਰ ਕਰ ਲਿਆ ਗਿਆ।ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤੇ ਮਦਰਾਸ ਜੇਲ ਚ ਕੈਦ ਕੀਤਾ ਗਿਆ।20 ਵਿੱਚੋਂ ਇੱਕ ਵਾਅਦਾ ਮੁਆਫ ਬਣ ਗਿਆ ਤੇ ਬਾਕੀ 19 ਦੇਸ਼ ਭਗਤਾਂ ਤੇ ਵਿਦਰੋਹ ਦਾ ਕੇਸ ਪਾਕੇ ਜੇਲ ਦੇ ਅੰਦਰ ਹੀ 1943 ਦੇ ਆਰੰਭ ਚ ਸ਼ਪੈਸ਼ਲ ਅਦਾਲਤ ਵਿੱਚ ਸੁਣਵਾਈ ਸ਼ੁਰੂ ਕੀਤੀ।ਸੁਣਵਾਈ ਉਪਰੰਤ ਪੰਜ ਨੂੰ ਦੋਸ਼ੀ ਕਰਾਰ ਦੇਕੇ ਫਾਂਸੀ ਦੀ ਸਜਾ ਸੁਣਾਈ ਗਈ ਭਾਵੇਂ ਕਿ ਸਾਰਿਆਂ ਦਾ ਦੋਸ਼ ਇੱਕੋ ਜਿਹਾ ਸੀ।ਬਾਅਦ ਚ ਜੱਜ ਨੇ ਫੈਸਲੇ ਚ ਲਿਖਿਆ ਕਿ ਇਹ 20 ਜਣਿਆਂ ਦਾ ਗਰੁੱਪ ਦੇਸ਼ ਦੇ ਸਾਰੇ ਖੇਤਰਾਂ ਨਾਲ ਸੰਬੰਧਿਤ ਹੈ ਜਿਹਨਾਂ ਚ 8 ਈਸਾਈ ,8 ਹਿੰਦੂ, ਦੋ ਮੁਸਲਮਾਨ ਤੇ ਇੱਕ ਸਿੱਖ।ਜੱਜ ਨੇ ਫੈਸਲਾ ਸੁਣਾਉਣ ਚ ਦੇਰੀ ਨਾ ਲਾਈ ਅਤੇ ਪੰਜ ਨੂੰ ਫਾਂਸੀ ਦੀ ਸਜਾ ਲਿਖ ਦਿੱਤੀ। ਇਹ ਫਾਂਸੀ ਦੀ ਸਜਾ ਪਾਉਣ ਵਾਲਿਆਂ ਵਿੱਚ ਸਨ ;ਦੋ ਹਿੰਦੂ (ਤ੍ਰਿਪੁਰਾ ਤੋਂ ਸਤੇਂਦਰ ਚੰਦਰ ਬਰਧਨ ਅਤੇ ਕੇਰਲ ਤੋਂ ਆਨੰਦਨ), ਇੱਕ ਮੁਸਲਮਾਨ (ਵੱਕੋਮ, ਤ੍ਰਾਵਣਕੋਰ ਤੋਂ ਅਬਦੁਲ ਖਾਦਰ), ਇੱਕ ਈਸਾਈ (ਬੋਨੀਫੇਸ ਪਰੇਰਾ, ਤ੍ਰਾਵਣਕੋਰ) ਅਤੇ ਇੱਕ ਸਿੱਖ (ਫੌਜਾ ਸਿੰਘ, ਮਰਹਾਣਾ,ਤਰਨਤਾਰਨ, ਪੰਜਾਬ ਤੋਂ)। ਸ. ਫੌਜਾ ਸਿੰਘ ਮਰਹਾਣਾ ਅਤੇ ਉਸਦੇ ਚਾਰ ਸਾਥੀਆਂ ਨੂੰ ਅਗਲੀ ਸਵੇਰ, ਸ਼ੁੱਕਰਵਾਰ, 10 ਸਤੰਬਰ, 1943 ਨੂੰ ਸਵੇਰੇ ਫਾਂਸੀ ਦੇ ਤਖ਼ਤੇ 'ਤੇ ਚੜ੍ਹਾ ਕੇ ਸ਼ਹੀਦ ਕਰ ਦਿੱਤਾ ਗਿਆ।
ਤ੍ਰਾਸਦੀ ਹੈ ਸ਼ਹੀਦ ਫੌਜਾ ਸਿੰਘ ਦੀ ਪਿੰਡ ਜਾਂ ਹੋਰ ਕਿਸੇ ਥਾਂ ਤੇ ਕੋਈ ਯਾਦਗਰ ਨਹੀਂ ਹੈ ।ਇਥੋਂ ਤੱਕ ਕਿ ਪਿੰਡ ਦੇ ਬਹੁ ਗਿਣਤੀ ਲੋਕ ਵੀ ਇਸ ਸ਼ਹੀਦ ਜਾਂ ਆਪਣੇ ਪਿੰਡ ਦੇ ਹੋਰ ਵੱਡਿਆਂ ਦੀਆਂ ਕੁਰਬਾਨੀਆਂ ਤੋਂ ਨਾ ਵਾਕਿਫ ਹਨ।ਸ਼ਹੀਦ ਫੌਜਾ ਸਿੰਘ ਦੇ ਭਰਾ ਦਾ ਪਰਿਵਾਰ ਪਿੰਡ ਚ ਬੇ ਪਛਾਣ ਜਿੰਦਗੀ ਬਸਰ ਕਰ ਰਿਹਾ ਹੈ।ਕੇਰਲਾ ਦੀ ਸਰਕਾਰ ਨੇ 1993 ਵਿੱਚ ਇਹਨਾਂ ਸ਼ਹੀਦਾਂ ਦੀ 50 ਸ਼ਹੀਦੀ ਵਰੇਗੰਢ ਮਨਾਈ ਸੀ,ਕਿਉਂਕਿ ਇਹਨਾਂ ਪੰਜ ਸ਼ਹੀਦਾਂ ਚੋਂ ਤਿੰਨ ਸ਼ਹੀਦ ਕੇਰਲਾ ਨਾਲ ਸੰਬੰਧਿਤ ਸਨ। ਉਸ ਮੌਕੇ ਤੇ ਇੱਕ ਯਾਦਗਰੀ ਸਿੱਕਾ ਤੇ ਡਾਕ ਟਿਕਟ ਜਾਰੀ ਕੀਤੀ ਗਈ ਸੀ।ਪੰਜਾਬ ਸਰਕਾਰ ਦੀ ਜੁੰਮੇਵਾਰੀ ਬਣਦੀ ਹੈ ਕਿ ਇਹਨਾਂ ਭੁਲੇ ਜਾ ਰਹੇ ਸ਼ਹੀਦਾਂ ਦੀਆ ਯਾਦਗਰਾਂ ਬਣਾਏ ਅਤੇ ਉਹਨਾਂ ਦੀਆ ਕੁਬਾਨੀਆਂ ਨੂੰ ਵਿਦਿਅਕ ਪਾਠ ਕ੍ਰਮ ਦਾ ਹਿੱਸਾ ਬਣਾਏ ਤਾਂ ਜੋ ਅਉਣ ਵਾਲੀਆਂ ਪੀੜੀਆਂ ਉਹਨਾਂ ਦੀਆਂ ਕੁਰਬਾਨੀਆਂ ਤੋਂ ਜਾਣੁ ਹੋ ਸਕਣ।
ਕੰਵਲਬੀਰ ਸਿੰਘ ਪੰਨੂ 9876698068
Posted By:

Leave a Reply