ਬਾਦਲਾਂ ਦੀ ਅਸਲੀ ਸਜ਼ਾ ਤਾਂ ਅਜੇ ਬਾਕੀ ਹੈ...
- ਧਾਰਮਿਕ/ਰਾਜਨੀਤੀ
- 12 Dec,2025
ਬਾਦਲਾਂ ਦੀ ਅਸਲੀ ਸਜ਼ਾ ਤਾਂ ਅਜੇ ਬਾਕੀ ਹੈ...
ਪੁਰਾਤਨ ਸਮੇਂ ਵਿੱਚ ਅਕਾਲੀ ਦਲ ਦੇ ਆਗੂ ‘ਪੰਥ ਵਸੈ ਮੈਂ ਉੱਜੜਾਂ’ ਸਿਧਾਂਤ ਦੇ ਧਾਰਨੀ ਅਤੇ ਸਿੱਖੀ ਮਰਯਾਦਾ ’ਚ ਪ੍ਰਪੱਕ ਗੁਰਸਿੱਖ ਹੁੰਦੇ ਸਨ। ਪੁਰਾਤਨ ਅਕਾਲੀਆਂ ਨੇ ਜਿੰਨੇ ਵੀ ਮੋਰਚੇ ਲਾਏ ਜਾਂ ਸੰਘਰਸ਼ ਵਿੱਢੇ ਉਹ ਪੰਥ ਦੀ ਚੜ੍ਹਦੀ ਕਲਾ, ਗੁਰਦੁਆਰਿਆਂ ਦੀ ਅਜ਼ਾਦੀ ਤੇ ਖ਼ਾਲਸੇ ਦੇ ਬੋਲਬਾਲੇ ਕਰਨ ਲਈ ਸਨ, ਉਨ੍ਹਾਂ ਦੇ ਮਨ ’ਚ ਕੋਈ ਨਿੱਜੀ ਲਾਲਸਾਵਾਂ ਨਹੀਂ ਸਨ, ਉਹ ਪੰਥ ਲਈ ਲੜਦੇ ਤੇ ਮਰਦੇ ਸਨ।ਪਰ ਅਜੋਕੇ ਅਕਾਲੀ ਕੇਵਲ ਸੱਤਾ ਦੇ ਭੁੱਖੇ ਹਨ ਸੱਤਾ ਹਾਸਲ ਕਰ ਕੇ ਇਨ੍ਹਾਂ ਅਖੌਤੀ ਅਕਾਲੀਆਂ ਨੂੰ ਪੰਥ ਭੁੱਲ ਜਾਂਦਾ ਹੈ, ਤੇ ਇਹ ਰਾਜ ਦੇ ਨਸ਼ੇ ’ਚ ਪੰਥ ਦੇ ਵੈਰੀ ਬਣ ਜਾਂਦੇ ਹਨ, ਤੇ ਪੰਥ ਦਾ ਰੱਜ ਕੇ ਘਾਣ ਕਰਦੇ ਹਨ।ਜਿਹੋ ਜਿਹਾ ਜ਼ੁਲਮ ਸਿੱਖਾਂ ਉੱਤੇ ਕਾਂਗਰਸ ਸਰਕਾਰ ਕਰਦੀ ਸੀ, ਓਹੋ ਜਿਹਾ ਜ਼ੁਲਮ ਸਿੱਖਾਂ ਉੱਤੇ ਬਾਦਲਾਂ ਦੀ ਸਰਕਾਰ ’ਚ ਹੁੰਦਾ ਰਿਹਾ। ਕਾਂਗਰਸ ਦੇ ਰਾਜ ’ਚ ਗੁਰੂ ਸਾਹਿਬ ਜੀ ਦੇ ਅਣਗਿਣਤ ਸਰੂਪਾਂ ਦੀਆਂ ਬੇਅਦਬੀਆਂ ਹੋਈਆਂ ਤੇ ਬਾਦਲਾਂ ਦੇ ਰਾਜ ’ਚ ਵੀ ਸੈਂਕੜੇ ਵਾਰ ਬੇਅਦਬੀਆਂ ਹੋਈਆਂ ਤੇ ਇਥੋਂ ਤਕ ਕਿ ਬਾਦਲਾਂ ਨੇ ਬੇਅਦਬੀ ਕਰਨ ਵਾਲ਼ੇ ਦੁਸ਼ਟਾਂ ਨੂੰ ਆਪਣੀ ਛਤਰ-ਛਾਇਆ ਹੇਠ ਬਚਾਈ ਰੱਖਿਆ, ਤੇ ਪਾਪੀ ਨਿਸ਼ਚਿੰਤ ਹੋ ਕੇ ਮੌਜਾਂ ਮਾਣਦੇ ਰਹੇ। ਕਾਂਗਰਸ ਦੇ ਰਾਜ ’ਚ ਪੰਥਕ ਸੋਚ ਦੇ ਧਾਰਨੀ ਸਿੱਖ ਨੌਜਵਾਨਾਂ ਉੱਤੇ ਕਹਿਰ ਹੁੰਦਾ ਰਿਹਾ ਤੇ ਅਕਾਲੀਆਂ ਦੇ ਰਾਜ ’ਚ ਵੀ ਇਹ ਸਭ ਕੁਝ ਨੌਜਵਾਨਾਂ ਨੇ ਝੱਲਿਆ। ਹੁਣ ਸਿੱਖਾਂ ਨੂੰ ਕਾਂਗਰਸ ਅਤੇ ਅਖੌਤੀ ਅਕਾਲੀਆਂ ’ਚ ਕੋਈ ਫ਼ਰਕ ਨਹੀਂ ਦਿਸਦਾ, ਦੋਵੇਂ ਹੀ ਪੰਥ ਅਤੇ ਪੰਜਾਬ ਦੇ ਦੁਸ਼ਮਣ ਹਨ।ਪਿਛਲੇ ਲੰਮੇ ਸਮੇਂ ਤੋਂ ਅਕਾਲੀ ਦਲ ਉੱਤੇ ਬਾਦਲ ਪਰਿਵਾਰ ਨੇ ਪੱਕਾ ਕਬਜਾ ਜਮਾ ਰੱਖਿਆ ਹੈ, ਬਾਦਲਾਂ ਨੇ ਅਕਾਲੀ ਦਲ ਦਾ ਚਿਹਰਾ-ਮੁਹਾਂਦਰਾ ਅਤੇ ਸਰੂਪ ਵਿਗਾੜ ਦਿੱਤਾ ਤੇ ਸਿਧਾਂਤ ਬਦਲ ਦਿੱਤਾ। ਇਸ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਪੰਜਾਬੀ ਦਲ ਅਤੇ ਬਾਦਲ ਦਲ ਬਣਾ ਧਰਿਆ। ਬਾਦਲਾਂ ਦੀਆਂ ਕਰਤੂਤਾਂ ਕਰ ਕੇ ਲੋਕ ‘ਅਕਾਲੀ ਦਲ’ ਨੂੰ ਬੇਅਦਬੀ ਦਲ, ਸ਼ਰਾਬੀ ਦਲ ਤੇ ਸਿਰਸਾ ਦਲ ਆਖਣ ਲਗ ਪਏ ਹਨ। ਹੁਣ ਇਸਨੂੰ ਸ਼ਹੀਦਾਂ ਦੀ ਜਥੇਬੰਦੀ ਨਹੀਂ, ਬਲਕਿ ਸਿੱਖਾਂ ਨੂੰ ਸ਼ਹੀਦ ਕਰਨ ਵਾਲ਼ੇ ਦੁਸ਼ਟਾਂ ਦੀ ਮੰਡਲੀ ਕਿਹਾ ਜਾਂਦਾ ਹੈ। ਬਾਦਲਾਂ ਨੇ ਆਪਣੇ ਰਾਜ ’ਚ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਹਰਮਿੰਦਰ ਸਿੰਘ ਡੱਬਵਾਲੀ, ਭਾਈ ਦਰਸ਼ਨ ਸਿੰਘ ਲੁਹਾਰਕਾ, ਭਾਈ ਜਸਪਾਲ ਸਿੰਘ ਚੌੜ ਸਿੱਧਵਾਂ, ਭਾਈ ਸੋਹਨ ਸਿੰਘ, ਭਾਈ ਕੁਲਵੰਤ ਸਿੰਘ ਵਰਪਾਲ, ਭਾਈ ਕ੍ਰਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਅਤੇ ਭਾਈ ਗੁਰਜੀਤ ਸਿੰਘ ਸਰਾਵਾਂ ਸਮੇਤ ਹੋਰ ਕਈ ਸਿੰਘਾਂ ਨੂੰ ਸ਼ਹੀਦ ਕੀਤਾ ਜਿਨ੍ਹਾਂ ਦਾ ਅੱਜ ਤਕ ਕੋਈ ਇਨਸਾਫ਼ ਨਹੀਂ ਮਿਲ਼ ਸਕਿਆ। ਇਸ ਤੋਂ ਪਹਿਲਾਂ 13 ਅਪ੍ਰੈਲ 1978 ਨੂੰ ਵੀ 13 ਸਿੰਘ ਜੋ ਬਾਦਲਾਂ ਦੇ ਰਾਜ ਵਿੱਚ ਹੀ ਨਰਕਧਾਰੀਆਂ ਅਤੇ ਪੁਲਿਸ ਨੇ ਸ਼ਹੀਦ ਕੀਤੇ ਸਨ। ਜਿਨ੍ਹਾਂ ਨੁਕਸਾਨ ਅਕਾਲੀ ਦਲ ਦਾ ਅਤੇ ਪੰਥ ਦਾ ਬਾਦਲ ਪਰਿਵਾਰ ਨੇ ਕੀਤਾ, ਓਨਾ ਇਤਿਹਾਸ ਵਿੱਚ ਕਿਸੇ ਹੋਰ ਨੇ ਨਹੀਂ ਸੀ ਕੀਤਾ। ਬਾਦਲਾਂ ਤੋਂ ਅੱਕੇ, ਸਤਾਏ ਅਤੇ ਦੁਖੀ ਹੋ ਕੇ ਤਾਂ ਕਈ ਨਾਮ-ਬਾਣੀ ’ਚ ਰਸੇ ਅਤੇ ਕੁਰਬਾਨੀਆਂ ਕਰਨ ਵਾਲ਼ੇ ਸਿੱਖ ਇਹ ਕਹਿਣ ਲਈ ਵੀ ਮਜ਼ਬੂਰ ਹੋ ਗਏ ਕਿ ਇਨ੍ਹਾਂ ਨਾਲ਼ੋਂ ਤਾਂ ਕਾਂਗਰਸੀ ਚੰਗੇ ਸਨ ਜਿਹੜੇ ਦੁਸ਼ਮਣ ਬਣ ਕੇ ਵਾਰ ਤਾਂ ਛਾਤੀ ’ਤੇ ਕਰਦੇ ਸਨ, ਇਨ੍ਹਾਂ ਵਾਂਗ ਪਿੱਠ ’ਚ ਛੁਰਾ ਥੋੜੀ ਮਾਰਦੇ ਸਨ।ਬਾਦਲਾਂ ਨੇ ਤਾਂ ਪੰਥ ਹੀ ਦਿੱਲੀ ਵਾਲ਼ਿਆਂ ਕੋਲ਼ ਵੇਚ ਦਿੱਤਾ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਨਾਮੇ ਨੂੰ ਟਿੱਚ ਜਾਣਿਆ ਤੇ ਇਸਦੀ ਮਹੱਤਤਾ ਨੂੰ ਰੋਲ਼ਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ। ਬਾਦਲਾਂ ਨੇ ਤਖ਼ਤਾਂ ਦੇ ਜਥੇਦਾਰਾਂ ਨੂੰ ਆਪਣੇ ਸਿਆਸੀ ਮੁਫ਼ਾਦਾਂ ਲਈ ਵਰਤ ਕੇ ਉਨ੍ਹਾਂ ਦੇ ਕੌਮ ’ਚ ਮਹਾਨ ਰੁਤਬੇ ਤੇ ਮਾਣ, ਸਤਿਕਾਰ ਨੂੰ ਖ਼ਤਮ ਕਰ ਦਿੱਤਾ।ਗੁਰਦੁਆਰੇ ਬਾਦਲਾਂ ਦੇ ਕਬਜੇ ਹੇਠ ਹਨ, ਜਿੱਥੇ ਪੰਥ-ਪ੍ਰਸਤ ਸਿੱਖਾਂ ਨੂੰ ਫੜਕਣ ਨਹੀਂ ਦਿੱਤਾ ਜਾਂਦਾ, ਕੋਈ ਸਿੱਖ ਆਪਣੀ ਕੌਮ ਦੀ ਅਜ਼ਾਦੀ ਦੀ ਗੱਲ ਨਹੀਂ ਕਰ ਸਕਦਾ। ਬਾਦਲਾਂ ਨੂੰ ਸਿਰਫ਼ ਆਪਣਾ ਰਾਜ-ਭਾਗ ਪਿਆਰਾ ਹੈ, ਉਨ੍ਹਾਂ ਲਈ ਪੰਥ ਭਾਂਵੇਂ ਢੱਠੇ ਖੂਹ ’ਚ ਪਵੇ, ਉਨ੍ਹਾਂ ਦੀ ਤਾਂ ਬਸ ‘ਕੁਰਸੀ’ ਸਲਾਮਤ ਰਹਿਣੀ ਚਾਹੀਦੀ ਹੈ।ਅੱਜ-ਕੱਲ੍ਹ ਜਦੋਂ ਬਾਦਲਾਂ ਦੇ ਹੱਥੋਂ ਸੱਤਾ ਖੁੱਸ ਗਈ ਹੈ ਤਾਂ ਇਨ੍ਹਾਂ ਨੂੰ ਪੰਥ ਬੜਾ ਯਾਦ ਆ ਰਿਹਾ ਹੈ, ਅਸਲ ’ਚ ਇਹ ਪੰਥਕ ਹੋਣ ਦਾ ਡਰਾਮਾ ਕਰ ਰਹੇ ਹਨ, ਤੇ ਹਰ ਵਾਰ ਦੀ ਤਰ੍ਹਾਂ ਭੋਲ਼ੇ-ਭਾਲ਼ੇ ਸਿੱਖਾਂ ਨੂੰ ਮੂਰਖ ਬਣਾ ਕੇ ਅਗਲੀਆਂ ਵਿਧਾਨ ਸਭਾ ਚੋਣਾਂ ’ਚ ਸੱਤਾ ਹਾਸਲ ਕਰਨਾ ਚਾਹੁੰਦੇ ਹਨ ਤੇ ਜਦੋਂ ਸੱਤਾ ਪ੍ਰਾਪਤ ਹੋ ਗਈ ਤਾਂ ਫਿਰ ਬਾਦਲਾਂ ਨੇ ਹਿੰਦੂ ਸਾਮਰਾਜ ਦਾ ਹੁਕਮ ਮੰਨ ਕੇ ਸਿੱਖਾਂ ’ਤੇ ਜ਼ੁਲਮ ਢਾਹੁਣਾ ਸ਼ੁਰੂ ਕਰ ਦੇਣਾ ਹੈ।ਬਾਦਲਾਂ ਨੇ ਜੋ ਪਾਪ ਕਮਾਏ, ਉਸਦੀ ਇਨ੍ਹਾਂ ਪਾਪੀਆਂ ਨੂੰ 2017, 2019, 2022 ਤੇ 2024 ਦੀਆਂ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ’ਚ ਰੱਜ ਕੇ ਸਜ਼ਾ ਮਿਲ਼ੀ ਹੈ ਪਰ ਅਸਲੀ ਸਜ਼ਾ ਤਾਂ ਹਾਲੇ ਇਨ੍ਹਾਂ ਨੂੰ ਖ਼ਾਲਸਾ ਪੰਥ ਨੇ ਅਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਦੇਣੀ ਹੈ। ਬਾਦਲਾਂ ਦਾ ਹਾਲ ਵੀ ਓਹੀ ਹੋਣਾ ਚਾਹੀਦਾ ਹੈ ਜੋ ਕਦੇ ਸਿੱਖਾਂ ਦੇ ਦੁਸ਼ਮਣ ਲੱਖਪਤ ਰਾਏ ਦਾ ਹੋਇਆ ਸੀ।
ਰਣਜੀਤ ਸਿੰਘ ਦਮਦਮੀ ਟਕਸਾਲ
ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ
ਮੋ : 88722-93883.
Posted By:
GURBHEJ SINGH ANANDPURI
Leave a Reply