ਇਤਿਹਾਸ ਦੇ ਲਾਸਾਨੀ ਪੰਨੇ ਸਿਰਜਣ ਦਾ ਮੁੱਲ ਤਾਰਨਾ ਪੈਂਦਾ …

ਇਤਿਹਾਸ ਦੇ ਲਾਸਾਨੀ ਪੰਨੇ ਸਿਰਜਣ ਦਾ ਮੁੱਲ ਤਾਰਨਾ ਪੈਂਦਾ …

ਇਤਿਹਾਸ ਦੇ ਲਾਸਾਨੀ ਪੰਨੇ ਸਿਰਜਣ ਦਾ ਮੁੱਲ ਤਾਰਨਾ ਪੈਂਦਾ …

ਮੈਂ ਨੌਵੀਂ ਜਮਾਤ ਵਿੱਚ ਪੜ੍ਹਦਾ ਸੀ ਜਦੋਂ ਸੀਤਲ ਜੀ ਦੀ ਕਿਤਾਬ ਦੁਖੀਏ ਮਾਂ ਪੁੱਤ ਪੜ੍ਹੀ ਸੀ ਤਾਂ ਮੈਂ ਰਾਣੀ ਜਿੰਦ ਕੌਰ ਤੇ ਮਹਾਰਾਜੇ ਦਲੀਪ ਸਿੰਘ ਦੀ ਵਾਰਤਾ ਪੜ੍ਹਕੇ ਬਹੁਤ ਰੋਇਆ, ਫਿਰ ਹੌਲੀ ਹੌਲੀ ਸਿੱਖ ਵਿਚਾਰਧਾਰਾ ਨਾਲ ਜਦੋਂ ਜੁੜਾਵ ਬਣਿਆ ਤਾਂ ਮੈਂ ਵੇਖਿਆ ਸਿੱਖ ਇਤਿਹਾਸ ਦੇ ਹਰ ਵਰਕੇ ਉੱਤੇ ਕੌਮੀ ਸੰਘਰਸ਼ ਦੇ ਦੁਖੀਏ ਮਾਂ ਪੁੱਤ ਹਨ, ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦੇ ਕੇਸ ਦੀ ਸੇਵਾ ਦੌਰਾਨ ਮੈਂ ਬਾਹਰਵੀਂ ਵਿੱਚ ਪੜ੍ਹਦਿਆਂ ਵੇਖਿਆ ਕਿ 25000 ਮਾਂਵਾਂ ਪੁੱਤਾਂ ਦੀ ਉਡੀਕ ਕਰ ਰਹੀਆਂ ਨੇ ਉਹਨਾਂ ਨੂੰ ਪਤਾ ਤਾਂ ਹੈ ਕਿ ਹਕੂਮਤ ਨੇ ਮਾਰ ਮੁਕਾਏ ਨੇ ਪਰ ਮਾਂਵਾਂ ਦਾ ਕਲੇਜਾ ਪੁੱਤ ਦੀ ਮੌਤ ਮੰਨਣ ਨੂੰ ਤਿਆਰ ਨਹੀਂ ਅਖੀਰ ਪੁੱਤ ਵੀ ਮੁੱਕ ਗਏ ਤੇ ਮਾਂਵਾਂ ਵੀ ਮੁੱਕ ਗਈਆਂ ਪਰ ਉਡੀਕ ਨਾ ਮੁੱਕੀ, ਫਿਰ ਅੱਖੀਂ ਵੇਖਿਆ ਕਿ ਹਕੂਮਤੀ ਜਬਰ ਕਾਰਨ ਭਾਈ ਅਵਤਾਰ ਸਿੰਘ ਖੰਡੇ ਦੀ ਮਾਂ ਪੁੱਤ ਦਾ ਅਖੀਰੀ ਵਾਰ ਮੁੱਖ ਵੀ ਨਾ ਵੇਖ ਸਕੀ

ਕੱਲ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੇ ਸਤਿਕਾਰਯੋਗ ਮਾਤਾ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ ਇੱਕ ਹੋਰ ਦੁਖੀਏ ਮਾਂ ਪੁੱਤ ਦੀ ਵਾਰਤਾ ਅੱਖਾਂ ਸਾਹਮਣੇ ਸੀ ਤੇ ਇੱਕ ਬੇਬਸ ਮਾਂ ਦਹਾਕਿਆਂ ਤੋਂ ਪੁੱਤ ਨੂੰ ਗਲ ਲਾਉਣ ਦੀ ਤਾਂਘ ਵਿੱਚ ਉਡੀਕਦੀ ਉਡੀਕਦੀ ਬੇਸੁਧ ਨਿਢਾਲ ਹੋਈ ਪਈ ਸੀ ਤੇ ਕਈ ਦਹਾਕਿਆਂ ਦੇ ਜਬਰ ਦਾ ਮੁਕਾਬਲਾ ਕਰਦੀ ਕਰਦੀ ਦਾ ਸ਼ਰੀਰ ਪਿੰਜਰ ਬਣਿਆ ਪਿਆ ਸੀ, ਮਾਂ ਦੇ ਸਾਰੇ ਦੁੱਖਾਂ ਦਾ ਇਲਾਜ ਹੁੰਦਾ ਪੁੱਤ ਦੀ ਗਲਵੱਕੜੀ ਜੋ ਸਰਕਾਰੀ ਕਹਿਰ ਕਾਰਨ ਇਸ ਮਾਂ ਦੇ ਹਿੱਸੇ ਨਾ ਆਈ, ਪੁੱਤ ਬੇੜੀਆਂ ਵਿੱਚ ਬੰਦ ਸਲਾਖਾਂ ਪਿੱਛੇ ਕੈਦ ਹੈ ਕਿਉਂਕਿ ਇਸ ਮਾਂ ਦੇ ਪੁੱਤ ਤੋਂ ਝੂਠ ਫਰੇਬ ਦੀ ਜਾਲਮ ਹਕੂਮਤ ਦੇ ਤਖ਼ਤ ਨੂੰ ਖਤਰਾ ਹੈ, ਜਦੋਂ ਹਿੰਦ ਹਕੂਮਤ ਨੇ ਗ਼ੈਰਕਾਨੂੰਨੀ ਤਰੀਕੇ ਨਾਲ ਪੰਜਾਬ ਦੇ 25000 ਘਰ ਉਜਾੜ ਦਿੱਤੇ ਸੀ ਤਾਂ ਇਸ ਮਾਂ ਦੇ ਪੁੱਤ ਨੇ ਉਸ ਜ਼ੁਲਮੀ ਰਾਜ ਦੀ ਜੜ੍ਹ ਪੁੱਟ ਦਿੱਤੀ ਸੀ, ਹੁਣ ਇਤਿਹਾਸ ਦੇ ਇਸ ਲਾਸਾਨੀ ਪੰਨੇ ਦਾ ਮੁੱਲ ਤਾਂ ਤਾਰਨਾ ਹੀ ਪੈਣਾ ਸੀ ਜੋ ਇਹ ਦੁਖੀਏ ਮਾਂ ਪੁੱਤ ਤਾਰ ਰਹੇ ਹਨ

ਕੁੱਝ ਕਾਰਨਾਂ ਕਰਕੇ ਮੈਂ ਮਗਰਲੇ ਦਿਨੀਂ ਕੁੱਝ ਸਿਆਸੀ ਸਿੱਖ ਆਗੂਆਂ ਦੇ ਘਰ ਗਿਆ ਤਕਰੀਬਨ ਹਰ ਘਰ ਦੇ ਡਰਾਈਂਗਰੂਮ ਦੀ ਇਕ ਇਕ ਕੁਰਸੀ ਲੱਖਾਂ ਰੁਪੈ ਦੀ ਸੀ, ਪਰ ਜਥੇਦਾਰ ਹਵਾਰਾ ਦੇ ਘਰ ਦਾ ਹਾਲ ਵੇਖ ਕੇ ਮੇਰਾ ਸਿੱਖ ਕੌਮ ਨੂੰ ਇੱਕ ਉਲ੍ਹਾਮਾਂ ਜ਼ਰੂਰ ਹੈ ਕਿ ਤੁਸੀਂ ਨਿੱਜੀ ਗਰਜਾਂ ਖ਼ਾਤਰ ਰਾਜਨੀਤੀ ਆਗੂਆਂ ਦੇ ਪਿਛਲੱਗ ਬਣਕੇ ਉਹਨਾਂ ਦੀ ਕਦਰ ਕਰਦੇ ਹੋ ਉਹਨਾਂ ਦੀਆਂ ਰੈਲੀਆਂ ਦੀ ਭੀੜ ਬਣਦੇ ਹੋ ਪਰ ਆਵਦੇ ਯੋਧਿਆਂ ਦੀ ਸਾਰ ਨਹੀਂ ਲੈਂਦੇ, ਬਲਾਤਕਾਰੀ ਸਾਧ ਨੂੰ ਵਾਰ ਵਾਰ ਪੈਰੋਲ ਇਸ ਲਈ ਮਿਲ ਰਹੀ ਕਿਉਂਕਿ ਉਸ ਦਾ ਭੇਡਤੰਤਰ ਲੋਕਤੰਤਰ ਤੇ ਭਾਰੂ ਪੈਂਦਾ ਹੈ ਪਰ ਏਧਰ ਸਾਡੇ ਪਾਸੇ ਕੇਵਲ ਫੇਸਬੁੱਕੀ ਕਾਂਵਾਂਰੌਲੀ ਕੁੱਕੜ ਖੇਹ ਤੇ ਆਪਾ ਵਿਰੋਧੀ ਬਿਰਤਾਂਤ ਹੈ ਜੋ ਸਾਨੂੰ ਕਿਸੇ ਪਾਸੇ ਨਹੀ ਲੱਗਣ ਦਿੰਦਾ

ਜਥੇਦਾਰ ਹਵਾਰਾ ਤਾਂ ਕੌਮ ਦਾ ਯੋਧਾ ਹੈ ਉਹ ਤਾਂ ਗੁਰਬਾਣੀ ਦਾ ਓਟ ਆਸਰਾ ਲੈ ਕੇ ਇਹ ਸੰਘਰਸ਼ ਲੜ ਲਊਗਾ ਮਾਤਾ ਨਰਿੰਦਰ ਕੌਰ ਜੀ ਆਪ ਭਾਵੇਂ ਮੁੱਕ ਜਾਵੇ ਪਰ ਉਹਨਾਂ ਦੀ ਉਮੀਦ ਪਹਿਲੀਆਂ ਸੰਘਰਸ਼ੀ ਮਾਵਾਂ ਵਾਂਗ ਜਿਉਂਦੀ ਰਹੇਗੀ ਪਰ ਅਸੀ ਇਤਿਹਾਸ ਨੂੰ ਕੀ ਜੁਆਬ ਦੇਵਾਂਗੇ ਕਿ ਜਦੋਂ ਇਤਿਹਾਸ ਦੇ ਲਾਸਾਨੀ ਪੰਨੇ ਸਿਰਜਣ ਵਾਲੇ ਯੋਧੇ ਹਕੂਮਤ ਨੂੰ ਇਸ ਦਾ ਮੁੱਲ ਤਾਰ ਰਹੇ ਸੀ ਉਸ ਵੇਲੇ ਅਸੀਂ ਕਿਸ ਪਾਸੇ ਖਲੋਤੇ ਸੀ

ਗਰਜਾਂ ਦੇ ਪਾਂਧੀ ਨਾ ਬਣੋ ਫਰਜ਼ਾਂ ਦੇ ਪਾਂਧੀ ਬਣੋ ਸਿੱਖੋ ਸ਼ਰਮ ਆਉਂਦੀ ਵੇਖਕੇ ਕਿ ਬੇਅੰਤੇ ਬੁੱਚੜ ਦਾ ਪੋਤਾ ਰਾਜ ਕਰ ਰਿਹਾ ਤੇ ਜਥੇਦਾਰ ਹਵਾਰਾ ਦੀ ਮਾਂ ਨੂੰ ਉਸ ਦੇ ਮੌਲਿਕ ਅਧਿਕਾਰ ਤੋਂ ਵੀ ਵਾਂਝੇ ਕੀਤਾ ਜਾ ਰਿਹਾ ਹੈ ਤੁਸੀਂ 25000 ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਦਾ ਹਿਸਾਬ ਭੁੱਲ ਗਏ

ਤੇ ਤੁਹਾਡੀ ਨੁਮਾਇੰਦਾ ਪਾਰਟੀ ਦਾ ਟੱਬਰ ਉਹ ਲਾਸ਼ਾਂ ਵੇਚਕੇ ਖਰਬਾਂਪਤੀ ਬਣ ਗਿਆ ਕਿਉਂਕਿ ਉਹਨਾਂ ਨੂੰ ਪੱਕਾ ਪੱਤਾ ਹੈ ਕਿ ਤੁਸੀਂ ਦੋ ਰੁਪਈਏ ਕਿੱਲੋ ਆਟਾ ਦਾਲ ਜਾਂ ਹੁਣ ਕੁਝ ਚਾਰੇ ਦੀਆਂ ਗੰਢਾਂ ਤੇ ਰੀਝ ਜਾਣਾ ਹੈ

ਤੁਹਾਡੇ ਗਰਜਾਂ ਦੇ ਦੌਰ ਵਿੱਚ ਵੀ ਯੋਧੇ ਸਿੱਖ ਸਿਧਾਂਤਾਂ ਦੀ ਪਹਿਰੇਦਾਰੀ ਲਈ ਜੂਝਦੇ ਰਹਿਣਗੇ ਕਿਉਂਕਿ ਜੂਝਣ ਕਾ ਦਾਓ ਗੁਰੂ ਦਾ ਸਿਧਾਂਤ ਹੈ

ਬੁੱਚੜ ਤੇ ਬੁੱਚੜਾਂ ਦੇ ਰਾਖਿਆਂ ਨੂੰ ਜਿਉਂਦੀ ਕੌਮ ਕਦੇ ਮਾਫ ਨਹੀ ਕਰੇਗੀ

                        ਸ.ਪਰਮਪਾਲ ਸਿੰਘ ਸਭਰਾਅ