ਸ਼ਿਪਸ ਇੰਸਟੀਚਿਊਟ ਰਾਣੀਵਲਾਹ ਵਿਖੇ ਮਨਾਇਆ ਸਾਉਣ ਦਾ ਤਿਉਹਾਰ "ਧੀਆਂ ਦੀਆਂ ਤੀਆਂ"

ਸ਼ਿਪਸ ਇੰਸਟੀਚਿਊਟ ਰਾਣੀਵਲਾਹ ਵਿਖੇ ਮਨਾਇਆ ਸਾਉਣ ਦਾ ਤਿਉਹਾਰ "ਧੀਆਂ ਦੀਆਂ ਤੀਆਂ"

 ਗਿੱਧਾ,ਲੋਕ ਗੀਤ,ਬੋਲੀਆਂ ਦੇ ਨਾਲ ਕਰਵਾਏ ਮਹਿੰਦੀ ਮੁਕਾਬਲੇ 

 ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ,13 ਅਗਸਤ

 ਤੀਆਂ ਦਾ ਨਾਂ ਲੈਂਦਿਆਂ ਹੀ ਮਨ ਵਿਚ ਸਰੂਰ ਜਿਹਾ ਭਰ ਜਾਂਦਾ ਹੈ।ਖ਼ਿਆਲਾਂ ਵਿਚ ਬੱਦਲਾਂ ਦੀ ਗੜਗੜਾਹਟ ਦੇ ਨਾਲ ਕਣੀਆਂ ਦੀ ਕਿਣਮਿਣ ਅਤੇ ਕਈ ਤਰ੍ਹਾਂ ਦੇ ਵਲਵਲਿਆਂ ਦੀ ਆਵਾਜ਼ ਗੂੰਜਦੀ ਹੈ।ਤੀਆਂ ਵਿੱਚ ਸਭ ਤੋਂ ਵੱਧ ਖਿੱਚ ਦਾ ਕੇਂਦਰ ਹੁੰਦਾ ਹੈ ਗਿੱਧਾ।ਗਿੱਧਾ ਪੰਜਾਬਣ ਦੇ ਅੰਦਰੂਨੀ ਜਜ਼ਬਿਆਂ ਨੂੰ ਜ਼ੁਬਾਨ ਦਿੰਦਾ ਹੈ।ਮਨ ਦੇ ਵਲਵਲਿਆਂ ਦਾ ਅਲੋਕਾਰ ਪ੍ਰਦਰਸ਼ਨ ਹੋ ਨਿਬੜਦਾ ਹੈ।ਪੁਰਾਣੇ ਸਮੇਂ ਤੀਆਂ ਦੇ ਦਿਨਾਂ 'ਚ ਕੁੜੀਆਂ ਨੂੰ ਨਾ ਸੱਸ ਦਾ ਡਰ ਹੁੰਦਾ ਸੀ,ਨਾ ਸਹੁਰੇ ਕੋਲੋਂ ਘੁੰਡ ਕੱਢਣਾ ਪੈਂਦਾ ਸੀ।ਬੰਧਨਾਂ ਤੋਂ ਮੁਕਤ, ਅਜ਼ਾਦ ਕੁੜੀਆਂ ਅੰਬਰੀਂ ਉਡਾਰੀਆਂ ਭਰਨਾ ਚਾਹੁੰਦੀਆਂ ਸਨ।ਬੇਸ਼ੱਕ ਬੋਲੀਆਂ ਦੇ ਮਾਧਿਅਮ ਰਾਹੀਂ ਕੁੜੀਆਂ ਧੁਰ ਅੰਦਰੋਂ, ਉਹ ਸਾਰਾ ਦਰਦ ਫਰੋਲ ਦਿੰਦੀਆਂ ਸਨ, ਜਿਹੜਾ ਦਰਦ ਉਨ੍ਹਾਂ ਨੂੰ ਸੱਸ,ਨਣਦ,ਦਰਾਣੀ-ਜਠਾਣੀ ਜਾਂ ਕੰਤ ਵੱਲੋਂ ਮਿਲਿਆ ਹੁੰਦਾ ਸੀ। ਤੀਆਂ ਰੂਹ ਦਾ ਦਰਦ ਕਹਿਣ ਤੇ ਸੁਣਨ ਦਾ ਜ਼ਰੀਆ ਬਣ ਜਾਂਦੀਆਂ ਸਨ।ਪਰ ਨਵੇਂ ਯੁੱਗ ਦੀ ਇੱਕ ਚੰਗੇਰੀ ਗੱਲ ਇਹ ਹੈ ਕਿ ਹੁਣ ਸੱਸ-ਨੂੰਹ ਦਾ ਰਿਸ਼ਤਾ ਨਿੱਘਾ ਹੁੰਦਾ ਜਾ ਰਿਹਾ ਹੈ।

ਤੀਆਂ ਤੇ ਗਿੱਧਾ ਪੰਜਾਬ ਦੀ ਰੂਹ ਹਨ ਤੇ ਰੂਹ ਕਦੇ ਮਰਦੀ ਨਹੀਂ।ਪੰਜਾਬੀ ਦੀ ਕਹਾਵਤ ਹੈ।'ਧੀਆਂ ਜੰਮੀਆਂ - ਤੀਆਂ ਆਰੰਭੀਆਂ ' ਭਾਵ ਧੀਆਂ ਦੇ ਜਨਮ ਤੋਂ ਹੀ ਤੀਆਂ ਦਾ ਤਿਉਹਾਰ ਸ਼ੁਰੂ ਹੋ ਜਾਂਦਾ ਹੈ।ਇਸ ਤਿਉਹਾਰ ਨੂੰ ਮੁੱਖ ਰੱਖਦਿਆਂ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ਼ਾਹ ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਰਾਣੀਵਲਾਹ ਦੀਆਂ ਧੀਆਂ ਵਲੋਂ ਜਿੱਥੇ ਗਿੱਧਾ,ਲੋਕ ਗੀਤ, ਬੋਲੀਆਂ ਨਾਲ ਪੰਜਾਬੀ ਸਭਿਆਚਾਰ ਦੇ ਪਿਛੋਕੜ ਦੀ ਤਰਜਮਾਨੀ ਕਰਦਿਆਂ ਪੁਰਾਤਨ ਵੰਨਗੀਆਂ ਪੇਸ਼ ਕੀਤੀਆਂ ਉੱਥੇ ਲੜਕੀਆਂ ਦੇ ਵੱਖ ਵੱਖ ਗਰੁੱਪਾਂ ਵਿੱਚ ਮਹਿੰਦੀ ਮੁਕਾਬਲੇ ਕਰਵਾਏ ਗਏ।ਸਕੂਲ ਵਿੱਚ ਬੱਚਿਆਂ ਲਈ ਪੀਂਘ ਪਾਈ ਗਈ ਅਤੇ ਖੀਰ ਪੂੜੇ ਵੀ ਬਣਾਏ ਗਏ।ਸਕੂਲ ਦੇ ਮੈਨੇਜਿੰਗ ਡਾਇਰੈਕਟਰ ਗੁਲਵਿੰਦਰ ਸਿੰਘ ਸੰਧੂ,ਐਜੂਕੇਸ਼ਨ ਡਾਇਰੈਕਟਰ ਮੈਡਮ ਨਵਦੀਪ ਕੌਰ ਸੰਧੂ,ਪ੍ਰਿੰਸੀਪਲ ਨਿਰਭੈ ਸਿੰਘ ਸੰਧੂ ਅਤੇ ਮਦਨ ਪਠਾਣੀਆਂ ਵਲੋ‌ਂਂ ਜਿੱਥੇ ਪ੍ਰੋਗਰਾਮ ਦੀ ਪ੍ਰਸੰਸਾ ਕਰਦਿਆਂ ਅਨੰਦ ਮਾਣਿਆ ਉੱਥੇ ਲੜਕੀਆਂ ਨੂੰ ਹਰ ਖੇਤਰ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ।