ਬਾਬੇ ਧੁੰਮੇ ਦਾ ਇੱਕ ਹੋਰ ਪੰਥ ਵਿਰੋਧੀ ਕਾਰਾ
- ਧਾਰਮਿਕ/ਰਾਜਨੀਤੀ
- 12 Dec,2025
ਬਾਬੇ ਧੁੰਮੇ ਦਾ ਇੱਕ ਹੋਰ ਪੰਥ ਵਿਰੋਧੀ ਕਾਰਾ
ਸੰਨ 2004 ਵਿੱਚ ਬ੍ਰਹਮ ਗਿਆਨੀ ਸੰਤ ਬਾਬਾ ਠਾਕੁਰ ਸਿੰਘ ਜੀ ਖ਼ਾਲਸਾ ਦੇ ਗੁਰਪੁਰੀ ਪਿਆਨਾ ਕਰਨ ਤੋਂ ਬਾਅਦ ਬਾਬਾ ਹਰਨਾਮ ਸਿੰਘ ਧੁੰਮਾ ਦੀ ਅਗਵਾਈ ਵਿੱਚ ਦਮਦਮੀ ਟਕਸਾਲ ਅਰਸ਼ ਤੋਂ ਫ਼ਰਸ਼ ਵੱਲ ਜਾ ਰਹੀ ਹੈ ਤੇ ਬਾਬਾ ਹਰਨਾਮ ਸਿੰਘ ਧੁੰਮਾ ਵੱਲੋਂ ਕੁੰਭ ਵਿੱਚ ਨਹਾਉਣ ਅਤੇ ਭਾਜਪਾ ਨਾਲ ਸਾਂਝ ਪਾਉਣ ਕਰਕੇ ਪਹਿਲਾਂ ਹੀ ਦਮਦਮੀ ਟਕਸਾਲ ਦੇ ਸਿੰਘਾਂ, ਪੰਥਕ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਵਿੱਚ ਬੜਾ ਰੋਹ ਤੇ ਰੋਸ ਸੀ ਤੇ ਹੁਣ ਬਾਬੇ ਧੁੰਮੇ ਨੇ ਇੱਕ ਹੋਰ ਪੰਥ ਵਿਰੋਧੀ ਕਾਰਾ ਕਰ ਦਿੱਤਾ ਹੈ ਜਿਸ ਨਾਲ ਖ਼ਾਲਸਾ ਪੰਥ ਦੇ ਹਿਰਦੇ ਵਲੂੰਧਰੇ ਗਏ ਹਨ। ਬਾਬੇ ਧੁੰਮੇ ਦੀਆਂ ਇਹਨਾਂ ਗਲਤੀਆਂ ਕਰਕੇ ਦਮਦਮੀ ਟਕਸਾਲ ਦੇ ਪੰਥ ਵਿੱਚ ਮਹਾਨ ਰੁਤਬੇ, ਸਿਧਾਂਤ, ਵੱਕਾਰ, ਸ਼ਾਨ ਅਤੇ ਮਾਣ-ਸਤਿਕਾਰ ਨੂੰ ਭਾਰੀ ਸੱਟ ਵੱਜ ਰਹੀ ਹੈ।
ਬੀਤੇ ਦਿਨੀਂ ਮਹਾਂਰਾਸ਼ਟਰ ਦੇ ਨਾਗਪੁਰ ਸ਼ਹਿਰ ਵਿੱਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ 350 ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਸਮਾਗਮ ਹੋਇਆ ਜਿਸ ਵਿੱਚ ਬਾਬਾ ਹਰਨਾਮ ਸਿੰਘ ਧੁੰਮਾ ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਂਚ ਉੱਤੇ ਲੱਤਾਂ ਲਮਕਾ ਕੇ ਬੈਠਾ ਹੈ ਜੋ ਗੁਰੂ ਸਾਹਿਬ ਦਾ ਭਾਰੀ ਨਿਰਾਦਰ ਹੈ। ਇਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਨਾਮੇ ਦੀ ਖਿੱਲੀ ਉਡਾਈ ਗਈ ਹੈ ਤੇ ਬਾਬਾ ਧੁੰਮਾ ਨੇ ਇੱਕ ਗ਼ਲਤ ਪਿਰਤ ਪਾਉਣ ਦਾ ਯਤਨ ਕੀਤਾ ਹੈ।
ਬਾਬੇ ਧੁੰਮੇ ਦੇ ਨਾਲ ਇਸ ਸਟੇਜ ਉੱਤੇ ਮਹਾਂਰਾਸ਼ਟਰ ਦੇ ਭਾਜਪਾ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਕੇਂਦਰੀ ਮੰਤਰੀ ਨਿਤਿਨ ਗਡਕਰੀ, ਕਾਰ ਸੇਵਾ ਵਾਲੇ ਬਾਬਾ ਬਲਵਿੰਦਰ ਸਿੰਘ ਅਤੇ ਹੋਰ ਸਿਆਸੀ ਆਗੂ ਵੀ ਨਜ਼ਰ ਆ ਰਹੇ ਹਨ। ਇੱਥੇ ਬਾਬੇ ਧੁੰਮੇ ਦਾ ਤਾਂ ਫ਼ਰਜ਼ ਬਣਦਾ ਸੀ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਬਹਾਲ ਰੱਖਦਾ ਤੇ ਸਿੱਖੀ ਮਰਯਾਦਾ ਅਨੁਸਾਰ ਚੌਂਕੜਾ ਲਾ ਕੇ ਬੈਠਦਾ ਤੇ ਦੂਜਿਆਂ ਨੂੰ ਵੀ ਇਹ ਮੱਤ ਦਿੰਦਾ।
ਜਦੋਂ ਹੀ ਇਹ ਵੀਡੀਓ ਵਾਇਰਲ ਹੋਈ ਤਾਂ ਸੰਗਤ ਹੈਰਾਨ ਪ੍ਰੇਸ਼ਾਨ ਹੈ ਕਿ ਕੀ ਹੁਣ ਸੰਪਰਦਾਵਾਂ ਦੇ ਮੁਖੀ ਹੀ ਸਿੱਖੀ ਸਿਧਾਂਤਾਂ ਦੇ ਵਿਰੁੱਧ ਭੁਗਤਿਆ ਕਰਨਗੇ ? ਕੀ ਦਮਦਮੀ ਟਕਸਾਲ ਦਾ ਮੁਖੀ ਅਖਵਾਉਣ ਵਾਲ਼ਾ ਵੀ ਹੁਣ ਗੁਰੂ ਸਿਧਾਂਤ ਅਤੇ ਦਮਦਮੀ ਟਕਸਾਲ ਦੀ ਪ੍ਰੰਪਰਾ ਨੂੰ ਬਦਲੇਗਾ ? ਕੀ ਹੁਣ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਸ ਤਰ੍ਹਾਂ ਬੈਂਚਾਂ ਉੱਤੇ ਲੱਤਾਂ ਲਮਕਾ ਕੇ ਬੈਠਣਾ ਜਾਇਜ਼ ਹੈ ? ਕੀ ਗੁਰਮਤਿ ਸਮਾਗਮਾਂ ਨੂੰ ਸਿਆਸੀ ਰੈਲੀ ਬਣਾ ਦਿੱਤਾ ਜਾਏਗਾ ? ਕੀ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਬਦਲਿਆ ਜਾਏਗਾ ? ਕੀ ਹੁਣ ਸਾਰੇ ਗੁਰਦੁਆਰਿਆਂ ਤੇ ਗੁਰਮਤਿ ਸਮਾਗਮਾਂ ਵਿੱਚ ਵੀ ਇਸੇ ਤਰ੍ਹਾਂ ਹੀ ਧਾਰਮਿਕ ਅਤੇ ਸਿਆਸੀ ਆਗੂ ਤੇ ਸੰਗਤਾਂ ਲੱਤਾਂ ਲਮਕਾ ਕੇ ਬੈਠਣਗੀਆਂ ?
ਬਾਬੇ ਧੁੰਮੇ ਨੇ ਇਹ ਕਾਰਾ ਕਰਕੇ ਉਹਨਾਂ ਲੋਕਾਂ ਨੂੰ ਹੱਲਾਸ਼ੇਰੀ ਦੇ ਦਿੱਤੀ ਹੈ ਜਿਹੜੇ ਲੋਕ ਪਹਿਲਾਂ ਹੀ ਗੁਰੂ ਸਾਹਿਬ ਦੀ ਹਜ਼ੂਰੀ ਅਤੇ ਲੰਗਰ ਹਾਲ ਵਿੱਚ ਕੁਰਸੀਆਂ ਤੇ ਬੈਂਚ ਡਾਹੁਣਾ ਚਾਹੁੰਦੇ ਸਨ। ਅਤੇ ਜਿਨ੍ਹਾਂ ਨੇ ਇਹ ਮੇਜ, ਕੁਰਸੀਆਂ, ਬੈਂਚ ਪਹਿਲਾਂ ਹੀ ਰੱਖੇ ਹੋਏ ਹਨ। ਬਾਬੇ ਧੁੰਮੇ ਦੀ ਵੀਡੀਓ ਅਤੇ ਫੋਟੋਆਂ ਵੇਖ ਕੇ ਉਹ ਲੋਕ ਤਾਂ ਹੁਣ ਪੂਰੇ ਖੁਸ਼ ਹਨ ਕਿਉਂਕਿ ਉਹਨਾਂ ਨੂੰ ਵੀ ਹੁਣ ਇੱਕ ਬਹਾਨਾ ਮਿਲ ਗਿਆ ਹੈ। ਅੱਗੇ ਲੋਕ ਦਮਦਮੀ ਟਕਸਾਲ, ਨਿਹੰਗ ਸਿੰਘਾਂ ਅਤੇ ਅਜਿਹੇ ਹੋਰ ਪੰਥ-ਪ੍ਰਸਤ ਗੁਰਸਿੱਖਾਂ ਤੋਂ ਭੈ ਖਾਂਦੇ ਹੁੰਦੇ ਸਨ ਪਰ ਹੁਣ ਉਹ ਬਾਬੇ ਧੁੰਮੇ ਦੀ ਉਦਾਹਰਨ ਦਿਆ ਕਰਨਗੇ। ਜੇ ਇਹ ਕੰਮ ਰੋਕਣਾ ਹੈ ਤਾਂ ਜਿਵੇਂ ਉਹਨਾਂ ਲੋਕਾਂ ਨੂੰ ਗ਼ਲਤ ਆਖਦੇ ਹੁੰਦੇ ਸੀ ਤਾਂ ਫਿਰ ਹੁਣ ਬਾਬੇ ਧੁੰਮੇ ਦੇ ਇਸ ਕਾਰੇ ਦਾ ਵੀ ਹਰੇਕ ਸਿੱਖ ਨੂੰ ਵਿਰੋਧ ਕਰਨ ਦੀ ਲੋੜ ਹੈ, ਖ਼ਾਸ ਕਰਕੇ ਦਮਦਮੀ ਟਕਸਾਲ ਨਾਲ ਹੀ ਜੁੜੇ ਹੋਏ ਆਗੂ, ਸਿੰਘ ਅਤੇ ਵਿਦਿਆਰਥੀ ਅੱਗੇ ਆਉਣ।
ਜਿਹੜੀ ਭਾਜਪਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਭਸਮਾਸੁਰ ਅਤੇ ਅੱਤਵਾਦੀ ਹੈ, ਜਿਸ ਭਾਜਪਾ ਨੇ ਕਾਂਗਰਸ ਉੱਤੇ ਦਬਾਅ ਪਾ ਕੇ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਵਾਇਆ, ਜਿਸ ਭਾਜਪਾ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦਾ ਵਿਰੋਧ ਕੀਤਾ ਤੇ ਨਾਹਰੇ ਲਾਏ 'ਕੱਛ, ਕੜਾ, ਕਿਰਪਾਨ, ਭੇਜ ਦਿਆਂਗੇ ਪਾਕਿਸਤਾਨ। ਬੀੜੀ, ਸਿਗਰਟ ਪੀਏਂਗੇ , ਬੜੀ ਸ਼ਾਨ ਸੇ ਜੀਏਂਗੇ। ਉਸ ਭਾਜਪਾ ਨਾਲ ਬਾਬਾ ਹਰਨਾਮ ਸਿੰਘ ਧੁੰਮਾ ਨੇ ਗੱਠਜੋੜ ਕਰ ਲਿਆ ਹੈ ਤੇ ਬਾਬਾ ਧੁੰਮਾ ਅਕਸਰ ਹੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਸੋਹਿਲੇ ਗਾਉਂਦਾ ਹੈ ਜਿਨ੍ਹਾਂ ਨੇ ਹੁਣ ਵੀ ਵਿਦੇਸ਼ਾਂ ਵਿੱਚ ਭਾਈ ਹਰਦੀਪ ਸਿੰਘ ਨਿੱਝਰ, ਭਾਈ ਅਵਤਾਰ ਸਿੰਘ ਖੰਡਾ ਅਤੇ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਸ਼ਹੀਦ ਕਰਵਾਇਆ ਤੇ ਭਾਈ ਗੁਰਪਤਵੰਤ ਸਿੰਘ ਪੰਨੂ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ। ਜਿਹੜੀ ਭਾਜਪਾ ਅੱਜ ਵੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕਰ ਰਹੀ ਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੀ ਨਜ਼ਰਬੰਦ ਕੀਤਾ ਹੋਇਆ ਹੈ। ਜਿਹੜੀ ਭਾਜਪਾ ਸਾਡੇ ਢਾਹੇ ਹੋਏ ਗੁਰਦੁਆਰੇ ਵਾਪਸ ਨਹੀਂ ਕਰ ਰਹੀ ਤੇ ਸਿੱਖੀ ਦਾ ਹਿੰਦੂਕਰਨ ਕਰਨ 'ਤੇ ਲਗਾਤਾਰ ਤੁਲੀ ਹੋਈ ਹੈ। ਉਸ ਭਾਜਪਾ ਨਾਲ ਬਾਬਾ ਧੁੰਮਾ ਇੱਕਮਿੱਕ ਹੈ।
ਇਸ ਤੋਂ ਪਹਿਲਾਂ ਬਾਬਾ ਧੁੰਮਾ ਜੋ ਪੰਥ ਦੇ ਗ਼ਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨਾਲ ਵੀ ਸਾਂਝ ਪਾ ਚੁੱਕਾ ਹੈ ਤੇ ਬਾਦਲ ਪਰਿਵਾਰ ਦੀ ਚੜ੍ਹਦੀ ਕਲਾ ਦੀਆਂ ਅਰਦਾਸਾਂ ਕਰਨ ਲਈ ਕੌਮ ਨੂੰ ਆਖਦਾ ਸੀ। ਬਾਬਾ ਧੁੰਮਾਂ ਜੋ ਸਿੱਖਾਂ ਦੇ ਕਾਤਲ ਇਜ਼ਹਾਰ ਆਲਮ ਨਾਲ ਵੀ ਸਟੇਜਾਂ ਸਾਂਝੀਆਂ ਕਰ ਚੁੱਕਾ ਹੈ। ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਸਿਰੋਪੇ ਲੈਂਦਾ ਰਿਹਾ ਹੈ ਅਤੇ ਕਾਂਗਰਸੀ ਵਿਧਾਇਕ ਜਸਬੀਰ ਸਿੰਘ ਡਿੰਪੇ ਦੇ ਘਰ ਵੀ ਜਾਂਦਾ ਹੈ। ਬਾਬਾ ਧੁੰਮਾ ਭਗਵੇਂ ਕੱਪੜੇ ਪਾ ਕੇ ਕੁੰਭ ਦੇ ਮੇਲੇ ਉੱਤੇ ਵੀ ਗੰਗਾ ਜਾ ਕੇ ਨਹਾਉਂਦਾ ਹੈ। ਬਾਬਾ ਧੁੰਮੇ ਨੂੰ ਸ਼ਹੀਦਾਂ ਦਾ ਡੁੱਲ੍ਹਿਆ ਖ਼ੂਨ ਅਤੇ ਉਨ੍ਹਾਂ ਦਾ ਨਿਸ਼ਾਨਾ ਖ਼ਾਲਿਸਤਾਨ ਵੀ ਭੁੱਲ ਚੁੱਕਾ ਹੈ। ਬਾਬਾ ਧੁੰਮਾਂ ਅਕਸਰ ਹੀ ਨਵੇਂ-ਨਵੇਂ ਚੰਦ ਚਾੜ੍ਹ ਕੇ ਵਿਵਾਦਾਂ ਵਿੱਚ ਰਹਿੰਦਾ ਹੈ। ਹੁਣ ਬਾਬੇ ਧੁੰਮੇ ਨੇ ਜੋ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਂਚ ਉੱਤੇ ਬੈਠ ਕੇ ਲੱਤਾਂ ਲਮਕਾਈਆਂ ਹਨ ਇਸ ਬਾਬਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਬਾਬੇ ਧੁੰਮੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ।
ਜਿਕਰਯੋਗ ਹੈ ਕਿ ਦਮਦਮੀ ਟਕਸਾਲ ਜੋ ਦਸਵੇਂ ਪਾਤਸ਼ਾਹ ਵੱਲੋਂ ਵਰੋਸਾਈ ਸਿੱਖ ਪੰਥ ਦੀ ਮਹਾਨ ਜਥੇਬੰਦੀ ਹੈ ਜਿਸ ਦੇ ਪਹਿਲੇ ਮੁਖੀ ਬਾਬਾ ਦੀਪ ਸਿੰਘ ਜੀ ਅਤੇ ਦੂਜੇ ਮੁਖੀ ਬਾਬਾ ਗੁਰਬਖ਼ਸ਼ ਸਿੰਘ ਜੀ ਨੇ ਸ੍ਰੀ ਦਰਬਾਰ ਸਾਹਿਬ ਦੀ ਅਜ਼ਮਤ ਦੀ ਰਾਖੀ ਕਰਦਿਆਂ ਸੀਸ ਵਾਰੇ। ਤੇਰ੍ਹਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ ਨੇ ਸਿੱਖੀ ਦਾ ਪ੍ਰਚਾਰ ਬੜਾ ਧੜੱਲੇ ਨਾਲ ਕੀਤਾ ਤੇ ਨਰਕਧਾਰੀਆਂ ਨਾਲ ਕਈ ਥਾਂਈਂ ਟੱਕਰ ਲਈ। ਉਹਨਾਂ ਨੇ ਨਾਹਰਾ ਵੀ ਦਿੱਤਾ ਸੀ 'ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ' ਅਤੇ ਦਿੱਲੀ 'ਚ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਲਲਕਾਰਿਆ।
ਚੌਦ੍ਹਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੇ ਤਾਂ ਸਮੁੱਚੇ ਖ਼ਾਲਸਾ ਪੰਥ ਦਾ ਪਿਆਰ ਲਿਆ ਤੇ ਉਹ 'ਵੀਹਵੀਂ ਸਦੀ ਦੇ ਮਹਾਨ ਸਿੱਖ ਜਰਨੈਲ' ਅਤੇ ਸਿੱਖ ਨੌਜਵਾਨਾਂ ਦੀ ਧੜਕਣ ਅਖਵਾਏ। ਸੰਤਾਂ ਨੇ ਨਾਹਰਾ ਦਿੱਤਾ 'ਸਿਰ ਦਿੱਤਿਆਂ ਬਾਝ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਝ ਨਹੀਂ ਰਹਿਣਾ।' ਉਹਨਾਂ ਨੇ ਸੁੱਤੀ ਸਿੱਖ ਕੌਮ ਨੂੰ ਜਗਾਇਆ ਅਤੇ ਹਿੰਦੂ ਸਾਮਰਾਜ ਨੂੰ ਸਿਧਾਂਤਕ ਅਤੇ ਹਥਿਆਰਬੰਦ ਟੱਕਰ ਦਿੰਦਿਆਂ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਵਿੱਤ੍ਰਤਾ ਦੀ ਰਾਖੀ ਕਰਦਿਆਂ ਜੂਨ 1984 ਵਿੱਚ ਸ਼ਹੀਦੀ ਪਾਈ ਅਤੇ ਚਮਕੌਰ ਦੀ ਗੜ੍ਹੀ ਵਾਲਾ ਸ਼ਾਨਾਮੱਤਾ ਇਤਿਹਾਸ ਦੁਹਰਾਇਆ।
ਦਮਦਮੀ ਟਕਸਾਲ ਦੇ ਇਹਨਾਂ ਮੁਖੀਆਂ ਦੀਆਂ ਸੇਵਾਵਾਂ, ਪੰਥਕ ਘਾਲਣਾ, ਸਿਧਾਂਤ ਪ੍ਰਤੀ ਦ੍ਰਿੜਤਾ, ਕੁਰਬਾਨੀਆਂ ਤੇ ਸ਼ਹਾਦਤਾਂ ਨੇ ਖ਼ਾਲਸਾ ਪੰਥ ਵਿੱਚ ਦਮਦਮੀ ਟਕਸਾਲ ਪ੍ਰਤੀ ਅਥਾਹ ਸਤਿਕਾਰ ਪੈਦਾ ਕਰ ਦਿੱਤਾ ਤੇ ਹਰ ਸਿੱਖ ਸੰਤ ਜਰਨੈਲ ਸਿੰਘ ਜੀ ਦੀ ਤਸਵੀਰ ਆਪਣੇ ਘਰ ਤੇ ਦਿਲ 'ਤੇ ਲਾ ਕੇ ਬੜਾ ਮਾਣ ਮਹਿਸੂਸ ਕਰਦਾ ਹੈ। ਬ੍ਰਹਮ ਗਿਆਨੀ ਸੰਤ ਬਾਬਾ ਠਾਕੁਰ ਸਿੰਘ ਜੀ ਖ਼ਾਲਸਾ ਨੇ ਵੀ ਸਰਬੱਤ ਖ਼ਾਲਸਾ ਕਰਵਾਇਆ ਸੀ, ਖ਼ਾਲਿਸਤਾਨ ਦੇ ਜੁਝਾਰੂ ਸੰਘਰਸ਼ ਦੀ ਅਗਵਾਈ ਕੀਤੀ ਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਿਆ ਸੀ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
Posted By:
PRINCEJIT SINGH
Leave a Reply