ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਦੋਖੀ ਬਣ ਚੁੱਕੀ ਸ਼੍ਰੋਮਣੀ ਕਮੇਟੀ
- ਧਾਰਮਿਕ/ਰਾਜਨੀਤੀ
- 12 Dec,2025
ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਦੋਖੀ ਬਣ ਚੁੱਕੀ ਸ਼੍ਰੋਮਣੀ ਕਮੇਟੀ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 328 ਪਾਵਨ ਸਰੂਪ ਲਾਪਤਾ ਕਰਨ ਦੇ ਦੋਸ਼ ਅਤੇ ਗੁਰੂ ਸਾਹਿਬਾਨਾਂ ਬਾਰੇ ਸਿੱਖ ਇਤਿਹਾਸ ਨਾਮੀ ਹਿੰਦੀ ਦੀ ਕਿਤਾਬ 'ਚ ਕੁਫ਼ਰ ਲਿਖਣ ਕਰਕੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਉੱਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਰਕੇ ਪਰਚੇ ਦਰਜ ਹੋ ਗਏ ਹਨ ਜੋ ਸ਼੍ਰੋਮਣੀ ਕਮੇਟੀ ਬਾਦਲਕਿਆਂ ਉੱਤੇ ਇੱਕ ਵੱਡਾ ਕਲੰਕ ਹੈ। ਜਿਸ ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਬਹਾਲ ਕਰਵਾਉਣਾ ਸੀ, ਸਿੱਖੀ ਦਾ ਪ੍ਰਚਾਰ ਕਰਨਾ ਸੀ, ਦੁਨੀਆਂ ਨੂੰ ਦਸਤਾਰ ਦੀ ਅਹਿਮੀਅਤ ਬਾਰੇ ਦੱਸਣਾ ਸੀ ਅਤੇ ਗੁਰੂ ਸਾਹਿਬਾਨਾਂ ਦੇ ਫ਼ਲਸਫ਼ੇ, ਸਿਧਾਂਤ, ਸਿੱਖਿਆਵਾਂ ਤੇ ਇਤਿਹਾਸ ਬਾਰੇ ਚਾਨਣਾ ਪਾਉਣਾ ਸੀ ਤੇ ਪੰਥ ਦੋਖੀਆਂ ਨੂੰ ਜਵਾਬ ਦੇਣਾ ਸੀ। ਉਹ ਸ਼੍ਰੋਮਣੀ ਕਮੇਟੀ ਹੁਣ ਬਾਦਲ ਪਰਿਵਾਰ ਅਤੇ ਬਾਦਲ ਦਲ ਦੇ ਅਧੀਨ ਹੋ ਕੇ ਐਨੀ ਗਰਕ ਚੁੱਕੀ ਹੈ ਕਿ ਉਹ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਹੀ ਦੋਖੀ ਬਣ ਚੁੱਕੀ ਹੈ। 328 ਪਾਵਨ ਸਰੂਪਾਂ ਦੇ ਮਾਮਲੇ ਨੂੰ ਸ਼੍ਰੋਮਣੀ ਕਮੇਟੀ ਬਹੁਤ ਗੰਭੀਰਤਾ ਤੇ ਸੰਜੀਦਗੀ ਨਾਲ ਹੱਲ ਕਰ ਸਕਦੀ ਸੀ, ਪਰ ਇਸਦੇ ਬੌਣੇ ਆਗੂਆਂ ਨੇ ਆਪਣੀ ਕਹੀ ਗੱਲ ਤੋਂ ਪਿੱਛੇ ਹੱਟ ਕੇ ਦੋਸ਼ੀਆਂ ਨੂੰ ਬਚਾਉਂਦੇ-ਬਚਾਉਂਦੇ ਆਪਣੇ ਹੀ ਸਿਰ ਸਵਾਹ ਪਾ ਲਈ ਹੈ। ਸ਼੍ਰੋਮਣੀ ਕਮੇਟੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਮਲੇ ਵਿੱਚ ਵੀ ਸੁਹਿਰਦ ਨਹੀਂ, ਬਾਕੀ ਮੁੱਦਿਆਂ ਦੀ ਤਾਂ ਗੱਲ ਹੀ ਛੱਡੋ। ਸ਼੍ਰੋਮਣੀ ਕਮੇਟੀ ਹਰ ਮਸਲੇ 'ਚ ਸਿਆਸਤ ਘੋਟਦੀ ਹੈ ਤੇ ਆਪਣੇ ਆਕਾ ਬਾਦਲਾਂ ਨੂੰ ਨਰਾਜ਼ ਨਹੀਂ ਹੋਣ ਦਿੰਦੀ, ਇਸ ਬਦਲੇ ਭਾਵੇਂ ਸ਼੍ਰੋਮਣੀ ਕਮੇਟੀ ਨੂੰ ਪੂਰੇ ਪੰਥ ਦਾ ਰੋਹ ਅਤੇ ਰੋਸ ਸਹੇੜਨਾ ਪਵੇ। ਅਸਲ 'ਚ ਹੁਣ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਅਧਿਕਾਰੀਆਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨਹੀਂ, ਬਲਕਿ ਉਹ ਸੁਖਬੀਰ ਸਿੰਘ ਬਾਦਲ ਨੂੰ ਹੀ ਆਪਣਾ ਗੁਰੂ ਮੰਨਦੇ ਹਨ, ਤੇ ਜੋ ਸੁਖਬੀਰ ਕਹਿ ਦੇਵੇ ਉਸੇ ਨੂੰ ਹੀ ਧੁਰ ਦਰਗਾਹੀ ਫੁਰਮਾਨ ਸਮਝ ਕੇ ਪੂਰੇ ਪੰਥ ਉੱਤੇ ਥੋਪਣ ਦਾ ਯਤਨ ਕਰਦੇ ਹਨ। ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦੀ ਭਵਿੱਖਬਾਣੀ ਸੱਚ ਹੋਈ ਕਿ "ਮਹੰਤਾਂ ਨੂੰ ਤਾਂ ਕੱਢ ਦਿੱਤਾ ਪਰ ਹੁਣ ਜਿਹੜੇ ਅਜੋਕੇ ਮਹੰਤ ਬਹਿ ਗਏ ਹਨ, ਇਹਨਾਂ ਨੂੰ ਕੱਢਣਾ ਬਹੁਤ ਮੁਸ਼ਕਿਲ ਹੋਵੇਗਾ।" ਸਚਮੁੱਚ ਸ਼੍ਰੋਮਣੀ ਕਮੇਟੀ ਬਾਦਲਕਿਆਂ 'ਚ ਪਾਪੀ ਨਰੈਣੂ ਮਹੰਤ ਦੀ ਰੂਹ ਹੀ ਵੜੀ ਹੋਈ ਹੈ। ਸ਼੍ਰੋਮਣੀ ਕਮੇਟੀ ਨੇ ਲਾਪਤਾ 328 ਪਾਵਨ ਸਰੂਪਾਂ ਦਾ ਇਨਸਾਫ਼ ਮੰਗਦੇ ਸਿੰਘਾਂ-ਸਿੰਘਣੀਆਂ ਉੱਤੇ ਜੋ ਜ਼ੁਲਮ-ਤਸ਼ੱਦਦ ਕੀਤਾ ਸੀ, ਜਿਸ ਤਰ੍ਹਾਂ ਉਹਨਾਂ ਧਰਮੀ ਗੁਰਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਬਾਦਲਕਿਆਂ ਦੇ ਗੁੰਡਿਆਂ ਵੱਲੋਂ ਡਾਂਗਾਂ-ਤਲਵਾਰਾਂ ਨਾਲ ਵੱਢਿਆ-ਟੁੱਕਿਆ ਗਿਆ, ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਹੀ ਉਹਨਾਂ ਦੀਆਂ ਦਸਤਾਰਾਂ ਰੋਲੀਆਂ ਗਈਆਂ, ਕੇਸ ਖਿੱਚ ਗਏ, ਕਕਾਰ ਖੋਹੇ ਗਏ, ਗਾਲ੍ਹਾਂ ਕੱਢੀਆਂ ਗਈਆਂ, ਬੀਬੀਆਂ ਨਾਲ ਸਿਰੇ ਦੀ ਬਦਸਲੂਕੀ ਕੀਤੀ ਗਈ, ਕੱਪੜੇ ਪਾੜੇ ਗਏ ਅਤੇ ਬੱਚਿਆਂ ਨੂੰ ਕੋਹਿਆ ਗਿਆ ਉਸ ਨੇ ਤਾਂ ਜ਼ਾਲਮ ਮੁਗਲ ਹਕੂਮਤ ਤੇ ਬੁੱਚੜ ਪੁਲਿਸ ਅਫ਼ਸਰਾਂ ਦੇ ਜ਼ੁਲਮਾਂ ਨੂੰ ਹੀ ਦੁਹਰਾਅ ਦਿੱਤਾ। 328 ਪਾਵਨ ਸਰੂਪ ਲਾਪਤਾ ਕਰਨ ਵਾਲੇ ਦੋਸ਼ੀਆਂ ਉੱਤੇ ਪਰਚਾ ਦਰਜ ਕਰਵਾਉਣ ਲਈ ਸਿੱਖ ਕੌਮ ਨੂੰ ਪੰਜ ਸਾਲ ਲੱਗ ਗਏ। ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਕਿਹਾ ਹੈ ਕਿ "ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨਿਰਪੱਖ ਜਾਂਚ ਕਰੇ ਤੇ ਦੋਸ਼ੀਆਂ ਪ੍ਰਤੀ ਕੋਈ ਨਰਮਾਈ ਨਾ ਵਰਤੇ।" ਪਰ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਹੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਐਨੀ ਬੁਖਲਾਹਟ ਵਿੱਚ ਆ ਚੁੱਕੇ ਹਨ ਕਿ ਉਹ ਇਸ ਨੂੰ ਪੰਜਾਬ ਸਰਕਾਰ ਦੀ ਧਾਰਮਿਕ ਮਾਮਲਿਆਂ 'ਚ ਅਤੇ ਸ਼੍ਰੋਮਣੀ ਕਮੇਟੀ ਵਿੱਚ ਦਖਲਅੰਦਾਜ਼ੀ ਦੱਸ ਰਹੇ ਹਨ ਤੇ ਇਸ ਪਰਚੇ ਦਾ ਵਿਰੋਧ ਕਰ ਰਹੇ ਹਨ ਤੇ ਉਹਨਾਂ ਨੇ ਤੁਰੰਤ 11 ਦਸੰਬਰ ਨੂੰ ਮੀਟਿੰਗ ਸੱਦ ਲਈ ਹੈ। ਕਹਿਣ ਤੋਂ ਭਾਵ ਕਿ ਧਾਮੀ ਸਾਬ੍ਹ ਨਹੀਂ ਚਾਹੁੰਦੇ ਕਿ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਸਿੱਖ ਕੌਮ ਨੂੰ ਇਨਸਾਫ਼ ਮਿਲੇ। ਜਦੋਂ ਸੁਖਬੀਰ ਸਿੰਘ ਬਾਦਲ ਸਿੱਖ ਕੌਮ ਦੇ ਧਾਰਮਿਕ ਮਾਮਲਿਆਂ ਵਿੱਚ, ਸ਼੍ਰੋਮਣੀ ਕਮੇਟੀ ਵਿੱਚ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਵਿੱਚ ਲਗਾਤਾਰ ਦਖਲ-ਅੰਦਾਜੀ ਕਰਦਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਂਦਾ ਹੈ, ਬਲਾਤਕਾਰੀ ਸਿਰਸੇ ਵਾਲੇ ਨਾਲ ਜੱਫੀਆਂ ਪਾਉਂਦਾ ਹੈ, ਜਥੇਦਾਰਾਂ ਨੂੰ ਆਪਣੀ ਕੋਠੀ ਵਿੱਚ ਤਲਬ ਕਰਦਾ ਹੈ, ਸ਼੍ਰੋਮਣੀ ਕਮੇਟੀ ਦੀਆਂ ਗੋਲਕਾਂ ਵਿੱਚੋਂ 95 ਲੱਖ ਰੁਪਏ ਦੇ ਇਸ਼ਤਿਹਾਰ ਦਿਵਾਉਂਦਾ ਹੈ ਓਦੋਂ ਤਾਂ ਧਾਮੀ ਸਾਬ੍ਹ ਦੀ ਅੱਖ ਨਹੀਂ ਖੁੱਲ੍ਹਦੀ, ਉਹਨਾਂ ਦੀ ਅਣਖ਼ ਨਹੀਂ ਜਾਗਦੀ, ਓਦੋਂ ਤਾਂ ਉਹਨਾਂ ਨੂੰ ਕਿਸੇ ਪਾਸਿਓਂ ਵੀ ਕੋਈ ਦਖਲਅੰਦਾਜੀ ਨਹੀਂ ਲੱਗਦੀ, ਤੇ ਨਾ ਹੀ ਕੋਈ ਮੀਟਿੰਗ ਸੱਦੀ ਜਾਂਦੀ ਹੈ, ਬਸ ਜੀ-ਹਜ਼ੂਰੀ ਜ਼ਰੂਰ ਕੀਤੀ ਜਾਂਦੀ ਹੈ। ਸ਼੍ਰੋਮਣੀ ਕਮੇਟੀ ਹੁਣ ਵੀ ਗਲਤੀ ਉੱਤੇ ਗਲਤੀ ਕਰੀ ਜਾ ਰਹੀ ਹੈ, ਜਿਸਦਾ ਖਮਿਆਜਾ ਇਹਨਾਂ ਨੂੰ ਭਵਿੱਖ ਵਿੱਚ ਜ਼ਰੂਰ ਭੁਗਤਣਾ ਪਵੇਗਾ। 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਪੰਥਕ ਜਥੇਬੰਦੀਆਂ ਅਤੇ ਭਾਈ ਬਲਦੇਵ ਸਿੰਘ ਵਡਾਲਾ ਨੇ ਲੰਬਾ ਸੰਘਰਸ਼ ਲੜਿਆ ਹੈ ਅਤੇ ਸਿੱਖ ਇਤਿਹਾਸ ਨਾਮੀ ਕਿਤਾਬ ਮਾਮਲੇ ਵਿੱਚ ਭਾਈ ਬਲਦੇਵ ਸਿੰਘ ਸਿਰਸਾ ਨੇ ਸ਼੍ਰੋਮਣੀ ਕਮੇਟੀ ਖ਼ਿਲਾਫ਼ ਲੰਬੀ ਜੱਦੋਜਹਿਦ ਕੀਤੀ ਹੈ। ਹੁਣ ਜਿੱਥੋਂ ਤੱਕ ਗੱਲ ਪਹੁੰਚ ਚੁੱਕੀ ਹੈ, ਆਉਂਦੇ ਦਿਨਾਂ ਨੂੰ ਸ਼੍ਰੋਮਣੀ ਕਮੇਟੀ ਬਾਦਲਕਿਆਂ ਦੀ ਹੋਰ ਮਿੱਟੀ ਪਲੀਤ ਹੋਵੇਗੀ। ਇਹ ਸਮੁੱਚੇ ਖ਼ਾਲਸਾ ਪੰਥ ਦੀ ਇਤਿਹਾਸਿਕ ਜਿੱਤ ਅਤੇ ਨਰੈਣੂ ਮਹੰਤ ਦੇ ਵਾਰਸਾਂ ਸ਼੍ਰੋਮਣੀ ਕਮੇਟੀ ਬਾਦਲਕਿਆਂ ਦੀ ਕਰਾਰੀ ਹਾਰ ਹੈ। ਇਹ ਪੰਥ ਦੋਖੀਆਂ ਨੂੰ ਸਪੱਸ਼ਟ ਸੁਨੇਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਤਿਕਾਰ ਲਈ ਖ਼ਾਲਸਾ ਪੰਥ ਜੂਝਦਾ ਰਹੇਗਾ। ਅਸੀਂ ਪਹਿਰੇਦਾਰ ਵਜੋਂ ਵੀ ਪਹਿਰੇਦਾਰੀ ਕਰਦੇ ਰਹਾਂਗੇ, ਜੇ ਗੁਰੂ ਹੈ ਤਾਂ ਅਸੀਂ ਹਾਂ, ਜੇ ਗੁਰੂ ਨਹੀਂ ਤਾਂ ਕੁੱਝ ਵੀ ਨਹੀਂ। ਇਹ ਕੰਧ 'ਤੇ ਲਿਖਿਆ ਸ਼੍ਰੋਮਣੀ ਕਮੇਟੀ ਪੜ੍ਹ ਲਵੇ।
ਰਣਜੀਤ ਸਿੰਘ ਦਮਦਮੀ ਟਕਸਾਲ
ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ
ਮੋ : 8872293883
Posted By:
GURBHEJ SINGH ANANDPURI
Leave a Reply