ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸ਼੍ਰੋਮਣੀ ਕਮੇਟੀ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਈ ਇਕੱਤਰਤਾ

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸ਼੍ਰੋਮਣੀ ਕਮੇਟੀ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਈ ਇਕੱਤਰਤਾ

8 ਅਕਤੂਬਰ ਨੂੰ ਮਨਾਇਆ ਜਾਵੇਗਾ ਪ੍ਰਕਾਸ਼ ਗੁਰਪੁਰਬ, 7 ਅਕਤੂਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜੇਗਾ ਨਗਰ ਕੀਰਤਨ

ਅੰਮ੍ਰਿਤਸਰ, 23 ਸਤੰਬਰ-ਨਜ਼ਰਾਨਾ ਟਾਈਮਜ ਬਿਊਰੋ 

ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਕੀਤੇ ਜਾਣ ਵਾਲੇ ਸਮਾਗਮਾਂ ਸਬੰਧੀ ਸ਼੍ਰੋਮਣੀ ਕਮੇਟੀ ਮੈਂਬਰ ਤੇ ਅਧਿਕਾਰੀਆਂ ਨੇ ਜ਼ਿਲ੍ਹਾ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਨਾਲ ਬੈਠਕਾਂ ਕੀਤੀਆਂ। ਇਕੱਤਰਤਾਵਾਂ ’ਚ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਸੁਰਜੀਤ ਸਿੰਘ ਤੁਗਲਵਾਲ, ਮੈਂਬਰ ਜਥੇਦਾਰ ਬਾਵਾ ਸਿੰਘ ਗੁਮਾਨਪੁਰਾ, ਸਕੱਤਰ ਸ. ਪ੍ਰਤਾਪ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਨਗਰ ਨਿਗਮ ਦੇ ਕਮਿਸ਼ਨ ਸ. ਬਿਕਰਮਜੀਤ ਸਿੰਘ ਸ਼ੇਰਗਿੱਲ, ਐਸਡੀਐਮ ਸ. ਗੁਰਸਿਮਰਨ ਸਿੰਘ, ਤਹਿਸੀਲਦਾਰ ਸ. ਅੰਗਦਪ੍ਰੀਤ ਸਿੰਘ, ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਸ. ਜੈਇੰਦਰ ਸਿੰਘ, ਡੀਸੀਪੀ ਸਿਟੀ ਸ. ਜਗਜੀਤ ਸਿੰਘ ਵਾਲੀਆ, ਏਡੀਸੀਪੀ ਸ. ਹਰਪਾਲ ਸਿੰਘ ਤੇ ਬੀਬੀ ਅਮਨਦੀਪ ਕੌਰ ਸਮੇਤ ਹੋਰ ਅਧਿਕਾਰੀ ਸ਼ਾਮਲ ਸਨ। ਇਸ ਦੌਰਾਨ ਸ੍ਰੀ ਦਰਬਾਰ ਸਾਹਿਬ ਨੂੰ ਆਉਂਦੇ ਰਸਤਿਆਂ ਅਤੇ ਗੁਰੂ ਨਗਰੀ ਵਿਚ ਸਾਫ਼ ਸਫ਼ਾਈ, ਟ੍ਰੈਫ਼ਿਕ ਸਮੇਤ ਹੋਰ ਅਹਿਮ ਮਸਲਿਆਂ ਨੂੰ ਵਿਚਾਰਿਆ ਗਿਆ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਸੁਰਜੀਤ ਸਿੰਘ ਤੁਗਲਵਾਲ ਤੇ ਸਕੱਤਰ ਸ. ਪ੍ਰਤਾਪ ਸਿੰਘ ਨੇ ਕਿਹਾ ਕਿ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਬਾਨੀ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਗੁਰਪੁਰਬ 8 ਅਕਤੂਬਰ 2025 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਹਰ ਸਾਲ ਵਾਂਗ 7 ਅਕਤੂਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਆਯੋਜਤ ਕੀਤਾ ਜਾਵੇਗਾ, ਜੋ ਅੰਮ੍ਰਿਤਸਰ ਦੇ ਪੁਰਾਤਨ ਦਰਵਾਜ਼ਿਆਂ ਤੋਂ ਹੁੰਦਾ ਹੋਇਆ ਵਾਪਸ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੰਪੰਨ ਹੋਵੇਗਾ। 

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਵਸਾਈ ਇਸ ਇਤਿਹਾਸਕ ਨਗਰੀ ਨੂੰ ਸਾਫ਼ ਸੁਥਰਾ ਰੱਖਣਾ ਸਾਡੀ ਸਭ ਦੀ ਜ਼ੁੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਯਾਦਗਾਰੀ ਢੰਗ ਨਾਲ ਮਨਾਉਣ ਲਈ ਹਰ ਸਾਲ ਪ੍ਰਸ਼ਾਸਨ ਵੱਲੋਂ ਵੱਡਾ ਸਹਿਯੋਗ ਪ੍ਰਾਪਤ ਹੁੰਦਾ ਹੈ ਅਤੇ ਇਸ ਵਾਰ ਵੀ ਸਾਂਝੇ ਤੌਰ ’ਤੇ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ।

ਇਸ ਦੌਰਾਨ ਅੰਮ੍ਰਿਤਸਰ ਨਗਰ ਨਿਗਮ ਦੇ ਕਮਿਸ਼ਨ ਸ. ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਆਪਣੇ ਜ਼ੁੰਮੇ ਲੱਗੀ ਹਰ ਸੇਵਾ ਤਨਦੇਹੀ ਨਾਲ ਨਿਭਾਈ ਜਾਵੇਗੀ ਅਤੇ ਸ਼੍ਰੋਮਣੀ ਕਮੇਟੀ ਨੂੰ ਹਰ ਪੱਧਰ ’ਤੇ ਸਹਿਯੋਗ ਕੀਤਾ ਜਾਵੇਗਾ। ਪੁਲਿਸ ਪ੍ਰਸ਼ਾਸਨ ਵੱਲੋਂ ਡੀਸੀਪੀ ਸ. ਜਗਜੀਤ ਸਿੰਘ ਵਾਲੀਆ ਨੇ ਵੀ ਪ੍ਰਕਾਸ਼ ਪੁਰਬ ਸਮਾਗਮਾਂ ਮੌਕੇ ਹਰ ਤਰ੍ਹਾਂ ਦੇ ਸਹਿਯੋਗ ਦੀ ਵਚਨਬੱਧਤਾ ਪ੍ਰਗਟਾਈ। ਇਸ ਮੌਕੇ ਮੈਨੇਜਰ ਸ. ਸਤਿੰਦਰ ਸਿੰਘ, ਸ. ਰਾਜਿੰਦਰ ਸਿੰਘ ਰੂਬੀ, ਸੂਚਨਾ ਅਧਿਕਾਰੀ ਸ. ਅੰਮ੍ਰਿਤਪਾਲ ਸਿੰਘ, ਏਸੀਪੀ ਸ. ਜਸਪਾਲ ਸਿੰਘ, ਐਸਐਚਓ ਗਲਿਆਰਾ ਸ. ਹਰਮਨਜੀਤ ਸਿੰਘ, ਐਸਈ ਸ. ਸੰਦੀਪ ਸਿੰਘ, ਸ. ਧਰਮਿੰਦਰਜੀਤ ਸਿੰਘ, ਐਕਸੀਅਨ ਸ. ਮਨਜੀਤ ਸਿੰਘ, ਹੈਲਥ ਅਫ਼ਸਰ ਡਾ. ਕਿਰਨ ਕੁਮਾਰ, ਬਿਜਲੀ ਬੋਰਡ ਦੇ ਐਕਸੀਅਨ ਸ. ਹਰਿੰਦਰਪਾਲ ਸਿੰਘ, ਸ. ਦਿਲਾਵਰ ਸਿੰਘ, ਜੇਈ, ਇੰਸ: ਅਮਨ ਸ਼ਰਮਾਂ, ਸ. ਐਸ.ਪੀ. ਸਿੰਘ, ਸ. ਪੁਸ਼ਪਿੰਦਰ ਸਿੰਘ, ਸ. ਹਰਭਿੰਦਰ ਸਿੰਘ, ਸ. ਕੰਵਲਦੀਪ ਸਿੰਘ, ਸ. ਹਰਦੀਪ ਸਿੰਘ ਸੇਖੋਂ, ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.