ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਹਿਮਾਚਲ ਦੇ ਫ਼ਿਰਕੂ ਹਿੰਦੁਤਵੀਆਂ ਨੂੰ ਤਾੜਨਾ,

ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਹਿਮਾਚਲ ਦੇ ਫ਼ਿਰਕੂ ਹਿੰਦੁਤਵੀਆਂ ਨੂੰ ਤਾੜਨਾ,

ਸੰਤ ਭਿੰਡਰਾਂਵਾਲਿਆਂ ਤੇ ਖ਼ਾਲਿਸਤਾਨ ਦਾ ਅਪਮਾਨ ਸਹਿਣ ਨਹੀਂ ਕਰਾਂਗੇ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਅੰਮ੍ਰਿਤਸਰ, 16 ਮਾਰਚ ਜੁਗਰਾਜ ਸਿੰਘ ਸਰਹਾਲੀ 

ਹਿਮਾਚਲ ਵਿੱਚ ਗੁਰਧਾਮਾਂ ਦੇ ਦਰਸ਼ਨ ਕਰਨ ਜਾ ਰਹੇ ਸਿੱਖ ਨੌਜਵਾਨਾਂ ਦੇ ਮੋਟਰ ਸਾਇਕਲਾਂ ਉੱਤੇ ਲੱਗੇ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਵਾਲੇ ਝੰਡੇ ਸਥਾਨਕ ਲੋਕਾਂ ਵੱਲੋਂ ਜਬਰਦਸਤੀ ਉਤਾਰਨ ਕਾਰਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਸਖ਼ਤ ਰੋਹ ਤੇ ਰੋਸ ਪ੍ਰਗਟਾਇਆ ਹੈ। ਫੈਡਰੇਸ਼ਨ ਦੇ ਕੌਮੀ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸੰਤ ਭਿੰਡਰਾਂਵਾਲੇ ਤਾਂ ਬਹਾਨਾ ਹਨ, ਅਸਲ ਵਿੱਚ ਹਿਮਾਚਲ ਦੇ ਫ਼ਿਰਕੂ ਹਿੰਦੁਤਵੀਆਂ ਦੇ ਮਨਾਂ ਵਿੱਚ ਸਿੱਖੀ ਅਤੇ ਸਿੱਖਾਂ ਪ੍ਰਤੀ ਜ਼ਹਿਰ ਭਰਿਆ ਹੋਇਆ ਹੈ ਅਤੇ ਉਨ੍ਹਾਂ ਨੇ ਸਿੱਖ ਕੌਮ ਉੱਤੇ ਹਮਲਾ ਕੀਤਾ ਹੈ। ਭਾਈ ਰਣਜੀਤ ਸਿੰਘ ਨੇ ਖ਼ਾਲਸਈ ਝੰਡੇ ਉਤਾਰਨ ਵਾਲੇ ਫ਼ਿਰਕੂ ਹਿੰਦੂਤਵੀ ਅਮਲ ਸੂਦ ਨਾਲ ਇੱਕ ਚੈੱਨਲ 'ਤੇ ਬਹਿਸ ਕਰਦਿਆਂ ਉਸ ਨੂੰ ਤਾੜਨਾ ਕੀਤੀ ਕਿ ਉਹ ਸਿੱਖ ਵਿਰੋਧੀ ਹਰਕਤਾਂ ਤੋਂ ਬਾਜ ਆਵੇ, ਨਹੀਂ ਤਾਂ ਅਸੀਂ ਹਿਮਾਚਲ ਦਾ ਕੋਈ ਵੀ ਵਾਹਨ ਪੰਜਾਬ ਵਿੱਚ ਦਾਖਲ ਨਹੀਂ ਹੋਣ ਦਿਆਂਗੇ। ਭਾਈ ਰਣਜੀਤ ਸਿੰਘ ਸਿੰਘ ਨੇ ਅਮਨ ਸੂਦ ਨੂੰ ਕਿਹਾ ਕਿ ਝੰਡੇ ਉੱਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਨਾਲ 'ਰਾਜ ਕਰੇਗਾ ਖਾਲਸਾ' ਲਿਖਿਆ ਸੀ ਤੇ ਇਹ ਦੋਹਰਾ ਵਿਸ਼ਵ ਭਰ ਵਿੱਚ ਵੱਸਦੇ ਸਿੱਖ ਹਰ ਰੋਜ਼ ਪੜ੍ਹਦੇ ਹਨ ਅਤੇ ਖ਼ਾਲਿਸਤਾਨ ਦੀ ਮੰਗ ਉਹਨਾਂ ਅੱਤਿਆਚਾਰਾਂ ਦੀ ਦੇਣ ਹੈ ਜਿਹੜੇ ਸਾਡੇ ਉੱਤੇ ਕੀਤੇ ਗਏ ਅਤੇ ਕੀਤੇ ਜਾ ਰਹੇ ਹਨ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਅਯੋਧਿਆ ਵਿੱਚ ਰਾਮ ਮੰਦਰ ਦੇ ਨਿਰਮਾਣ ਸਮੇਂ ਹਿੰਦੂਆਂ ਨੇ ਪੰਜਾਬ ਭਰ ਵਿੱਚ ਸ੍ਰੀ ਰਾਮ ਚੰਦਰ ਅਤੇ ਹਨੂੰਮਾਨ ਦੀ ਤਸਵੀਰ ਵਾਲੇ ਭਗਵੇਂ ਝੰਡੇ ਲਾਏ ਪਰ ਕਿਸੇ ਸਿੱਖ ਨੇ ਵਿਰੋਧ ਨਹੀਂ ਕੀਤਾ ਕਿਉਂਕਿ ਸਿੱਖ ਸਭ ਧਰਮਾਂ ਦਾ ਸਤਿਕਾਰ ਕਰਦੇ ਹਨ ਪਰ ਕੋਈ ਹਿੰਦੂਤਵੀ ਸੰਤ ਭਿੰਡਰਾਂਵਾਲਿਆਂ ਦਾ ਵਿਰੋਧ ਕਰੇ, ਸਿੱਖ ਕੌਮ ਹਰਗਿਜ਼ ਬਰਦਾਸ਼ਤ ਨਹੀਂ ਕਰੇਗੀ ਤੇ ਅਸੀਂ ਸੰਤ ਭਿੰਡਰਾਂਵਾਲਿਆਂ ਦਾ ਹਰ ਹੀਲੇ ਸਤਿਕਾਰ ਬਹਾਲ ਰੱਖਾਂਗੇ। ਉਹਨਾਂ ਕਿਹਾ ਕਿ ਸੰਤ ਭਿੰਡਰਾਂਵਾਲੇ ਅੱਤਵਾਦੀ ਨਹੀਂ ਬਲਕਿ ਭਾਰਤ ਸਰਕਾਰ, ਇੰਦਰਾ ਗਾਂਧੀ ਤੇ ਜਨਰਲ ਵੈਦਿਆ ਅੱਤਵਾਦੀ ਸੀ। ਸੰਤ ਭਿੰਡਰਾਂਵਾਲੇ ਤਾਂ ਸੰਤ-ਸਿਪਾਹੀ, ਧਰਮ ਦੇ ਰਖਵਾਲੇ, ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ ਅਤੇ ਪੂਜਨੀਕ ਸ਼ਖਸੀਅਤ ਹਨ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸ੍ਰੀ ਰਾਮ ਚੰਦਰ ਨੇ ਰਾਵਣ ਨੂੰ ਮਾਰਿਆ ਅਤੇ ਸ੍ਰੀ ਕ੍ਰਿਸ਼ਨ ਜੀ ਨੇ ਕੰਸ ਨੂੰ ਮਾਰਿਆ ਜਿਸ ਕਰਕੇ ਹਿੰਦੂ ਲੋਕਾਂ ਨੇ ਦੋਵਾਂ ਨੂੰ ਭਗਵਾਨ ਕਰਕੇ ਪੂਜਿਆ, ਇਸੇ ਤਰ੍ਹਾਂ ਸੰਤ ਭਿੰਡਰਾਂਵਾਲਿਆਂ ਨੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਦੀ ਅਜ਼ਮਤ ਦੀ ਰਾਖੀ ਕਰਦਿਆਂ ਚਮਕੌਰ ਦੀ ਗੜ੍ਹੀ ਵਾਲਾ ਸ਼ਾਨਾਮੱਤਾ ਇਤਿਹਾਸ ਦੁਹਰਾਉਂਦਿਆਂ ਸ਼ਹਾਦਤ ਦਾ ਜਾਮ ਪੀਤਾ ਤੇ ਉਹ ਸਿੱਖਾਂ ਲਈ ਕਿਸੇ ਮਸੀਹੇ ਅਤੇ ਪੈਗੰਬਰ ਨਾਲੋਂ ਵੀ ਵੱਧ ਕੇ ਸਨਮਾਨਯੋਗ ਹਨ। ਸੰਤ ਭਿੰਡਰਾਂਵਾਲੇ ਸਾਡੀ ਕੌਮ ਦੇ ਮਹਾਂਨਾਇਕ ਅਤੇ ਸ਼ਹੀਦ ਹਨ ਜਿਨ੍ਹਾਂ ਦੀ ਯਾਦ 'ਚ ਸ੍ਰੀ ਦਰਬਾਰ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਵੀ ਸੁਸ਼ੋਭਿਤ ਹੈ ਅਤੇ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਤਸਵੀਰ ਵੀ ਲੱਗੀ ਹੋਈ ਹੈ। ਉਹਨਾਂ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਉੱਤੇ ਕੋਈ ਪਰਚਾ ਦਰਜ ਨਹੀਂ ਸੀ, ਕਿਸੇ ਅਦਾਲਤ ਨੇ ਉਹਨਾਂ ਨੂੰ ਅੱਤਵਾਦੀ ਨਹੀਂ ਐਲਾਨਿਆ। ਉਹਨਾਂ ਇਹ ਵੀ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਨੇ ਗੁਰਦਾਸਪੁਰ ਦੀ ਜੇਲ੍ਹ ਵਿੱਚ ਮੰਦਰ ਬਣਵਾਇਆ, ਛੇ ਹਜ਼ਾਰ ਦੀ ਮੂਰਤੀ ਸਥਾਪਿਤ ਕਰਵਾਈ, ਕਪੂਰਥਲੇ ਰਮਾਇਣ ਨੂੰ ਅੱਗ ਲੱਗੀ ਤਾਂ ਸੰਤ ਭਿੰਡਰਾਂਵਾਲਿਆਂ ਨੇ ਕੇਸ ਲੜਿਆ, ਅਨੇਕਾਂ ਹਿੰਦੂ ਪਰਿਵਾਰਾਂ ਦੀ ਮਦਦ ਕੀਤੀ। ਉਹਨਾਂ ਦੀ ਲੜਾਈ ਕਿਸੇ ਧਰਮ-ਫਿਰਕੇ ਨਾਲ ਨਹੀਂ, ਬਲਕਿ ਭਾਰਤ ਸਰਕਾਰ ਵਿਰੁੱਧ ਸੀ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਹਿਮਾਚਲ ਪੁਲਿਸ ਵੱਲੋਂ ਸਿੱਖ ਨੌਜਵਾਨਾਂ ਉੱਤੇ ਕੀਤੇ ਪਰਚੇ ਤੁਰੰਤ ਰੱਦ ਕੀਤੇ ਜਾਣ ਅਤੇ ਫਿਰਕੂ ਹਿੰਦੂਤਵੀਏ ਸਿੱਖ ਕੌਮ ਕੋਲੋਂ ਮਾਫ਼ੀ ਮੰਗਣ।